ਹੁਣ ਰਹਿੰਦੇ ਨੇ ਰਹੇ ਸਿਰਫ਼ 140 ਸਿੱਖ-ਹਿੰਦੂ ਅਫ਼ਗ਼ਾਨਿਸਤਾਨ ਵਿਚ 

ਹੁਣ ਰਹਿੰਦੇ ਨੇ ਰਹੇ ਸਿਰਫ਼ 140 ਸਿੱਖ-ਹਿੰਦੂ ਅਫ਼ਗ਼ਾਨਿਸਤਾਨ ਵਿਚ 

ਅੰਮ੍ਰਿਤਸਰ ਟਾਈਮਜ਼

ਅੰਮਿ੍ਤਸਰ-ਅਫ਼ਗ਼ਾਨਿਸਤਾਨ ਵਿਚ ਜਾਰੀ ਹਿੰਸਕ ਘਟਨਾਵਾਂ ਦੇ ਚਲਦਿਆਂ ਮੌਜੂਦਾ ਸਮੇਂ ਉੱਥੇ ਸਿਰਫ਼ 140 ਸਿੱਖ-ਹਿੰਦੂ ਹੀ ਰਹਿ ਗਏ ਹਨ ।ਤਾਲਿਬਾਨੀ ਸ਼ਾਸਨ ਤੋਂ ਬਾਅਦ ਬਹੁਤ ਸਾਰੇ ਅਫ਼ਗਾਨ ਹਿੰਦੂ ਤੇ ਸਿੱਖ ਪਰਿਵਾਰ ਭਾਰਤ ਸਰਕਾਰ ਦੇ ਸਹਿਯੋਗ ਨਾਲ ਆਪਣੀਆਂ ਜਾਨਾਂ ਬਚਾ ਕੇ ਦਿੱਲੀ ਆ ਚੁਕੇ ਹਨ | ਕਾਬੁਲ ਦੇ ਗੁਰਦੁਆਰਾ ਕਰਤਾ-ਏ-ਪਰਵਾਨ ਦੇ ਗ੍ਰੰਥੀ ਭਾਈ ਗੁਰਨਾਮ ਸਿੰਘ ਦਾ ਕਹਿਣਾ ਹੈ ਕਿ ਇਸ ਸਮੇਂ ਅਫ਼ਗ਼ਾਨਿਸਤਾਨ ਵਿਚ ਰਹਿ ਗਏ ਲਗਪਗ ਉਕਤ ਹਿੰਦੂ-ਸਿੱਖਾਂ ਵਿਚੋਂ ਜ਼ਿਆਦਾਤਰ ਜਲਾਲਾਬਾਦ ਅਤੇ ਕਾਬੁਲ 'ਚ ਰਹਿ ਰਹੇ ਹਨ । ਉਨ੍ਹਾਂ ਕਿਹਾ ਕਿ ਕਰਤਾ-ਏ-ਪਰਵਾਨ ਇਲਾਕਾ ਹਿੰਦੂ ਅਤੇ ਸਿੱਖ ਭਾਈਚਾਰਿਆਂ ਦੀ ਵੱਡੀ ਆਬਾਦੀ ਕਾਰਨ ਇਸਲਾਮਿਕ ਦੇਸ਼ ਅਫ਼ਗ਼ਾਨਿਸਤਾਨ ਵਿਚ ਵਿਭਿੰਨਤਾ ਦਾ ਪ੍ਰਤੀਬਿੰਬ ਰਿਹਾ ਹੈ ।ਦੱਸਿਆ ਜਾ ਰਿਹਾ ਹੈ ਕਿ ਅਫ਼ਗ਼ਾਨਿਸਤਾਨ ਵਿਚ ਸਾਲ 1970 ਵਿਚ ਸਿੱਖਾਂ ਦੀ ਆਬਾਦੀ ਲਗਭਗ ਇਕ ਲੱਖ ਸੀ ਪਰ ਦੇਸ਼ ਵਿਚ ਦਹਾਕਿਆਂ ਦੇ ਸੰਘਰਸ਼ ਅਤੇ ਗਰੀਬੀ ਨੇ ਲਗਪਗ ਸਾਰੀ ਸਿੱਖ ਆਬਾਦੀ ਨੂੰ ਅਫ਼ਗ਼ਾਨਿਸਤਾਨ ਛੱਡਣ ਲਈ ਮਜਬੂਰ ਕਰ ਦਿੱਤਾ । ਅਫ਼ਗਾਨ ਸਿੱਖ ਭਾਈਚਾਰੇ ਦੇ ਆਗੂ ਮਨਮੋਹਨ ਸਿੰਘ (60 ਸਾਲ) ਨੇ ਦੱਸਿਆ ਕਿ ਉਹ ਕਈ ਸਾਲਾਂ ਤੋਂ ਕਰਤਾ-ਏ-ਪਰਵਾਨ ਵਿਚ ਰਹਿ ਰਹੇ ਹਨ ਅਤੇ ਲਗਭਗ 6 ਦਹਾਕੇ ਪਹਿਲਾਂ ਜਦੋਂ ਗੁਰਦੁਆਰਾ ਬਣਾਇਆ ਗਿਆ ਸੀ, ਉਸ ਸਮੇਂ ਆਸ-ਪਾਸ ਵੱਡੀ ਗਿਣਤੀ ਵਿਚ ਸਿੱਖ ਵਸੋਂ ਸੀ । ਫਾਰਮਾਸਿਸਟ ਮਨਜੀਤ ਸਿੰਘ (40 ਸਾਲ) ਦਾ ਕਹਿਣਾ ਹੈ ਕਿ ਜਿੱਥੇ ਉਨ੍ਹਾਂ ਦਾ ਪਰਿਵਾਰ ਪੀੜ੍ਹੀਆਂ ਤੋਂ ਰਹਿੰਦਾ ਆ ਰਿਹਾ ਹੈ, ਉਹੀ ਉਨ੍ਹਾਂ ਦਾ ਵਤਨ ਹੈ ਪਰ ਸਿਰਫ਼ ਮਜਬੂਰੀ ਕਾਰਨ ਅਫ਼ਗਾਨ ਹਿੰਦੂਆਂ ਤੇ ਸਿੱਖਾਂ ਨੂੰ ਆਪਣੇ ਘਰ ਅਤੇ ਵਤਨ ਛੱਡਣਾ ਪੈ ਰਿਹਾ ਹੈ ।ਉਕਤ ਖੇਤਰ 'ਚ ਰਹਿਣ ਵਾਲੀ ਪਰਮਜੀਤ ਕੌਰ ਦਾ ਮੰਨਣਾ ਹੈ ਕਿ ਅਫ਼ਗ਼ਾਨਿਸਤਾਨ ਛੱਡਣ ਤੋਂ ਬਾਅਦ ਹੀ ਉਸ ਦੇ ਬੱਚਿਆਂ ਦੀ ਜ਼ਿੰਦਗੀ ਸੁਧਰੇਗੀ | ਉਸ ਨੇ ਦੱਸਿਆ ਕਿ ਫਿਲਹਾਲ ਉਸ ਦੇ ਪਤੀ ਕੋਲ ਕੋਈ ਕੰਮ ਨਹੀਂ ਹੈ ਅਤੇ ਬੱਚੇ ਅਜੇ ਛੋਟੇ ਹਨ ।ਜੇਕਰ ਉਸ ਦਾ ਪਰਿਵਾਰ ਅਫ਼ਗ਼ਾਨਿਸਤਾਨ ਛੱਡ ਕੇ ਕਿਸੇ ਹੋਰ ਦੇਸ਼ ਵਿਚ ਪਹੁੰਚ ਜਾਂਦਾ ਹੈ ਤਾਂ ਹੋ ਸਕਦਾ ਹੈ ਕਿ ਉਸ ਦੇ ਬੱਚਿਆਂ ਨੂੰ ਚੰਗੀ ਜ਼ਿੰਦਗੀ ਮਿਲ ਜਾਵੇ ।