ਪੰਨੂ ਖਿਲਾਫ਼ ਸਾਜਿਸ਼ ਰੱਚਣ ਵਾਲੇ ਨਿਖਿਲ ਗੁਪਤਾ ਹੁਣ ਅਮਰੀਕਾ ਦੇ ਕਬਜ਼ੇ ਵਿੱਚ ਹੋਵੇਗਾ
ਚੈੱਕ ਰਿਪਬਲਿਕ ਕੋਰਟ ਨੇ ਗੁਪਤਾ ਦੀ ਸਪੁਰਦਗੀ ਅਮਰੀਕਾ ਨੂੰ ਦੇਣ ਦੀ ਇਜਾਜ਼ਤ ਦਿੱਤੀ
ਅੰਮ੍ਰਿਤਸਰ ਟਾਈਮਜ਼ ਬਿਊਰੋ
ਵਸ਼ਿੰਗਟਨ : ਸਿਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਖਿਲਾਫ਼ ਕਤਲ ਦੀ ਸਾਜਿਸ਼ ਰਚਣ ਵਾਲਾ ਨਿਖਿਲ ਗੁਪਤਾ ਹੁਣ ਅਮਰੀਕਾ ਦੇ ਸਿੱਧੇ ਕਬਜ਼ੇ ਵਿੱਚ ਹੋਵੇਗਾ । ਚੈੱਕ ਰਿਪਬਲਿਕ ਕੋਰਟ ਨੇ ਉਸ ਦੀ ਸਪੁਰਦਗੀ ਅਮਰੀਕਾ ਨੂੰ ਦੇਣ ਦੀ ਇਜਾਜ਼ਤ ਦੇ ਦਿੱਤੀ ਹੈ। ਚੈੱਕ ਰਿਪਬਲਿਕ ਦੇ ਕਾਨੂੰਨ ਮੰਤਰਾਲਾ ਨੇ ਦੱਸਿਆ ਕਿ ਹੁਣ ਅੰਤਿਮ ਫੈਸਲਾ ਕਾਨੂੰਨ ਮੰਤਰੀ ਪਾਵੇਲ ਬਲੇਜੇਕ ਲੈਣਗੇ।ਪਰਾਗ ਹਾਈ ਕੋਰਟ ’ਚ ਨਿਖਿਲ ਗੁਪਤਾ ਦੀ ਵਕੀਲ ਪੈਟਰ ਸਲੇਪਿਕਾ ਨੇ ਕਿਹਾ ਕਿ ਉਹ ਹੁਣ ਵੀ ਸੰਵਿਧਾਨਕ ਅਦਾਲਤ ’ਚ ਅਪੀਲ ਦਾਇਰ ਕਰਨਗੇ ਅਤੇ ਨਿਆਂ ਮੰਤਰੀ ਕੋਲ ਗੁਪਤਾ ਨੂੰ ਅਮਰੀਕਾ ਹਵਾਲੇ ਨਾ ਕਰਨ ਦੀ ਅਪੀਲ ਕਰਨਗੇ। ਗੁਪਤਾ ਨੇ ਦਾਅਵਾ ਕੀਤਾ ਹੈ ਕਿ ਉਸ ਦੇ ਕੇਸ ਦਾ ਪਿਛੋਕੜ ਰਾਜਨੀਤਕ ਜਾਂ ਫੌਜ ਨਾਲ ਸਬੰਧਤ ਹੈ। ਅਮਰੀਕੀ ਜਾਂਚਕਰਤਾਵਾਂ ਦਾ ਦਾਅਵਾ ਹੈ ਕਿ ਗੁਪਤਾ ਨੂੰ ਇੱਕ ਭਾਰਤੀ ਸਰਕਾਰੀ ਏਜੰਟ ਵੱਲੋਂ ਕੰਮ ’ਤੇ ਰੱਖਿਆ ਗਿਆ ਸੀ। ਸਲੇਪਿਕਾ ਮੁਤਾਬਕ ਇਹ ਸੰਭਾਵਿਤ ਤੌਰ ’ਤੇ ਭਾਰਤ ਸਰਕਾਰ ਦੀ ਫੰਡਿੰਗ ਵਾਲਾ ‘ਕੰਮ’ ਸੀ। ਹਾਲਾਂਕਿ ਹਾਈ ਕੋਰਟ ਨੇ ਇਸ ਦਾਅਵੇ ਨੂੰ ਖਾਰਜ ਕਰ ਦਿੱਤਾ। ਜੱਜ ਵਲਾਦੀਮੀਰ ਕਰਾਲ ਮੁਤਾਬਕ ਇਸ ਨੂੰ ਰਾਜਨੀਤਕ ਮਾਮਲੇ ਵਜੋਂ ਨਹੀਂ ਦੇਖਿਆ ਜਾ ਸਕਦਾ। ਯਾਦ ਰਹੇ ਕਿ ਨਿਖਿਲ ਗੁਪਤਾ ਦੇ ਵਕੀਲ ਨੇ ਨਿਊਯਾਰਕ ਕੋਰਟ ਵਿੱਚ ਪਟੀਸ਼ਨ ਪਾਈ ਸੀ ਕਿ ਪੁਲਿਸ ਉਨ੍ਹਾਂ ਨੂੰ ਸਬੂਤ ਦੇਵੇ,ਪਰ ਏਜੰਸੀ ਨੇ ਸਾਫ ਮਨਾ ਕਰ ਦਿੱਤਾ । ਉਨ੍ਹਾਂ ਨੇ ਕਿਹਾ ਸੀ ਜਦੋਂ ਤੱਕ ਨਿਖਿਲ ਗੁਪਤਾ ਦੀ ਸਪੁਰਦਗੀ ਸਾਨੂੰ ਨਹੀਂ ਹੁੰਦੀ ਹੈ ਉਦੋਂ ਤੱਕ ਅਸੀਂ ਸਬੂਤ ਨਸ਼ਰ ਨਹੀਂ ਕਰ ਸਕਦੇ ਹਾਂ ਜਿਸ ਨੂੰ ਅਦਾਲਤ ਨੇ ਮਨਜ਼ੂਰ ਕੀਤਾ ਸੀ ਅਤੇ ਨਿਖਿਲ ਗੁਪਤਾ ਦੇ ਵਕੀਲ ਦੀ ਪਟੀਸ਼ਨ ਰੱਦ ਕਰ ਦਿੱਤੀ ਸੀ।
Comments (0)