2024 ਵਿੱਚ ਮੋਦੀ ਨੂੰ ਕੋਈ ਖਤਰਾ ਨਹੀਂ
*ਕਾਂਗਰਸ ਤੇ ਇੰਡੀਆ ਗੱਠਜੋੜ ਵਲੋਂ ਭਾਜਪਾ ਦਾ ਮੁਕਾਬਲਾ ਕਰਨਾ ਖਾਲਾ ਜੀ ਦਾ ਵਾੜਾ ਨਹੀਂ
2014 ਵਿੱਚ ਭਾਜਪਾ ਸੁਪਰੀਮੋ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚੋਣ ਰਣਨੀਤੀਕਾਰ ਰਹੇ ਪ੍ਰਸ਼ਾਂਤ ਕਿਸ਼ੋਰ ਨੇ ਹੁਣ ਕਾਂਗਰਸ ਦੇ ਚੋਣ ਰਣਨੀਤੀਕਾਰ ਬਣਨ ਦੀ ਪੇਸ਼ਕਸ਼ ਕੀਤੀ ਹੈ। ਪਰ ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਭਵਿੱਖਬਾਣੀ ਕੀਤੀ ਹੈ ਕਿ 2024 ਵਿੱਚ ਨਰਿੰਦਰ ਮੋਦੀ ਦੇ ਰਾਹ ਵਿੱਚ ਕੋਈ ਰੁਕਾਵਟ ਨਹੀਂ ਆਵੇਗੀ। ਨਿਤੀਸ਼ ਕੁਮਾਰ, ਮਮਤਾ ਬੈਨਰਜੀ, ਜਗਨਮੋਹਨ ਰੈਡੀ, ਸਟਾਲਿਨ ਅਤੇ ਕੇਜਰੀਵਾਲ ਦੇ ਚੋਣ ਰਣਨੀਤੀਕਾਰ ਰਹੇ ਪ੍ਰਸ਼ਾਂਤ ਕਿਸ਼ੋਰ 2017 ਦੀਆਂ ਪੰਜਾਬ ਅਤੇ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੇ ਰਣਨੀਤੀਕਾਰ ਵੀ ਸਨ। ਪੰਜਾਬ ਵਿੱਚ ਕਾਂਗਰਸ ਦੀ ਜਿੱਤ ਹੋਈ ਸੀ, ਪਰ ਉੱਤਰ ਪ੍ਰਦੇਸ਼ ਵਿੱਚ ਕਾਂਗਰਸ ਪੂਰੀ ਤਰ੍ਹਾਂ ਫੇਲ੍ਹ ਹੋ ਗਈ ਸੀ।
ਪ੍ਰਸ਼ਾਂਤ ਕਿਸ਼ੋਰ ਦਾ ਕਾਂਗਰਸ ਨਾਲ ਕੰਮ ਕਰਨ ਦਾ ਤਜਰਬਾ ਚੰਗਾ ਨਹੀਂ ਰਿਹਾ। 2018 ਵਿਚ ਉਨ੍ਹਾਂ ਨੇ ਜੇਡੀਯੂ ਦੀ ਮੈਂਬਰਸ਼ਿਪ ਲਈ ਸੀ ਪਰ ਨਿਤੀਸ਼ ਕੁਮਾਰ ਨਾਲ ਉਨ੍ਹਾਂ ਦਾ ਤਜਰਬਾ ਵੀ ਚੰਗਾ ਨਹੀਂ ਰਿਹਾ। ਇਸ ਲਈ, ਢਾਈ ਸਾਲਾਂ ਬਾਅਦ, ਜਨਵਰੀ 2021 ਵਿੱਚ, ਉਸਨੇ ਜੇਡੀਯੂ ਤੋਂ ਅਸਤੀਫਾ ਦੇ ਦਿੱਤਾ ਸੀ। ਜੇਡੀਯੂ ਛੱਡਣ ਤੋਂ ਬਾਅਦ ਉਹ ਆਪਣੀਆਂ ਸ਼ਰਤਾਂ 'ਤੇ ਕਾਂਗਰਸ ਵਿਚ ਸ਼ਾਮਲ ਹੋਣਾ ਚਾਹੁੰਦੇ ਸਨ, ਉਨ੍ਹਾਂ ਨਾਲ ਲੰਬੀ ਗੱਲਬਾਤ ਹੋਈ, ਪਰ ਕਾਂਗਰਸ ਉਨ੍ਹਾਂ ਦੀਆਂ ਸ਼ਰਤਾਂ ਮੰਨਣ ਲਈ ਤਿਆਰ ਨਹੀਂ ਸੀ। ਉਹ ਇੱਕ ਚੰਗੇ ਚੋਣ ਰਣਨੀਤੀਕਾਰ ਹਨ, ਪਰ ਉੱਤਰ ਪ੍ਰਦੇਸ਼ ਵਿੱਚ, ਉਹ ਭਾਜਪਾ ਦੇ ਰਣਨੀਤੀਕਾਰ ਅਮਿਤ ਸ਼ਾਹ ਸਾਹਮਣੇ ਟਿਕ ਨਹੀਂ ਸਕੇ ਸਨ। ਜਦ ਕਿ ਭਾਰਤੀ ਜਨਤਾ ਪਾਰਟੀ ਨੇ ਸਪੱਸ਼ਟ ਬਹੁਮਤ ਨਾਲ ਸਰਕਾਰ ਬਣਾ ਲਈ ਸੀ, ਪਰ ਕਾਂਗਰਸ ਮੁੱਖ ਵਿਰੋਧੀ ਪਾਰਟੀ ਵੀ ਨਹੀਂ ਬਣ ਸਕੀ ਸੀ।
ਹਾਲੀਆ ਇੰਡੀਆ ਟੂਡੇ ਓਪੀਨੀਅਨ ਪੋਲ ਨੇ ਵੀ ਭਵਿੱਖਬਾਣੀ ਕੀਤੀ ਹੈ ਕਿ ਭਾਜਪਾ ਨੂੰ 2024 ਵਿਚ ਸਪੱਸ਼ਟ ਬਹੁਮਤ ਮਿਲੇਗਾ। ਪ੍ਰਸ਼ਾਂਤ ਕਿਸ਼ੋਰ ਦਾ ਚੋਣ ਮੁਲਾਂਕਣ ਇਸ ਲਈ ਮਾਇਨੇ ਰੱਖਦਾ ਹੈ ਕਿਉਂਕਿ ਜਦੋਂ ਅਮਿਤ ਸ਼ਾਹ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਵਿੱਚ 200 ਸੀਟਾਂ ਜਿੱਤਣ ਦਾ ਦਾਅਵਾ ਕਰ ਰਹੇ ਸਨ ਤਾਂ ਜ਼ਿਆਦਾਤਰ ਚੋਣ ਸਰਵੇਖਣ ਵੀ ਭਾਜਪਾ ਦੀ ਜਿੱਤ ਜਾਂ ਜਿੱਤ ਦੇ ਨੇੜੇ ਆਉਣ ਦਾ ਦਾਅਵਾ ਕਰ ਰਹੇ ਸਨ ਪਰ ਪ੍ਰਸ਼ਾਂਤ ਕਿਸ਼ੋਰ ਨੇ ਭਾਜਪਾ ਨੂੰ 100 ਤੋਂ ਘੱਟ ਸੀਟਾਂ ਮਿਲਣ ਦਾ ਦਾਅਵਾ ਕੀਤਾ ਸੀ।
ਪ੍ਰਸ਼ਾਂਤ ਕਿਸ਼ੋਰ ਮਮਤਾ ਬੈਨਰਜੀ ਦੇ ਚੋਣ ਰਣਨੀਤੀਕਾਰ ਸਨ ਅਤੇ ਉਨ੍ਹਾਂ ਦੀ ਭਵਿੱਖਬਾਣੀ ਅਨੁਸਾਰ ਭਾਜਪਾ ਨੇ 77 ਸੀਟਾਂ ਜਿੱਤੀਆਂ ਸਨ। ਹੁਣ ਜਦੋਂ ਨਿਤੀਸ਼ ਕੁਮਾਰ ਦਾਅਵਾ ਕਰ ਰਹੇ ਹਨ ਕਿ ਜੇਕਰ ਭਾਜਪਾ ਦੇ ਸਾਹਮਣੇ ਇਕ ਵਿਰੋਧੀ ਉਮੀਦਵਾਰ ਹੋਇਆ ਤਾਂ ਭਾਜਪਾ ਨੂੰ 100 ਤੋਂ ਘੱਟ ਸੀਟਾਂ ਮਿਲਣਗੀਆਂ ।ਪਰ ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਹੈ ਕਿ 2024 'ਚ ਮੋਦੀ ਲਈ ਕੋਈ ਚੁਣੌਤੀ ਨਹੀਂ ਹੈ।ਉਸ ਦੀ ਭਵਿੱਖਬਾਣੀ ਦਾ ਆਧਾਰ ਇਹ ਹੈ ਕਿ ਉੱਤਰ ਭਾਰਤ ਅਤੇ ਪੱਛਮੀ ਭਾਰਤ ਦੇ ਇੱਕ-ਦੋ ਰਾਜਾਂ ਨੂੰ ਛੱਡ ਕੇ ਭਾਜਪਾ ਦਾ ਕਾਂਗਰਸ ਨਾਲ ਸਿੱਧਾ ਮੁਕਾਬਲਾ ਹੈ, ਇਸ ਲਈ ਇਨ੍ਹਾਂ ਦੋਵਾਂ ਖੇਤਰਾਂ ਦੇ 13 ਰਾਜਾਂ ਯੂ.ਪੀ., ਉੱਤਰਾਖੰਡ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ, ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ, ਗੁਜਰਾਤ, ਮੱਧ ਪ੍ਰਦੇਸ਼, ਛੱਤੀਸਗੜ੍ਹ, ਮਹਾਰਾਸ਼ਟਰ ਅਤੇ ਗੋਆ ਦੇ ਨਾਲ-ਨਾਲ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਵਿੱਚੋਂ ਭਾਜਪਾ ਨੂੰ ਕਿਤੇ ਚੁਣੌਤੀ ਹੈ ਤਾਂ ਸਿਰਫ ਮਹਾਰਾਸ਼ਟਰ ਵਿੱਚ ਹੈ।
ਪਿਛਲੀ ਵਾਰ ਇਨ੍ਹਾਂ 13 ਰਾਜਾਂ ਅਤੇ ਚੰਡੀਗੜ੍ਹ ਦੀਆਂ ਕੁਲ 267 ਲੋਕ ਸਭਾ ਸੀਟਾਂ ਵਿੱਚੋਂ ਭਾਜਪਾ ਨੂੰ 207 ਸੀਟਾਂ ਮਿਲੀਆਂ ਸਨ। ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ ਦੇ ਚੋਣ ਨਤੀਜਿਆਂ ਨੇ ਇਨ੍ਹਾਂ ਤਿੰਨਾਂ ਰਾਜਾਂ ਦੀਆਂ 65 ਸੀਟਾਂ ਵਿੱਚੋਂ ਘੱਟੋ-ਘੱਟ 62 ਸੀਟਾਂ ਦੀ ਸਥਿਤੀ ਦੀ ਪੁਸ਼ਟੀ ਕੀਤੀ ਹੈ। ਗੁਜਰਾਤ, ਉੱਤਰ ਪ੍ਰਦੇਸ਼, ਉਤਰਾਖੰਡ ਅਤੇ ਹਿਮਾਚਲ ਵਿੱਚ ਵੀ ਭਾਜਪਾ ਨੂੰ ਕੋਈ ਚੁਣੌਤੀ ਨਹੀਂ ਹੈ। ਪੰਜਾਬ ਅਤੇ ਜੰਮੂ-ਕਸ਼ਮੀਰ ਦੀਆਂ ਕੁੱਲ 19 ਸੀਟਾਂ 'ਚੋਂ ਇਸ ਨੂੰ ਸਿਰਫ਼ 5 ਸੀਟਾਂ ਮਿਲੀਆਂ ਸਨ, ਏਨੀਆਂ ਦੁਬਾਰਾ ਸੀਟਾਂ ਮਿਲਣ ਵਿਚ ਭਾਜਪਾ ਨੂੰ ਕੋਈ ਮੁਸ਼ਕਲ ਨਹੀਂ ਆਵੇਗੀ।
ਮਹਾਰਾਸ਼ਟਰ ਦੀਆਂ 48 ਸੀਟਾਂ ਵਿੱਚੋਂ ਭਾਜਪਾ ਨੂੰ ਸੰਯੁਕਤ ਸ਼ਿਵ ਸੈਨਾ ਨਾਲ ਗਠਜੋੜ ਕਰਕੇ 24 ਸੀਟਾਂ ਮਿਲੀਆਂ ਹਨ। ਭਾਜਪਾ ਦੀ ਭਾਈਵਾਲ ਸ਼ਿਵ ਸੈਨਾ ਨੂੰ ਵੀ 18 ਸੀਟਾਂ ਮਿਲੀਆਂ ਹਨ। ਜਦੋਂਕਿ ਇਕੱਠਿਆਂ ਚੋਣਾਂ ਲੜਨ ਵਾਲੀ ਕਾਂਗਰਸ ਨੂੰ ਸਿਰਫ਼ ਇੱਕ ਸੀਟ ਤੇ ਐਨਸੀਪੀ ਨੂੰ ਸਿਰਫ਼ ਚਾਰ ਸੀਟਾਂ ਮਿਲੀਆਂ ਹਨ। ਇਸ ਵਾਰ ਸ਼ਿਵ ਸੈਨਾ ਟੁੱਟ ਗਈ ਹੈ, ਸ਼ਿਵ ਸੈਨਾ ਦਾ ਇੱਕ ਹਿੱਸਾ ਭਾਜਪਾ ਦੇ ਨਾਲ ਹੈ। ਦੂਜੇ ਪਾਸੇ ਐਨਸੀਪੀ ਵੀ ਟੁੱਟ ਗਈ ਹੈ, ਅੱਧੀ ਐਨਸੀਪੀ ਵੀ ਭਾਜਪਾ ਨਾਲ ਹੈ।
ਅਜਿਹਾ ਮੰਨਿਆ ਜਾ ਰਿਹਾ ਸੀ ਕਿ ਭਾਵੇਂ ਜ਼ਿਆਦਾਤਰ ਵਿਧਾਇਕ ਅਤੇ ਸੰਸਦ ਮੈਂਬਰ ਊਧਵ ਠਾਕਰੇ ਦਾ ਸਾਥ ਛੱਡ ਕੇ ਏਕਨਾਥ ਸ਼ਿੰਦੇ ਦੇ ਜ਼ਰੀਏ ਭਾਜਪਾ ਨਾਲ ਚਲੇ ਗਏ ਹੋਣ, ਪਰ ਊਧਵ ਠਾਕਰੇ ਦਾ ਆਧਾਰ ਜ਼ਮੀਨ 'ਤੇ ਬਣਿਆ ਹੋਇਆ ਹੈ। ਪਰ ਹਾਲ ਹੀ ਵਿੱਚ ਹੋਈਆਂ ਗ੍ਰਾਮ ਪੰਚਾਇਤ ਚੋਣਾਂ ਨੇ ਇਸ ਧਾਰਨਾ ਨੂੰ ਖਤਮ ਕਰ ਦਿੱਤਾ ਹੈ। ਭਾਜਪਾ ਅਤੇ ਇਸ ਦੀਆਂ ਦੋ ਸਹਿਯੋਗੀਆਂ ਅਰਥਾਤ ਏਕਨਾਥ ਸ਼ਿੰਦੇ ਦੀ ਸ਼ਿਵ ਸੈਨਾ ਅਤੇ ਅਜੀਤ ਪਵਾਰ ਦੀ ਐਨਸੀਪੀ ਨੇ ਕਾਂਗਰਸ, ਊਧਵ ਅਤੇ ਸ਼ਰਦ ਪਵਾਰ ਨੂੰ ਪਿੱਛੇ ਛੱਡ ਦਿੱਤਾ। ਭਾਜਪਾ ਦੀ ਮਹਾਯੁਤੀ ਨੂੰ 1400 ਤੋਂ ਵੱਧ ਸੀਟਾਂ ਮਿਲੀਆਂ ਹਨ, ਜਦੋਂ ਕਿ ਮਹਾ ਵਿਕਾਸ ਅਘਾੜੀ 1312 ਸੀਟਾਂ 'ਤੇ ਅਟਕ ਗਈ ਹੈ।
ਇਸ ਦਾ ਮਤਲਬ ਹੈ ਕਿ ਐਨਡੀਏ ਲੋਕ ਸਭਾ ਚੋਣਾਂ ਵਿੱਚ ਆਪਣੀਆਂ ਪੁਰਾਣੀਆਂ ਸੀਟਾਂ ਬਰਕਰਾਰ ਰੱਖ ਸਕਦੀ ਹੈ। ਦੂਸਰਾ ਖਤਰਾ ਉੱਤਰ ਪ੍ਰਦੇਸ਼ ਵਿੱਚ ਦੱਸਿਆ ਜਾ ਰਿਹਾ ਹੈ, ਪਰ ਜਿਸ ਤਰ੍ਹਾਂ ਭਾਜਪਾ ਛੋਟੀਆਂ ਜਾਤਾਂ ਦੀਆਂ ਛੋਟੀਆਂ ਪਾਰਟੀਆਂ ਨੂੰ ਸ਼ਾਮਲ ਕਰਨ ਵਿੱਚ ਕਾਮਯਾਬ ਹੋਈ ਹੈ, ਉਸ ਨਾਲ ਉਸ ਨੂੰ ਐਨਡੀਏ ਦੀਆਂ 65 ਸੀਟਾਂ ਬਰਕਰਾਰ ਰੱਖਣ ਵਿੱਚ ਕੋਈ ਮੁਸ਼ਕਲ ਨਹੀਂ ਆਵੇਗੀ, ਹਾਲਾਂਕਿ ਭਾਜਪਾ ਦਾ ਟੀਚਾ 2014 ਵਾਂਗ ਜਿੱਤ ਹਾਸਲ ਕਰਨਾ ਹੈ। ਜਦੋਂ ਇਸ ਨੂੰ ਅਪਨਾ ਦਲ ਦੇ ਨਾਲ ਮਿਲਕੇ 73 ਸੀਟਾਂ ਮਿਲੀਆਂ ਸਨ।
ਇੰਡੀਆ ਗਠਜੋੜ ਦੇ ਬਾਵਜੂਦ ਭਾਜਪਾ ਨੂੰ ਉੱਤਰੀ ਭਾਰਤ ਅਤੇ ਪੱਛਮੀ ਭਾਰਤ ਵਿੱਚ 207 ਸੀਟਾਂ ਜਿੱਤਣ ਵਿੱਚ ਕੋਈ ਵੱਡੀ ਰੁਕਾਵਟ ਨਹੀਂ ਆਵੇਗੀ। ਜਿੱਥੋਂ ਤੱਕ ਪੰਜ ਦੱਖਣੀ ਰਾਜਾਂ ਦਾ ਸਬੰਧ ਹੈ, ਆਂਧਰਾ, ਤਾਮਿਲਨਾਡੂ ਅਤੇ ਕੇਰਲ ਵਿੱਚ ਭਾਜਪਾ ਦਾ ਇੱਕ ਵੀ ਸੰਸਦ ਮੈਂਬਰ ਨਹੀਂ ਹੈ। ਕਰਨਾਟਕ ਤੋਂ 25 ਅਤੇ ਤੇਲੰਗਾਨਾ ਤੋਂ ਚਾਰ ਸੰਸਦ ਮੈਂਬਰ ਹਨ। ਭਾਜਪਾ ਨੂੰ ਇਨ੍ਹਾਂ ਪੰਜ ਰਾਜਾਂ ਦੀਆਂ 129 ਸੀਟਾਂ ਵਿੱਚੋਂ 29 ਸੀਟਾਂ ਬਚਾਉਣੀਆਂ ਹਨ।
ਦੱਖਣ ਵਿਚ ਸਮੀਕਰਨ ਤੇਜ਼ੀ ਨਾਲ ਬਦਲ ਰਹੇ ਹਨ, ਭਾਵੇਂ ਤਾਮਿਲਨਾਡੂ ਵਿਚ ਅੰਨਾਡੀਐੱਮਕੇ ਨੇ ਭਾਜਪਾ ਨੂੰ ਛੱਡ ਦਿੱਤਾ ਹੈ ਪਰ ਚੋਣਾਂ ਤੋਂ ਬਾਅਦ ਉਸ ਕੋਲ ਭਾਜਪਾ ਨਾਲ ਹੱਥ ਮਿਲਾਉਣ ਤੋਂ ਇਲਾਵਾ ਕੋਈ ਚਾਰਾ ਨਹੀਂ ਬਚੇਗਾ। ਜਿਸ ਤਰ੍ਹਾਂ ਡੀਐਮਕੇ ਸਰਕਾਰ ਦੇ ਮੰਤਰੀਆਂ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ, ਉਸ ਨਾਲ ਡੀਐਮਕੇ ਦੀ ਭਰੋਸੇਯੋਗਤਾ ਡਿੱਗ ਗਈ ਹੈ। ਇਸ ਲਈ ਡੀਐਮਕੇ ਗਠਜੋੜ ਲਈ 38 ਵਿੱਚੋਂ 37 ਸੀਟਾਂ ਨੂੰ ਬਰਕਰਾਰ ਰੱਖਣਾ ਅਸੰਭਵ ਹੋਵੇਗਾ। ਜਿਹਨਾਂ ਸੀਟਾਂ 'ਤੇ ਕਾਂਗਰਸ ਦੇ 8 ਉਮੀਦਵਾਰ ਜਿੱਤੇ ਸਨ, ਉਥੇ ਭਾਜਪਾ ਵੋਟਰਾਂ ਨੂੰ ਰਾਸ਼ਟਰੀ ਬਦਲ ਦੇਣ ਦੀ ਕੋਸ਼ਿਸ਼ ਕਰ ਰਹੀ ਹੈ। ਧੜਲੇਦਾਰ ਨੇਤਾ ਅਤੇ ਸਾਬਕਾ ਆਈਪੀਐਸ ਅੰਨਾਮਾਲਾਈ ਦੇ ਸੂਬਾ ਪ੍ਰਧਾਨ ਚੁਣੇ ਜਾਣ ਤੋਂ ਬਾਅਦ, ਭਾਜਪਾ ਤਾਮਿਲਨਾਡੂ ਵਿੱਚ ਇੱਕ ਰਾਸ਼ਟਰੀ ਪਾਰਟੀ ਵਜੋਂ ਕਾਂਗਰਸ ਦੇ ਬਦਲ ਵਜੋਂ ਉੱਭਰ ਰਹੀ ਹੈ।
ਕਰਨਾਟਕ ਵਿੱਚ ਜੇਡੀਐਸ ਦੇ ਐਨਡੀਏ ਵਿੱਚ ਸ਼ਾਮਲ ਹੋਣ ਤੋਂ ਬਾਅਦ ਐਨਡੀਏ ਲਈ ਆਪਣੀਆਂ ਪੁਰਾਣੀਆਂ 25 ਸੀਟਾਂ ਨੂੰ ਬਚਾਉਣਾ ਮੁਸ਼ਕਲ ਨਹੀਂ ਹੋਵੇਗਾ, ਹਾਲਾਂਕਿ ਇਸ ਵਾਰ ਉਹ ਜਿੱਤੀਆਂ 25 ਸੀਟਾਂ ਵਿੱਚੋਂ ਸਿਰਫ਼ 24 ਸੀਟਾਂ ’ਤੇ ਹੀ ਚੋਣ ਲੜੇਗੀ। ਉਹ ਬਾਕੀ ਚਾਰ ਸੀਟਾਂ ਜੇਡੀਐਸ ਲਈ ਛੱਡੇਗੀ। ਤੇਲੰਗਾਨਾ ਵਿਚ ਭਾਰਤ ਰਾਸ਼ਟਰ ਸਮਿਤੀ ਵਿਧਾਨ ਸਭਾ ਚੋਣਾਂ ਹਾਰਨ ਤੋਂ ਬਾਅਦ ਲੋਕ ਸਭਾ ਚੋਣਾਂ ਤੋਂ ਬਾਅਦ ਭਾਜਪਾ ਨੂੰ ਨਵਾਂ ਸਹਿਯੋਗੀ ਮਿਲ ਸਕਦਾ ਹੈ। ਚੋਣਾਂ ਦੌਰਾਨ ਵੀ ਖਾਤਿਆਂ ਅੰਦਰ ਆਪਸੀ ਸਮਝਦਾਰੀ ਬਣ ਸਕਦੀ ਹੈ। ਇਸੇ ਤਰ੍ਹਾਂ ਆਂਧਰਾ ਪ੍ਰਦੇਸ਼ ਵਿੱਚ ਵੀ ਤੇਲਗੂ ਦੇਸ਼ਮ ਨਾਲ ਫਿਰ ਤੋਂ ਗਠਜੋੜ ਦੀਆਂ ਸੰਭਾਵਨਾਵਾਂ ਹਨ।
ਹੁਣ ਮਾਮਲਾ ਹੈ ਪੂਰਬ ਅਤੇ ਉੱਤਰ-ਪੂਰਬ ਬਾਰੇ ਹੈ। ਇਨ੍ਹਾਂ ਵਿੱਚੋਂ ਚਾਰ ਰਾਜ ਭਾਜਪਾ ਲਈ ਅਹਿਮ ਹਨ। ਇਸ ਖੇਤਰ ਦੀਆਂ ਕੁੱਲ 142 ਸੀਟਾਂ 'ਚੋਂ 68 ਭਾਜਪਾ ਕੋਲ ਹਨ, ਜਿਨ੍ਹਾਂ 'ਚੋਂ 18 ਪੱਛਮੀ ਬੰਗਾਲ, 17 ਬਿਹਾਰ, 11 ਝਾਰਖੰਡ ਅਤੇ 9 ਅਸਾਮ 'ਚ ਹਨ। ਇਹ ਚਾਰ ਉਹ ਰਾਜ ਹਨ ਜਿੱਥੇ ਇੰਡੀਆ ਅਲਾਇੰਸ ਸਭ ਤੋਂ ਵੱਧ ਪ੍ਰਭਾਵ ਪਾ ਸਕਦਾ ਹੈ। ਜੇਕਰ ਕਾਂਗਰਸ, ਤ੍ਰਿਣਮੂਲ ਕਾਂਗਰਸ ਅਤੇ ਚਾਰੇ ਖੱਬੀਆਂ ਪਾਰਟੀਆਂ ਬੰਗਾਲ ਵਿੱਚ ਇਕੱਠੇ ਚੋਣ ਲੜਦੀਆਂ ਹਨ ਤਾਂ ਭਾਜਪਾ ਲਈ ਆਪਣੀਆਂ 18 ਸੀਟਾਂ ਬਚਾਉਣੀਆਂ ਮੁਸ਼ਕਲ ਹੋ ਸਕਦੀਆਂ ਹਨ।
ਇਸੇ ਤਰ੍ਹਾਂ ਜੇਕਰ ਬਿਹਾਰ ਵਿੱਚ ਰਾਸ਼ਟਰੀ ਜਨਤਾ ਦਲ, ਜੇਡੀਯੂ, ਕਾਂਗਰਸ ਅਤੇ ਸਾਰੀਆਂ ਖੱਬੀਆਂ ਪਾਰਟੀਆਂ ਮਿਲ ਕੇ ਚੋਣਾਂ ਲੜਦੀਆਂ ਹਨ ਤਾਂ ਭਾਜਪਾ ਲਈ 17 ਸੀਟਾਂ ਬਚਾਉਣੀਆਂ ਮੁਸ਼ਕਲ ਹੋ ਸਕਦੀਆਂ ਹਨ। ਪਰ ਉੱਤਰ ਪ੍ਰਦੇਸ਼ ਵਾਂਗ ਬਿਹਾਰ ਵਿੱਚ ਵੀ ਭਾਜਪਾ ਨੇ ਜਾਤੀ ਸਮੀਕਰਨ ਇਸ ਤਰ੍ਹਾਂ ਬਣਾ ਲਏ ਹਨ ਕਿ ਉਹ ਆਪਣਾ ਪੁਰਾਣਾ ਅੰਕੜਾ ਬਰਕਰਾਰ ਰੱਖ ਸਕੇ। ਝਾਰਖੰਡ 'ਚ ਪਿਛਲੀ ਵਾਰ ਵੀ ਕਾਂਗਰਸ, ਝਾਰਖੰਡ ਮੁਕਤੀ ਮੋਰਚਾ, ਰਾਸ਼ਟਰੀ ਜਨਤਾ ਦਲ ਅਤੇ ਕਮਿਊਨਿਸਟ ਪਾਰਟੀਆਂ ਨੇ ਮਿਲ ਕੇ ਚੋਣਾਂ ਲੜੀਆਂ ਸਨ, ਇਸ ਦੇ ਬਾਵਜੂਦ ਭਾਜਪਾ ਨੇ 14 'ਚੋਂ 11 ਸੀਟਾਂ 'ਤੇ ਜਿੱਤ ਹਾਸਲ ਕੀਤੀ ਸੀ, ਇਸ ਵਾਰ ਇਹ ਅੰਕੜਾ ਵਧ ਸਕਦਾ ਹੈ।
ਜਿੱਥੋਂ ਤੱਕ ਅਸਾਮ ਦਾ ਸਬੰਧ ਹੈ, ਉੱਥੇ ਵੀ ਇੰਡੀਆ ਗਠਜੋੜ ਦੀਆਂ ਹੋਰ ਪਾਰਟੀਆਂ ਦਾ ਕੋਈ ਪ੍ਰਭਾਵ ਨਹੀਂ ਹੈ, ਸਿਰਫ਼ ਕਾਂਗਰਸ ਹੀ ਮਾਇਨੇ ਰੱਖਦੀ ਹੈ। ਇਸ ਲਈ ਆਸਾਮ 'ਚ ਵੀ ਭਾਜਪਾ ਲਈ 14 'ਚੋਂ 9 ਸੀਟਾਂ 'ਤੇ ਬਰਕਰਾਰ ਰੱਖਣਾ ਮੁਸ਼ਕਲ ਨਹੀਂ ਹੈ ਪਰ ਮੁੱਖ ਮੰਤਰੀ ਹੇਮੰਤ ਬਿਸਵਾ ਸਰਮਾ ਨੇ ਭਾਜਪਾ ਹਾਈਕਮਾਂਡ ਨੂੰ 12 ਸੀਟਾਂ ਜਿੱਤ ਕੇ ਦੇਣ ਦਾ ਵਾਅਦਾ ਕੀਤਾ ਹੈ।
ਪਿਛਲੀ ਵਾਰ ਉੜੀਸਾ ਵਿੱਚ ਭਾਰਤੀ ਜਨਤਾ ਪਾਰਟੀ 21 ਵਿੱਚੋਂ ਸਿਰਫ਼ 8 ਸੀਟਾਂ ਜਿੱਤ ਸਕੀ ਸੀ, ਕਾਂਗਰਸ ਨੂੰ ਸਿਰਫ਼ ਇੱਕ ਅਤੇ ਬੀਜੂ ਜਨਤਾ ਦਲ ਨੂੰ 12 ਸੀਟਾਂ ਮਿਲੀਆਂ ਸਨ। ਬੀਜੂ ਜਨਤਾ ਦਲ ਇਸ ਵਾਰ ਵੀ ਕਾਂਗਰਸ ਨਾਲ ਨਹੀਂ ਜਾ ਰਿਹਾ ਹੈ। ਨਵੀਨ ਪਟਨਾਇਕ ਨੂੰ ਇੰਡੀਆ ਗਠਜੋੜ ਵਿੱਚ ਸ਼ਾਮਲ ਕਰਨ ਦੀਆਂ ਨਿਤੀਸ਼ ਕੁਮਾਰ ਦੀਆਂ ਕੋਸ਼ਿਸ਼ਾਂ ਨਾਕਾਮ ਹੋ ਗਈਆਂ ਹਨ। ਜੇਕਰ ਬੀਜੂ ਜਨਤਾ ਦਲ ਵੀ ਇੰਡੀਆ ਗਠਜੋੜ ਵਿੱਚ ਸ਼ਾਮਲ ਹੋ ਜਾਂਦਾ ਤਾਂ ਭਾਜਪਾ ਲਈ ਉੜੀਸਾ ਵਿੱਚ ਅੱਠ ਸੀਟਾਂ ਬਚਾਉਣੀਆਂ ਮੁਸ਼ਕਲ ਹੋ ਸਕਦੀਆਂ ਸਨ। ਇਸ ਲਈ 2024 ਦੀ ਤਸਵੀਰ ਬਹੁਤ ਸਪੱਸ਼ਟ ਹੈ। ਜਿਵੇਂ ਪ੍ਰਸ਼ਾਂਤ ਕਿਸ਼ੋਰ ਕਹਿ ਰਹੇ ਹਨ ਕਿ 2024 ਵਿੱਚ ਮੋਦੀ ਨੂੰ ਕੋਈ ਖਤਰਾ ਨਹੀਂ ਹੈ।
Comments (0)