ਸਰਦਾਰੀ ਤੇ ਰੁਤਬੇ ਬਰਕਰਾਰ ਰੱਖਣ ਲਈ ਮਹਾਰਾਜਿਆਂ ਨੇ ਵਿਕਟੋਰੀਆ ਦੇ ਲਾਡਲੇ ਅੱਗੇ ਵਰ੍ਹਾਇਆ ਸੀ ਤੋਹਫ਼ਿਆਂ ਦਾ ਮੀਂਹ

ਸਰਦਾਰੀ ਤੇ ਰੁਤਬੇ ਬਰਕਰਾਰ ਰੱਖਣ ਲਈ ਮਹਾਰਾਜਿਆਂ ਨੇ ਵਿਕਟੋਰੀਆ ਦੇ ਲਾਡਲੇ ਅੱਗੇ ਵਰ੍ਹਾਇਆ ਸੀ ਤੋਹਫ਼ਿਆਂ ਦਾ ਮੀਂਹ

ਪਟਿਆਲਾ ਦੇ ਮਹਾਰਾਜਾ ਮਹਿੰਦਰ ਸਿੰਘ ਵੱਲੋਂ ਸ਼ਹਿਜ਼ਾਦੇ ਐਡਵਰਡ ਨੂੰ ਭੇਟ ਕੀਤੀ ਗੈਂਡੇ ਦੀ ਖੱਲ ਦੀ ਹੀਰਿਆਂ ਜੜੀ ਢਾਲ

ਚੰਡੀਗੜ੍ਹ/ ਵਿਕਰਮਦੀਪ ਜੌਹਲ :
ਮਹਾਰਾਣੀ ਵਿਕਟੋਰੀਆ, ਜੋ ਤਕਰੀਬਨ 25 ਵਰ੍ਹੇ ਭਾਰਤ ਦੀ ਸ਼ਾਸਕ ਰਹੀ, ਨੇ ਕਦੇ ਵੀ ਇਸ ਉਪ-ਮਹਾਦੀਪ ‘ਤੇ ਪੈਰ ਨਹੀਂ ਧਰਿਆ ਸੀ। ਹਾਲਾਂਕਿ ਉਨ੍ਹਾਂ ਦੇ ਵੱਡੇ ਪੁੱਤਰ ਸ਼ਹਿਜ਼ਾਦਾ ਐਡਵਰਡ, ਜੋ ਬਾਅਦ ਵਿੱਚ ਮਹਾਰਾਜਾ ਐਡਵਰਡ 7ਵਾਂ ਬਣਿਆ, ਨਵੰਬਰ 1875 ਵਿੱਚ ਚਾਰ ਮਹੀਨਿਆਂ ਦੀ ਲੰਬੀ ਫੇਰੀ ਉਤੇ ਭਾਰਤ ਆਇਆ ਸੀ। ਸੰਨ 1876 ਵਿੱਚ ਪੰਜਾਬ ਫੇਰੀ ਦੌਰਾਨ ਸ਼ਹਿਜ਼ਾਦੇ ਉਤੇ ਸੂਬੇ ਦੀਆਂ ਰਿਆਸਤਾਂ ਦੇ ਸ਼ਾਸਕਾਂ ਨੇ ਤੋਹਫ਼ਿਆਂ ਦਾ ਮੀਂਹ ਵਰ੍ਹਾਇਆ ਸੀ।
ਲੈਸਟਰ ਵਿੱਚ ‘ਸਿੱਖ ਹਥਿਆਰਾਂ ਤੇ ਬਖਤਰਬੰਦ’ ਬਾਰੇ ਭਾਸ਼ਣ ਵਿੱਚ ਯੂਕੇ ਰਹਿੰਦੇ ਇਤਿਹਾਸਕਾਰ ਤੇ ਲੇਖਕ ਗੁਰਿੰਦਰ ਸਿੰਘ ਮਾਨ ਨੇ ਦੱਸਿਆ ਕਿ ਕਿਵੇਂ ਇਹ ਵਸਤਾਂ ਸ਼ਾਹੀ ਸੰਗ੍ਰਹਿ ਦਾ ਹਿੱਸਾ ਬਣੀਆਂ। ਇਹ ਤਕਰੀਰ ਬਰਤਾਨੀਆ ਵਿੱਚ ਸਾਲ ਭਰ ਚੱਲਣ ਵਾਲੀ ਪ੍ਰਦਰਸ਼ਨੀ ‘ਉਪ-ਮਹਾਦੀਪ ਦੇ ਜਲੌਅ: ਸ਼ਹਿਜ਼ਾਦੇ ਦੀ ਭਾਰਤ ਫੇਰੀ 1875-76’ ਦਾ ਹਿੱਸਾ ਸੀ। ਗੁਰਿੰਦਰ ਸਿੰਘ ਮਾਨ, ਜੋ ਸਿੱਖ ਮਿਊਜ਼ੀਅਮ ਇਨੀਸ਼ੀਏਟਿਵ ਦੇ ਮੁਖੀ ਹਨ, ਨੇ ਦੱਸਿਆ, ‘ਆਪਣੀ ਸਰਦਾਰੀ ਅਤੇ ਰੁਤਬੇ ਬਰਕਰਾਰ ਰੱਖਣ ਲਈ ਇਨ੍ਹਾਂ ਮਹਾਰਾਜਿਆਂ ਦਾ ਬਹੁਤ ਕੁੱਝ ਦਾਅ ‘ਤੇ ਲੱਗਾ ਹੋਇਆ ਸੀ। ਇਸ ਵਾਸਤੇ ਸ਼ਹਿਜ਼ਾਦੇ ਐਡਵਰਡ ਰਾਹੀਂ ਮਹਾਰਾਣੀ ਵਿਕਟੋਰੀਆ ਨੂੰ ਖ਼ਜ਼ਾਨਾ ਭੇਟ ਕਰਨ ਦੀ ਦੌੜ ਲੱਗੀ ਹੋਈ ਸੀ।’
ਇਹ ਤੋਹਫ਼ੇ ਭੇਟ ਕਰਨ ਵਾਲਿਆਂ ਵਿੱਚ ਪਟਿਆਲਾ ਦੇ ਮਹਾਰਾਜਾ ਮਹਿੰਦਰ ਸਿੰਘ, ਜੀਂਦ ਦੇ ਮਹਾਰਾਜਾ ਰਘੂਬੀਰ ਸਿੰਘ, ਫ਼ਰੀਦਕੋਟ ਦੇ ਮਹਾਰਾਜਾ ਬਿਕਰਮ ਸਿੰਘ, ਨਾਭਾ ਦੇ ਮਹਾਰਾਜਾ ਹੀਰਾ ਸਿੰਘ ਅਤੇ ਕਪੂਰਥਲਾ ਦੇ ਮਹਾਰਾਜਾ ਖੜਕ ਸਿੰਘ ਸ਼ਾਮਲ ਸਨ। ਮਹਿੰਦਰ ਸਿੰਘ, ਜੋ ਪਟਿਆਲਾ ਦੇ ਸਰਕਾਰੀ ਮਹਿੰਦਰਾ ਕਾਲਜ ਦੇ ਬਾਨੀ ਸਨ, ਨੇ ਗੈਂਡੇ ਦੀ ਖੱਲ ਦੀ ਬਣੀ ਢਾਲ ਭੇਟ ਕੀਤੀ ਸੀ। ਇਸ ਢਾਲ ‘ਚ ਹੀਰੇ ਜੜੇ ਗਏ ਸਨ ਅਤੇ ਮੀਨਾਕਾਰੀ ਕੀਤੀ ਹੋਈ ਸੀ। ਇਸ ਤੋਂ ਕੁੱਝ ਸਮੇਂ ਬਾਅਦ ਹੀ ਮਹਾਰਾਜੇ ਦੀ 23 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਸੀ।
ਜੀਂਦ ਦੇ ਮਹਾਰਾਜਾ ਨੇ ‘ਯੂਰੋਪੀਅਨ ਬਲੇਡ ਅਤੇ ਸੋਨੇ ਦੀ ਮੁੱਠ’ ਵਾਲੀ ਤਲਵਾਰ ਤੋਹਫੇ ਵਿੱਚ ਦਿੱਤੀ ਸੀ। ਉਂਗਲਾਂ ਨੂੰ ਬਚਾਉਣ ਵਾਲੇ ਗਾਰਡ ਅਤੇ ਮੁੱਠੇ ਦੇ ਸਿਰੇ ‘ਤੇ ਹੀਰੇ, ਲਾਲ ਅਤੇ ਪੰਨਾ ਜੜੇ ਹੋਏ ਹਨ।  ਇਸ ਤਲਵਾਰ ਦੇ ਸੁਰਖ ਮਖਮਲ ਵਿੱਚ ਲਿਪੇਟੇ ਲੱਕੜ ਦੇ ਮਿਆਨ ਉਤੇ ਸੋਨੇ ਦੀ ਪੱਟੀ ਲਗਾ ਕੇ ਉਸ ‘ਤੇ ਲਾਲ ਤੇ ਹੀਰੇ ਜੜੇ ਹੋਏ ਹਨ। ਇਸ ਰੁਝੇਵਿਆਂ ਭਰੀ ਫੇਰੀ, ਜਿਸ ਨੂੰ ਸਫ਼ਾਰਤੀ ਤੌਰ ‘ਤੇ ਸਫ਼ਲ ਦੱਸਿਆ ਗਿਆ ਸੀ, ਦੌਰਾਨ ਸ਼ਹਿਜ਼ਾਦੇ ਐਡਵਰਡ ਨੇ ਇਸ ਮਹਾਰਾਜੇ ਨੂੰ ‘ਭਾਰਤ ਦਾ ਸਿਤਾਰਾ’ ਐਜਾਜ਼ ਦਿੱਤਾ ਸੀ। ਗੁਰਿੰਦਰ ਸਿੰਘ ਮਾਨ ਨੇ ਸ਼ਾਹੀ ਸੰਗ੍ਰਹਿ ਵਿੱਚ ਚੱਕਰ ਤੇ ਛਾਤੀ ਕਵਚ ਸਮੇਤ ਪਏ ਸਿੱਖਾਂ ਦੇ ਹੋਰ ਹਥਿਆਰਾਂ ਬਾਰੇ ਵੀ ਜਾਣਕਾਰੀ ਦਿੱਤੀ। ਇਨ੍ਹਾਂ ਵਿੱਚੋਂ ਜ਼ਿਆਦਾਤਰ ਵਸਤਾਂ ਹੁਣ ਨੌਰਫੈਕ ਵਿੱਚ ਮਹਾਰਾਣੀ ਦੀ ਅਸਟੇਟ ਸੈਂਡਰਿੰਘਮ ਹਾਊਸ ਤੋਂ ਇਲਾਵਾ ਵਿੰਡਸਰ ਕਾਸਲ ਅਤੇ ਟਾਵਰ ਆਫ ਲੰਡਨ ਵਿੱਚ ਰੱਖੀਆਂ ਗਈਆਂ ਹਨ।