ਕਸ਼ਮੀਰੀ ਪੱਤਰਕਾਰ ਬੀਬੀ ਖਿਲਾਫ ਪੁਲਸ ਨੇ ਯੂਏਪੀਏ ਅਧੀਨ ਮਾਮਲਾ ਦਰਜ ਕੀਤਾ

ਕਸ਼ਮੀਰੀ ਪੱਤਰਕਾਰ ਬੀਬੀ ਖਿਲਾਫ ਪੁਲਸ ਨੇ ਯੂਏਪੀਏ ਅਧੀਨ ਮਾਮਲਾ ਦਰਜ ਕੀਤਾ
ਪੱਤਰਕਾਰ ਮਸਰਤ ਜ਼ਾਹਰਾ

ਅੰਮ੍ਰਿਤਸਰ ਟਾਈਮਜ਼ ਬਿਊਰੋ
ਭਾਰਤ ਵਿਚ ਲਾਕਡਾਊਨ ਦੌਰਾਨ ਸਰਕਾਰ ਵਿਰੋਧੀ ਲਿਖਤਾਂ ਲਿਖਣ ਵਾਲੇ ਪੱਤਰਕਾਰਾਂ ਦੀ ਅਵਾਜ਼ ਦਬਾਉਣ ਲਈ ਲਗਾਤਾਰ ਕੇਸ ਦਰਜ ਕੀਤੇ ਜਾ ਰਹੇ ਹਨ। ਕਸ਼ਮੀਰ ਦੀ ਨਾਮੀਂ ਪੱਤਰਕਾਰ ਬੀਬੀ ਮਸਰਤ ਜ਼ਾਹਰਾ ਖਿਲਾਫ ਕਾਲੇ ਕਾਨੂੰਨ ਵਜੋਂ ਜਾਣੇ ਜਾਂਦੇ ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ (ਯੂਏਪੀਏ) ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਪੱਤਰਕਾਰ ਮਸਰਤ ਜ਼ਾਹਰਾ ਵੱਲੋਂ ਸੋਸ਼ਲ ਮੀਡੀਆ 'ਤੇ ਪਾਈ ਗਈ ਇਕ ਪੋਸਟ ਦੇ ਅਧਾਰ 'ਤੇ ਦਰਜ ਕੀਤਾ ਗਿਆ ਹੈ, ਜਿਸ ਨੂੰ ਪੁਲਸ 'ਦੇਸ਼ ਵਿਰੋਧੀ ਕਾਰਵਾਈ' ਦੱਸ ਰਹੀ ਹੈ।

26 ਸਾਲਾ ਮਸਰਤ ਜ਼ਾਹਰਾ ਸ੍ਰੀਨਗਰ ਤੋਂ ਪੱਤਰਕਾਰੀ ਕਰਦੀ ਹੈ ਅਤੇ ਉਹ ਫੋਟੋਜਰਨਲਿਸਟ ਹੈ। ਉਸ ਖਿਲਾਫ ਫੇਸਬੁੱਕ 'ਤੇ ਦੇਸ਼ ਵਿਰੋਧੀ ਪੋਸਟਾਂ ਪਾ ਕੇ ਨੌਜਵਾਨਾਂ ਨੂੰ ਭੜਕਾਉਣ ਦਾ ਦੋਸ਼ ਲਾਇਆ ਗਿਆ ਹੈ। 

ਇਹ ਰਿਪੋਰਟ ਵੀ ਪੜ੍ਹੋ: ਮਹਾਂਮਾਰੀ ਦੇ ਨਾਂ ਹੇਠ ਭਾਰਤ ਵਿਚ ਬੋਲਣ ਦੀ ਅਜ਼ਾਦੀ ਦਾ ਘਾਣ ਲੋਕਤੰਤਰ ਲਈ ਖਤਰਾ (ਖਾਸ ਰਿਪੋਰਟ)

ਸ਼੍ਰੀਨਗਰ ਸਾਈਬਲ ਪੁਲਸ ਥਾਣੇ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਉਹਨਾਂ ਨੂੰ ਭਰੋਸੇਯੋਗ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਮਸਰਤ ਜ਼ਾਹਰਾ ਦੇਸ਼ ਵਿਰੋਧੀ ਪੋਸਟਾਂ ਅਪਲੋਡ ਕਰਦੀ ਹੈ। ਬਿਆਨ ਵਿਚ ਕਿਹਾ ਗਿਆ, "ਫੇਸਬੁੱਕ ਵਰਤੋਂਕਾਰ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਅਜਿਹੀਆਂ ਤਸਵੀਰਾਂ ਪਾਉਂਦੀ ਹੈ ਜੋ ਲੋਕਾਂ ਨੂੰ ਅਮਨ ਕਾਨੂੰਨ ਦੀ ਸਥਿਤੀ ਖਰਾਬ ਕਰਨ ਲਈ ਭੜਕਾ ਸਕਦੀਆਂ ਹਨ। ਵਰਤੋਂਕਾਰ ਅਜਿਹੀਆਂ ਪੋਸਟਾਂ ਵੀ ਪਾਉਂਦੀ ਹੈ ਜਿਹਨਾਂ ਵਿਚ ਦੇਸ਼ ਵਿਰੋਧੀ ਕਾਰਵਾਈਆਂ ਦੀ ਤਰੀਫ ਕੀਤੀ ਜਾਂਦੀ ਹੈ ਅਤੇ ਕਾਨੂੰਨ ਸਥਾਪਤ ਕਰ ਰਹੀਆਂ ਏਜੰਸੀਆਂ ਦੀ ਬਦਨਾਮੀ ਕੀਤੀ ਜਾਂਦੀ ਹੈ ਜਿਸ ਨਾਲ ਦੇਸ਼ ਵਿਰੋਧੀ ਭਾਵਨਾਵਾਂ ਬਣਦੀਆਂ ਹਨ।"

ਪੁਲਸ ਦਾ ਕਹਿਣਾ ਹੈ ਕਿ ਪੱਤਰਕਾਰ ਖਿਲਾਫ ਉਪਰੋਕਤ ਦੋਸ਼ਾਂ ਦੇ ਹਵਾਲੇ ਨਾਲ ਸ਼ਨੀਵਾਰ ਨੂੰ ਐਫਆਈਆਰ ਦਰਜ ਕੀਤੀ ਗਈ ਸੀ ਤੇ ਪੱਤਰਕਾਰ ਨੂੰ ਮੰਗਲਵਾਰ ਵਾਲੇ ਦਿਨ ਪੇਸ਼ ਹੋਣ ਲਈ ਕਿਹਾ ਗਿਆ ਹੈ।

ਜ਼ਿਕਰਯੋਗ ਹੈ ਕਿ ਯੂਏਪੀਏ ਕਾਨੂੰਨ ਹਮੇਸ਼ਾ ਵਿਵਾਦਾਂ ਵਿਚ ਰਿਹਾ ਹੈ ਜਿਸ ਨੂੰ ਸਰਕਾਰ ਵਿਰੋਧੀ ਅਵਾਜ਼ਾਂ ਨੂੰ ਦਬਾਉਣ ਲਈ ਇਕ ਕਾਨੂੰਨੀ ਸੰਦ ਵਜੋਂ ਵਰਤਿਆ ਜਾਂਦਾ ਹੈ। ਪੰਜਾਬ, ਕਸ਼ਮੀਰ ਅਤੇ ਉੱਤਰ ਪੂਰਬੀ ਸੂਬਿਆਂ ਵਿਚ ਇਸ ਕਾਨੂੰਨ ਦੀ ਸਰਕਾਰ ਵਿਰੋਧੀ ਅਵਾਜ਼ਾਂ ਨੂੰ ਦਬਾਉਣ ਲਈ ਵੱਡੇ ਪੱਧਰ 'ਤੇ ਵਰਤੋਂ ਕੀਤੀ ਗਈ ਹੈ। 

ਪੱਤਰਕਾਰ ਜ਼ਾਹਰਾ ਨੇ ਅਲ ਜਜ਼ੀਰ ਅਦਾਰੇ ਨਾਲ ਟੈਲੀਫੋਨ 'ਤੇ ਗੱਲ ਕਰਦਿਆਂ ਕਿਹਾ ਕਿ ਪੁਲਸ ਅਤੇ ਸਰਕਾਰ ਕਸ਼ਮੀਰ ਵਿਚ ਪੱਤਰਕਾਰਾਂ ਦੀ ਅਵਾਜ਼ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਉਸਨੇ ਕਿਹਾ ਕਿ ਪੁਲਸ ਨੇ ਕਿਤੇ ਵੀ ਰਿਪੋਰਟ ਵਿਚ ਇਹ ਨਹੀਂ ਜ਼ਿਕਰ ਕੀਤਾ ਕਿ ਉਹ ਪੱਤਰਕਾਰ ਹੈ, ਬਲਕਿ ਉਸ ਨੂੰ ਮਹਿਜ਼ ਇਕ ਫੇਸਬੁੱਕ ਵਰਤੋਂਕਾਰ ਲਿਖਿਆ ਹੈ। 

ਉਸਨੇ ਕਿਹਾ ਕਿ ਜਿਹੜੀਆਂ ਪੋਸਟਾਂ ਨੂੰ ਅਧਾਰ ਬਣਾ ਕੇ ਉਸ ਖਿਲਾਫ ਇਹ ਕਾਰਵਾਈ ਕੀਤੀ ਜਾ ਰਹੀ ਹੈ, ਇਹ ਸਾਰਾ ਕੁੱਝ ਕਾਫੀ ਦੇਰ ਪਹਿਲਾਂ ਹੀ ਮੀਡੀਆ ਵਿਚ ਛਪ ਚੁੱਕਿਆ ਹੈ। ਉਸਨੇ ਕਿਹਾ ਕਿ ਉਹ ਆਪਣੇ ਸਾਲਾਂ ਤੋਂ ਕੀਤੇ ਪੁਰਾਣੇ ਕੰਮ (ਤਸਵੀਰਾਂ) ਨੂੰ ਫੇਸਬੁੱਕ 'ਤੇ ਸਾਂਝਾ ਕਰ ਰਹੀ ਸੀ, ਜੋ ਪਹਿਲਾਂ ਹੀ ਭਾਰਤੀ ਅਤੇ ਕੌਮਾਂਤਰੀ ਮੀਡੀਆ ਅਦਾਰਿਆਂ ਵਿਚ ਛਪ ਚੁੱਕਾ ਹੈ, ਉਸ ਨੂੰ ਅਧਾਰ ਬਣਾ ਕੇ ਉਸ 'ਤੇ ਇਹ ਕਾਰਵਾਈ ਕੀਤੀ ਗਈ ਹੈ।

ਜ਼ਾਹਰਾ ਦੁਨੀਆ ਦੇ ਨਾਮਵਰ ਮੀਡੀਆ ਅਦਾਰਿਆਂ ਜਿਵੇਂ 'ਦਾ ਵਾਸ਼ਿੰਗਟਨ ਪੋਸਟ, ਦਾ ਨਿਊ ਹਿਊਮੈਨੀਟੇਰੀਅਨ, ਟੀਆਰਟੀ ਵਰਲਡ, ਅਲ ਜਜ਼ੀਰਾ, ਦਾ ਕਾਰਵਾਂ ਆਦਿ ਲਈ ਕੰਮ ਕਰ ਚੁੱਕੀ ਹੈ।

ਪੱਤਰਕਾਰ ਮਸਰਤ ਜ਼ਾਹਰਾ ਖਿਲਾਫ ਕੀਤੀ ਇਸ ਕਾਰਵਾਈ ਦੀ ਕਸ਼ਮੀਰੀ ਖੇਤਰ ਦੇ ਸਾਰੇ ਪੱਤਰਕਾਰ ਭਾਈਚਾਰੇ ਵੱਲੋਂ ਸਖਤ ਨਿੰਦਾ ਕੀਤੀ ਜਾ ਰਹੀ ਹੈ। ਕਸ਼ਮੀਰ ਪ੍ਰੈਸ ਕਲੱਬ ਨੇ ਇਸ ਪੁਲਸ ਕਾਰਵਾਈ ਦੀ ਸਖਤ ਨਿੰਦਾ ਕੀਤੀ ਹੈ ਅਤੇ ਇਸ ਮਾਮਲੇ 'ਚ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਦਖਲ ਮੰਗੀ ਹੈ।

ਪ੍ਰੈਸ ਬਿਆਨ ਵਿਚ ਕਿਹਾ ਗਿਆ ਕਿ ਜਦੋਂ ਦੁਨੀਆ ਕੋਰੋਨਾਵਾਇਰਸ ਦੀ ਮਹਾਂਮਾਰੀ ਨਾਲ ਜੂਝ ਰਹੀ ਹੈ ਅਤੇ ਸਾਨੂੰ ਮਿਲ ਕੇ ਇਸ ਦਾ ਮੁਕਾਬਲਾ ਕਰਨਾ ਚਾਹੀਦਾ ਹੈ ਤਾਂ ਪੁਲਸ ਵਲੋਂ ਪੱਤਰਕਾਰਾਂ ਖਿਲਾਫ ਕੇਸ ਦਰਜ ਕਰਕੇ ਉਹਨਾਂ ਨੂੰ ਤੰਗ ਕਰਨਾ ਬਹੁਤ ਮੰਦਭਾਗਾ ਹੈ।

ਉਹਨਾਂ ਕਿਹਾ ਕਿ ਇਹ ਕਸ਼ਮੀਰ ਦੇ ਪੱਤਰਕਾਰਾਂ ਦੀ ਬੋਲਣ ਅਤੇ ਪ੍ਰਗਟਾਵੇ ਦੀ ਅਜ਼ਾਦੀ 'ਤੇ ਹਮਲਾ ਹੈ ਜੋ ਉਹਨਾਂ ਨੂੰ ਭਾਰਤ ਦੇ ਸੰਵਿਧਾਨ ਨੇ ਦਿੱਤੀਆਂ ਹਨ।
 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।