ਮੋਦੀ ਵਿਰੋਧੀ ਬਹੁਚਰਚਿਤ ਆਗੂ ਹਾਰਦਿਕ ਪਟੇਲ ਨੂੰ ਦੋ ਸਾਲ ਦੀ ਸਜਾ

ਮੋਦੀ ਵਿਰੋਧੀ ਬਹੁਚਰਚਿਤ ਆਗੂ ਹਾਰਦਿਕ ਪਟੇਲ ਨੂੰ ਦੋ ਸਾਲ ਦੀ ਸਜਾ

ਗਾਂਧੀਨਗਰ/ਬਿਊਰੋ ਨਿਊਜ਼ :
ਗੁਜਰਾਤ ਵਿਚ ਪਾਟੀਦਾਰ ਅੰਦੋਲਨ ਦੌਰਾਨ ਦੁਨੀਆ ਭਰ ਵਿਚ ਚਮਕੇ ਨੌਜਵਾਨ ਆਗੂ ਹਾਰਦਿਕ ਪਟੇਲ ਦੀਆਂ ਮੁਸ਼ਕਲਾ ਵਧ ਸਕਦੀਆਂ ਹਨ। ਇਕ ਭਾਜਪਾ ਵਿਧਾਇਕ ਰਿਸ਼ੀਕੇਸ਼ ਪਟੇਲ ਦੇ ਦਫ਼ਤਰ ‘ਚ ਭੰਨਤੋੜ ਦੇ ਮਾਮਲੇ ‘ਚ ਵਿਸਨਗਰ ਅਦਾਲਤ ਨੇ ਹਾਰਦਿਕ ਪਟੇਲ ਅਤੇ ਲਾਲਜੀ ਪਟੇਲ ਨੂੰ ਦੋਸ਼ੀ ਕਰਾਰ ਦਿੰਦਿਆਂ ਦੋ ਸਾਲ ਕੈਦ ਦੀ ਸਜ਼ਾ ਦੇ ਨਾਲ 50,000 ਜੁਰਮਾਨਾ ਕੀਤਾ ਹੈ। ਦੱਸ ਦੇਈਏ ਕਿ ਹਾਰਦਿਕ ਨੇ ਪਾਟੀਦਾਰਾਂ ਲਈ ਰਾਖਵਾਂਕਰਨ ਦੀ ਮੰਗ ਕੀਤੀ ਸੀ, ਜਿਸ ਦੌਰਾਨ ਗੁਜਰਾਤ ਵਿਚ ਕਾਫੀ ਸ਼ੋਰਗੁੱਲ ਮਚਿਆ ਸੀ।ਇਸ ਕੇਸ ਵਿਚ ਪਟੇਲ ਸਮੇਤ 16 ਵਿਅਕਤੀਆਂ ਦੇ ਨਾਂ ਸ਼ਾਮਲ ਸਨ। ਪਟੇਲ ਸਮੇਤ ਸਰਦਾਰ ਗਰੁੱਪ ਦੇ ਲੀਡਰ, ਲਾਲਜੀ ਪਟੇਲ ਨੂੰ ਵੀ 2 ਸਾਲ ਦੀ ਸਜ਼ਾ ਅਤੇ 50,000 ਰੁ. ਜੁਰਮਾਨਾ ਕੀਤਾ ਗਿਆ ਹੈ। ਇਨ੍ਹਾਂ ‘ਤੇ ਤਿੰਨ ਸਾਲ ਪਹਿਲਾਂ ਹੋਈ ਹਿੰਸਾ ਦੌਰਾਨ ਸਰਕਾਰੀ ਮਸ਼ੀਨਰੀ ਨੂੰ ਨੁਕਸਾਨ ਪਹੁੰਚਾਉਣ ਦਾ ਦੋਸ਼ ਹੈ। ਗੁਜਰਾਤ ਵਿਚ ਇਸ ਹਿੰਸਾ ਦੌਰਾਨ ਕੁੱਲ 14 ਲੋਕਾਂ ਦੀ ਮੌਤ ਹੋ ਗਈ ਸੀ।