ਦਸਤਾਰ ਦੀ ਸ਼ਾਨ ਬਹਾਲੀ ਲਈ ਜੂਝਣ ਵਾਲਾ ਗੁਰਿੰਦਰ ਸਿੰਘ ਖਾਲਸਾ ਬਣਿਆ ਹੀਰੋ

ਦਸਤਾਰ ਦੀ ਸ਼ਾਨ ਬਹਾਲੀ ਲਈ ਜੂਝਣ ਵਾਲਾ ਗੁਰਿੰਦਰ ਸਿੰਘ ਖਾਲਸਾ ਬਣਿਆ ਹੀਰੋ

ਚੰਡੀਗੜ੍ਹ੍ਹ/ਬਿਊਰੋ ਨਿਊਜ਼ :
ਸੰਨ 2007 ਵਿਚ ਵਾਪਰੀ ਇਕ ਘਟਨਾ ਉਪਰੰਤ ਅਮਰੀਕਾ ਨੇ ਸਿੱਖਾਂ ਨੂੰ ਪਗੜੀ ਸਮੇਤ ਹਵਾਈ ਸਫ਼ਰ ਕਰਨ ਤੋਂ ਛੋਟ ਦਿੱਤੀ ਸੀ। ਹਰਿਆਣਾ ਦੇ ਜ਼ਿਲ੍ਹੇ ਅੰਬਾਲਾ ਦੇ ਛੋਟੇ ਜਿਹੇ ਪਿੰਡ ਅਧੋਈ ਦੇ ਗੁਰਿੰਦਰ ਸਿੰਘ ਖ਼ਾਲਸਾ ਦੀ ਪੱਗ ਉਤਾਰ ਕੇ ਤਲਾਸ਼ੀ ਨਾ ਦੇਣ ਦੀ ਜ਼ਿੱਦ ਅੱਗੇ ਵਿਸ਼ਵ ਦੀ ਸੁਪਰ ਪਾਵਰ ਅਮਰੀਕਾ ਨੂੰ ਵੀ ਨਰਮ ਹੋਣਾ ਪਿਆ। ਇਸ ਕਰਕੇ ਅਮਰੀਕੀ ਕਾਨੂੰਨ ਵਿਚ ਬਦਲਾਅ ਕੀਤਾ ਗਿਆ । ਤਵਾਰੀਖ ਗਵਾਹ ਹੈ ਕਿ ਦਸਤਾਰ ਸਿੱਖਾਂ ਦੀ ਆਨ ਤੇ ਸ਼ਾਨ ਹੈ ਤੇ ਇਸੇ ਦਸਤਾਰ ਖਾਤਰ ਇਸ ਯੋਧੇ ਨੇ ਅਮਰੀਕਾ ਵਰਗੀ ਵਿਸ਼ਵ ਸ਼ਕਤੀ ਨੂੰ ਵੀ ਝੁਕਾ ਦਿੱਤਾ ।
ਹੁਣ ਗੁਰਿੰਦਰ ਸਿੰਘ ਖ਼ਾਲਸਾ ਦੇ ਜਜ਼ਬੇ ਨੂੰ ਉਤਸ਼ਾਹਿਤ ਕਰਨ ਲਈ ਇਕ ਅਮਰੀਕੀ ਰਸਾਲਾ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕਰਨ ਜਾ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ‘ਤੇ ਲਘੂ ਫ਼ਿਲਮ ਵੀ ਤਿਆਰ ਕੀਤੀ ਗਈ ਹੈ, ਜੋ ਪੂਰੀ ਦੁਨੀਆ ਵਿਚ ਦਿਖਾਈ ਜਾਵੇਗੀ।ਗੁਰਿੰਦਰ ਸਿੰਘ ਖ਼ਾਲਸਾ ਦੀ ਕਹਾਣੀ ਤੋਂ ਪ੍ਰਭਾਵਿਤ ਹੋਏ ਯੂਐਸਏ ਮਾਇਨੌਰਿਟੀ ਬਿਜ਼ਨੈਸ ਮੈਗ਼ਜ਼ੀਨ ਨੇ 18 ਜਨਵਰੀ, 2019 ਨੂੰ ਖ਼ਾਲਸਾ ਨੂੰ “ਰੋਜ਼ਾ ਪਾਰਕ ਟ੍ਰੈਵਲਰ ਐਵਾਰਡ“ ਦੇਣ ਦਾ ਫੈਸਲਾ ਕੀਤਾ ਹੈ, ਜੋ ਆਪਣੀ ਕਿਸਮ ਦੇ ਤਿੰਨ ਸਰਬਉੱਚ ਸਨਮਾਨਾਂ ਵਿਚੋਂ ਇੱਕ ਹੈ। ਹੁਣ ਖ਼ਾਲਸਾ ਆਪਣੀ ਕਹਾਣੀ ਨੂੰ ਲਘੂ ਫ਼ਿਲਮ ਦੇ ਰੂਪ ਵਿਚ ਦਿਖਾਉਣਗੇ, ਜਿਸ ਦਾ ਨਾਂ ‘ਸਿੰਘ’ ਰੱਖਿਆ ਗਿਆ ਹੈ। ਗੁਰਿੰਦਰ ਸਿੰਘ ਖ਼ਾਲਸਾ ਸਿੱਖ ਪੁਲੀਟੀਕਲ ਅਫੇਅਰ ਕਮੇਟੀ ਦੇ ਚੇਅਰਮੈਨ ਵੀ ਹਨ ਤੇ ਅਮਰੀਕਾ ਵਿਚ ਸਿੱਖਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਦੇ ਰਹਿੰਦੇ ਹਨ।
ਜ਼ਿਕਰਯੋਗ ਹੈ ਕਿ ਗੁਰਿੰਦਰ ਸਿੰਘ ਖ਼ਾਲਸਾ ਦੀ ਦਸਤਾਰ ਦੇ ਵੱਕਾਰ ਦੀ ਲੜਾਈ ਸਾਲ 2007 ਤੋਂ ਸ਼ੁਰੂ ਹੋਈ, ਜਦ ਉਨ੍ਹਾਂ ਨੂੰ ਨਿਊਯਾਰਕ ਦੇ ਬਫ਼ਲੋ ਨਾਇਗਰਾ ਕੌਮਾਂਤਰੀ ਹਵਾਈ ਅੱਡੇ ‘ਤੇ ਪੱਗ ਬੰਨ੍ਹੀ ਹੋਣ ਕਰਕੇ ਉੱਥੋਂ ਜਬਰੀ ਹਟਾਇਆ ਗਿਆ ਸੀ। ਇਸ ਦੌਰਾਨ ਉਨ੍ਹਾਂ ਦੀ ਸੁਰੱਖਿਆ ਕਰਮੀਆਂ ਨਾਲ ਹੱਥੋਪਾਈ ਵੀ ਹੋਈ ਸੀ। ਖ਼ਾਲਸਾ ਨੇ ਜਹਾਜ਼ ਚੜ੍ਹਨ ਤੋਂ ਇਨਕਾਰ ਕਰ ਦਿੱਤਾ ਤੇ ਅਮਰੀਕਾ ਵਿਚ ਦਸਤਾਰ ਦੇ ਵੱਕਾਰ ਦੀ ਬਹਾਲੀ ਲਈ ਲੰਮੀ ਲੜਾਈ ਲੜਨ ਤੋਂ ਬਾਅਦ ਜਿੱਤ ਪ੍ਰਾਪਤ ਕੀਤੀ।
ਅਮਰੀਕੀ ਨਿਯਮਾਂ ਮੁਤਾਬਕ ਕਿਹਾ ਗਿਆ ਕਿ ਜੇਕਰ ਖਾਲਸਾ ਨੂੰ 20,000 ਲੋਕਾਂ ਦਾ ਸਮਰਥਨ ਮਿਲਦਾ ਹੈ ਤਾਂ ਪੱਗ ਉਤਾਰ ਕੇ ਜਾਂਚ ਕਰਨ ਵਾਲਾ ਨਿਯਮ ਹਟਾ ਦੇਣਗੇ ਪਰ ਖ਼ਾਲਸਾ ਨੇ 67,000 ਤੋਂ ਵੀ ਵੱਧ ਲੋਕਾਂ ਦੀ ਹਮਾਇਤ ਹਾਸਲ ਕੀਤੀ। ਫਿਰ ਅਮਰੀਕਾ ਨੂੰ ਵੀ ਉਨ੍ਹਾਂ ਅੱਗੇ ਝੁਕਣਾ ਪਿਆ ਤੇ ਸਿੱਖਾਂ ਨੂੰ ਦਸਤਾਰ ਸਮੇਤ ਸਫ਼ਰ ਕਰਨ ਦੀ ਖੁੱਲ੍ਹ ਮਿਲੀ। ਜੇਕਰ ਹੁਣ ਕਿਸੇ ਸਿੱਖ ਦੀ ਸੁਰੱਖਿਆ ਜਾਂਚ ਸਮੇਂ ਮੈਟਲ ਡਿਟੈਕਟਰ ਮਸ਼ੀਨ ਵਿਚੋਂ ਬੀਪ ਦੀ ਆਵਾਜ਼ ਆਏਗੀ ਤਾਂ ਵੀ ਉਨ੍ਹਾਂ ਨੂੰ ਦਸਤਾਰ ਉਤਾਰ ਕੇ ਤਲਾਸ਼ੀ ਨਹੀਂ ਦੇਣੀ ਪਵੇਗੀ।