ਪੰਥਕ ਮੁਦੇ ਅਪਨਾਉਣ ਦੇ ਬਾਵਜੂਦ ਬਾਦਲ ਦਲ  ਦਾ ਸਿਆਸੀ ਬੇੜਾ ਡੁਬਿਆ

  ਪੰਥਕ ਮੁਦੇ ਅਪਨਾਉਣ ਦੇ ਬਾਵਜੂਦ ਬਾਦਲ ਦਲ  ਦਾ ਸਿਆਸੀ ਬੇੜਾ ਡੁਬਿਆ

  *ਜ਼ਿਮਨੀ ਚੋਣ ਵਿਚ ਹਾਰ ਤੋਂ ਬਾਅਦ ਅਕਾਲੀ ਦਲ ਵਿਚ ਬਦਲਾਅ ਦੀ ਮੰਗ ਉੱਠੀ 

  *   ਭਾਜਪਾ ਨੇ ਤਿੰਨ ਵਿਧਾਨ ਸਭਾ ਹਲਕਿਆਂ 'ਵਿਚ ਕਾਂਗਰਸ ਨੂੰ ਪਛਾੜਿਆ 

                    *ਪੰਜਾਬ ਵਿੱਚ ਪੰਥਕ ਰਾਜਨੀਤੀ ਦੀ ਵਾਪਸੀ ਹੋਈ: ਮੰਡ     

                                                    ਵਿਸ਼ੇਸ਼ ਰਿਪੋਰਟ                                                                                                          

 ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ’ਵਿਚ ਆਮ ਆਦਮੀ ਪਾਰਟੀ ਤੋਂ ਬਾਅਦ ਜੇਕਰ ਕਿਸੇ ਪਾਰਟੀ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਸਹਿਣਾ ਪਿਆ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਹੈ। ਸ਼੍ਰੋਮਣੀ ਅਕਾਲੀ ਦਲ ਨੇ ਧਰਮਨਿਰਪੱਖਤਾ ਦੇ ਚੋਲੇ ਨੂੰ ਲਾਹ ਕੇ ਪੰਥਕ ਧਾਰਾ ਵਿਚ ਪਰਤਣ ਦਾ ਨੀਤੀਗਤ ਫ਼ੈਸਲਾ ਲਿਆ ਸੀ, ਪਰ ਇਹ ਕਾਰਗਰ ਸਾਬਤ ਨਹੀਂ ਹੋ ਸਕਿਆ।ਉਸਦਾ ਸਿਆਸੀ ਬੇੜਾ ਇਸ ਹਾਰ ਨਾਲ ਡੁਬ ਗਿਆ ਹੈ। ਸਿਖ ਪੰਥ ਤੇ ਕਿਸਾਨੀ ਵੋਟ ਬੈਂਕ ਜੋ ਬਾਦਲ ਦਲ ਦੀ ਤਾਕਤ ਸਨ ,ਨੇ ਬਾਦਲ ਦਲ ਤੋਂ ਪਾਸਾ ਵਟ ਲਿਆ ਹੈ।

 

ਸ਼੍ਰੋਮਣੀ ਅਕਾਲੀ ਦਲ ਨੂੰ ਦੋਵੇਂ ਹੀ ਮੋਰਚਿਆਂ’ਤੇ ਮੂੰਹ ਦੀ ਖਾਣੀ ਪਈ। ਵਿਧਾਨ ਸਭਾ ਚੋਣਾਂ ਵਿਚ ਮੰਦਰ-ਮੰਦਰ ਮੱਥਾ ਟੇਕ ਕੇ ਤੇ ਸ਼ਿਵ ਸੈਨਾ ਦੀ ਹਮਾਇਤ ਲੈਕੇ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦਾ ਧਰਮਨਿਰਪੱਖ ਅਕਸ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਵਿਧਾਨ ਸਭਾ ਚੋਣਾਂ ਵਿਚ ਹਾਰ ਤੋਂ ਬਾਅਦ ਪਾਰਟੀ ਇਕ ਵਾਰ ਫਿਰ ਬੰਦੀ ਸਿੱਖਾਂ ਨੂੰ ਲੈ ਕੇ ਪੰਥਕ ਮੋਰਚੇ ਦਾ ਸਹਾਰਾ ਲੈਣ ਲਈ ਸੰਗਰੂਰ ਵਿਚ ਲੋਕ ਸਭਾ ਦੀ ਜ਼ਿਮਨੀ ਚੋਣ ਵਿਚ ਉੱਤਰੀ, ਪਰ ਬਾਦਲ ਦਲ ਦੇ ਉਮੀਦਵਾਰ ਕਮਲਦੀਪ ਕੌਰ ਰਾਜੋਆਣਾ ਨੂੰ ਭਾਜਪਾ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਤੋਂ ਵੀ ਘੱਟ ਵੋਟਾਂ ਪਈਆਂ। ਸ਼੍ਰੋਮਣੀ ਅਕਾਲੀ ਦਲ ਨੂੰ ਜਿੱਥੇ 6.2 ਫੀਸਦ ਵੋਟਾਂ ਮਿਲੀਆਂ ਉੱਥੇ ਹੀ ਭਾਜਪਾ ਨੂੰ 9.33 ਫੀਸਦ ਵੋਟਾਂ ਪੋਲ ਹੋਈਆਂ। ਭਾਜਪਾ ਨੂੰ ਸਾਬਕਾ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਦੇ ਇਸ ਹਲਕੇ ਵਿਚਲੇ ਪ੍ਰਭਾਵ ਦਾ ਲਾਹਾ ਮਿਲਿਆ ਹੈ। ਰਾਜੋਆਣਾ ਨੂੰ ਜਿੱਥੇ 44,428 ਵੋਟਾਂ ਮਿਲੀਆਂ, ਤਾਂ ਭਾਜਪਾ ਉਮੀਦਵਾਰ ਕੇਵਲ ਢਿੱਲੋਂ ਨੂੰ 66,298 ਵੋਟਾਂ ਮਿਲੀਆਂ।ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਪੰਜਾਬ ਕਾਂਗਰਸ ਦੀ ਥਾਂ ਭਾਜਪਾ ਲੈ ਸਕਦੀ ਹੈ,ਕਿਉਂਕਿ ਕਾਂਗਰਸ ਦੇ ਨਿਘਾਰ ਕਾਰਣ ਸੰਗਰੂਰ ਦਾ ਕਾਂਗਰਸੀ ਵੋਟ ਬੈਂਕ ਭਾਜਪਾ ਵਲ ਤਬਦੀਲ ਹੋਇਆ ਹੈ।ਚੋਣ ਨਤੀਜੇ 'ਵਿਚ ਬੇਸ਼ੱਕ ਭਾਜਪਾ ਚੌਥੇ ਨੰਬਰ 'ਤੇ ਰਹੀ ਪਰ ਲੋਕ ਸਭਾ ਹਲਕੇ ਦੇ ਤਿੰਨ ਵਿਧਾਨ ਸਭਾ ਹਲਕਿਆਂ 'ਵਿਚ ਉਹ ਕਾਂਗਰਸ ਨੂੰ ਪਛਾੜ ਕੇ ਤੀਜੇ ਨੰਬਰ 'ਤੇ ਰਹੀ ਹੈ | ਵਿਧਾਨ ਸਭਾ ਹਲਕਾ ਸੁਨਾਮ ਵਿਚ ਭਾਜਪਾ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ 7822 ਵੋਟਾਂ ਪ੍ਰਾਪਤ ਕਰ ਕੇ ਤੀਜੇ ਨੰਬਰ 'ਤੇ ਰਹੇ ਹਨ, ਜਦਕਿ ਕਾਂਗਰਸ ਨੂੰ ਇਥੇ 6173 ਵੋਟਾਂ ਮਿਲੀਆਂ । ਹਲਕਾ ਲਹਿਰਾ 'ਵਿਚ ਭਾਜਪਾ ਨੂੰ 9909 ਵੋਟਾਂ ਮਿਲੀਆਂ ਜਦ ਕਿ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਦੇ ਇਸ ਹਲਕੇ 'ਵਿਚ ਕਾਂਗਰਸ ਨੂੰ ਸਿਰਫ 6957 ਵੋਟਾਂ ਮਿਲੀਆਂ ਹਨ ।ਬਰਨਾਲਾ ਜਿਥੇ ਕੇਵਲ ਸਿੰਘ ਢਿੱਲੋਂ ਪਹਿਲਾਂ ਵੀ ਵਿਧਾਇਕ ਰਹੇ ਹਨ 'ਵਿਚ ਭਾਜਪਾ 13252 ਵੋਟਾਂ ਪ੍ਰਾਪਤ ਕਰ ਕੇ ਤੀਜੇ ਨੰਬਰ 'ਤੇ ਰਹੀ, ਜਦਕਿ ਕਾਂਗਰਸ ਨੂੰ ਇਥੇ 7133 ਵੋਟਾਂ ਹੀ ਮਿਲੀਆਂ ਹਨ|

  

ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਮਾਨ ਦੇ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਨੇ ਜਿੱਥੇ ਆਪ ਪਾਰਟੀ ਨੂੰ ਤਿੰਨ ਮਹੀਨੇ ਵਿਚ ਹੀ ‘ਅਰਸ਼ ਤੋਂ ਫਰਸ਼’ ਦਾ ਰਾਹ ਵਿਖਾ ਦਿੱਤਾ, ਉੱਥੇ, ਪੰਥਕ ਮੁੱਦਿਆਂ ਨੂੰ ਲੈ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰਨ ਵਾਲੇ ਬਾਦਲ ਦਲ ਨੂੰ ਵੀ ਮੂੰਹ ਦੀ ਖਾਣੀ ਪਈ। ਜ਼ਿਮਨੀ ਚੋਣ ਵਿਚ ਹਾਰ ਤੋਂ ਬਾਅਦ ਹੁਣ  ਅਕਾਲੀ ਦਲ ਵਿਚ ਬਦਲਾਅ ਦੀ ਮੰਗ ਕਰਨੈਲ ਸਿੰਘ ਪੰਜੋਲੀ ,ਜਗਮੀਤ ਸਿੰਘ ਬਰਾੜ ,ਬੀਬੀ ਕਿਰਨਜੋਤ ਕੌਰ ਵਲੋਂ ਉੱਠਣੀ ਸ਼ੁਰੂ ਹੋ ਗਈ  ਹੈ।ਬਾਦਲ ਦਲ ਦੇ ਕੋਰ ਕਮੇਟੀ ਮੈਂਬਰ ਤੇ ਸੀਨੀਅਰ ਮੀਤ ਪ੍ਰਧਾਨ ਜਗਮੀਤ ਬਰਾੜ ਨੇ ਕਿਹਾ ਕਿ ਸੂਬੇ ਤੇ ਸਿੱਖਾਂ ਲਈ ਕੋਈ ਸਪੱਸ਼ਟ ਏਜੰਡਾ ਨਾ ਹੋਣ ਕਾਰਨ ਪਾਰਟੀ ਇਹ ਚੋਣ ਜਾਰੀ ਹੈ। ਉਨ੍ਹਾਂ ਪਾਰਟੀ ਨੂੰ ਸੁਖਦੇਵ ਸਿੰਘ ਢੀਂਡਸਾ, ਬਲਵੰਤ ਸਿੰਘ ਰਾਮੂਵਾਲੀਆ, ਰਵੀ ਇੰਦਰ ਸਿੰਘ ਸਮੇਤ ਹੋਰ ਬਾਗੀ ਆਗੂਆਂ ਨੂੰ ਨਾਲ ਜੋੜਨ ਦਾ ਸੱਦਾ ਦਿੱਤਾ। ਯਾਦ ਰਹੇ ਕਿ ਸੰਗਰੂਰ ਜ਼ਿਮਨੀ ਚੋਣ ਵਿਚ ਹੋਈ ਨਿਰਾਸ਼ਾਜਨਕ ਹਾਰ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਸੁਖਬੀਰ ਸਿੰਘ ਬਾਦਲ ਵਲੋਂ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇਣ ਦੀ ਖ਼ਬਰ ਵਾਇਰਲ ਹੋਈ ਸੀ। ਇਹ ਵੀ ਆਖਿਆ ਜਾ ਰਿਹਾ ਸੀ ਕਿ ਸੁਖਬੀਰ ਬਾਦਲ ਵਲੋਂ ਅਸਤੀਫ਼ਾ ਦੇਣ ਤੋਂ ਬਾਅਦ ਬਲਵਿੰਦਰ ਸਿੰਘ ਭੂੰਦੜ ਨੂੰ ਪਾਰਟੀ ਦਾ ਪ੍ਰਧਾਨ ਬਣਾ ਦਿੱਤਾ ਗਿਆ ਹੈ। ਇਸ ਅਫਵਾਹ ਤੋਂ ਬਾਅਦ ਅਕਾਲੀ ਦਲ ਵਲੋਂ ਬਲਵਿੰਦਰ ਸਿੰਘ ਭੂੰਦੜ ਨੂੰ ਮੀਡੀਆ ਸਾਹਮਣੇ ਭੇਜ ਕੇ ਬਕਾਇਦਾ ਸਪੱਸ਼ਟੀਕਰਨ ਦੇਣਾ ਪਿਆ ਹੈ।ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਸੁਖਬੀਰ ਬਾਦਲ ਵਲੋਂ ਅਸਤੀਫਾ ਦਿੱਤੇ ਜਾਣ ਵਰਗੀ ਕੋਈ ਗੱਲ ਨਹੀਂ ਹੈ।  ਉਨ੍ਹਾਂ ਕਿਹਾ ਕਿ ਜੇਕਰ ਕਿਸੇ ਚੋਣ ਵਿਚ ਪਾਰਟੀ ਦੀ ਹਾਰ ਹੁੰਦੀ ਹੈ ਤਾਂ ਇਸ ਲਈ ਇਕੱਲਾ ਪ੍ਰਧਾਨ ਜ਼ਿੰਮੇਵਾਰ ਨਹੀਂ ਹੁੰਦਾ ਸਗੋਂ ਸਮੁੱਚੀ ਪਾਰਟੀ ਦੀ ਜ਼ਿੰਮੇਵਾਰੀ ਬਣਦੀ ਹੈ।  

ਸਿਮਰਨਜੀਤ ਸਿੰਘ ਮਾਨ ਦੀ ਜਿਤ ਹੋਣਾ ਤੇ ਜ਼ਿਮਨੀ ਚੋਣ ਵਿਚ ਲਗਭਗ ਤਿੰਨ ਦਹਾਕਿਆਂ ਪਿੱਛੋਂ ਵੋਟਿੰਗ 45 ਫ਼ੀਸਦੀ ਤੱਕ ਸਿਮਟ ਜਾਣ ਦਾ ਮਤਲਬ ਹੈ ਕਿ ਵੋਟਰ ਸਿਆਸੀ ਧਿਰਾਂ ਤੋਂ ਉਪਰਾਮ ਹੋ ਚੁੱਕੇ ਹਨ। ਮਤਦਾਤਾਵਾਂ ਦਾ ਫ਼ਤਵਾ ਇਹ ਸੰਕੇਤ ਦਿੰਦਾ ਹੈ ਕਿ ਪੰਜਾਬੀਆਂ ਦੀ ਲੋਕ ਭਾਵਨਾਵਾਂ ਦੀ ਤਰਜਮਾਨੀ ਕਰਨ ਵਾਲੀ ਪਾਰਟੀ ਅਤੇ ਆਗੂ ਦੀ ਤਲਾਸ਼ ਖ਼ਤਮ ਨਹੀਂ ਹੋਈ। ਵਿਧਾਨ ਸਭਾ ਚੋਣਾਂ ਸਮੇਂ ਵੀ ਵੋਟਰਾਂ ਨੇ ਆਪ ਦੇ ਪੱਖ ਵਿਚ ਵੋਟ ਪਾਉਣ ਤੋਂ ਵੱਧ ਰਵਾਇਤੀ ਪਾਰਟੀਆਂ ਰੱਦ ਕਰਨ ਲਈ ਵੋਟਾਂ ਪਈਆਂ ਸਨ। ‘ਆਪ’ ਦੇ ਤਿੰਨ ਮਹੀਨਿਆਂ ਦੇ ਰਾਜ ਵਿਚ ਕਈ ਮਸਲੇ ਉੱਭਰੇ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਚੰਡੀਗੜ੍ਹ ਦੇ ਮੁਲਾਜ਼ਮਾਂ ਉੱਤੇ ਕੇਂਦਰੀ ਨਿਯਮ ਲਾਗੂ ਕਰਨ, ਪਾਣੀ ਸਮੇਤ ਬਹੁਤ ਸਾਰੇ ਮੁੱਦਿਆਂ ਉੱਤੇ ‘ਆਪ’ ਦਾ ਸਟੈਂਡ ਸਪੱਸ਼ਟਤਾ ਅਤੇ ਸਰਗਰਮੀ ਨਾਲ ਪੰਜਾਬ ਦੇ ਹਕ ਵਿਚ ਉਜਾਗਰ ਨਹੀਂ ਹੋ ਸਕਿਆ। ਇਹ ਪੰਜਾਬੀਆਂ ਦੇ ਸੁਭਾਅ ਦੇ ਅਨੁਕੂਲ ਨਹੀਂ। ਪੰਜਾਬੀ ਕੇਂਦਰ-ਮੁਖੀ ਪਾਰਟੀ ਦੀ ਥਾਂ ਪੰਜਾਬ-ਮੁਖੀ ਪਾਰਟੀ ਨੂੰ ਵਧੇਰੇ ਪਸੰਦ ਕਰਦੇ ਹਨ।ਫੈਡਰਲਿਜ਼ਮ ਪੰਜਾਬ ਦਾ ਸਭ ਤੋਂ ਮਹੱਤਵਪੂਰਨ ਮੁੱਦਾ ਹੈ। ਖੇਤਰੀ ਪਾਰਟੀ ਸੰਤੁਲਨ ਬਣਾਉਣ ਵਿਚ ਸਹਾਇਕ ਹੁੰਦੀ ਸੀ। ਇਸ ਸਮੇਂ ਅਕਾਲੀ ਦਲ ਖੇਤਰੀ ਮੁੱਦਿਆਂ ,ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਘੱਟਗਿਣਤੀਆਂ ਖਿਲਾਫ਼ ਹੋਣ ਵਾਲੇ ਜਬਰ ਬਾਰੇ ਖ਼ਾਮੋਸ਼ ਰਹਿਣ ਲੱਗਾ ਹੈ। ‘ਆਪ’ ਨੂੰ ਵਿਧਾਨ ਸਭਾ ਚੋਣਾਂ ਸਮੇਂ ਕੀਤੇ ਗਏ ਵਾਅਦੇ ਨਿਭਾਉਣੇ ਪੈਣੇ ਹਨ। ਇਸ ਨਤੀਜੇ ਤੋਂ ਕਈ ਸਵਾਲ ਉੱਭਰਦੇ ਹਨ: ਕੀ ਸਿਮਰਨਜੀਤ ਸਿੰਘ ਮਾਨ ਪੰਥਕ ਸਿਆਸਤ ਦੇ ਖਲਾਅ ਨੂੰ ਭਰ ਸਕਣਗੇ? ਸ਼੍ਰੋਮਣੀ ਅਕਾਲੀ ਦਲ ਆਪਣੇ ਮੌਜੂਦਾ ਸੰਕਟ ਵਿਚੋਂ ਕਿਵੇਂ ਨਿਕਲੇਗਾ? ‘ 

ਆਪਣੀ ਜਿਤ ਉਪਰ ਟਿਪਣੀ ਕਰਦਿਆਂ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ  ਚੋਣ ਨਤੀਜੇ ਨਾਲ ਪੰਜਾਬ ਦੀ ਸਿਆਸਤ ਵਿੱਚ ਤਬਦੀਲੀ ਆਵੇਗੀ। ਉਨ੍ਹਾਂ ਕਿਹਾ ਕਿ ਪੰਥ ਦਾ ਭਵਿੱਖ ਸੁਨਹਿਰੀ ਹੈ ਅਤੇ ਚੰਗੇ ਦਿਨ ਆਉਣਗੇ। ਮਾਨ ਨੇ ਕਿਹਾ ਕਿ ਉਨ੍ਹਾਂ ਦੀ ਜਿੱਤ ਮਰਹੂਮ ਅਦਾਕਾਰ ਦੀਪ ਸਿੱਧੂ ਅਤੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਸਮਰਪਿਤ ਹੈ। ਸੰਗਰੂਰ ਦੇ ਲੋਕਾਂ ਨੇ ਬਹਾਦਰੀ ਨਾਲ ਉਨ੍ਹਾਂ ਦੇ ਹੱਕ ਵਿੱਚ ਫ਼ਤਵਾ ਦੇ ਕੇ ਕਾਂਗਰਸ, ਭਾਜਪਾ, ‘ਆਪ’ ਅਤੇ ਆਰਐੱਸਐੱਸ ਨੂੰ ਖੂੰਜੇ ਲਗਾ ਦਿੱਤਾ ਹੈ।  ਮਾਨ ਨੇ ਕਿਹਾ, ‘‘ਮਾਲਵੇ ਦੇ ਲੋਕਾਂ ਨੇ ਮੇਰੇ ਉੱਪਰ ਕਿਰਪਾ ਕੀਤੀ ਹੈ ਅਤੇ ਮੈਨੂੰ ਆਪਣਾ ਨੁਮਾਇੰਦਾ ਚੁਣਿਆ ਹੈ। ਹੁਣ ਹਲਕੇ ਦੇ ਲੋਕਾਂ ਦੀ ਸੇਵਾ ਕਰਨਾ ਮੇਰੀ ਡਿਊਟੀ ਹੈ।ਉਨ੍ਹਾਂ ਕਿਹਾ ਕਿ ਸ਼੍ਰੋਮਣੀ  ਕਮੇਟੀ ਦੀ ਚੋਣ ਕਰਵਾਈ ਜਾਵੇਗੀ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਗੋਲੀ ਕਾਂਡ ਦੇ ਪੀੜਤਾਂ ਨੂੰ ਇਨਸਾਫ਼ ਦਿਵਾਇਆ ਜਾਵੇਗਾ।’’ ਮਾਨ ਨੇ ਕਿਹਾ ਕਿ ਮੁਸਲਮਾਨਾਂ ਦੇ ਘਰ ਢਾਹੇ ਜਾ ਰਹੇ ਹਨ ਤੇ ਦੇਸ਼ ਵਿੱਚ ਮੁਸਲਮਾਨ ਸੁਰੱਖਿਅਤ ਨਹੀਂ ਹਨ। ਕਸ਼ਮੀਰ ਵਿੱਚ ਮੁਸਲਮਾਨਾਂ ਉੱਪਰ ਜਬਰ ਹੋ ਰਿਹਾ ਹੈ ਪ੍ਰੰਤੂ ਸੰਵਿਧਾਨ ਕਿਸੇ ਦੀ ਆਜ਼ਾਦੀ ਜਾਂ ਜਾਨ ਲੈਣ ਦੀ ਇਜਾਜ਼ਤ ਨਹੀਂ ਦਿੰਦਾ। ਉਨ੍ਹਾਂ ਕਿਹਾ ਕਿ ਉਹ ਘੱਟ ਗਿਣਤੀਆਂ ਉੱਪਰ ਹੋ ਰਹੇ ਜਬਰ ਖ਼ਿਲਾਫ਼ ਅਤੇ ਹੋਰ ਅਹਿਮ ਮੁੱਦਿਆਂ ’ਤੇ ਦੇਸ਼ ਦੀ ਸੰਸਦ ਵਿੱਚ ਆਵਾਜ਼ ਉਠਾਉਣਗੇ।

ਸ੍ਰੀ ਅਕਾਲ ਤਖ਼ਤ ਦੇ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੂੰ ਜਿੱਤ ਦੀ ਵਧਾਈ ਦਿੰਦਿਆਂ ਕਿਹਾ ਕਿ ਅੱਜ 23 ਸਾਲਾਂ ਬਾਅਦ ਪੰਜਾਬ ਵਿੱਚ ਪੰਥਕ ਰਾਜਨੀਤੀ ਦੀ ਵਾਪਸੀ ਹੋਈ ਹੈ।  ਮੰਡ ਨੇ ਕਿਹਾ ਕਿ ਪੰਜਾਬ ਵਿੱਚ ਦਰਿਆਈ ਪਾਣੀਆਂ ਦਾ ਮਸਲਾ, ਫ਼ਿਰੋਜ਼ਪੁਰ ਸਰਹੱਦ ਨੂੰ ਵਪਾਰ ਵਾਸਤੇ ਖੋਲ੍ਹਣ ਦਾ ਮਸਲਾ, ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦਾ ਮਸਲਾ, ਦੇਸ਼ ਦੇ ਕਿਸਾਨਾਂ ਨਾਲ ਜੁੜੇ ਮੁੱਦੇ ਅਤੇ ਬੰਦੀ ਸਿੰਘਾਂ ਦੀ ਰਿਹਾਈ ਵਰਗੇ ਮਸਲਿਆਂ ਸਬੰਧੀ ਸਿਮਰਨਜੀਤ ਸਿੰਘ ਮਾਨ ਸੰਸਦ ਵਿੱਚ ਆਪਣੀ ਆਵਾਜ਼ ਬੁਲੰਦ ਜ਼ਰੂਰ ਕਰਨਗੇ। 

 

ਪ੍ਰਗਟ ਸਿੰਘ ਜੰਡਿਆਲਾ ਗੁਰੂ