ਪੰਜਾਬ ਚੋਣਾਂ 2022 ਦੌਰਾਨ ਕੈਪਟਨ ਅਮਰਿੰਦਰ ਸਿੰਘ ਦੀ ਰਾਜਸੀ ਤੌਰ ਉਪਰ ਠੁਸ           

ਪੰਜਾਬ ਚੋਣਾਂ 2022 ਦੌਰਾਨ ਕੈਪਟਨ ਅਮਰਿੰਦਰ ਸਿੰਘ ਦੀ ਰਾਜਸੀ ਤੌਰ ਉਪਰ ਠੁਸ           

*ਕਿਸੇ ਸਮੇਂ ਸਨ 'ਪੰਜਾਬ-ਪੱਖੀ ਤੇ ਧਾਕੜ ਆਗੂ'   

*ਕੈਪਟਨ ਦਾ ਮਜਬੂਰ ਮੁੱਖ ਮੰਤਰੀ' ਬਣਨ ਤੱਕ ਦਾ ਸਫਰ ਮਹਿੰਗਾ ਪਿਆ

ਵਿਸ਼ੇਸ਼ ਰਿਪੋਟ

ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਹਨ। ਸੂਬੇ ਦੇ ਮੁੱਖ ਮੰਤਰੀ ਵਜੋਂ ਹਾਲ ਹੀ ਵਿਚ ਉਨ੍ਹਾਂ ਨੇ ਅਸਤੀਫ਼ਾ ਦਿੱਤਾ ਸੀ।ਇਹ ਉਨ੍ਹਾਂ ਦਾ ਦੂਜਾ ਕਾਰਜਕਾਲ ਸੀ। ਇਸ ਤੋਂ ਪਹਿਲਾਂ ਉਹ 2002 ਤੋਂ 2007 ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ ਹਨ।ਭਾਵੇਂ 2017 ਦੀਆਂ ਚੋਣਾਂ ਤੋਂ ਪਹਿਲਾਂ ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੀਆਂ ਆਖ਼ਰੀ ਚੋਣਾਂ ਹਨ, ਪਰ ਉਹ ਖੁਦ ਨੂੰ ਮੁੜ ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਮੁੱਖ ਮੰਤਰੀ ਦਾ ਦਾਅਵੇਦਾਰ ਦੱਸਦੇ ਸਨ।ਕਾਰਜਕਾਲ ਪੂਰਾ ਹੋਣ ਦੇ ਕਰੀਬ 4 ਮਹੀਨੇ ਪਹਿਲਾਂ ਉਨ੍ਹਾਂ ਨੂੰ ਅਸਤੀਫ਼ਾ ਦੇਣ ਲਈ ਮਜਬੂਰ ਕਰਨਾ ਉਨ੍ਹਾਂ ਦੀ ਸਿਆਸੀ ਸਾਖ਼ ਨੂੰ ਬਰਬਾਦ ਕਰ ਗਿਆ ਹੈ।ਕੈਪਟਨ  ਦਾ ਸਬੰਧ ਪਟਿਆਲਾ ਦੇ ਸ਼ਾਹੀ ਘਰਾਣੇ ਨਾਲ ਹੈ। ਇਸ ਲਈ ਕੁਝ ਲੋਕ ਉਨ੍ਹਾਂ ਨੂੰ ''ਮਹਾਰਾਜਾ'' ਅਮਰਿੰਦਰ ਸਿੰਘ ਵੀ ਕਹਿੰਦੇ ਹਨ।ਉਨ੍ਹਾਂ ਭਾਰਤੀ ਫੌਜ ਵਿੱਚ ਬਤੌਰ ਅਫ਼ਸਰ ਨੌਕਰੀ ਕੀਤੀ ਹੈ ਅਤੇ ਕੈਪਟਨ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਸਨ, ਇਸ ਲਈ ਉਨ੍ਹਾਂ ਦੇ ਨਾਂ ਅੱਗੇ ਕੈਪਟਨ ਲੱਗਦਾ ਹੈ।ਉਹ ਸਿਆਸਤ ਵਿਚ ''ਕੈਪਟਨ'' ਦੇ ਨਾਂ ਨਾਲ ਵੀ ਮਸ਼ਹੂਰ ਹਨ।ਉਨ੍ਹਾਂ ਦੀ ਪਤਨੀ ਪ੍ਰਨੀਤ ਕੌਰ ਤਿੰਨ ਵਾਰੀ ਲੋਕ ਸਭਾ ਦੇ ਮੈਂਬਰ ਰਹਿ ਚੁੱਕੇ ਹਨ।

ਕੈਪਟਨ ਦੀ ਨਿੱਜੀ ਜ਼ਿੰਦਗੀ

11 ਮਾਰਚ 1942 ਨੂੰ ਜਨਮੇ ਅਮਰਿੰਦਰ ਸਿੰਘ ਪਟਿਆਲਾ ਰਿਆਸਤ ਦੇ ਆਖ਼ਰੀ ਮਹਾਰਾਜਾ ਯਾਦਵਿੰਦਰ ਸਿੰਘ ਅਤੇ ਮਹਾਰਾਣੀ ਮਹਿੰਦਰ ਕੌਰ ਦੇ ਪੁੱਤਰ ਹਨ।ਅਮਰਿੰਦਰ ਸਿੰਘ ਦੀ ਜ਼ਿੰਦਗੀ ਉੱਤੇ ਲਿਖੀ ਕਿਤਾਬ ''ਪੀਪਲਜ਼ ਮਹਾਰਾਜਾ'' ਦੇ ਲੇਖਕ ਖੁਸ਼ਵੰਤ ਸਿੰਘ ਲਿਖਦੇ ਹਨ, ''ਅਮਰਿੰਦਰ ਸਿੰਘ ਤੇ ਉਨ੍ਹਾਂ ਦੀਆਂ 2 ਹੋਰ ਭੈਣਾਂ ਅਤੇ ਇੱਕ ਭਰਾ ਲਈ ਮੋਤੀ ਮਹਿਲ ਵਿੱਚ ਇੱਕ ਖਾਸ ਸਕੂਲ ਖੋਲ੍ਹਿਆ ਗਿਆ ਸੀ।ਅਮਰਿੰਦਰ ਸਿੰਘ ਨੇ ਆਪਣੀ ਸਕੂਲੀ ਸਿੱਖਿਆ ਦੇਹਰਾਦੂਨ ਦੇ ਦੂਨ ਸਕੂਲ ਵਿੱਚ ਮੁਕੰਮਲ ਕੀਤੀ, ਹਾਲਾਂਕਿ ਉਹ ਦੋ ਸਾਲ ਲਾਰੈਂਸ ਸਕੂਲ ਵਿੱਚ ਵੀ ਪੜ੍ਹੇ ਹਨ।ਇਸ ਤੋਂ ਬਾਅਦ ਉਨ੍ਹਾਂ ਫੌਜੀ ਅਫ਼ਸਰ ਵਜੋਂ ਟ੍ਰੇਨਿੰਗ ਨੈਸ਼ਨਲ ਡਿਫੈਂਸ ਅਕੈਡਮੀ ਦੇਹਰਾਦੂਨ ਅਤੇ ਭਾਰਤੀ ਮਿਲਟਰੀ ਅਕੈਡਮੀ ਤੋਂ ਲਈ।ਉਹ 1963 ਵਿੱਚ ਭਾਰਤੀ ਫੌਜ ਦੀ 2 ਸਿੱਖ ਰੈਜਮੈਂਟ ਵਿੱਚ ਬਤੌਰ ਅਫ਼ਸਰ ਭਰਤੀ ਹੋਏ।ਕੈਪਟਨ ਨੇ ਫੌਜ ਵਿੱਚ ਸਿਰਫ਼ ਦੋ ਸਾਲ ਹੀ ਸਰਵਿਸ ਕੀਤੀ। ਉਹ 1963 ਵਿੱਚ ਭਰਤੀ ਹੋਏ ਅਤੇ 1965 ਵਿੱਚ ਘਰੇਲੂ ਜ਼ਿੰਮੇਵਾਰੀਆਂ ਦਾ ਹਵਾਲਾ ਦੇ ਕੇ ਉਨ੍ਹਾਂ ਅਸਤੀਫ਼ਾ ਦੇ ਦਿੱਤਾ।ਪਰ 1965 ਵਿੱਚ ਹੀ ਭਾਰਤ-ਪਾਕਿਸਤਾਨ ਜੰਗ ਲੱਗਣ ਦੌਰਾਨ ਉਹ ਮੁੜ ਫੌਜ ਵਿੱਚ ਸ਼ਾਮਲ ਹੋ ਗਏ। 1965 ਦੀ ਜੰਗ ਦੌਰਾਨ ਉਹ ਪੱਛਮੀ ਕਮਾਂਡ ਦੇ ਕਮਾਂਡਿੰਗ ਇਨ ਚੀਫ਼ ਲੈਫਟੀਨੈਂਟ ਜਨਰਲ ਹਰਬਖ਼ਸ ਸਿੰਘ ਦੇ ਏਡੀਸੀ ਸਨ।ਇਹ ਜੰਗ ਖਤਮ ਹੋਣ ਤੋਂ ਬਾਅਦ ਉਨ੍ਹਾਂ ਆਪਣੇ ਅਹੁਦੇ ਤੋਂ ਮੁੜ ਅਸਤੀਫ਼ਾ ਦੇ ਦਿੱਤਾ।

 ਰਾਜੀਵ ਗਾਂਧੀ, ਕੈਪਟਨ ਅਮਰਿੰਦਰ ਸਿੰਘ ਦੇ ਦੂਨ ਸਕੂਲ ਦੇ ਸਹਿਪਾਠੀ ਸਨ। ਇਸ ਲਈ ਰਾਜੀਵ ਗਾਂਧੀ ਨਾਲ ਨੇੜਲੇ ਰਿਸ਼ਤਿਆਂ ਕਾਰਨ ਉਹ ਕਾਂਗਰਸ ਵਿੱਚ ਸ਼ਾਮਲ ਹੋ ਗਏ।ਸੋਨੀਆਂ ਗਾਂਧੀ ਨੇ ਉਨ੍ਹਾਂ ਦਾ ਸਿਆਸਤ ਦੇ ਹਰ ਮੋੜ ਉੱਤੇ ਸਾਥ ਦਿੱਤਾ।ਪਟਿਆਲਾ ਦਾ ਸ਼ਾਹੀ ਪਰਿਵਾਰ ਪਹਿਲਾਂ ਤੋਂ ਹੀ ਕਾਂਗਰਸ ਦਾ ਸਮਰਥਕ ਸੀ। ਕੈਪਟਨ ਦੀ ਮਾਤਾ ਮਹਿੰਦਰ ਕੌਰ ਕਾਂਗਰਸ ਦੀ ਰਾਜ ਸਭਾ ਮੈਂਬਰ ਵੀ ਰਹੀ ਹੈ।1980 ਦੀਆਂ ਲੋਕ ਸਭਾ ਚੋਣਾਂ ਵਿੱਚ ਕੈਪਟਨ  ਨੇ ਪਹਿਲੀ ਵਾਰ ਕਾਂਗਰਸ ਦੀ ਟਿਕਟ ਉੱਤੋ ਲੋਕ ਸਭਾ ਦੀ ਚੋਣ ਲੜੀ।1984 ਵਿੱਚ  ਅਕਾਲ ਤਖ਼ਤ ਉੱਤੇ ਭਾਰਤੀ ਫੌਜ ਦੇ ਹਮਲੇ ਖ਼ਿਲਾਫ਼ ਕੈਪਟਨ  ਨੇ ਲੋਕ ਸਭਾ ਤੋਂ ਅਸਤੀਫ਼ਾ ਦੇ ਦਿੱਤਾ । ਕਾਂਗਰਸ ਨਾਲੋਂ ਵੀ ਨਾਤਾ ਤੋੜ ਲਿਆ ਸੀ।1984 ਵਿੱਚ ਲੋਕ ਸਭਾ ਤੋਂ ਅਸਤੀਫ਼ਾ ਦੇਣ ਕਾਰਨ ਆਮ ਲੋਕਾਂ ਵਿੱਚ ਕੈਪਟਨ  ਦੀ ਦਿੱਖ ਇੱਕ ਚੰਗੇ ਸਿੱਖ ਵਜੋਂ ਬਣ ਗਈ ਸੀ।ਕੈਪਟਨ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਤੇ ਉਨ੍ਹਾਂ ਨੂੰ 1985 ਵਿੱਚ ਤਲਵੰਡੀ ਸਾਬੋ ਤੋਂ ਚੋਣ ਲੜਾਈ ਗਈ।ਅਕਾਲੀ ਦਲ ਦੀ ਇਸ ਸਰਕਾਰ ਵਿੱਚ ਸੁਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਬਣੇ ਤੇ ਕੈਪਟਨ ਖੇਤੀਬਾੜੀ ਮੰਤਰੀ ਬਣੇ, ਪਰ ਇਹ ਸਰਕਾਰ 1987 ਵਿੱਚ ਅਮਨ ਕਾਨੂੰਨ ਦੀ ਸਥਿਤੀ ਕਾਰਨ ਭੰਗ ਕਰ ਦਿੱਤੀ ਗਈ,1980ਵਿਆਂ ਦੌਰਾਨ ਖਾਲਿਸਤਾਨੀ ਲਹਿਰ ਦਾ ਦੌਰ ਸੀ ਤੇ ਸੂਬੇ ਵਿੱਚ ਜ਼ਿਆਦਾ ਸਮਾਂ ਰਾਸ਼ਟਰਪਤੀ ਰਾਜ ਹੀ ਰਿਹਾ।ਅਕਾਲੀ ਦਲ ਦੇ ਆਗੂਆਂ ਨਾਲ ਮਤਭੇਦ ਹੋਣ ਤੋਂ ਬਾਅਦ ਕੈਪਟਨ  ਨੇ ਵੱਖਰਾ ਅਕਾਲੀ ਦਲ ਪੰਥਕ ਕਿਹਾ ਜਾਂਦਾ ਸੀ।1997 ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਅਕਾਲੀ-ਭਾਜਪਾ ਸਰਕਾਰ ਬਣੀ ਸੀ। ਅਕਾਲੀ ਦਲ ਨੇ ਲੋਕਾਂ ਵਿੱਚ ਕਾਂਗਰਸ ਖ਼ਿਲਾਫ਼ ਸਿਖ ਭਾਵਨਾਵਾਂ ਨੂੰ ਚੋਣ ਮੁੱਦਾ ਬਣਾ ਕੇ ਇਹ ਚੋਣ ਲੜੀ ਸੀ।ਪੰਜਾਬ1997 ਵਿੱਚ ਕੈਪਟਨ  ਮੁੜ ਕਾਂਗਰਸ ਵਿੱਚ ਸ਼ਾਮਲ ਹੋ ਗਏ ਤੇ ਉਨ੍ਹਾਂ ਦੇ ਅਕਾਲੀ ਦਲ ਪੰਥਕ ਦਾ ਵੀ ਕਾਂਗਰਸ ਵਿੱਚ ਰਲੇਵਾ ਹੋ ਗਿਆ।1998 ਦੀਆਂ ਲੋਕ ਸਭਾ ਚੋਣਾਂ ਕੈਪਟਨ ਨੇ ਮੁੜ ਕਾਂਗਰਸ ਦੀ ਟਿਕਟ ਉੱਤੇ ਲੜੀਆਂ ਪਰ ਉਹ ਹਾਰ ਗਏ।

1999 ਵਿੱਚ ਕਾਂਗਰਸ ਨੇ ਪੰਜਾਬ ਇਕਾਈ ਦੀ ਪ੍ਰਧਾਨਗੀ ਕੈਪਟਨ ਦੇ ਹੱਥਾਂ ਵਿੱਚ ਸੌਂਪ ਦਿੱਤੀ ਅਤੇ ਉਹ 2002 ਤੱਕ ਇਸ ਅਹੁਦੇ ਉੱਤੇ ਰਹੇ।ਕੈਪਟਨ ਦੀ ਅਗਵਾਈ ਵਿੱਚ ਹੀ ਕਾਂਗਰਸ ਨੇ ਫਰਵਰੀ 2002 ਦੀਆਂ ਵਿਧਾਨ ਸਭਾ ਚੋਣਾਂ ਜਿੱਤੀਆਂ ਤੇ ਸਰਕਾਰ ਬਣਾਈ।ਕੈਪਟਨ  ਪੰਜਾਬ ਦੇ ਕਿਸੇ ਸ਼ਾਹੀ ਘਰਾਣੇ ਵਿੱਚੋਂ ਮੁੱਖ ਮੰਤਰੀ ਬਣਨ ਵਾਲੇ ਪਹਿਲੇ ਆਗੂ ਬਣੇ।ਪੰਥਕ ਮਾਮਲਿਆਂ ਵਿੱਚ ਮੁਹਾਰਤ ਹੋਣ ਕਾਰਨ ਕੈਪਟਨ  ਨੇ ਅਕਾਲੀ ਦਲ ਨੂੰ ਇੱਕ ਵਾਰ ਖੂੰੰਜੇ ਲਾ ਦਿੱਤਾ ਸੀ।1984 ਤੋਂ 1997 ਤੱਕ ਉਨ੍ਹਾਂ ਦੀ ਅਕਾਲੀ ਦਲ ਦੇ ਆਗੂ ਵਜੋਂ ਹੋਈ ਸਕੂਲਿੰਗ ਨੇ ਕੈਪਟਨ  ਨੂੰ ਪੰਥਕ ਮੁੱਦਿਆਂ ਦੀ ਮੁਹਾਰਤ ਵਾਲਾ ਆਗੂ ਬਣਾ ਦਿੱਤਾ ਸੀ। ਸਿਆਸੀ  ਮਾਹਿਰ ਮੰਨਦੇ ਹਨ ਕਿ ਕੈਪਟਨ ਨੇ ਜਿਵੇਂ ਪੰਥਕ ਮੁੱਦਿਆਂ ਨੂੰ ਚੁੱਕਿਆ ਤੇ ਬਾਦਲ ਵਿਰੋਧੀ ਪੰਥਕ ਦਲਾਂ ਨਾਲ ਰਾਬਤਾ ਬਣਾਇਆ, ਉਸ ਨਾਲ ਕੈਪਟਨ  ਨੇ ਇੱਕ ਵਾਰ ਫੇਰ ਕਾਂਗਰਸ ਦੇ ਪੰਜਾਬ ਵਿੱਚ ਪੈਰ ਲੁਆ ਦਿੱਤੇ।2002 ਵਿੱਚ ਕਾਂਗਰਸ ਨੇ ਚੋਣ ਜਿੱਤੀ ਤੇ ਕੈਪਟਨ ਨੇ ਇਹੀ ਪੰਥਕ ਏਜੰਡਾ ਜਾਰੀ ਰੱਖਿਆ।ਦਰਿਆਈ ਪਾਣੀਆਂ ਦੇ ਮੁੱਦੇ ਉਤੇ ਵਿਧਾਨ ਸਭਾ ਵਿੱਚ ਸਾਰੇ ਸਮਝੌਤੇ ਰੱਦ ਕਰਵਾ ਕੇ ਕੈਪਟਨ  ਨੇ ਅਕਾਲੀ ਦਲ ਦੇ ਮੁੱਖ ਏਜੰਡਿਆਂ ਵਿੱਚੋਂ ਇੱਕ ਹਾਈਜੈਕ ਕਰ ਲਿਆ।

ਧਾਕੜ ਆਗੂ ਤੋਂ ਮਜਬੂਰ ਮੁੱਖ ਮੰਤਰੀ

  ਕੈਪਟਨ  ਦੀ ਪੰਜਾਬ ਦੀ ਸਿਆਸਤ ਵਿੱਚ ਦਿੱਖ ਇੱਕ ਧਾਕੜ ਆਗੂ ਵਾਲੀ ਸੀ। ਉਨ੍ਹਾਂ ਜਦੋਂ 2002 ਦੀਆਂ ਚੋਣਾਂ ਦੇ ਪ੍ਰਚਾਰ ਦੀ ਕਮਾਂਡ ਸੰਭਾਲੀ ਤਾਂ ਉਹ ਹਰ ਸਟੇਜ ਤੋਂ ਭ੍ਰਿਸ਼ਟਾਚਾਰ ਖਿਲਾਫ਼ ''ਖੁੰਡਾ ਖੜਕਾਉਣ'' ਦੇ ਬਿਆਨ ਦਿੰਦੇ ਰਹੇ।ਉਨ੍ਹਾਂ ਸ਼ਰ੍ਹੇਆਮ ਪ੍ਰਕਾਸ਼ ਸਿੰਘ ਬਾਦਲ ਵਰਗੇ ਸੀਨੀਅਰ ਆਗੂ ਨੂੰ ਜੇਲ੍ਹ ਵਿੱਚ ਡੱਕਣ ਦੀ ਧਮਕੀ ਦਿੱਤੀ। ਅਕਾਲੀ ਦਲ ਦੇ ਤੇਜ ਤਰਾਰ ਆਗੂਆਂ ਸੁਖਬੀਰ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਗੈਰ-ਸੰਸਦੀ ਸ਼ਬਦਾਂ ਦੀ ਵਰਤੋਂ ਕਰਦੇ ਰਹੇ।ਪ੍ਰਕਾਸ਼ ਸਿੰਘ ਬਾਦਲ ਨੇ 2007 ਅਤੇ 2012 ਦੀਆਂ ਦੋ ਵਿਧਾਨ ਸਭਾ ਚੋਣਾਂ ਵਿੱਚ ਕੈਪਟਨ ਨੂੰ ਧੋਬੀ ਪਟਕਾ ਮਾਰਿਆ।2015 ਵਿੱਚ ਹੋਈਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਅਤੇ ਆਪ ਪਾਰਟੀ ਦੇ ਉਭਰਣ ਤੋਂ ਬਣੇ ਹਾਲਾਤ ਨੇ ਇੱਕ ਵਾਰ ਫੇਰ 2017 ਵਿੱਚ ਕੈਪਟਨ  ਨੂੰ ਮੁੱਖ ਮੰਤਰੀ ਬਣਾ ਦਿੱਤਾ।ਕੈਪਟਨ ਦੂਜੇ ਕਾਰਜਕਾਲ ਦੇ ਅੰਤ ਤੱਕ ਧਾਕੜ ਤੋਂ ਮਜਬੂਰ ਮੁੱਖ ਮੰਤਰੀ ਵਾਂਗ ਦਿਖਣ ਲੱਗ ਪਏ ਸਨ

ਕੈਪਟਨ ਦੇ ਖਿਲਾਫ ਉਨ੍ਹਾਂ ਦੇ ਮੰਤਰੀਆਂ, ਦਰਜਨਾਂ ਵਿਧਾਇਕਾਂ ਅਤੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੋਰਚਾ ਖੋਲ੍ਹਿਆ ਸੀ।ਉਨ੍ਹਾਂ ਉੱਤੇ ਆਪਣੀ ਹੀ ਪਾਰਟੀ ਦੇ  ਸਿੱਧੂ ਵਰਗੇ ਆਗੂ ਬਾਦਲਾਂ ਨਾਲ ਅੰਦਰਖਾਤੇ ਮਿਲਣ ਦੇ ਇਲਜ਼ਾਮ ਲਾਉਂਦੇ ਰਹੇ, ਉਨ੍ਹਾਂ ਨੂੰ ਬੇਅਦਬੀ ਦੀਆਂ ਘਟਨਾਵਾਂ ਵਿੱਚ ਇਨਸਾਫ਼ ਨਾ ਦੇਣ ਲਈ ਜ਼ਿੰਮੇਵਾਰ ਦੱਸਦੇ ਰਹੇ।ਜਿਸ ਕੇਬਲ, ਸ਼ਰਾਬ, ਡਰੱਗ ਅਤੇ ਮਾਇਨਿੰਗ ਮਾਫ਼ੀਆ ਨੂੰ ਮੁੱਦਾ ਬਣਾਇਆ ਗਿਆ ਸੀ, ਉਨ੍ਹਾਂ ਖ਼ਿਲਾਫ਼ ਵੀ ਕੋਈ ਠੋਸ ਕਾਰਵਾਈ ਨਾ ਕਰਨ ਦੇ ਇਲਜ਼ਾਮ ਕਾਂਗਰਸੀ ਆਗੂ ਹੀ ਲਗਾਉਂਦੇ ਰਹੇ।ਇਹੀ ਕਾਰਨ ਹੈ ਕਿ ਉਨ੍ਹਾਂ ਦੇ ਆਪਣੇ ਹੀ ਮੰਤਰੀਆਂ, ਵਿਧਾਇਕਾਂ ਅਤੇ ਸੂਬਾ ਪਾਰਟੀ ਪ੍ਰਧਾਨ ਨਵਜੋਤ  ਸਿੱਧੂ ਨੇ ਮੋਰਚਾ ਖੋਲ੍ਹਿਆ।ਕੈਪਟਨ  ਵਾਅਦੇ ਪੂਰੇ ਕਰਨ ਦਾ ਦਾਅਵਾ ਕਰਦੇ ਰਹੇ ਹਨ, ਪਰ ਉਨ੍ਹਾਂ ਦੀ ਕਾਰਜ ਸ਼ੈਲੀ ਤੋਂ ਉਹ ਇੱਕ ਮਜਬੂਰ ਮੁੱਖ ਮੰਤਰੀ ਵਜੋਂ ਕੰਮ ਕਰਦੇ ਨਜ਼ਰ ਆ ਰਹੇ ਸਨ।ਮਿਸਾਲ ਵਜੋਂ  ਸਿੱਧੂ ਉਨ੍ਹਾਂ ਖ਼ਿਲਾਫ਼ ਸਖ਼ਤ ਬਿਆਨਬਾਜ਼ੀ ਕਰਦੇ ਰਹੇ ਹਨ, ਪਰ ਉਹ ਉਨ੍ਹਾਂ ਨੂੰ ਪ੍ਰਧਾਨ ਬਣਨ ਤੋਂ ਨਹੀਂ ਰੋਕ ਸਕੇ।ਸਿੱਧੂ ਨੇ ਉਨ੍ਹਾਂ ਦਾ ਮੰਚ ਤੋਂ ਨਾਂ ਤੱਕ ਨਹੀਂ ਲਿਆ, ਉਲਟਾ ਗੱਲਾਂ-ਗੱਲਾਂ ਵਿੱਚ ਹੀ ਉਨ੍ਹਾਂ ਦੀ ਲਾਹ-ਪਾਹ ਕਰਦੇ ਦਿਖੇ, ਤੇ ਉਹ ਚੁੱਪਚਾਪ ਸੁਣਦੇ ਰਹੇ।ਕਾਂਗਰਸ ਛੱਡ ਕੇ ਕੈਪਟਨ ਨੇ ਪੰਜਾਬ ਲੋਕ ਕਾਂਗਰਸ ਪਾਰਟੀ ਬਣਾਈ ਜੋ ਭਾਜਪਾ ਨਾਲ ਗਠਜੋੜ ਵਿੱਚ ਚੋਣ ਲੜ ਰਹੀ ਹੈ।

ਕੈਪਟਨ ਤੇ ਆਰੂਸਾ ਆਲਮ ਦੀ ਦੋਸਤੀ

ਆਰੂਸਾ ਆਲਮ ਪਾਕਿਸਤਾਨੀ ਪੱਤਰਕਾਰ ਹੈ। ਉਨ੍ਹਾਂ ਦੀ ਕੈਪਟਨ ਅਮਰਿੰਦਰ ਨਾਲ ਦੋਸਤੀ 2007 ਤੋਂ ਸ਼ੁਰੂ ਹੋਈ।ਇਹ ਦੋਸਤੀ ਪੰਜਾਬ ਦੀ ਸਿਆਸਤ ਵਿਚ ਕਿਸੇ ਨਾ ਕਿਸੇ ਤਰੀਕੇ ਚਰਚਾ ਦਾ ਮੁੱਦਾ ਬਣਦੀ ਰਹੀ।ਕੈਪਟਨ  ਤੇ ਆਰੂਸਾ ਆਲਮ ਜਲੰਧਰ ਵਿੱਚ ਪਹਿਲੀ ਵਾਰ ਇੱਕ ਖੇਡ ਸਮਾਗਮ ਵਿੱਚ ਮਿਲੇ ਸਨ।ਉਸ ਤੋਂ ਬਾਅਦ ਜਦੋਂ ਕੈਪਟਨ ਲਾਹੌਰ ਗਏ ਤਾਂ ਆਰੂਸਾ ਤੇ ਕੈਪਟਨ ਦੀ ਮਿਲਣੀ ਦੀਆਂ ਖ਼ਬਰਾਂ ਪਾਕਿਸਤਾਨੀ ਮੀਡੀਆ ਵਿੱਚ ਨਸ਼ਰ ਹੋਈਆਂ।ਪਾਕਿਸਤਾਨੀ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ਼ ਨਾਲ ਬਤੌਰ ਪੱਤਰਕਾਰ ਆਰੂਸਾ ਭਾਰਤ ਦੇ ਦੌਰੇ ਉੱਤੇ ਆਈ ਤਾਂ ਵੀ ਉਨ੍ਹਾਂ ਦੀ ਖਾਸ ਮਹਿਮਾਨ-ਨਿਵਾਜ਼ੀ ਕੀਤੀ ਗਈ।ਅਰੂਸਾ ਆਲਮ ਤੇ ਕੈਪਟਨ ਦੀ ਦੋਸਤੀ ਡੇਢ ਦਹਾਕੇ ਤੋਂ ਲਗਾਤਾਰ ਸੁਰਖੀਂਆਂ ਵਿਚ ਰਹੀ ਹੈ, 2007 ਵਿੱਚ ਦੋਵਾਂ ਦੇ ਵਿਆਹ ਕਰਵਾਉਣ ਦੀਆਂ ਖ਼ਬਰਾਂ ਮੀਡੀਆ ਤੇ ਸਿਆਸੀ ਹਲਕਿਆਂ ਵਿੱਚ ਆਈਆਂ ਤਾਂ ਆਰੂਸਾ  ਨੇ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਕੈਪਟਨ ਉਨ੍ਹਾਂ ਦੇ ਸਿਰਫ਼ ਦੋਸਤ ਹਨ।ਕੈਪਟਨ ਸੱਤਾ ਤੋਂ ਬਾਹਰ ਸਨ ਤਾਂ ਵੀ ਆਰੂਸਾ ਦੇ ਉਨ੍ਹਾਂ ਨਾਲ ਕਦੇ ਚੰਡੀਗੜ੍ਹ ਵਿੱਚ ਹੋਣ, ਕਦੇ ਚੈਲ (ਹਿਮਾਚਲ ਪ੍ਰਦੇਸ਼) ਵਿੱਚ ਅਤੇ ਕਦੇ ਦਿੱਲੀ ਵਿੱਚ, ਇਹ ਜਾਣਕਾਰੀ ਮੀਡੀਆ ਦੀਆਂ ਸੁਰਖੀਆਂ ਬਣਦੀ ਰਹੀ।2017 ਵਿੱਚ ਜਦੋਂ ਕੈਪਟਨ ਮੁੜ ਮੁੱਖ ਮੰਤਰੀ ਬਣੇ ਤਾਂ ਆਰੂਸਾ ਉਨ੍ਹਾਂ ਦੀ ਚੰਡੀਗੜ੍ਹ ਸਥਿਤ ਸਰਕਾਰੀ ਰਿਹਾਇਸ਼ ਵਿੱਚ ਹੀ ਰਹਿਣ ਲੱਗ ਪਈ।ਉਦੋਂ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਨੇ ਤਤਕਾਲੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਪੱਤਰ ਲਿਖ ਕੇ ਆਰੂਸਾ ਨੂੰ ਮੁੱਖ ਮੰਤਰੀ ਰਿਹਾਇਸ਼ ਤੋਂ ਬਾਹਰ ਕਰਨ ਲਈ ਕਾਰਵਾਈ ਦੀ ਮੰਗ ਕੀਤੀ ਸੀ।

ਸੁਖ਼ਪਾਲ ਖਹਿਰਾ ਨੇ ਇਸ ਚਿੱਠੀ ਬਾਰੇ ਦੱਸਦਿਆਂ ਇੱਕ ਵੀਡੀਓ ਸੰਦੇਸ਼ ਵਿੱਚ ਇਲਜ਼ਾਮ ਲਾਇਆ ਸੀ ਕਿ ਆਰੂਸਾ ਪਾਕਿਸਤਾਨੀ ਖੁਫ਼ੀਆ ਏਜੰਸੀ ਵਲੋਂ ਏਜੰਟ ਵਜੋਂ ਮੁੱਖ ਮੰਤਰੀ ਦੇ ਘਰ ਫਿਟ ਕੀਤੀ ਹੋ ਸਕਦੀ ਹੈ।ਉਨ੍ਹਾਂ ਇਸ ਨੂੰ ਦੇਸ ਦੀ ਸੁਰੱਖਿਆ ਲਈ ਖ਼ਤਰਾ ਵੀ ਕਰਾਰ ਦਿੱਤਾ ਸੀ।ਅਕਾਲੀ ਅਤੇ ਭਾਜਪਾ ਦੇ ਆਗੂ ਵੀ ਕੈਪਟਨ  ਅਤੇ ਆਰੂਸਾ ਦੇ ਰਿਸ਼ਤਿਆਂ ਨੂੰ ਸਿਆਸੀ ਬਿਆਨਬਾਜ਼ੀ ਦਾ ਮਸਾਲਾ ਬਣਾਉਦੇਂ ਰਹੇ।ਪਰ ਕਦੇ ਅਜਿਹੀ ਜਾਣਕਾਰੀ ਸਾਹਮਣੇ ਨਹੀਂ ਆਈ ਕਿ ਉਨ੍ਹਾਂ ਆਪਣੀ ਪਾਰਟੀ ਦੀ ਕੇਂਦਰ ਸਰਕਾਰ ਨੂੰ ਆਰੂਸਾ ਦਾ ਭਾਰਤ ਵੀਜ਼ਾ ਰੱਦ ਕਰਨ ਲਈ ਦਬਾਅ ਪਾਇਆ ਹੋਵੇ।ਕਈ ਕਾਂਗਰਸੀ ਸੂਤਰਾਂ ਦੇ ਹਵਾਲੇ ਨਾਲ ਇਹ ਖ਼ਬਰਾਂ ਜਰੂਰ ਆਉਂਦੀਆਂ ਰਹੀਆਂ ਕਿ ਇਸ ਮਾਮਲੇ ਵਿੱਚ ਕੈਪਟਨ  ਨੇ ਸੋਨੀਆਂ ਗਾਂਧੀ ਦੀ ਵੀ ਨਹੀਂ ਸੁਣੀ।