ਪੰਜਾਬ ਯੂਨੀਵਰਸਿਟੀ ਬਣੀ ਗੈਂਗਸਟਰਾਂ ਦੀ ਨਰਸਰੀ ਬਣੀ     

ਪੰਜਾਬ ਯੂਨੀਵਰਸਿਟੀ ਬਣੀ ਗੈਂਗਸਟਰਾਂ ਦੀ ਨਰਸਰੀ ਬਣੀ     

        * ਵਿਦਿਆਰਥੀ ਰਾਜਨੀਤੀ ਤੋਂ ਨਿਕਲੇ ਗੈਂਗਸਟਰ ਦਿੱਲੀ ਤੋਂ ਪਾਕਿਸਤਾਨ ਤਕ ਸਰਗਰਮ 

ਪੰਜਾਬ ਯੂਨੀਵਰਸਿਟੀ  ਅਤੇ ਸ਼ਹਿਰ ਦੇ ਹੋਰ ਕਾਲਜਾਂ ਵਿੱਚ ਵਿਦਿਆਰਥੀ ਰਾਜਨੀਤੀ ਦੌਰਾਨ ਅਪਰਾਧ ਦੀ ਦੁਨੀਆ ਵਿੱਚ ਦਾਖਲ ਹੋਣ ਤੋਂ ਬਾਅਦ ਹੁਣ ਕਈ ਨੌਜਵਾਨ ਗੈਂਗਸਟਰ ਗਰੁੱਪ ਚਲਾ ਰਹੇ ਹਨ। ਇਹ ਗੈਂਗਸਟਰ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ ਐਨਸੀਆਰ, ਮੁੰਬਈ ਤੋਂ ਪਾਕਿਸਤਾਨ ਤਕ ਸਰਗਰਮ ਹਨ। ਪਿਛਲੇ ਕੁਝ ਸਾਲਾਂ ਵਿੱਚ ਸ਼ਹਿਰ ਦੇ ਵਿਦਿਅਕ ਅਦਾਰਿਆਂ ਵਿੱਚੋਂ ਨਿਕਲੇ ਸਾਰੇ ਗੈਂਗਸਟਰ ਹੁਣ ਸਾਰੇ ਰਾਜਾਂ ਦੀ ਪੁਲਿਸ, ਇੰਟੈਲੀਜੈਂਸ, ਸੀਆਈਡੀ ਦੇ ਨਾਲ-ਨਾਲ ਕੌਮੀ ਜਾਂਚ ਟੀਮ (ਐਨਆਈਏ) ਲਈ ਸਿਰਦਰਦੀ ਸਾਬਤ ਹੋ ਰਹੇ ਹਨ।ਵੱਖ-ਵੱਖ ਰਾਜਾਂ ਵਿੱਚ ਫਿਰੌਤੀ, ਅਗਵਾ, ਕਤਲ ਵਰਗੇ ਘਿਨਾਉਣੇ ਅਪਰਾਧ ਕਰਨ ਵਾਲੇ ਕੁਝ ਗੈਂਗਸਟਰ ਅਤੇ ਉਨ੍ਹਾਂ ਦੇ ਸ਼ੂਟਰ ਵੀ ਦੇਸ਼ ਦੀ ਸੁਰੱਖਿਆ ਲਈ ਖ਼ਤਰਾ ਬਣ ਰਹੇ ਹਨ। ਖੁਫੀਆ ਰਿਪੋਰਟਾਂ ਅਨੁਸਾਰ ਭਾਰਤ ਵਿੱਚ ਨਸ਼ਾ ਤਸਕਰੀ, ਹਥਿਆਰਾਂ ਦੀ ਸਪਲਾਈ, ਹਵਾਲਾ ਮਨੀ ਟਰਾਂਸਫਰ ਤੋਂ ਇਲਾਵਾ ਇਨ੍ਹਾਂ ਗੈਂਗਸਟਰਾਂ ਦੇ ਖਾੜਕੂਆਂ ਨਾਲ ਸਬੰਧ ਵੀ ਸਾਹਮਣੇ ਆਉਣ ਲੱਗੇ ਹਨ।

ਬੀਤੇ ਸ਼ਨਿਚਰਵਾਰ ਨੂੰ ਪਾਕਿਸਤਾਨ 'ਵਿਚ ਗੈਂਗਸਟਰ ਹਰਵਿੰਦਰ ਸਿੰਘ ਰਿੰਦਾ ਦੀ ਮੌਤ ਦਾ ਦਾਅਵਾ ਭਾਰਤੀ ਮੀਡੀਆ ਨੇ ਕੀਤਾ ਸੀ, ਉਹ ਪੰਜਾਬ ਯੂਨੀਵਰਸਿਟੀ ਦਾ ਸਾਬਕਾ ਵਿਦਿਆਰਥੀ ਹੈ। ਭਾਰਤ ਸਰਕਾਰ ਨੇ ਗੈਂਗਸਟਰ ਬਣੇ ਹਰਵਿੰਦਰ ਸਿੰਘ ਰਿੰਦਾ ਨੂੰ ਖਾੜਕੂ ਐਲਾਨਿਆ ਹੋਇਆ ਸੀ। ਖੁਫੀਆ ਏਜੰਸੀਆਂ ਅਨੁਸਾਰ ਪਾਕਿਸਤਾਨ ਵਿੱਚ ਬੈਠ ਕੇ ਉਹ ਭਾਰਤ ਖਾਸ ਕਰਕੇ ਪੰਜਾਬ ਵਿੱਚ ਦਹਿਸ਼ਤ ਫੈਲਾਉਣ ਦਾ ਕੰਮ ਕਰ ਰਿਹਾ ਸੀ। ਇੱਥੇ ਉਹ ਹਿੰਸਕ ਘਟਨਾਵਾਂ, ਹਮਲਿਆਂ ਅਤੇ ਹੱਤਿਆਵਾਂ ਵਰਗੇ ਮਾਮਲਿਆਂ ਵਿੱਚ ਸ਼ਾਮਲ ਰਿਹਾ ਹੈ। ਇਨ੍ਹਾਂ ਵਾਰਦਾਤਾਂ ਲਈ ਉਹ ਪਿੰਡ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਪੈਸੇ ਦਾ ਲਾਲਚ ਦੇ ਕੇ ਵਰਤ ਰਿਹਾ ਸੀ। ਵਾਰਦਾਤ ਲਈ ਉਹ ਪੈਸੇ ਤੇ ਹੋਰ ਚੀਜ਼ਾਂ ਨੂੰ ਹਥਿਆਰ ਮੁਹੱਈਆ ਕਰਵਾ ਰਿਹਾ ਸੀ।

ਬੀਤੇ ਸ਼ਨਿਚਰਵਾਰ ਨੂੰ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ ਪੀਯੂ ਦੇ ਗਾਂਧੀਅਨ ਸਟੱਡੀਜ਼ ਵਿਭਾਗ ਵਿੱਚ ਐਮਏ ਤੀਜੇ ਸਮੈਸਟਰ ਦੇ ਵਿਦਿਆਰਥੀ ਹਰਸ਼ਵੀਰ ਸਿੰਘ ਨੂੰ ਟੈਰਰ ਫੰਡਿੰਗ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ। ਹਰਸ਼ਵੀਰ ਮੂਲ ਰੂਪ ਵਿੱਚ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਭਵਾਨੀਗੜ੍ਹ ਦਾ ਰਹਿਣ ਵਾਲਾ ਹੈ ਅਤੇ ਵਿਦੇਸ਼ ਵਿੱਚ ਬੈਠੇ ਲਖਬੀਰ ਸਿੰਘ ਲੰਡਾ ਅਤੇ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਗੋਲਡੀ ਬਰਾੜ ਦਾ ਅਹਿਮ ਸਾਥੀ ਹੈ।

ਨਾਭਾ ਦੀ ਉੱਚ ਸੁਰੱਖਿਆ ਵਾਲੀ ਜੇਲ ਬ੍ਰੇਕ ਕਾਂਡ ਤੋਂ ਲੈ ਕੇ ਪੰਜਾਬ ਦੇ ਦਰਜਨਾਂ ਵੱਡੇ ਅਪਰਾਧਿਕ ਮਾਮਲਿਆਂ ਨੂੰ ਪੰਜਾਬ ਯੂਨੀਵਰਸਿਟੀ ਦੇ ਗੈਂਗਸਟਰਾਂ ਨੇ ਅੰਜਾਮ ਦਿਤਾ ਸੀ। ਕੈਨੇਡਾ 'ਵਿਚ ਬੈਠਾ ਗੈਂਗਸਟਰ ਗੋਲਡੀ ਬਰਾੜ ਕਤਲ ਅਤੇ ਫਿਰੌਤੀ ਵਸੂਲੀ 'ਵਿਚ ਲੱਗਾ ਹੋਇਆ ਹੈ। ਇਸੇ ਤਰ੍ਹਾਂ ਚੰਡੀਗੜ੍ਹ ਦੀ ਵਿਦਿਆਰਥੀ ਰਾਜਨੀਤੀ 'ਵਿਚੋਂ ਨਿਕਲੇ ਲਾਰੈਂਸ ਬਿਸ਼ਨੋਈ, ਵਿੱਕੀ ਗੌਂਡਰ, ਰੁਪਿੰਦਰ ਗਾਂਧੀ, ਜਸਵਿੰਦਰ ਰਾਕੀ, ਜੈਪਾਲ ਭੁੱਲਰ, ਸੰਪਤ ਨਹਿਰਾ, ਦਿਲਪ੍ਰੀਤ ਦਾਹਾ, ਦਵਿੰਦਰ ਬੰਬੀਹਾ ਹੁਣ ਬਦਨਾਮ ਗੈਂਗਸਟਰ ਬਣ ਚੁੱਕੇ ਹਨ।ਹੈਰਾਨੀ ਦੀ ਗੱਲ ਹੈ ਕਿ ਇਨ੍ਹਾਂ 'ਵਿਚੋਂ ਕਈ ਗੈਂਗਸਟਰਾਂ ਦੇ ਐਨਕਾਊਂਟਰ 'ਵਿਚ ਮਾਰੇ ਜਾਣ ਤੋਂ ਬਾਅਦ ਵੀ ਇਨ੍ਹਾਂ ਦੇ ਨਾਂ 'ਤੇ ਗੈਂਗ ਚੱਲ ਰਹੇ ਹਨ।ਪੰਥਕ ਹਲਕਿਆਂ ਦਾ ਕਹਿਣਾ ਹੈ ਕਿ ਬਹੁਤੇ ਗੈਂਗਸਟਰ ਸਿਆਸਤਦਾਨਾਂ ਦੇ ਪਾਲੇ ਹੋਏ ਹਨ।

ਕਾਰਪੋਰੇਟ ਅਦਾਰਿਆਂ ਵਲੋਂ ਭਾਰਤ ਵਿਚ ਬੇਰੁਜ਼ਗਾਰ-ਕੀਤਾ ਜਾ ਰਿਹਾ ਨੌਜਵਾਨ ਸ਼ੇਣੀ ਨੂੰ

ਇਸ ਸਾਲ ਬਹੁਤ ਸਾਰੇ ਕਾਰਪੋਰੇਟ ਅਦਾਰਿਆਂ ਨੇ ਆਪਣੇ ਕਰਮਚਾਰੀਆਂ ਨੂੰ ਨੌਕਰੀਆਂ ਤੋਂ ਕੱਢਿਆ ਹੈ। ਇੰਟਰਨੈਟ ’ਤੇ ਵਪਾਰ ਕਰਨ ਵਾਲੀ ਸਭ ਤੋਂ ਵੱਡੀ ਕੰਪਨੀ ਐਮੇਜ਼ਨ  ਨੇ ਲਗਭਗ 10 ਹਜ਼ਾਰ ਕਾਮਿਆਂ ਦੀ ਛੁੱਟੀ ਕੀਤੀ ਹੈ। ਫੇਸਬੁੱਕ ਅਤੇ ਵੱਟਸਐਪ ਚਲਾਉਣ ਵਾਲੀ ਕੰਪਨੀ ਮੈਟਾ ਨੇ 11000 ਕਾਮਿਆਂ ਨੂੰ ਨੌਕਰੀ ਤੋਂ ਕੱਢਿਆ ਹੈ। ਹੋਰ ਵੱਡੀਆਂ ਸਾਫਟਵੇਅਰ ਕੰਪਨੀਆਂ ਜਿਵੇਂ ਅਲਫਾਬੈਟ (ਗੂਗਲ ਚਲਾਉਣ ਵਾਲੀ ਕੰਪਨੀ), ਐਪਲ, ਮਾਈਕਰੋਸਾਫਟ ਆਦਿ ਨੇ ਵੀ ਕਰਮਚਾਰੀਆਂ ਦੀ ਛਾਂਟੀ ਕੀਤੀ ਹੈ। ਇਨ੍ਹਾਂ ਕੰਪਨੀਆਂ ਦਾ ਕਹਿਣਾ ਹੈ ਕਿ ਜੇ ਉਨ੍ਹਾਂ ਨੇ ਆਪਣੇ ਕਰਮਚਾਰੀਆਂ ਦੀ ਗਿਣਤੀ ਨਾ ਘਟਾਈ ਤਾਂ ਉਹ ਘਾਟੇ ਵਿਚ ਚਲੀਆਂ ਜਾਣਗੀਆਂ।ਇੰਟਰਨੈਟ ’ਤੇ ਸੁਨੇਹੇ ਪਹੁੰਚਾਉਣ ਵਾਲੀ ਕੰਪਨੀ ‘ਟਵਿੱਟਰ’ ਵਿਚ ਘਮਸਾਨ ਮਚਿਆ ਹੋਇਆ ਹੈ। ਅਪਰੈਲ 2022 ਵਿਚ ਖਰਬਪਤੀ ਦੌਲਤਮੰਦ ਐਲਨ ਮਸਕ ਨੇ ਐਲਾਨ ਕੀਤਾ ਸੀ ਕਿ ਉਹ 44 ਬਿਲੀਅਨ ਡਾਲਰ ਨਿਵੇਸ਼ ਕਰ ਕੇ ਇਹ ਕੰਪਨੀ ਖਰੀਦ ਲਵੇਗਾ। ਉਸ ਦਾ ਕਹਿਣਾ ਸੀ ਕਿ ਕੰਪਨੀ ਵਿਚ ਵਿਚਾਰਾਂ ਦੇ ਪ੍ਰਗਟਾਵੇ ਨੂੰ ਵਧਾਉਣ ਦੀਆਂ ਅਸੀਮ ਸੰਭਾਵਨਾਵਾਂ ਹਨ। ਇਸ ਤੋਂ ਬਾਅਦ ਟਵਿੱਟਰ ਕੰਪਨੀ ਤੇ ਮਸਕ ਵਿਚਕਾਰ ਇਲਜ਼ਾਮਤਰਾਸ਼ੀ ਸ਼ੁਰੂ ਹੋਈ; ਮਸਕ ਨੇ ਕਿਹਾ ਕਿ ਟਵਿੱਟਰ ’ਤੇ ਫਰਜ਼ੀ ਖਾਤਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਅਤੇ ਉਹ ਇਸ ਨੂੰ ਨਹੀਂ ਖਰੀਦੇਗਾ। ਝਗੜਾ ਅਦਾਲਤ ਵਿਚ ਪਹੁੰਚਿਆ ਅਤੇ ਅਦਾਲਤ ਨੇ ਦੋਹਾਂ ਪਾਰਟੀਆਂ ਨੂੰ ਅਕਤੂਬਰ ਦੇ ਅੰਤ ਤਕ ਸਮੱਸਿਆ ਦਾ ਹੱਲ ਲੱਭਣ ਲਈ ਕਿਹਾ। 28 ਅਕਤੂਬਰ ਨੂੰ ਮਸਕ ਨੇ ਟਵਿੱਟਰ ਕੰਪਨੀ ਖਰੀਦ ਲਈ ਅਤੇ ਸਿਖਰਲੇ ਮੈਨੇਜਰਾਂ ਨੂੰ ਨੌਕਰੀ ’ਚੋਂ ਕੱਢ ਦਿੱਤਾ। 16 ਨਵੰਬਰ ਨੂੰ ਉਸ ਨੇ ਸਾਰੇ ਕਰਮਚਾਰੀਆਂ ਨੂੰ ਸੁਨੇਹਾ ਦਿੱਤਾ ਕਿ ਉਹ ਹਰ ਦਿਨ ਜ਼ਿਆਦਾ ਘੰਟੇ ਕੰਮ ਕਰਨ ਲਈ ਸਹਿਮਤੀ ਦੇਣ ਨਹੀਂ ਤਾਂ ਉਨ੍ਹਾਂ ਨੂੰ ਬਰਖਾਸਤ ਕਰ ਦਿੱਤਾ ਜਾਵੇਗਾ। ਨਿਊਯਾਰਕ ਟਾਈਮਜ਼ ਅਨੁਸਾਰ ਵੀਰਵਾਰ 1200 ਤੋਂ ਵੱਧ ਕਰਮਚਾਰੀਆਂ ਨੇ ਅਸਤੀਫ਼ੇ ਦੇ ਦਿੱਤੇ। ਉਸ ਨੇ ਨਿਗਾਹਬਾਨੀ ਦਾ ਮਹੱਤਵਪੂਰਨ ਕੰਮ ਕਰਨ ਵਾਲੀ 100 ਤੋਂ ਜ਼ਿਆਦਾ ਮੈਂਬਰਾਂ ਵਾਲੀ ਕੇਂਦਰੀ ਟੀਮ ਦੀ ਗਿਣਤੀ ਘਟਾ ਕੇ ਸਿਰਫ਼ 4 ਤਕ ਸੀਮਤ ਕਰ ਦਿੱਤੀ। ਕੁਝ ਲੋਕਾਂ ਨੇ ਅਸਤੀਫ਼ੇ ਦਿੱਤੇ ਅਤੇ ਕੁਝ ਨੂੰ ਜ਼ਬਰਦਸਤੀ ਦਫ਼ਤਰਾਂ ਵਿਚੋਂ ਕੱਢ ਦਿੱਤਾ ਗਿਆ। ਕੁੱਲ ਮਿਲਾ ਕੇ 3000 ਤੋਂ ਵੱਧ ਕਰਮਚਾਰੀਆਂ ਨੇ ਕੰਪਨੀ ਨੂੰ ਅਲਵਿਦਾ ਕਹੀ ਹੈ।ਮਸਕ ਦੀ ਦੌਲਤ 2020 ’ਚ ਹੈਰਾਨਕੁਨ ਤਰੀਕੇ ਨਾਲ ਵਧੀ। ਸਾਲ ਦੇ ਸ਼ੁਰੂ ’ਚ ਉਸ ਕੋਲ 27 ਬਿਲੀਅਨ ਡਾਲਰ ਦਾ ਸਰਮਾਇਆ ਸੀ ਜੋ ਸਾਲ ਦੇ ਅੰਤ ’ਵਿਚ 150 ਬਿਲੀਅਨ ਡਾਲਰ ਹੋ ਗਿਆ। ਜਨਵਰੀ 2021 ’ਵਿਚ ਉਹ ਦੁਨੀਆ ਦਾ ਸਭ ਤੋਂ ਅਮੀਰ ਆਦਮੀ ਬਣਿਆ। ਉਸ ਦੀ ਕਾਰਜਸ਼ੈਲੀ ਵੱਡੀ ਸਰਮਾਏਦਾਰੀ ਜਮਾਤ ਦਾ ਚਰਿੱਤਰ ਪੇਸ਼ ਕਰਦੀ ਹੈ ਜਿਸ ਅਨੁਸਾਰ ਕਾਰਪੋਰੇਟ ਅਦਾਰੇ ਕਰਮਚਾਰੀਆਂ ਨੂੰ ਉਪਲਬਧ ਸਮੇਂ ਦੇ ਵੱਡੇ ਹਿੱਸੇ ਨੂੰ ਆਪਣੇ ਅਧਿਕਾਰ ਖੇਤਰ ਵਿਚ ਲੈਣਾ ਚਾਹੁੰਦੇ ਹਨ। 19ਵੀਂ ਸਦੀ ਦੇ ਸ਼ੁਰੂ ਵਿਚ ਸਨਅਤੀ ਮਜ਼ਦੂਰਾਂ ਨੇ ਇਹ ਮੰਗ ਕੀਤੀ ਸੀ ਕਿ ਉਨ੍ਹਾਂ ਤੋਂ ਦਿਨ ਵਿਚ ਅੱਠ ਘੰਟੇ ਕੰਮ ਲਿਆ ਜਾਵੇ। ਉਸ ਸਮੇਂ ਮਜ਼ਦੂਰਾਂ ਤੋਂ 10 ਤੋਂ 16 ਘੰਟੇ ਪ੍ਰਤੀ ਦਿਨ ਕੰਮ ਕਰਵਾਇਆ ਜਾਂਦਾ ਸੀ। ਇਸ ਮੰਗ ਪਿੱਛੇ ਦਲੀਲ ਇਹ ਸੀ ਕਿ ਪ੍ਰਤੀ ਦਿਨ ਅੱਠ ਘੰਟੇ ਤੋਂ ਵੱਧ ਕੰਮ ਮਜ਼ਦੂਰਾਂ ਦੀ ਸਰੀਰਕ ਤੇ ਮਾਨਸਿਕ ਸਿਹਤ ਵਿਚ ਵੱਡੇ ਵਿਗਾੜ ਪੈਦਾ ਕਰ ਕੇ ਉਨ੍ਹਾਂ ਨੂੰ ਮੌਤ ਦੀਆਂ ਬਰੂਹਾਂ ਵੱਲ ਧੱਕਦਾ ਹੈ। ਮਜ਼ਦੂਰਾਂ ਨੂੰ ਇਹ ਹੱਕ ਪ੍ਰਾਪਤ ਕਰਨ ਲਈ ਕਈ ਦਹਾਕੇ ਲੱਗ ਗਏ। ਹੁਣ ਨਵ-ਉਦਾਰਵਾਦੀ ਨੀਤੀਆਂ ਅਨੁਸਾਰ ਇਹ ਹੱਕ ਫਿਰ ਖੋਹਿਆ ਜਾ ਰਿਹਾ ਹੈ। ਇਸ ਸਦੀ ਦੇ ਪਹਿਲੇ ਦਹਾਕੇ ਵਿਚ ਇਤਾਲਵੀ ਚਿੰਤਕਾਂ ਅੰਟੋਨੀਓ ਨੇਗਰੀ ਅਤੇ ਮਾਈਕਲ ਹਰਡਟ ਨੇ ਇੰਟਰਨੈਟ ਅਤੇ ਗਿਆਨ ਦੇ ਖੇਤਰ ਵਿਚ ਕੰਮ ਕਰਨ ਵਾਲਿਆਂ ਨੂੰ ਨਵੇਂ ਤਰੀਕੇ ਦੀ ਪ੍ਰੋਲਤਾਰੀ ਕਹਿੰਦਿਆਂ ਉਨ੍ਹਾਂ ਨੂੰ ਮਲਟੀਚਿਊਡ ਦਾ ਨਾਂ ਦਿੱਤਾ। ਮਲਟੀਚਿਊਡ ਦੇ ਸ਼ਾਬਦਿਕ ਅਰਥ ‘ਸਮੂਹ’, ‘ਇਕੱਠ’, ‘ਭੀੜ’ ਆਦਿ ਹਨ। ਇਨ੍ਹਾਂ ਚਿੰਤਕਾਂ ਅਨੁਸਾਰ ਸਨਅਤੀ ਮਜ਼ਦੂਰਾਂ ਦੁਆਰਾ ਸਮਾਜ ਬਦਲਣ ਵਿਚ ਮੋਹਰੀ ਭੂਮਿਕਾ ਨਿਭਾਉਣ ਦਾ ਦੌਰ ਖ਼ਤਮ ਹੋ ਗਿਆ ਹੈ; ਹੁਣ ਇੰਟਰਨੈਟ ਅਤੇ ਗਿਆਨ-ਖੇਤਰ ਵਿਚ ਕੰਮ ਕਰ ਰਹੇ ਕਾਮਿਆਂ ਦਾ ਇਹ ‘ਸਮੂਹ’ ਸਮਾਜ ਬਦਲਣ ਵਿਚ ਅਹਿਮ ਭੂਮਿਕਾ ਨਿਭਾਏਗਾ। ਅਜਿਹੀ ਭਵਿੱਖਬਾਣੀ ਨਾਲ ਗਿਆਨ-ਖੇਤਰ ਦੇ ਕਾਮਿਆਂ ਦੁਆਰਾ ਸਮਾਜ ਵਿਚ ਤਬਦੀਲੀਆਂ ਲਿਆਉਣ ਵਾਲੀ ਭੂਮਿਕਾ ਨਿਭਾਉਣ ਬਾਰੇ ਆਸ ਤਾਂ ਬੱਝਦੀ ਹੈ ਪਰ ਇਹ ਆਉਣ ਵਾਲੇ ਦਿਨ ਹੀ ਦੱਸਣਗੇ ਕਿ ਇਹ ਕਾਮੇ ਕਿਸੇ ਜਥੇਬੰਦ ਢੰਗ ਨਾਲ ਆਪਣੇ ’ਤੇ ਹੋ ਰਹੇ ਹਮਲਿਆਂ ਦਾ ਸਾਹਮਣਾ ਕਰ ਸਕਦੇ ਹਨ ਜਾਂ ਨਹੀਂ।

ਕਿਸਾਨ ਅੰਦੋਲਨ ਦੀਆਂ ਪੰਜ ਨਾਇਕ ਸਖਸ਼ੀਅਤਾਂ ਜਗਸੀਰ ਸਿੰਘ,ਸੁਖਦੇਵ ਸਿੰਘ, ਨਵਦੀਪ ਸਿੰਘ,ਲਾਡੋ ਰਾਣੀ , ਬੇਬੇ ਮਹਿੰਦਰ ਕੌਰ  ਤਿੰਨ ਖੇਤੀ ਕਾਨੂੰਨਾਂ ਨੂੰ ਵਾਪਿਸ ਕਰਵਾਉਣ ਲਈ ਕਿਸਾਨਾਂ ਵੱਲੋਂ ਇੱਕ ਸਾਲ ਤੋਂ ਵੀ ਵੱਧ ਅੰਦੋਲਨ ਚਲਾਇਆ ਗਿਆ ਜਿਸ ਨੂੰ ਖ਼ਤਮ ਹੋਏ ਵੀ ਇੱਕ ਸਾਲ ਹੋ ਗਿਆ।ਆਪਣੇ ਘਰਾਂ ਨੂੰ ਛੱਡ ਕੇ ਸੜਕਾਂ ਉੱਤੇ ਬੈਠੇ ਕਿਸਾਨਾਂ ਨੇ ਜਿੱਤ ਤਾਂ ਦਰਜ ਕਰਵਾਈ ਹੀ ਪਰ ਕੁਝ ਅਜਿਹੇ ਚਿਹਰਿਆਂ ਨੂੰ ਪਛਾਣ ਮਿਲੀ , ਜਿਨ੍ਹਾਂ ਨੂੰ ਅੱਜ ਵੀ ਕਿਸਾਨੀ ਸੰਘਰਸ਼ ਨਾਲ ਜੋੜ ਕੇ ਹੀ ਜਾਣਿਆ ਜਾਂਦਾ ਹੈ।ਇਸ ਰਿਪੋਰਟ ਵਿੱਚ  ਅਸੀਂ ਪੰਜ ਨਾਇਕ ਚਿਹਰਿਆਂ ਦੀ ਗੱਲ ਕਰਾਂਗੇ, ਜਿਹਨਾਂ ਇਤਿਹਾਸ ਸਿਰਜਿਆ। 

ਭਾਰਤ ਦੀ ਰਾਜਧਾਨੀ ਦਿੱਲੀ ਦੇ ਨਰੇਲਾ ਦੀ ਰਹਿਣ ਵਾਲੀ ਸਮ੍ਰਿਤੀ ਆਰਿਆ ਨੂੰ ਕਿਸਾਨ ਅੰਦੋਲਨ ਸਦਕਾ ਲਾਡੋ ਰਾਣੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ।ਕਿਸਾਨ ਅੰਦੋਲਨ ਦੌਰਾਨ ਸਮ੍ਰਿਤੀ ਰੋਜ਼ਾਨਾ ਸਿੰਘੂ ਬਾਰਡਰ ਉੱਤੇ ਕਿਸਾਨਾਂ ਦੇ ਲੰਗਰ ਵਿੱਚ ਆਪਣੇ ਮਾਪਿਆਂ ਦੇ ਨਾਲ ਸੇਵਾ ਕਰਨ ਆਉਂਦੀ ਸੀ।

ਸਮ੍ਰਿਤੀ ਦਾ ਕਿਸਾਨਾਂ ਨਾਲ ਇੱਕ ਖਾਸ ਲਗਾਵ ਹੋ ਗਿਆ ਸੀ। ਕਿਸਾਨ ਵੀ ਉਨ੍ਹਾਂ ਨੂੰ ਲਾਡੋ ਰਾਣੀ ਕਹਿ ਕੇ ਬੁਲਾਉਂਦੇ ਸਨ। ਪਰ ਜਦੋਂ ਸਿੰਘੂ ਬਾਰਡਰ ਉੱਤੋਂ ਕਿਸਾਨਾਂ ਦੇ ਜਾਣ ਦਾ ਵੇਲਾ ਆਇਆ ਤਾਂ ਸਮ੍ਰਿਤੀ ਬਹੁਤ ਭਾਵੁਕ ਹੋ ਗਏ ਸਨ ਤੇ ਕਾਫ਼ੀ ਰੋਏ ਵੀ।

ਇਸ ਪਰਿਵਾਰ ਨੇ ਸਿੰਘੂ ਬਾਰਡਰ ਜਾਣਾ ਉਦੋਂ ਸ਼ੁਰੂ ਕੀਤਾ ਜਦੋਂ 26 ਜਨਵਰੀ 2021 ਤੋਂ ਬਾਅਦ ਕਿਸਾਨਾਂ ਦੀ ਟਰੈਕਟਰ ਰੈਲੀ ਹੋਈ।ਜਦੋਂ ਇਹ ਪਰਿਵਾਰ ਸਿੰਘੂ ਬਾਰਡਰ ਜਾਣ ਲੱਗਿਆ ਤਾਂ ਦਿੱਲੀ ਵਿੱਚ ਇਨ੍ਹਾਂ ਦੇ ਜਾਣਨ ਵਾਲਿਆਂ ਨੇ ਬਹੁਤ ਮੁਖਾਲਫ਼ਤ ਵੀ ਕੀਤੀ।ਪਰਿਵਾਰ ਕਹਿੰਦਾ ਹੈ ਕਿ ਲੋਕ ਇੱਥੋਂ ਤੱਕ ਕਹਿੰਦੇ ਰਹੇ ਕਿ ਤੁਸੀਂ ਉੱਥੇ ਟਾਈਮ ਪਾਸ ਕਰਨ ਜਾਂਦੇ ਹੋ।ਪਰ ਲੋਕਾਂ ਦਾ ਨਜ਼ਰੀਆ ਉਦੋਂ ਬਦਲਿਆ ਜਦੋਂ ਮੀਡੀਆ ਰਾਹੀਂ ਸਮ੍ਰਿਤੀ ਅਤੇ ਉਸ ਦਾ ਪਰਿਵਾਰ ਦੁਨੀਆਂ ਸਾਹਮਣੇ ਆਇਆ।ਸਮ੍ਰਿਤੀ ਕਹਿੰਦੀ ਹੈ, ''ਜਦੋਂ ਮੀਡੀਆ ਦੀ ਖ਼ਬਰ ਪ੍ਰਸਾਰਿਤ ਹੋਈ ਤਾਂ ਲੋਕਾਂ ਦਾ ਅਚਾਨਕ ਨਜ਼ਰੀਆ ਹੀ ਬਦਲ ਗਿਆ। ਮੇਰੇ ਦੋਸਤ ਜੋ ਮਜ਼ਾਕ ਉਡਾਉਂਦੇ ਸੀ ਉਹ ਆ ਕੇ ਲੰਗਰ ਅਤੇ ਅੰਦੋਲਨ ਬਾਰੇ ਪੁੱਛਣ ਲੱਗੇ ਕਿ ਕਿਵੇਂ ਦੇ ਲੋਕ ਹਨ, ਉੱਥੇ ਕੀ-ਕੀ ਹੁੰਦਾ ਹੈ।'   ਕਿਸਾਨ ਅੰਦੋਲਨ ਦਾ ਦੂਸਰਾ ਨਾਇਕ ਨਵਦੀਪ ਸਿੰਘ ਹਰਿਆਣਾ ਦੇ ਅੰਬਾਲਾ ਦੇ ਪਿੰਡ ਜਲਬੇੜਾ ਦੇ ਰਹਿਣ ਵਾਲਾ ਹੈ। ਨਵਦੀਪ ਸਿੰਘ ਨੇ ਕਿਸਾਨ ਅੰਦੋਲਨ ਦੀ ਸ਼ੁਰੂਆਤ ਵੇਲੇ ਵਾਟਰ ਕੈਨਨ ਦਾ ਮੂੰਹ ਮੋੜ ਦਿੱਤਾ ਸੀ। ਇਸੇ ਘਟਨਾ ਤੋਂ ਬਾਅਦ ਨਵਦੀਪ ਕਿਸਾਨ ਸੰਘਰਸ਼ ਦਾ ਨਾਇਕ ਬਣ ਗਿਆ।ਅੰਬਾਲਾ ਦੇ ਰਹਿਣ ਵਾਲੇ ਨਵਦੀਪ ਸੁਰਖੀਆਂ ਵਿੱਚ ਉਦੋਂ ਆਏ ਜਦੋਂ 25 ਨਵੰਬਰ 2020 ਨੂੰ ਸੰਯੁਕਤ ਕਿਸਾਨ ਮੋਰਚੇ ਦੇ ਕਹਿਣ ਉੱਤੇ ਕਿਸਾਨਾਂ ਨੇ ਦਿੱਲੀ ਨੂੰ ਚਾਲੇ ਪਾਏ।ਇਸ ਮਗਰੋਂ ਪੁਲਿਸ ਨੇ ਨਵਦੀਪ ਉੱਪਰ 307 ਦਾ ਪਰਚਾ ਦਰਜ ਕੀਤਾ ਸੀ। ਇਸ ਸਾਰੀ ਘਟਨਾ ਤੋਂ ਬਾਅਦ ਨਵਦੀਪ ਵੀ ਕਿਸਾਨਾਂ ਨਾਲ ਸਿੰਘੂ ਬਾਰਡਰ ਉੱਤੇ ਪਹੁੰਚ ਗਏ ਸਨ।ਨਵਦੀਪ  ਨੇ ਦੱਸਿਆ ਸੀ ਕਿ ਵਾਟਰ ਕੈਨਨ ਦਾ ਮੂੰਹ ਮੋੜਨ ਵਾਲੀ ਘਟਨਾ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ਵਿੱਚ ਕਈ ਬਦਲਾਅ ਆਏ, ਜਿਵੇਂ ਕਿ ਨਸ਼ੇ ਕਰਨ ਦੀ ਤੋਹਮਤ, ਜਵਾਨੀ ਉੱਤੇ ਸਵਾਲ ਦੀ ਗੱਲ ਹੁੰਦੀ ਸੀ ਪਰ ਉਨ੍ਹਾਂ ਮੁਤਾਬਕ ਸਰਕਾਰ ਨੂੰ ਦਿਖਾਇਆ ਕਿ ਸਾਡੀ ਜਵਾਨੀ ਕੀ ਚੀਜ਼ ਹੈ।ਗ੍ਰੈਜੁਏਟ ਨਵਦੀਪ ਸਿੰਘ ਜਿਮ ਟ੍ਰੇਨਰ ਦੇ ਤੌਰ ਉੱਤੇ ਵੀ ਕੰਮ ਕਰ ਚੁੱਕੇ ਹਨ। ਖੇਤੀਬਾੜੀ ਪਰਿਵਾਰ ਤੋਂ ਤਾਲੁਕ ਰੱਖਣ ਵਾਲੇ ਨਵਦੀਪ ਦੱਸਦੇ ਕਿ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਤੋਂ ਬਾਅਦ ਹੀ ਉਨ੍ਹਾਂ ਕਿਸਾਨ ਅੰਦੋਲਨ ਵਿੱਚ ਸ਼ਿਰਕਤ ਕਰਨ ਦਾ ਫ਼ੈਸਲਾ ਲਿਆ।ਉਨ੍ਹਾਂ ਦੇ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣ ਤੋਂ ਬਾਅਦ ਘਰ ਅਤੇ ਖੇਤੀ ਦੇ ਕੰਮ ਵਿੱਚ ਪਿੰਡ ਵਾਲਿਆਂ ਦਾ ਸਹਿਯੋਗ ਮਿਲਦਾ ਰਿਹਾ ਅਤੇ ਇਹ ਸਾਰਾ ਕੰਮ ਨਵਦੀਪ ਦੀ ਮਾਂ ਸਾਂਭਦੇ ਰਹੇ।

ਜ਼ਿਲ੍ਹਾ ਬਠਿੰਡਾ ਅਧੀਨ ਪੈਂਦੇ ਪਿੰਡ ਬਹਾਦਰਗੜ੍ਹ ਜੰਡੀਆਂ ਦੀ ਵਸਨੀਕ ਬੇਬੇ ਮਹਿੰਦਰ ਕੌਰ ਕਿਸਾਨ ਸੰਘਰਸ਼ ਦਾ ਚਰਚਿਤ ਚਿਹਰਾ ਹਨ।ਉਹ ਉਸ ਵੇਲੇ ਚਰਚਾ ਵਿੱਚ ਆਏ ਜਦੋਂ ਫ਼ਿਲਮ ਅਦਾਕਾਰਾ ਕੰਗਨਾ ਰਨੌਤ ਨੇ ਉਨ੍ਹਾਂ ਦੀ ਫੋਟੋ ਟਵੀਟ ਕਰਕੇ ਲਿਖਿਆ ਕਿ ਇਹ ਦਾਦੀ ਪਹਿਲਾਂ ਸ਼ਾਹੀਨ ਬਾਗ਼ ਦੇ ਧਰਨੇ ਵਿੱਚ ਸੀ ਅਤੇ ਹੁਣ ਕਿਸਾਨ ਧਰਨੇ ਵਿਚ।ਕੰਗਨਾ ਰਨੌਤ ਨੇ ਟਵੀਟ ਵਿੱਚ ਮਹਿੰਦਰ ਕੌਰ ਬਾਰੇ ਲਿਖਿਆ ਸੀ ਕਿ ਉਹ 100 ਰੁਪਏ ਦਿਹਾੜੀ ਉੱਤੇ ਕਿਸਾਨੀ ਧਰਨੇ ਵਿੱਚ ਸ਼ਾਮਲ ਹੋਏ ਹਨ।ਭਾਵੇਂ ਹੀ ਬਾਅਦ ਵਿੱਚ ਉਨ੍ਹਾਂ ਨੇ ਇਹ ਟਵੀਟ ਡਿਲੀਟ ਕਰ ਦਿੱਤਾ ਸੀ। ਪਰ ਬੇਬੇ ਮਹਿੰਦਰ ਕੌਰ ਨੇ ਇਸ ਉੱਤੇ ਸਖ਼ਤ ਇਤਰਾਜ਼ ਜਤਾਇਆ ਸੀ ਅਤੇ ਕਿਹਾ ਸੀ ਕਿ ਉਨ੍ਹਾਂ ਦੀ ਪੂਰੀ ਜ਼ਿੰਦਗੀ ਹੀ ਖੇਤੀਬਾੜੀ ਵਿੱਚ ਨਿਕਲੀ ਹੈ ਤੇ ਕਿਸਾਨ ਹੋਣ ਦੇ ਨਾਤੇ ਮੁਜ਼ਾਹਰਿਆਂ ਵਿੱਚ ਹਿੱਸਾ ਲੈ ਰਹੇ ਸਨ।ਮਹਿੰਦਰ ਕੌਰ ਦੇ ਨਾਲ ਦੀਆਂ ਬੀਬੀਆਂ ਨੇ ਕੰਗਨਾ ਨੂੰ 1000 ਰੁਪਏ ਦਿਹਾੜੀ ਉੱਤੇ ਆ ਕੇ ਧਰਨੇ ਉੱਤੇ ਬੈਠਣ ਲਈ ਕਿਹਾ ਸੀ।ਬੇਬੇ ਮਹਿੰਦਰ ਕੌਰ ਨੇ ਬਾਅਦ ਵਿੱਚ ਕੰਗਨਾ ਰਨੌਤ ਨੂੰ ਪਦਮ ਸ਼੍ਰੀ ਦਿੱਤੇ ਜਾਣ ਉੱਪਰ ਵੀ ਸਵਾਲ ਚੁੱਕਿਆ ਸੀ।

ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਸੰਗੋਜਲਾ ਦੇ 60 ਸਾਲਾ ਕਿਸਾਨ ਸੁਖਦੇਵ ਸਿੰਘ ਦੀ ਕਿਸਾਨ ਅੰਦੋਲਨ ਦੌਰਾਨ ਡਾਂਗਾਂ ਵਾਲੀ ਤਸਵੀਰ ਕਾਫੀ ਵਾਇਰਲ ਹੋਈ ਸੀ। ਉਨ੍ਹਾਂ ਨੂੰ ਹੁਣ ਤੱਕ ਪਿੰਡ ਵਿੱਚ ‘ਡਾਂਗਾਂ ਵਾਲਾ ਬਾਬਾ’ ਕਹਿ ਕੇ ਬੁਲਾਇਆ ਜਾਂਦਾ ਹੈ।27 ਨਵੰਬਰ 2020 ਨੂੰ ਜਦੋਂ ਕਿਸਾਨਾਂ ਨੇ ਦਿੱਲੀ ਬਾਰਡਰਾਂ ਉੱਤੇ ਐਂਟਰੀ ਕੀਤੀ ਤਾਂ ਪੁਲਿਸ ਵੱਲੋਂ ਕਿਸਾਨਾਂ ਉੱਤੇ ਖਾਸੀ ਕਾਰਵਾਈ ਕੀਤੀ ਗਈ।ਸੁਖਦੇਵ ਸਿੰਘ ਦੇ ਦੱਸਣ ਮੁਤਾਬਕ ਉਸ ਦਿਨ ਉਨ੍ਹਾਂ ਉੱਤੇ ਹੰਝੂ ਗੈਸ ਦੇ ਗੋਲੇ ਛੱਡੇ ਗਏ ਜਿਸ ਕਾਰਨ ਉੱਥੇ ਤਾਇਨਾਤ ਫੋਰਸਾਂ ਵਾਲੇ ਪਾਸੇ ਚਲੇ ਗਏ ਜਿੱਥੇ ਉਨ੍ਹਾਂ ਨੂੰ ਡਾਂਗਾਂ ਪਈਆਂ।ਉਹ ਦੱਸਦੇ ਹਨ ਕਿ ਜਦੋਂ ਸਿੰਘੂ ਬਾਰਡਰ ਉੱਤੇ ਉਨ੍ਹਾਂ ਅਤੇ ਹੋਰਨਾਂ ਕਿਸਾਨਾਂ ਨੂੰ ਡਾਂਗਾਂ ਪੈ ਰਹੀਆਂ ਸਨ ਤਾਂ ਉੱਥੇ ਖੜ੍ਹੇ ਫੋਟੋਗ੍ਰਾਫਰ ਨੇ ਉਨ੍ਹਾਂ ਦੀ ਤਸਵੀਰ ਖਿੱਚ ਲਈ ਜੋ ਵਾਇਰਲ ਹੋ ਗਈ।ਸੁਖਦੇਵ ਸਿੰਘ ਉਸ ਦਿਨ ਅਤੇ ਉਸ ਤੋਂ ਬਾਅਦ ਦਾ ਘਟਨਾਕ੍ਰਮ ਬਿਆਨ ਕਰਦਿਆਂ ਕਹਿੰਦੇ ਹਨ, ‘‘ਕਿਸਾਨ ਅੰਦੋਲਨ ਦੌਰਾਨ ਪਈਆਂ ਡਾਂਗਾਂ ਨੇ ਮੈਨੂੰ ਮਸ਼ਹੂਰ ਕਰ ਦਿੱਤਾ।’’

ਸੁਖਦੇਵ ਸਿੰਘ ਆਰਥਿਕ ਪੱਖੋਂ ਸਾਧਾਰਨ ਪਰਿਵਾਰ ਤੋਂ ਹੀ ਆਉਂਦੇ ਹਨ। ਉਨ੍ਹਾਂ ਦੇ ਉੱਪਰ ਕਰਜ਼ਾ ਚੁਕਾਉਣ ਦਾ ਵੀ ਬੋਝ ਹੈ।

ਸਿੰਘੂ ਬਾਰਡਰ ਵਿਖੇ ਬਿਤਾਏ ਸਮੇਂ ਨੂੰ ਯਾਦ ਕਰਦਿਆਂ ਸੁਖਦੇਵ ਕਹਿੰਦੇ ਹਨ ਕਿ ਉਨ੍ਹਾਂ ਨੇ ਹਨੇਰੀਆਂ, ਠੰਢ, ਗਰਮੀ ਸਭ ਕੁਝ ਝੱਲਿਆ ਹੈ ਅਤੇ ਹਨੇਰੀ ਨਾਲ ਉਨ੍ਹਾਂ ਦੇ ਤੰਬੂ ਤੱਕ ਉੱਡ ਜਾਂਦੇ ਸਨ ਅਤੇ ਫ਼ਿਰ ਉਹ ਤੰਬੂ ਬਣਾ ਲੈਂਦੇ ਸਨ।ਸੁਖਦੇਵ ਸਿੰਘ ਅੱਗੇ ਇਹ ਵੀ ਦੱਸਦੇ ਹਨ ਕਿ ਉਸ ਵੇਲੇ ਜੋਸ਼ ਹੀ ਐਨਾ ਸੀ ਕਿ ਡਾਂਗ ਦਾ ਡਰ ਹੀ ਨਹੀਂ ਸੀ ਲੱਗਦਾ ਅਤੇ ਉਸ ਵੇਲੇ 4-5 ਬੈਰੀਕੇਡ ਵੀ ਤੋੜੇ।

26 ਜਨਵਰੀ ਦੀ ਟਰੈਕਟਰ ਪਰੇਡ ਦੌਰਾਨ ਇੱਕ ਤਸਵੀਰ ਕਾਫੀ ਵਾਇਰਲ ਹੋਈ। ਜਿਸ ਵਿੱਚ ਇੱਕ ਸ਼ਖ਼ਸ ਬੁਰੀ ਹਾਲਤ ਵਿੱਚ ਜਖ਼ਮੀ ਨਜ਼ਰ ਆ ਰਿਹਾ ਹੈ ਤੇ ਸ਼ੇਰ ਵਾਂਗ ਦਹਾੜ ਰਿਹਾ ਹੈ।ਇਹ ਸ਼ਖ਼ਸ ਬਰਨਾਲਾ ਜ਼ਿਲ੍ਹੇ ਦੇ ਪਿੰਡ ਪੰਧੇਰ ਦੇ ਰਹਿਣ ਵਾਲੀ ਜੱਗੀ ਪੰਧੇਰ ਦੀ ਹੈ।ਉਸ ਵੇਲੇ ਜੱਗੀ ਪੰਧੇਰ ਨਾਲ ਮੌਜੂਦ ਇੱਕ ਸ਼ਖ਼ਸ ਨੇ ਦੱਸਿਆ ਕਿ ਜੱਗੀ ਪੰਧੇਰ ਸਮੇਤ ਕੁਝ ਲੋਕ ਦੋ ਟਰੈਕਟਰਾਂ ਉੱਤੇ ਨਾਗਲੋਈ ਸਟੇਸ਼ਨ ਵੱਲ ਜਾ ਰਹੇ ਸਨ ਜਿੱਥੇ ਪੁਲਿਸ ਨੇ ਬੈਰੀਕੇਡਿੰਗ ਕੀਤੀ ਹੋਈ ਸੀ।ਉਸ ਦੌਰਾਨ ਉੱਤੇ ਭਗਦੜ ਮਚ ਗਈ ਤੇ ਪੁਲੀਸ ਨੇ ਜੱਗੀ ਪੰਧੇਰ ਨੂੰ ਖਿੱਚ ਲਿਆ ਤੇ ਉਸ ਦੀ ਕੁੱਟਮਾਰ ਕੀਤੀ ਗਈ।ਜਗਸੀਰ ਸਿੰਘੂ ਬਾਰਡਰ 'ਤੇ ਪ੍ਰਦਰਸ਼ਨਕਾਰੀਆਂ ਲਈ ਲੰਗਰ ਦੀ ਸੇਵਾ ਲਈ ਗਏ ਹੋਏ ਸਨ।

ਹਿੰਸਾ ਦੌਰਾਨ ਉਨ੍ਹਾਂ ਦੀ ਦਸਤਾਰ ਲਹਿ ਗਈ ਸੀ ਜਿਸ ਲਈ ਉਨ੍ਹਾਂ ਸੰਘਰਸ਼ ਕੀਤਾ ਸੀ। ਇਹੀ ਉਹ ਤਸਵੀਰ ਸੀ ਜੋ ਵਾਇਰਲ ਹੋ ਗਈ।ਬਰਨਾਲਾ ਦੇ ਜਗਸੀਰ ਸਿੰਘ 26 ਜਨਵਰੀ 2021 ਦੇ ਲਾਲ ਕਿਲੇ ਦੀ ਘਟਨਾ ਮਗਰੋਂ ਸਿੰਘੂ 'ਤੇ ਵਾਪਰੀ ਹਿੰਸਾ ਮਗਰੋਂ ਚਰਚਾ ਵਿੱਚ ਆਏ ਸਨ।ਬਰਨਾਲਾ ਦੇ ਪੰਧੇਰ ਪਿੰਡ ਦੇ ਜਗਸੀਰ ਸਿੰਘ ਨੂੰ ਜੱਗੀ ਪੰਧੇਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਜੱਗੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ।ਜਗਸੀਰ ਸਿੰਘ ਨੂੰ ਸਿਖਾਂ ਨੇ ਘਰ ਵੀ ਬਣਵਾ ਕੇ ਦਿੱਤਾ ਸੀ। ਪਿੰਡ ਦੀ ਪੰਚਾਇਤ ਵੱਲੋਂ ਜ਼ਮੀਨ ਦਿੱਤੀ ਗਈ ਸੀ ।