ਹੈਲਥਕੇਅਰ ਘੁਟਾਲੇ ‘ਚ ਫਸਿਆ ਭਾਰਤ ਦਾ ਪਦਮਸ਼੍ਰੀ ਡਾਕਟਰ ਡੈਟ੍ਰਾਇਟ

ਹੈਲਥਕੇਅਰ ਘੁਟਾਲੇ ‘ਚ ਫਸਿਆ ਭਾਰਤ ਦਾ ਪਦਮਸ਼੍ਰੀ ਡਾਕਟਰ ਡੈਟ੍ਰਾਇਟ

(ਮਿਸ਼ੀਗਨ)/ਬਿਊਰੋ ਨਿਊਜ਼ : ਅਮਰੀਕਾ ਦੇ ਇਤਿਹਾਸ ਦੇ ਹੁਣ ਤਕ ਦੇ ਸਭ ਤੋਂ ਵੱਡੇ ਘੁਟਾਲ਼ਿਆਂ ‘ਚੋਂ ਇੱਕ ਹੈਲਥਕੇਅਰ ਘੁਟਾਲੇ ‘ਚ ਭਾਰਤ ਦੇ ਪਦਮਸ਼੍ਰੀ ਡਾਕਟਰ ਰਾਜੇਂਦਰ ਬੋਦਰਾ ਨੂੰ ਚਾਰਜਸ਼ੀਟ ਕੀਤਾ ਗਿਆ ਹੈ। 464 ਮਿਲੀਅਨ ਅਮਰੀਕੀ ਡਾਲਰ ਦੇ ਘੁਟਾਲੇ ਵਿਚ ਰਾਜੇਂਦਰ ਬੋਦਰਾ ਵੀ ਦੋਸ਼ੀ ਦੱਸੇ ਗਏ ਹਨ। ਇਸ ਬਾਰੇ ਸਥਾਨਕ ਅਖ਼ਬਾਰ ‘ਡੈਟ੍ਰਾਇਟ ਨਿਊਜ਼’ ਨੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਹੈ। ਡਾ. ਬੋਦਰਾ ਨੂੰ 70 ਲੱਖ ਅਮਰੀਕੀ ਡਾਲਰ ਦੇ ਬਾਂਡ ‘ਤੇ ਜ਼ਮਾਨਤ ਦਿੱਤੀ ਗਈ ਹੈ। ਇਹ ਵੀ ਆਪਣੇ–ਆਪ ‘ਚ ਇਕ ਰਿਕਾਰਡ ਹੈ, ਕਿਉਂਕਿ ਇਸ ਤੋਂ ਪਹਿਲਾਂ ਜ਼ਮਾਨਤ ਲੈਣ ਲਈ ਕਿਸੇ ਮੁਲਜ਼ਮ ਨੂੰ ਇੰਨੀ ਜ਼ਿਆਦਾ ਰਕਮ ਦਾ ਬਾਂਡ ਨਹੀਂ ਭਰਨਾ ਪਿਆ। ਇਹ ਰਕਮ 49 ਕਰੋੜ 72 ਲੱਖ ਭਾਰਤੀ ਰੁਪਏ ਦੇ ਲਗਭਗ ਬਣਦੀ ਹੈ। ਇਸ ਮਾਮਲੇ ‘ਚ ਭਾਰਤ ਦੇ ਪਦਮਸ਼੍ਰੀ ਡਾ. ਰਾਜੇਂਦਰ ਬੋਦਰਾ ਨਾਲ ਪੰਜ ਹੋਰ ਡਾਕਟਰ ਵੀ ਮੁਲਜ਼ਮ ਹਨ। ਜ਼ਿਲ੍ਹਾ ਜੱਜ ਸਟੀਫ਼ਨ ਮਰਫ਼ੀ ਨੇ ਡਾ. ਬੋਦਰਾ ਦੀ ਜ਼ਮਾਨਤ ਮਨਜ਼ੂਰ ਕੀਤੀ; ਜਦ ਕਿ ਇਸ ਤੋਂ ਪਹਿਲਾਂ ਸਰਕਾਰ ਨੇ ਚਿੰਤਾ ਪ੍ਰਗਟਾਈ ਸੀ ਕਿ ਇਸ ਮੁਲਜ਼ਮ ਕੋਲ ਵੱਡੇ ਪੱਧਰ ‘ਤੇ ਲੁਕਵਾਂ ਧਨ ਹੈ। ਸਰਕਾਰ ਨੇ ਇਹ ਵੀ ਕਿਹਾ ਸੀ ਡਾ. ਬੋਦਰਾ ਚੋਰੀ–ਛਿਪੇ ਫ਼ਰਾਰ ਹੋ ਕੇ ਭਾਰਤ ਜਾ ਸਕਦਾ ਹੈ। ਡਾ. ਬੋਦਰਾ ਸੂਬੇ ਮਿਸ਼ੀਗਨ ਦੇ ਸ਼ਹਿਰ ਡੈਟ੍ਰਾਇਟ ਦੇ ਉੱਪਨਗਰ ਬਲੂਮਫ਼ੀਲਡ ਹਿਲਜ਼ ਦੇ ਨਿਵਾਸੀ ਹਨ। ਜ਼ਮਾਨਤ ਦੌਰਾਨ ਵੀ ਉਹ ਆਪਣੇ ਘਰ ‘ਚ ਨਜ਼ਰਬੰਦ ਰਹਿਣਗੇ ਤੇ ਜੀਪੀਐੱਸ ਉਪਕਰਣ ਰਾਹੀਂ ਉਨ੍ਹਾਂ ‘ਤੇ ਚੌਕਸ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਨੂੰ ਹੁਣ ਆਪਣੀਆਂ ਸਾਰੀਆਂ ਚੱਲ ਅਤੇ ਅਚੱਲ ਸੰਪਤੀਆਂ ਜੱਗ–ਜ਼ਾਹਿਰ ਕਰਨੀਆਂ ਹੋਣਗੀਆਂ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਮਾਨਤੀ ਬਾਂਡ ਜਮ੍ਹਾ ਕਰਵਾਉਣ ਲਈ ਡਾ. ਬੋਦਰਾ ਨੂੰ ਆਪਣੇ ਸੇਵਾ–ਮੁਕਤੀ ਖਾਤੇ ਦੀ ਰਕਮ 85 ਲੱਖ ਅਮਰੀਕੀ ਡਾਲਰ ਕਢਵਾਉਣੀ ਪਵੇਗੀ। ਅਦਾਲਤ ਨੇ ਡਾ. ਬੋਦਰਾ ਦੀ ਪਤਨੀ ਤੇ ਧੀ ਦੇ ਪਾਸਪੋਰਟ ਤਕ ਜ਼ਬਤ ਕਰ ਲਏ ਹਨ, ਤਾਂ ਜੋ ਉਹ ਕਿਤੇ ਵਿਦੇਸ਼ ਫ਼ਰਾਰ ਨਾ ਹੋ ਸਕਣ। ਡਾ. ਬੋਦਰਾ ਰੀਪਬਲਿਕਨ ਪਾਰਟੀ ਦੇ ਸਮਰਥਕ ਰਹੇ ਹਨ ਤੇ ਇਸ ਪਾਰਟੀ ਲਈ ਫ਼ੰਡ ਵੀ ਇਕੱਠੇ ਕਰਦੇ ਰਹੇ ਹਨ। ਭਾਰਤ ‘ਚ ਉਹ ਗ਼ਰੀਬਾਂ ਤੇ ਬੀਮਾਰਾਂ ਲਈ ਬਹੁਤ ਜ਼ਿਆਦਾ ਕਲਿਆਣ ਕਾਰਜ ਕਰ ਚੁੱਕੇ ਹਨ। ਭਾਰਤ ‘ਚ ਉਹ ਅਕਸਰ ਵੱਡੇ–ਵੱਡੇ ਸੰਸਥਾਨਾਂ ‘ਚ ਲੈਕਚਰ ਦੇਣ ਲਈ ਆਉਂਦੇ ਰਹੇ ਹਨ। ਨਰਗਿਸ ਦੱਤ ਫ਼ਾਊਂਡੇਸ਼ਨ ਲਈ ਉਹ ਕੰਮ ਕਰ ਚੁੱਕੇ ਹਨ। ਭਾਰਤੀ ਹਸਪਤਾਲਾਂ ਨੂੰ ਆਧੁਨਿਕ ਅਮਰੀਕੀ ਮੈਡੀਕਲ ਉਪਕਰਣ ਤੋਹਫ਼ਿਆਂ ਵਜੋਂ ਦੇਣ ਬਦਲੇ ਭਾਰਤ ਸਰਕਾਰ ਉਨ੍ਹਾਂ ਦੀ ਸ਼ਲਾਘਾ ਕਰ ਚੁੱਕੀ ਹੈ। ਡਾ. ਬੋਦਰਾ ਪਿਛਲੇ ਮਹੀਨੇ ਤੋਂ ਜੇਲ੍ਹ ‘ਚ ਹਨ। ਉਨ੍ਹਾਂ ‘ਤੇ ਮੈਡੀਕੇਅਰ ਨਾਲ ਧੋਖਾਧੜੀ ਕਰਨ ਤੇ ਮਰੀਜ਼ਾਂ ਨੂੰ ਕਥਿਤ ਤੌਰ ‘ਤੇ ਕੁਝ ਬੇਲੋੜੇ ਇੰਜੈਕਸ਼ਨ ਲਾਉਣ ਦੇ ਦੋਸ਼ ਹਨ।