”ਕਾਲੇ ਪਾਣੀਆਂ” ਦੇ ਸਿੱਖ ਇਤਿਹਾਸ ਬਾਰੇ ਕਿਤਾਬ ਛਾਪੇਗੀ ਐਸਜੀਪੀਸੀ

”ਕਾਲੇ ਪਾਣੀਆਂ” ਦੇ ਸਿੱਖ ਇਤਿਹਾਸ ਬਾਰੇ ਕਿਤਾਬ ਛਾਪੇਗੀ ਐਸਜੀਪੀਸੀ

ਧਰਮ ਪ੍ਰਚਾਰ ਕਮੇਟੀ ਦੀ ਮੀਟਿੰਗ ਦੀ ਅਗਵਾਈ ਕਰਦੇ ਹੋਏ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਤੇ ਹੋਰ।

ਅੰਮ੍ਰਿਤਸਰ/ਬਿਊਰੋ ਨਿਊਜ਼ :

ਅੰਡੇਮਾਨ ਦੀ ਸੈਲੂਲਰ ਜੇਲ੍ਹ ਨਾਲ ਸਬੰਧਤ ਪੰਜਾਬੀਆਂ ਅਤੇ ਖ਼ਾਸ ਕਰ ਸਿੱਖਾਂ ਦੇ ਇਤਿਹਾਸ ਨੂੰ ਇੱਕ ਪੁਸਤਕ ਵਜੋਂ ਛਾਪਿਆ ਜਾਵੇਗਾ, ਜਿਸ ਨੂੰ ਲਿਖਣ ਦੀ ਜ਼ਿੰਮੇਵਾਰੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਸਬੰਧਤ ਡਾ. ਪਰਮਵੀਰ ਸਿੰਘ ਨੂੰ ਦਿੱਤੀ ਗਈ ਹੈ। ਇਹ ਫ਼ੈਸਲਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਸਿੱਖ ਇਤਿਹਾਸ ਰਿਸਰਚ ਬੋਰਡ ਅਤੇ ਧਰਮ ਪ੍ਰਚਾਰ ਕਮੇਟੀ ਦੀ ਮੀਟਿੰਗ ਦੌਰਾਨ ਕੀਤਾ ਗਿਆ।
ਮੀਟਿੰਗ ਵਿਚ ਕੀਤੇ ਫ਼ੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਅੰਡੇਮਾਨ ਦੀ ਸੈਲੂਲਰ ਜੇਲ੍ਹ, ਜਿਸ ਨੂੰ ਕਾਲੇ ਪਾਣੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਨਾਲ ਸਬੰਧਤ ਪੰਜਾਬ ਦੇ ਆਜ਼ਾਦੀ ਘੁਲਾਟੀਆਂ ਦੇ ਮੁਕੰਮਲ ਇਤਿਹਾਸ ਅਤੇ ਪੰਜਾਬ ਵਿਚ ਲੱਗੇ ਵੱਖ ਵੱਖ ਮੋਰਚਿਆਂ ਦੇ ਇਤਿਹਾਸ ਨੂੰ ਸੰਭਾਲਣ ਲਈ ਸ਼੍ਰੋਮਣੀ ਕਮੇਟੀ ਵਲੋਂ ਇਸ ਸਬੰਧੀ ਖੋਜ ਭਰਪੂਰ ਪੁਸਤਕਾਂ ਛਾਪਣ ਦਾ ਫ਼ੈਸਲਾ ਕੀਤਾ ਗਿਆ ਹੈ।
ਉਨ੍ਹਾਂ ਆਖਿਆ ਕਿ ਬੀਤੇ ਸਮੇਂ ਵਿਚ ਇਸ ਜੇਲ੍ਹ ਅੰਦਰ ਵਿਖਾਏ ਜਾਂਦੇ ਲਾਈਟ ਐਂਡ ਸਾਊਂਡ ਸ਼ੋਅ ਵਿੱਚੋਂ ਸਿੱਖਾਂ ਤੇ ਪੰਜਾਬੀਆਂ ਦੇ ਯੋਗਦਾਨ ਨੂੰ ਮਨਫ਼ੀ ਕਰਕੇ ਦਿਖਾਇਆ ਗਿਆ ਹੈ, ਜਿਸ ਦਾ ਸ਼੍ਰੋਮਣੀ ਕਮੇਟੀ ਨੇ ਸਖ਼ਤ ਇਤਰਾਜ਼ ਕੀਤਾ ਹੈ ਅਤੇ ਪੈਰਵੀ ਲਈ ਉਥੇ ਵਫ਼ਦ ਭੇਜਿਆ ਸੀ। ਇਸ ਸਬੰਧੀ ਵੱਖ ਵੱਖ ਵਿਭਾਗਾਂ ਨਾਲ ਗੱਲਬਾਤ ਵੀ ਕੀਤੀ ਸੀ। ਹੁਣ ਇਸ ਇਤਿਹਾਸ ਨੂੰ ਪਾਠਕਾਂ ਤਕ ਕਿਤਾਬ ਦੇ ਰੂਪ ਵਿਚ ਪਹੁੰਚਾਇਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਉਘੇ ਸਿੱਖ ਇਤਿਹਾਸਕਾਰ ਡਾ. ਗੰਡਾ ਸਿੰਘ ਦੀਆਂ ਕੁਝ ਪੁਰਾਤਨ ਪੁਸਤਕਾਂ ਨੂੰ ਮੁੜ ਛਾਪਣ ਦਾ ਵੀ ਫ਼ੈਸਲਾ ਕੀਤਾ ਹੈ, ਜਿਨ੍ਹਾਂ ਵਿਚ ਕਾਵਿ ਦਰਸ਼ਨ ਰਚਿਤ ‘ਵਾਰ ਅੰਮ੍ਰਿਤਸਰ’ ਅਤੇ ਦਿ ‘ਪੰਜਾਬ ਇਨ 1839-40’ ਪੁਸਤਕਾਂ ਸ਼ਾਮਲ ਹਨ। ਇਸ ਤੋਂ ਇਲਾਵਾ ਸੰਨ 1975 ਦੇ ਐਮਰਜੈਂਸੀ ਮੋਰਚੇ, ਸੰਨ 1982 ਦੇ ਧਰਮ ਯੁੱਧ ਮੋਰਚੇ ਨਾਲ ਸਬੰਧਤ ਇਤਿਹਾਸਕ ਵੇਰਵੇ ਅਤੇ ਇਨ੍ਹਾਂ ਮੋਰਚਿਆਂ ਨਾਲ ਸਬੰਧਤ ਹਰਚੰਦ ਸਿੰਘ ਲੌਂਗੋਵਾਲ ਦੇ ਇਤਿਹਾਸਕ ਦਸਤਾਵੇਜ਼ਾਂ ਨੂੰ ਸੰਭਾਲਿਆ ਜਾਵੇਗਾ। ਸ਼੍ਰੋਮਣੀ ਕਮੇਟੀ ਦੇ 100 ਸਾਲਾ ਇਤਿਹਾਸ ਬਾਰੇ ਵੀ ਇਕ ਪੁਸਤਕ ਪ੍ਰਕਾਸ਼ਿਤ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ 50 ਸਾਲਾ ਇਤਿਹਾਸ ਬਾਰੇ ਇਕ ਪੁਸਤਕ ਸ਼ਮਸ਼ੇਰ ਸਿੰਘ ਅਸ਼ੋਕ ਵੱਲੋਂ ਲਿਖੀ ਹੋਈ ਹੈ, ਜਿਸ ਵਿਚ ਮਗਰਲੇ 50 ਸਾਲਾਂ ਦਾ ਇਤਿਹਾਸ ਸ਼ਾਮਲ ਕੀਤਾ ਜਾਵੇਗਾ। ਇਸੇ ਤਰ੍ਹਾਂ ਪਟਨਾ ਸਾਹਿਬ ਤੇ ਬੰਗਲਾਦੇਸ਼ ਦੇ ਗੁਰਦੁਆਰਿਆਂ ਨਾਲ ਸਬੰਧਤ ਇਤਿਹਾਸ ਨੂੰ ਵੀ ਪੁਸਤਕ ਰੂਪ ਵਿਚ ਛਾਪਿਆ ਜਾਵੇਗਾ।
ਇਸ ਦੌਰਾਨ ਧਰਮ ਪ੍ਰਚਾਰ ਕਮੇਟੀ ਦੀ ਮੀਟਿੰਗ ਵਿਚ ਰਾਏਪੁਰ, ਛੱਤੀਸਗੜ੍ਹ, ਵਿਜੈਵਾੜਾ (ਆਂਧਰਾ ਪ੍ਰਦੇਸ਼) ਆਦਿ ਥਾਵਾਂ ‘ਤੇ ਰਹਿੰਦੇ ਸਿਕਲੀਗਰ ਤੇ ਵਣਜਾਰੇ ਸਿੱਖਾਂ ਦੇ ਬੱਚਿਆਂ ਦੀਆਂ ਸਕੂਲੀ ਫੀਸਾਂ ਦੇਣ ਲਈ ਮਾਇਕ ਮਦਦ ਦੇਣ ਦਾ ਫ਼ੈਸਲਾ ਕੀਤਾ ਗਿਆ। ਇਸ ਤੋਂ ਪਹਿਲਾਂ ਵੀ ਸ਼੍ਰੋਮਣੀ ਕਮੇਟੀ ਵੱਲੋਂ ਇਨ੍ਹਾਂ ਦੀ ਮਾਇਕ ਮਦਦ ਕੀਤੀ ਜਾ ਰਹੀ ਹੈ। ਇਨ੍ਹਾਂ ਭਾਈਚਾਰਿਆਂ ਦੇ ਬੱਚੇ ਇੱਥੇ ਕੁਝ ਵਿਦਿਅਕ ਸੰਸਥਾਵਾਂ ਵਿਚ ਮੁਫ਼ਤ ਵਿਦਿਆ ਵੀ ਪ੍ਰਾਪਤ ਕਰ ਰਹੇ ਹਨ।
ਮੀਟਿੰਗ ਦੌਰਾਨ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਗਿਆਰ੍ਹਵੀਂ ਤੇ ਬਾਰ੍ਹਵੀਂ ਦੇ ਇਤਿਹਾਸ ਵਿਸ਼ੇ ਦੀਆਂ ਨਵੀਆਂ ਛਾਪੀਆਂ ਜਾ ਰਹੀਆਂ ਪੁਸਤਕਾਂ ਵਿਚ ਸਿੱਖ ਇਤਿਹਾਸ ਸਬੰਧੀ ਸਾਹਮਣੇ ਆਈਆਂ ਗ਼ਲਤੀਆਂ ਦਾ ਸ਼੍ਰੋਮਣੀ ਕਮੇਟੀ ਨੇ ਸਖ਼ਤ ਨੋਟਿਸ ਲਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ‘ਤੇ ਵਿਚਾਰ ਤੋਂ ਬਾਅਦ ਪੰਜਾਬ ਸਰਕਾਰ ਨੂੰ ਪੱਤਰ ਲਿਖਣ ਦਾ ਫ਼ੈਸਲਾ ਕੀਤਾ ਗਿਆ ਹੈ। ਜੇਕਰ ਇਸ ਵਿਚ ਸੁਧਾਰ ਨਾ ਕੀਤਾ ਗਿਆ ਤਾਂ ਸ਼੍ਰੋਮਣੀ ਕਮੇਟੀ ਸਖ਼ਤ ਫ਼ੈਸਲੇ ਲਈ ਮਜਬੂਰ ਹੋਵੇਗੀ। ਸ਼੍ਰੋਮਣੀ ਕਮੇਟੀ ਆਪਣੇ ਨੁਮਾਇੰਦੇ ਵਾਪਸ ਵੀ ਲੈ ਸਕਦੀ ਹੈ।
ਸਿੱਖ ਇਤਿਹਾਸ ਰਿਸਰਚ ਬੋਰਡ ਦੀ ਮੀਟਿੰਗ ਦੌਰਾਨ ਸਕੱਤਰ ਦਿਲਜੀਤ ਸਿੰਘ ਬੇਦੀ ਅਤੇ ਧਰਮ ਪ੍ਰਚਾਰ ਕਮੇਟੀ ਦੀ ਇਕੱਤਰਤਾ ਸਮੇਂ ਸਕੱਤਰ ਬਲਵਿੰਦਰ ਸਿੰਘ ਜੌੜਾਸਿੰਘਾ ਨੇ ਏਜੰਡਾ ਪੇਸ਼ ਕੀਤਾ। ਮੀਟਿੰਗ ਵਿਚ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ, ਭਾਈ ਪ੍ਰਿਤਪਾਲ ਸਿੰਘ, ਸੁਖਵਰਸ਼ ਸਿੰਘ ਪੰਨੂ, ਅਵਤਾਰ ਸਿੰਘ ਵਣਵਾਲਾ, ਰਾਮਪਾਲ ਸਿੰਘ ਬਹਿਣੀਵਾਲ, ਤੇਜਿੰਦਰਪਾਲ ਸਿੰਘ, ਮਨਜੀਤ ਸਿੰਘ ਬੱਪੀਆਣਾ, ਸਿੱਖ ਇਤਿਹਾਸ ਰਿਸਰਚ ਬੋਰਡ ਦੇ ਮੈਂਬਰ ਹਰਵਿੰਦਰ ਸਿੰਘ ਖ਼ਾਲਸਾ, ਡਾ. ਪਰਮਵੀਰ ਸਿੰਘ, ਪ੍ਰੋਫ਼ੈਸਰ ਪ੍ਰਭਜੋਤ ਕੌਰ ਤੇ ਸਕੱਤਰ ਅਵਤਾਰ ਸਿੰਘ ਸੈਂਪਲਾ ਸ਼ਾਮਲ ਸਨ।