ਸਿੱਧੂ ਦੇ ਸਲਾਹਕਾਰ ਤੇ ਸਾਬਕਾ ਡੀਜੀਪੀ ਮੁਸਤਫ਼ਾ ਖ਼ਿਲਾਫ਼ ਕੇਸ ਦਰਜ

ਸਿੱਧੂ ਦੇ ਸਲਾਹਕਾਰ ਤੇ ਸਾਬਕਾ ਡੀਜੀਪੀ ਮੁਸਤਫ਼ਾ ਖ਼ਿਲਾਫ਼ ਕੇਸ ਦਰਜ

 ਨਫ਼ਰਤੀ ਭਾਸ਼ਨ ਦਾ ਮਾਮਲਾ

*ਐੱਸਐੱਸਪੀ ਨੇ ਕਿਹਾ ਕਿ ਡੂੰਘਾਈ ਨਾਲ ਮਾਮਲੇ ਦੀ ਕੀਤੀ ਜਾਵੇਗੀ ਜਾਂਚ

*ਬਾਦਲ ਦਲ ਤੇ ਭਾਜਪਾ ਨੇ ਗਿ੍ਫਤਾਰੀ ਦੀ ਕੀਤੀ ਮੰਗ

ਅੰਮ੍ਰਿਤਸਰ ਟਾਈਮਜ਼

ਚੰਡੀਗੜ੍ਹ:  ਮੁਸਲਿਮ ਬਹੁਲ ਮਾਲੇਰਕੋਟਲਾ ਇਕ ਵਾਰ ਫਿਰ ਸੁਰਖੀਆਂ ਵਿਚ ਹੈ। ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੇ ਸਲਾਹਕਾਰ ਮੁਹੰਮਦ ਮੁਸਤਫਾ ਦੇ ਇਕ ਬਿਆਨ ਨੇ ਸਿਆਸਤ ਵਿਚ ਮਘਾ ਦਿੱਤੀ ਹੈ। ਮੁਸਤਫਾ ਦੇ ਦੀ ਕਥਿਤ ਧਮਕੀ ਨੇ ਨਵਾਂ ਵਿਵਾਦ ਛੇੜ ਦਿੱਤਾ ਹੈ। ਮੁਹੰਮਦ ਮੁਸਤਫਾ ਪੰਜਾਬ ਦੇ ਡੀਜੀਪੀ ਰਹੇ ਹਨ। ਮੁਹੰਮਦ ਮੁਸਤਫ਼ਾ ਆਗਾਮੀ ਪੰਜਾਬ ਚੋਣਾਂ ਲਈ ਕਾਂਗਰਸ  ਦੀ ਮਾਲੇਰਕੋਟਲਾ ਤੋਂ ਉਮੀਦਵਾਰ ਰਜ਼ੀਆ ਸੁਲਤਾਨਾ ਦੇ ਪਤੀ ਹਨ। ਮੁਹੰਮਦ ਮੁਸਤਫਾ ਇਕ ਸੇਵਾਮੁਕਤ ਆਈਪੀਐਸ ਅਧਿਕਾਰੀ ਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਹਨ। 

ਲੰਘੇ ਵੀਰਵਾਰ ਦੀ ਰਾਤ ਸਥਾਨਕ ਸਰਹਿੰਦੀ ਗੇਟ ਨੇੜੇ ਕਾਂਗਰਸੀ ਉਮੀਦਵਾਰ ਬੀਬੀ ਰਜ਼ੀਆ ਸੁਲਤਾਨਾ ਅਤੇ ਆਪ ਪਾਰਟੀ ਉਮੀਦਵਾਰ ਜਮੀਲ ਉਰ ਰਹਿਮਾਨ ਦੇ ਹੱਕ ਵਿਚ ਦੋ ਤਿੰਨ ਘਰਾਂ ਦੇ ਅੰਤਰ ਨਾਲ ਇਕੋ ਵੇਲੇ ਨੁੱਕੜ ਮੀਟਿੰਗਾਂ ਕੀਤੀਆਂ ਜਾ ਰਹੀਆਂ ਸਨ। ਬੀਬੀ ਰਜ਼ੀਆ ਸੁਲਤਾਨਾ ਦੇ ਹੱਕ ਵਿਚ ਮੀਟਿੰਗ ਦਾ ਪ੍ਰਬੰਧ ਨੌਜਵਾਨ ਕਾਂਗਰਸੀ ਕੌਂਸਲਰ ਨੌਸ਼ਾਦ ਅਨਵਰ ਵਲੋਂ ਅਤੇ 'ਆਪ' ਉਮੀਦਵਾਰ ਦੀ ਮੀਟਿੰਗ ਦਾ ਪ੍ਰਬੰਧ ਕੁੱਝ ਦਿਨ ਪਹਿਲਾਂ ਕਾਂਗਰਸ  ਛੱਡ ਕੇ 'ਆਪ' ਵਿਚ ਸ਼ਾਮਿਲ ਹੋਏ ਕੌਂਸਲਰ ਮੁਹੰਮਦ ਅਕਬਰ ਵਲੋਂ ਕੀਤਾ ਗਿਆ ਸੀ। ਕੌਂਸਲਰ ਨੌਸ਼ਾਦ ਅਨਵਰ ਤੇ ਕੌਂਸਲਰ ਮੁਹੰਮਦ ਅਕਬਰ ਆਪਸ ਵਿਚ ਸਕੇ ਭਤੀਜਾ-ਚਾਚਾ ਹਨ। ਨੇੜੇ ਨੇੜੇ ਹੋ ਰਹੀਆਂ ਦੋਵੇਂ ਨੁੱਕੜ ਮੀਟਿੰਗਾਂ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਦੋਵੇਂ ਪਾਸਿਓਂ ਸਮਰਥਕਾਂ ਨੇ ਇਕ-ਦੂਜੇ ਖ਼ਿਲਾਫ਼ ਤਿੱਖੀ ਨਾਅਰੇਬਾਜ਼ੀ ਸ਼ੁਰੂ ਕਰ ਦਿਤੀ ਅਤੇ ਮਾਹੌਲ ਤਣਾਅਪੂਰਨ ਬਣ ਗਿਆ। ਭਾਰੀ ਪੁਲਿਸ ਬਲ ਸਮੇਤ ਮੌਕੇ 'ਤੇ ਪਹੁੰਚੇ ਡੀ.ਐਸ.ਪੀ. ਮਲੇਰਕੋਟਲਾ  ਪਵਨਜੀਤ ਚੌਧਰੀ ਨੇ ਦੋਵੇਂ ਮੀਟਿੰਗਾਂ ਨੂੰ ਬੰਦ ਕਰਵਾ ਦਿੱਤਾ। ਆਪਣੀ ਚੋਣ ਮੀਟਿੰਗ ਵਿਚ ਪਾਏ ਖਰੂਦ ਤੋਂ ਖ਼ਫ਼ਾ ਹੋਏ ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫ਼ਾ ਨੇ ਮਹਿਜ਼ ਢਾਈ ਕੁ ਮਿੰਟ ਦਾ ਭਾਸ਼ਨ ਦਿੰਦਿਆਂ ਜਿੱਥੇ ਸਥਾਨਕ ਪੁਲਿਸ ਤੇ ਸਿਵਲ ਪ੍ਰਸ਼ਾਸਨ ਨੂੰ ਭਵਿੱਖ ਵਿਚ ਅਜਿਹੇ ਹਾਲਾਤ ਬਣਨ ਬਾਰੇ ਤਿੱਖੇ ਸ਼ਬਦਾਂ ਵਿਚ ਚਿਤਾਵਨੀ ਦਿਤੀ ਉੱਥੇ ਉਨ੍ਹਾਂ 'ਆਪ' ਦੇ ਹਮਾਇਤੀਆਂ ਨੂੰ ਸਖ਼ਤੀ ਨਾਲ ਵੰਗਾਰਿਆ।

 ਵਾਇਰਲ ਵੀਡੀਓ ਦਾ ਸੱਚ

ਮੁਹੰਮਦ ਮੁਸਤਫ਼ਾ ਨੇ ਆਪਣੇ ਹਿੰਦੀ ਪੰਜਾਬੀ ਜ਼ੁਬਾਨ ਦੇ ਮਿਸ਼ਰਤ ਛੋਟੇ ਜਿਹੇ ਭਾਸ਼ਨ ਦੌਰਾਨ ਕਿਹਾ, ' ਮੈਂ ਕਾਨੂੰਨ ਕੇ ਹਿਸਾਬ ਸੇ ਚਲਨੇ ਵਾਲਾ ਇਨਸਾਨ ਹੂੰ, ਜਿੰਨ੍ਹੋਂ ਨੇ ਸ਼ੋਰ ਮਚਾਨੇ ਕੀ ਯੇਹ ਹਰਕਤ ਕੀ ਹੈ, ਅਗਰ ਇਨਹੋਂ ਨੇ ਦੁਬਾਰਾ ਕੋਸ਼ਿਸ਼ ਕੀ .. ਮੈਂ ਖ਼ੁਦਾ ਕੀ ਕਸਮ ਖਾ ਕਰ ਕਹਿਤਾ ਹੂੰ .. ਮੈਂ ਇਨਕਾ ਕੋਈ ਜਲਸਾ ਨਹੀਂ ਹੋਨੇ ਦੂੰਗਾ। ਮੈਂ ਕੌਮੀ ਫ਼ੌਜੀ ਹੂੰ, ਮੈਂ ਕੌਮੀ ਸਿਪਾਹੀ ਹੂੰ, ਮੈਂ ਆਰ. ਐਸ.ਐਸ. ਕਾ ਏਜੰਟ ਨਹੀਂ ਹੂੰ.. ਅਗਰ ਐਸੀ ਹਰਕਤ ਕੀ ... ਖ਼ੁਦਾ ਕੀ ਕਸਮ ਇਨਕੇ ਘਰ ਮੇਂ ਘੁਸ ਕਰ ਮਾਰੂੰਗਾ। ਮੈਂ ਵੋਟੋਂ ਕੇ ਲੀਏ ਨਹੀਂ ਲੜ ਰਹਾ .. ਮੈਂ ਕੌਮ ਕੇ ਲੀਏ ਲੜ ਰਹਾ ਹੂੰ। ਮੈਂ ਜ਼ਿਲ੍ਹਾ ਪੁਲਿਸ ਔਰ ਸਿਵਲ ਪ੍ਰਸ਼ਾਸਨ ਕੋ ਬਤਾਨਾ ਚਾਹਤਾ ਹੂੰ ..ਅਗਰ ਮੇਰੇ ਜਲਸੇ ਕੇ ਬਰਾਬਰ ਮੇਂ 'ਇਨ ਫਿਤਨੋਂ' ਕੋ ਇਜਾਜ਼ਤ ਦੀ ਗਈ ਤੋ ਅਜਿਹੇ ਹਾਲਾਤ ਪੈਦਾ ਕਰ ਦੂੰਗਾ ..ਸੰਭਾਲਨਾ ਮੁਸ਼ਕਿਲ ਹੋ ਜਾਏਗਾ। ਮੇਰੀ ਕੌਮ, ਸਿੱਖ ਕੌਮ, ਦਲਿਤ ਕੌਮ ਔਰ ਅੱਛੇ ਹਿੰਦੂ ਭਾਈ ਮੇਰੇ ਸਾਥ ਹੈਂ । ਮੈਂ ਝਾੜੂ ਵਾਲੋਂ ਕੋ ਘਰ ਮੇਂ ਘੁਸ ਕਰ ਝਾੜੂ ਸੇ ਪੀਟੂੰਗਾ।

  ਮੁਸਤਫ਼ਾ ਦਾ ਸਪਸ਼ਟੀਕਰਨ

ਇਸ ਸੰਬੰਧੀ ਮੁਹੰਮਦ ਮੁਸਤਫ਼ਾ ਨੇ ਸਪਸ਼ਟ ਕੀਤਾ ਹੈ ਕਿ ਉਨ੍ਹਾਂ ਦੇ ਉਪਰੋਕਤ ਭਾਸ਼ਨ ਵਿਚੋਂ 'ਇਨ ਫਿਤਨੋਂ' ਨੂੰ 'ਹਿੰਦੂਓਂ' ਦੱਸ ਕੇ ਪੂਰੇ ਮੁਲਕ ਅੰਦਰ ਵਿਵਾਦ ਖੜ੍ਹਾ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋਵੇਂ ਮੁਸਲਿਮ ਉਮੀਦਵਾਰਾਂ ਦੀਆਂ ਮੀਟਿੰਗਾਂ ਦਰਮਿਆਨ ਇਕੱਠੇ ਹੋਏ ਦੋਵੇਂ ਧਿਰਾਂ ਦੇ ਸਾਰੇ ਹਮਾਇਤੀ ਵੀ ਮੁਸਲਿਮ ਹੀ ਸਨ ਅਤੇ ਇਸ ਲਈ ਕਿਸੇ ਧਰਮ ਵਿਸ਼ੇਸ਼ ਖ਼ਿਲਾਫ਼ ਕਿਸੇ ਤਰ੍ਹਾਂ ਦੀ ਕੋਈ ਟਿੱਪਣੀ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਇਸ ਮਾਮਲੇ ਨੂੰ ਫ਼ਿਰਕੂ ਰੰਗਤ ਦੇਣ ਲਈ ਆਪ ਪਾਰਟੀ ਅਤੇ ਭਾਜਪਾ   ਇਕੱਠੇ ਹੋ ਗਏ ਹਨ ਪਰ ਮਲੇਰਕੋਟਲਾ ਦੀ ਅਵਾਮ ਸਭ ਕੁੱਝ ਚੰਗੀ ਤਰ੍ਹਾਂ ਸਮਝ ਰਹੀ ਹੈ ਅਤੇ ਮਲੇਰਕੋਟਲਾ ਦੇ ਆਪਸੀ ਭਾਈਚਾਰੇ ਤੇ ਫ਼ਿਰਕੂ ਸਦਭਾਵਨਾ ਭਰੇ ਮਾਹੌਲ ਨੂੰ ਖ਼ਰਾਬ ਕਰਨ ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿਤੀ ਜਾਵੇਗੀ।

ਕੇਸ ਦਰਜ

 ਪੰਜਾਬ ਪੁਲੀਸ ਨੇ ਕਥਿਤ 'ਨਫ਼ਰਤ ਵਾਲੇ ਭਾਸ਼ਨ' ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ   ਕੇਸ ਥਾਣਾ ਸਿਟੀ ਮਾਲੇਰਕੋਟਲਾ ਦੇ ਇੰਸਪੈਕਟਰ ਕਰਮਵੀਰ ਸਿੰਘ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ।  ਸੂਤਰਾਂ ਦਾ ਕਹਿਣਾ ਹੈ ਕਿ ਚੋਣ ਕਮਿਸ਼ਨ ਨੇ ਵੀਡੀਓ ਦਾ ਨੋਟਿਸ ਲਿਆ ਹੈ ਅਤੇ ਪੁਲੀਸ ਨੂੰ ਕਾਰਵਾਈ ਕਰਨ ਲਈ ਕਿਹਾ ਹੈ।  ਦੂਸਰੇ ਪਾਸੇ ਮਾਲੇਰਕੋਟਲਾ ਦੀ ਐੱਸਐੈੱਸਪੀ ਰਵਜੋਤ ਕੌਰ ਗਰੇਵਾਲ ਨੇ ਦੱਸਿਆ ਕਿ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ । ਭਾਜਪਾ ਸਮੇਤ ਕਈ ਹਿੰਦੂ ਜਥੇਬੰਦੀਆਂ ਵਲੋਂ ਚੋਣ ਕਮਿਸ਼ਨ ਨੂੰ ਕੀਤੀਆਂ ਸ਼ਿਕਾਇਤਾਂ ਪਿੱਛੋਂ ਮਲੇਰਕੋਟਲਾ ਪੁਲਿਸ ਨੇ ਮੁਹੰਮਦ ਮੁਸਤਫ਼ਾ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਥਾਣਾ ਸਿਟੀ-1 ਮਲੇਰਕੋਟਲਾ ਵਿਖੇ ਐਫ.ਆਈ.ਆਰ. ਨੰਬਰ 17 ਦਰਜ ਕਰ ਕੇ ਵਾਇਰਲ ਵੀਡੀਓ ਦੀ ਜਾਂਚ ਸ਼ੁਰੂ ਕਰ ਦਿਤੀ ਹੈ।                                                         

ਬਾਦਲ ਦਲ ਵਲੋਂ ਗ੍ਰਿਫ਼ਤਾਰੀ ਦੀ ਮੰਗ

 ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੰਗ ਕੀਤੀ ਹੈ ਕਿ ਮਾਲੇਰਕੋਟਲਾ ਵਿੱਚ ਆਪਣੇ ਭੜਕਾਊ ਬਿਆਨਾਂ ਨਾਲ ਫਿਰਕੂ ਟਕਰਾਅ ਵਾਸਤੇ ਲੋਕਾਂ ਨੂੰ ਭੜਕਾਉਣ ਦੇ ਦੋਸ਼ ਹੇਠ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਨੁੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ  ਉਹ ਮਾਮਲੇ ਦਾ ਤੁਰੰਤ ਨੋਟਿਸ ਲੈਣ ਤੇ ਮੁਸਤਫ਼ਾ ਨੁੂੰ ਤੁਰੰਤ ਗ੍ਰਿਫ਼ਤਾਰ ਕਰਨ ਦੇ ਹੁਕਮ ਜਾਰੀ ਕੀਤਾ ਜਾਵੇ। ਪੰਜਾਬ ਦੇ ਡੀਜੀਪੀ ਪੱਧਰ ਦੇ ਸਾਬਕਾ ਆਈਪੀਐੱਸ ਅਧਿਕਾਰੀ ਮੁਹੰਮਦ ਮੁਸਤਫ਼ਾ ਦੇ ‘ਵਿਵਾਦਗ੍ਰਸਤ’ ਬਿਆਨ ਕਾਰਣ ਪੰਜਾਬ ਦੀ ਸਿਆਸਤ ਭਖ ਗਈ ਹੈ। ਉਂਝ ਭਾਵੇਂ ਉਨ੍ਹਾਂ ਹੁਣ ਆਖਿਆ ਹੈ ਕਿ ਉਨ੍ਹਾਂ ਆਪਣੇ ਬਿਆਨ ’ਚ ਸ਼ਬਦ ‘ਹਿੰਦੂ’ ਦੀ ਵਰਤੋਂ ਨਹੀਂ ਕੀਤੀ ਤੇ ਉਹ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਨ ਪਰ ਚੋਣ ਕਮਿਸ਼ਨ ਦੀਆਂ ਹਦਾਇਤਾਂ ’ਤੇ ਉਨ੍ਹਾਂ ਵਿਰੁੱਧ ਐੱਫਆਈਆਰ ਦਾਇਰ ਹੋ ਗਈ ਹੈ।ਸੰਵਿਧਾਨ ਦੀ ਸਹੁੰ ਚੁੱਕ ਕੇ ਲੰਮਾ ਸਮਾਂ ਨੌਕਰੀ ਕਰਦੇ ਰਹੇ ਕਿਸੇ ਵਿਅਕਤੀ ਤੋਂ ਅਜਿਹੇ ਵਿਗੜੇ ਤੇ ਭੜਕਾਊ ਬੋਲਾਂ ਦੀ ਆਸ ਨਹੀਂ ਕੀਤੀ ਜਾ ਸਕਦੀ।

ਇਹ ਸਚ ਹੈ ਕਿ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀਆਂ ਗੱਲਾਂ ਕਰਨ ਵਾਲੇ ਕਦੇ ਵੀ ਇਸ ਸਮੁੱਚੇ ਖਿੱਤੇ ਦੇ ਸ਼ੁਭਚਿੰਤਕ ਨਹੀਂ ਹੋ ਸਕਦੇ। ਸਿਰਫ਼ ਕੁਝ ਵੋੋਟਾਂ ਹਾਸਲ ਕਰਨ ਲਈ ਵਿਰੋਧੀਆਂ ਵਾਸਤੇ ਅਜਿਹੀਆਂ ਚੁਭਵੀਆਂ ਟਿੱਪਣੀਆਂ ਕਰਨਾ ਨੈਤਿਕਤਾ ਦੀ ਕਬਰ ਪੁੱਟਣ ਦੇ ਸਮਾਨ ਹੈ। ਪੰਜਾਬ ਸੰਤਾਪ ਦੇ ਕਾਲੇ ਦੌਰ ਵੇਲੇ ਮੁਹੰਮਦ ਮੁਸਤਫ਼ਾ  ਉਪਰ ਸਿਖ ਨੌਜਵਾਨਾਂ ਨੂੰ ਮਾਰਨ ਦੇ ਦੋਸ਼ ਲਗੇ ਸਨ। ਉਸ ਮਨੁੱਖੀ ਅਧਿਕਾਰਾਂ ਦੇ ਘਾਣ ਨੂੰ ਵੀ ਭੁਲਾਇਆ ਨਹੀਂ ਜਾ ਸਕਦਾ ਪਰ ਕਿਸੇ ਇਕੱਠ ਦੌਰਾ ਇੰਝ ਉੱਚੀ ਆਵਾਜ਼ ਵਿਚ ਇਤਰਾਜ਼ਯੋਗ ਸ਼ਬਦਾਵਲੀ ਵਰਤਣਾ ਵੀ ਹਿੰਸਕ ਗਰੂਰ ਹੈ । ਭਾਰਤੀ ਜਨਤਾ ਪਾਰਟੀ , ਬਾਦਲ ਦਲ ਨੇ ਇਸੇ ਲਈ ਕਾਂਗਰਸ ਦੀ ਸੂਬਾਈ ਤੇ ਰਾਸ਼ਟਰੀ ਲੀਡਰਸ਼ਿਪ ਤੋਂ ਇਸ ਮੁੱਦੇ ’ਤੇ ਸਪੱਸ਼ਟੀਕਰਨ ਮੰਗਿਆ ਹੈ ਕਿ ਕੀ ਕਾਂਗਰਸ  ਦੀ ਇਹੋ ਧਰਮ-ਨਿਰਪੱਖਤਾ ਹੈ! ਮਾਲੇਰਕੋਟਲਾ ਅਜਿਹਾ ਸ਼ਹਿਰ ਹੈ, ਜਿੱਥੇ 1947 ’ਚ ਦੇਸ਼ ਦੀ ਵੰਡ ਦੌਰਾਨ ਵੀ ਕੋਈ ਫਿਰਕੂ ਹਿੰਸਾ ਨਹੀਂ ਸੀ ਵਾਪਰੀ। ਅਜਿਹੀ ਮਾਨਤਾ ਹੈ ਕਿ ਮਾਲੇਰਕੋਟਲਾ ਨੂੰ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਸ਼ੀਰਵਾਦ ਹਾਸਲ ਹੈ ਕਿਉਂਕਿ ਇੱਥੋਂ ਦੇ ਨਵਾਬ ਸ਼ੇਰ ਮੁਹੰਮਦ ਖ਼ਾਨ ਨੇ 1705 ਈ. ਦੌਰਾਨ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਤੇ ਸਾਹਿਬਜ਼ਾਦਾ ਫ਼ਤਿਹ ਸਿੰਘ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਦਿਆਂ ਇਸ ਜਬਰ ਦਾ ਵਿਰੋਧ ਕੀਤਾ ਸੀ, ਜਦੋਂ ਸਰਹਿੰਦ ਦੇ ਨਵਾਬ ਵਜ਼ੀਰ ਖ਼ਾਨ ਨੇ ਇਨ੍ਹਾਂ ਸਾਹਿਬਜ਼ਾਦਿਆਂ ਨੂੰ ਜਿਊਂਦੇ ਜੀਅ ਨੀਂਹਾਂ ’ਚ ਚਿਣਵਾਉਣ ਦਾ ਹੁਕਮ ਦੇ ਦਿੱਤਾ ਸੀ। ਅਜਿਹੇ ਇਤਿਹਾਸਕ ਸ਼ਹਿਰ ਦਾ ਕੋਈ ਜ਼ਿੰਮੇਵਾਰ ਨੇਤਾ ਹੋਛੀ ਸਿਆਸਤ ਲਈ ਅਜਿਹਾ ਭੜਕਾਊ ਬਿਆਨ ਦੇ ਕੇ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਿਵੇਂ ਜਰਿਆ ਜਾ ਸਕਦਾ ਹੈ ਚੋਣ ਕਮਿਸ਼ਨ ਦੀ ਇਸ ਬਾਰੇ ਸਹੀ ਕਾਰਵਾਈ ਹੈ।