ਸਿੱਖ ਬੀਬੀਆਂ ਨੂੰ ਚੰਡੀਗੜ੍ਹ ‘ਚ ਹੈਲਮਟ ਪਾਉਣ ਦਾ ਹੁਕਮ ਸਿੱਖ ਸਿਧਾਂਤਾਂ ਖਿਲਾਫ : ਅਕਾਲ ਤਖਤ

ਸਿੱਖ ਬੀਬੀਆਂ ਨੂੰ ਚੰਡੀਗੜ੍ਹ ‘ਚ ਹੈਲਮਟ ਪਾਉਣ ਦਾ ਹੁਕਮ ਸਿੱਖ ਸਿਧਾਂਤਾਂ ਖਿਲਾਫ : ਅਕਾਲ ਤਖਤ

ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿਚ ਹੋਏ ਕਈ ਫੈਸਲੇ

ਅੰਮ੍ਰਿਤਸਰ/ਬਿਊਰੋ ਨਿਊਜ਼ :

ਸਿੱਖ ਬੀਬੀਆਂ ਨੂੰ ਦੋ ਪਹੀਆ ਵਾਹਨ ਚਲਾਉਣ ਵੇਲੇ ਸਿਰ ਉਤੇ ਹੈਲਮਟ (ਲੋਹ ਟੋਪ)  ਪਾਉਣ ਦਾ ਮਾਮਲਾ ਇਕ ਵਾਰ ਫਿਰ ਸਿੱਖ ਮਰਿਆਦਾ ਤੇ ਸਿਧਾਂਤ ਦੇ ਖਿਲਾਫ ਹੋਣ ਕਾਰਨ ਵਿਵਾਦਪੂਰਨ ਰੁਖ ਅਖਤਿਆਰ ਕਰਦਾ ਜਾ ਰਿਹਾ ਹੈ। ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਚੰਡੀਗੜ੍ਹ ਵਿਚ ਸਿੱਖ ਬੀਬੀਆਂ ਨੂੰ ਦੋ ਪਹੀਆ ਵਾਹਨ ਚਲਾਉਣ ਸਮੇਂ ਹੈਲਮਟ (ਲੋਹ ਟੋਪ) ਪਾਉਣਾ ਲਾਜ਼ਮੀ ਕੀਤੇ ਜਾਣ ਨੂੰ ਸਿੱਖ ਸਿਧਾਂਤਾਂ ਦੇ ਉਲਟ ਕਰਾਰ ਦਿੰਦਿਆਂ ਇਹ ਮਾਮਲਾ ਕਾਨੂੰਨੀ ਚਾਰਾਜੋਈ ਵਾਸਤੇ ਸ਼੍ਰੋਮਣੀ ਕਮੇਟੀ ਨੂੰ ਸੌਂਪ ਦਿੱਤਾ ਹੈ। ਇਹ ਫੈਸਲਾ ਇਥੇ ਅਕਾਲ ਤਖ਼ਤ ਸਕੱਤਰੇਤ ਵਿਖੇ ਹੋਈ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿਚ ਕੀਤਾ ਗਿਆ।
ਇਕੱਤਰਤਾ ਮਗਰੋਂ ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ਸਿੱਖ ਰਹਿਤ ਮਰਿਆਦਾ ਮੁਤਾਬਕ ਕੋਈ ਵੀ ਕੇਸਧਾਰੀ ਸਿੱਖ ਮਰਦ ਜਾਂ ਔਰਤ ਲਈ ਲੋਹ ਟੋਪ ਪਹਿਨਣਾ ਸਿਧਾਂਤ ਦੀ ਉਲੰਘਣਾ ਹੈ। ਉਨ੍ਹਾਂ ਆਖਿਆ ਕਿ ਸਿੱਖ ਬੀਬੀਆਂ ਦੀ ਸ਼ਨਾਖਤ ਦਸਤਾਰਧਾਰੀ ਜਾਂ ਗੈਰ ਦਸਤਾਰਧਾਰੀ ਹੋਣ ਨਾਲ ਨਹੀਂ ਜੁੜੀ ਹੋਈ ਹੈ। ਕੋਈ ਵੀ ਸਿੱਖ ਬੀਬੀ ਜਿਸ ਦੇ ਨਾਂ ਨਾਲ ‘ਕੌਰ’  ਸ਼ਬਦ ਜੁੜਦਾ ਹੈ ਅਤੇ ਉਹ ਸਾਬਤ ਸੂਰਤ ਹੈ, ਤਾਂ ਉਹ ਸਿੱਖ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਕੀਤਾ ਗਿਆ ਫੈਸਲਾ ਕਿ ਦਸਤਾਰਧਾਰੀ ਸਿੱਖ ਬੀਬੀਆਂ ਨੂੰ ਹੈਲਮਟ ਪਹਿਨਣ ਤੋਂ ਛੋਟ ਹੋਵੇਗੀ ਅਤੇ ਬਾਕੀ ਗੈਰ ਦਸਤਾਰਧਾਰੀ ਸਿੱਖ ਬੀਬੀਆਂ ਨੂੰ ਇਹ ਛੋਟ ਨਹੀਂ ਮਿਲੇਗੀ, ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਹੁਕਮਾਂ ਖਿਲਾਫ਼ ਸੰਗਤ ਵੱਲੋਂ ਵੱਡੇ ਪੱਧਰ ‘ਤੇ ਸ਼ਿਕਾਇਤਾਂ ਕੀਤੀਆਂ ਗਈਆਂ ਹਨ। ਬੀਤੇ ਦਿਨੀਂ ਬੀਬੀ ਜਗੀਰ ਕੌਰ ਦੀ ਅਗਵਾਈ ਹੇਠ ਇਸਤਰੀਆਂ ਦਾ ਇਕ ਵਫ਼ਦ ਵੀ ਉਨ੍ਹਾਂ ਨੂੰ ਮਿਲਿਆ ਸੀ। ਉਨ੍ਹਾਂ ਕਿਹਾ ਕਿ ਇਹ ਮਾਮਲਾ ਅਦਾਲਤੀ ਆਦੇਸ਼ਾਂ ਨਾਲ ਜੁੜਿਆ ਹੋਇਆ ਹੈ, ਇਸ ਲਈ ਕਾਨੂੰਨੀ ਚਾਰਾਜੋਈ ਵਾਸਤੇ ਇਹ ਮਾਮਲਾ ਸ਼੍ਰੋਮਣੀ ਕਮੇਟੀ ਨੂੰ ਸੌਂਪ ਦਿੱਤਾ ਗਿਆ ਹੈ।
ਇਸ ਦੌਰਾਨ ਰਾਜਸਥਾਨ ਦੇ ਜ਼ਿਲ੍ਹਾ ਗੰਗਾਨਗਰ ਸਥਿਤ ਗੁਰਦੁਆਰਾ ਬੁੱਢਾ ਜੋਹੜ ਦੇ ਮਾਮਲੇ ਨੂੰ ਵਿਚਾਰਨ ਮਗਰੋਂ ਕੀਤੇ ਫੈਸਲੇ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਉਥੇ ਅਕਾਲ ਤਖ਼ਤ ਦੇ ਹੁਕਮਾਂ ਨੂੰ ਅਣਡਿਠ ਕਰਕੇ ਆਪਣੀ ਮਰਜ਼ੀ ਨਾਲ ਗੁਰਦੁਆਰੇ ਦੀ ਪ੍ਰਬੰਧਕੀ ਕਮੇਟੀ ਦਾ ਸੰਵਿਧਾਨ ਤਿਆਰ ਕੀਤਾ ਗਿਆ ਹੈ ਅਤੇ ਕਮੇਟੀ ਬਣਾਈ ਗਈ ਹੈ, ਜਿਸ ਨਾਲ ਆਪਸੀ ਵਿਵਾਦ ਵਧਿਆ ਹੈ। ਉਨ੍ਹਾਂ ਕਿਹਾ ਕਿ ਦੋਵਾਂ ਕਮੇਟੀਆਂ ਨੂੰ ਭੰਗ ਕਰ ਦਿੱਤਾ ਗਿਆ ਹੈ ਤੇ ਇਨ੍ਹਾਂ ਦੀ ਥਾਂ ਇਕ 9 ਮੈਂਬਰੀ ਕਮੇਟੀ ਨੂੰ ਗੁਰਦੁਆਰੇ ਦਾ ਪ੍ਰਬੰਧ ਸੌਂਪ ਦਿੱਤਾ ਗਿਆ ਹੈ। ਇਹ ਕਮੇਟੀ ਕਾਨੂੰਨੀ ਮਾਹਿਰਾਂ ਤੇ ਸੰਗਤਾਂ ਦੀ ਰਾਏ ਨਾਲ ਨਵਾਂ ਸੰਵਿਧਾਨ ਤਿਆਰ ਕਰਨ ਮਗਰੋਂ ਪ੍ਰਵਾਨਗੀ ਲਈ ਅਕਾਲ ਤਖ਼ਤ ਵਿਖੇ ਭੇਜੇਗੀ। ਇਸ ਦੌਰਾਨ ਨਿਹੰਗ ਜਥੇਬੰਦੀਆਂ ਅਤੇ ਸਤਿਕਾਰ ਕਮੇਟੀ ਦੇ ਕਾਰਕੁੰਨ ਵੀ ਪੰਜ ਸਿੰਘ ਸਾਹਿਬਾਨ ਕੋਲ ਪੇਸ਼ ਹੋਏ ਹਨ। ਦੋਵਾਂ ਧਿਰਾਂ ਨੇ ਪੰਜ ਸਿੰਘ ਸਾਹਿਬਾਨ ਨੂੰ ਦੱਸਿਆ ਕਿ ਉਨ੍ਹਾਂ ਆਪਸੀ ਵਿਵਾਦ ਹੱਲ ਕਰ ਲਿਆ ਹੈ ਅਤੇ ਭਵਿੱਖ ਵਿਚ ਇਕ ਦੂਜੇ ਖਿਲਾਫ ਦੂਸ਼ਣਬਾਜੀ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਮਲੋਟ ਰੈਲੀ ਵਿੱਚ ਦਸਤਾਰ ਬੇਅਦਬੀ ਦਾ ਮਾਮਲਾ ਅਗਲੀ ਇਕੱਤਰਤਾ ਵਿਚ ਵਿਚਾਰਿਆ ਜਾਵੇਗਾ। ਕਾਂਗਰਸੀ ਆਗੂ ਬੀਬੀ ਰਜਿੰਦਰ ਕੌਰ ਭੱਠਲ ਅਤੇ ਮਨਪ੍ਰੀਤ ਸਿੰਘ ਬਾਦਲ ਦੇ ਬੇਟੇ ਵਲੋਂ ਅਕਾਲ ਤਖ਼ਤ ‘ਤੇ ਪੇਸ਼ ਹੋ ਕੇ ਮਾਫੀ ਮੰਗਣ ਦੇ ਮਾਮਲੇ ਨੂੰ ਲਗਾਤਾਰ ਲਟਕਾਏ ਜਾਣ ਸਬੰਧੀ ਉਨ੍ਹਾਂ ਕਿਹਾ ਕਿ ਜਦੋਂ ਤਕ ਇਹ ਦੋਵੇਂ ਇਥੇ ਪੇਸ਼ ਹੋ ਕੇ ਮਾਫੀ ਨਹੀਂ ਮੰਗਦੇ, ਉਹ ਦੋਸ਼ੀ ਹਨ।
ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮਾਫੀ ਨਾਲ ਜੁੜਿਆ ਮਾਮਲਾ ਜੇ ਨਿਰਧਾਰਿਤ ਸਮੇਂ ਵਿੱਚ ਹੱਲ ਨਹੀਂ ਹੁੰਦਾ ਅਤੇ ਜੇ ਸ਼੍ਰੋਮਣੀ ਕਮੇਟੀ ਅਸਮਰਥਾ ਜ਼ਾਹਰ ਕਰਦੀ ਹੈ ਤਾਂ ਇਸ ਬਾਰੇ ਅਗਲਾ ਫੈਸਲਾ ਅਕਾਲ ਤਖ਼ਤ ਤੋਂ ਕੀਤਾ ਜਾਵੇਗਾ।