ਬੇਅੰਤ ਸਿੰਘ ਮਾਮਲੇ ਵਿਚ ਲਖਵਿੰਦਰ ਸਿੰਘ ਲੱਖਾ ਦੀ ਹੋਈ ਰੈਗੂਲਰ ਜ਼ਮਾਨਤ

ਬੇਅੰਤ ਸਿੰਘ ਮਾਮਲੇ ਵਿਚ ਲਖਵਿੰਦਰ ਸਿੰਘ ਲੱਖਾ ਦੀ ਹੋਈ ਰੈਗੂਲਰ ਜ਼ਮਾਨਤ

ਉਦੋਂ ਤੱਕ ਜ਼ਮਾਨਤ ’ਤੇ ਰਹਿਣਗੇ ਜਦੋਂ ਤੱਕ ਉਨ੍ਹਾਂ ਦੀ ਪੱਕੀ ਰਿਹਾਈ ਦਾ ਫ਼ੈਸਲਾ ਨਹੀਂ ਹੁੰਦਾ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਜਲੰਧਰ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕਾਂਡ ਦੇ ਮੁਲਜ਼ਮ ਲਖਵਿੰਦਰ ਸਿੰਘ ਲੱਖਾ ਨੂੰ ਅਦਾਲਤ ਨੇ ਵੱਡੀ ਰਾਹਤ ਦੇ ਦਿੱਤੀ ਹੈ। ਲਖਵਿੰਦਰ ਸਿੰਘ ਲੱਖਾ ਨੂੰ ਅਦਾਲਤ ਨੇ ਰਾਹਤ ਦਿੰਦਿਆਂ ਰੈਗੂਲਰ ਜ਼ਮਾਨਤ ਦੇ ਦਿੱਤੀ ਹੈ।

ਇਸ ਦੀ ਜਾਣਕਾਰੀ ਦਿੰਦਿਆਂ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਉਨ੍ਹਾਂ ਨੇ ਲਖਵਿੰਦਰ ਸਿੰਘ ਲੱਖਾ ਦੀ ਭੈਣ ਸੁਖਵਿੰਦਰ ਕੌਰ ਵੱਲੋਂ ਉਹਨਾਂ ਦੀ ਰੈਗੂਲਰ ਜ਼ਮਾਨਤ ਲਈ ਅਰਜ਼ੀ ਲਗਾਈ ਸੀ। ਉਨ੍ਹਾਂ ਨੇ ਦੱਸਿਆ ਕਿ ਡਾ. ਅਮਰ ਇੰਦਰ ਸਿੰਘ ਸੰਧੂ ਸੀ.ਜੇ.ਐਮ. ਚੰਡੀਗੜ੍ਹ ਦੀ ਅਦਾਲਤ ਨੇ ਇਹ ਬੇਨਤੀ ਪ੍ਰਵਾਨ ਕਰਦਿਆਂ ਉਨ੍ਹਾਂ ਨੂੰ ਦੋ-ਦੋ ਲੱਖ ਦੀਆਂ ਦੋ ਸ‌ਕਿਊਰਟੀਆਂ ਦੇ ਇਵਜ਼ ਵਿਚ ਜ਼ਮਾਨਤ ’ਤੇ ਰਿਹਾਅ ਕਰਨ ਦਾ ਹੁਕਮ ਸੁਣਾਇਆ ਹੈ।

ਉਨ੍ਹਾਂ ਨੇ ਦੱਸਿਆ ਕਿ ਇਸ ਮਾਮਲੇ ਵਿਚ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਹੁਕਮ ਸੀ ਕਿ ਜਿਹਨਾਂ ਦੀ ਉਮਰ ਕੈਦ ਦੀ ਸਜ਼ਾ ਪੂਰੀ ਹੋ ਗਈ ਹੋਵੇ ਤੇ ਉਨ੍ਹਾਂ ਦੀ ਪੱਕੀ ਰਿਹਾਈ ਦੇ ਫ਼ੈਸਲੇ ਦਾ ਜਦੋਂ ਤੱਕ ਨਿਪਟਾਰਾ ਨਹੀਂ ਹੋ ਜਾਂਦਾ, ਅਜਿਹੇ ਕੈਦੀਆਂ ਨੂੰ ਰੈਗੂਲਰ ਜ਼ਮਾਨਤ ’ਤੇ ਰਿਹਾਅ ਕੀਤਾ ਜਾਵੇ, ਜਿਸਦੇ ਮੱਦੇਨਜ਼ਰ ਇਹ ਫੈਸਲਾ ਆਇਆ ਹੈ।

ਉਨ੍ਹਾਂ ਨੇ ਦੱਸਿਆ ਕਿ ਇਸ ਮਾਮਲੇ ਵਿਚ ਜੇਲ੍ਹ ਸੁਪਰਡੈਂਟ ਤੇ ਹੋਮ ਸੈਕਟਰੀ ਨੇ ਰਿਪੋਰਟ ਪੇਸ਼ ਕੀਤੀ ਹੈ ਤੇ ਬਿਆਨ ਦਰਜ ਕਰਵਾਏ ਹਨ ਕਿ ਉਨ੍ਹਾਂ ਦੀ ਰਿਹਾਈ ਦਾ ਫ਼ੈਸਲਾ ਹਾਲੇ ਪੈਂਡਿੰਗ ਹੈ, ਜਿਸ ਮਗਰੋਂ ਉਨ੍ਹਾਂ ਨੂੰ ਰੈਗੂਲਰ ਜ਼ਮਾਨਤ ਦਿੱਤੀ ਗਈ। ਇੰਨਾ ਹੀ ਨਹੀਂ ਹੁਣ ਉਹ ਉਦੋਂ ਤੱਕ ਜ਼ਮਾਨਤ ’ਤੇ ਰਹਿਣਗੇ ਜਦੋਂ ਤੱਕ ਉਨ੍ਹਾਂ ਦੀ ਪੱਕੀ ਰਿਹਾਈ ਦਾ ਫ਼ੈਸਲਾ ਨਹੀਂ ਹੋ ਜਾਂਦਾ।