ਕੈਪਟਨ ਨੇ ਫ਼ਾਰਮ ਹਾਊਸ 'ਤੇ 16 ਵਿਧਾਇਕਾਂ ਨਾਲ ਕੀਤੀ ਮੁਲਾਕਾਤ 

ਕੈਪਟਨ ਨੇ ਫ਼ਾਰਮ ਹਾਊਸ 'ਤੇ 16 ਵਿਧਾਇਕਾਂ ਨਾਲ ਕੀਤੀ ਮੁਲਾਕਾਤ 

ਅੰਮ੍ਰਿਤਸਰ ਟਾਈਮਜ਼ ਬਿਉਰੋ

ਚੰਡੀਗੜ੍ਹ-ਪ੍ਰਦੇਸ਼ ਕਾਂਗਰਸ ਦਾ ਕਾਟੋ-ਕਲੇਸ ਖ਼ਤਮ ਕਰਨ ਲਈ ਗਠਿਤ ਕਮੇਟੀ ਵਲੋਂ ਹਾਈਕਮਾਨ ਨੂੰ ਰਿਪੋਰਟ ਸੌਂਪੇ ਜਾਣ ਦੇ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ-ਆਪ ਨੂੰ ਮਜ਼ਬੂਤ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ । ਦੱਸਿਆ ਜਾ ਰਿਹਾ ਹੈ ਕਿ ਕਮੇਟੀ ਨੇ ਆਪਣੀ ਰਿਪੋਰਟ 'ਚ ਵੱਖ-ਵੱਖ ਵਿਧਾਇਕਾਂ ਦੇ ਕੈਪਟਨ ਨਾਲ ਨਾਰਾਜ਼ ਹੋਣ ਦਾ ਜ਼ਿਕਰ ਕੀਤਾ ਹੈ ਅਤੇ ਇਸ ਦੇ ਨਾਲ ਹੀ ਇਹ ਵੀ ਸਿਫਾਰਸ਼ ਵੀ ਕੀਤੀ ਸੀ ਕਿ ਕੈਪਟਨ ਸੰਭਵ ਹੋ ਸਕੇ ਤਾਂ ਵਿਧਾਇਕਾਂ ਨਾਲ ਸਮਾਂ ਨਿਸਚਿਤ ਕਰਕੇ ਗੱਲਬਾਤ ਕਰਨ । ਉੱਧਰ ਮਿਲੀ ਜਾਣਕਾਰੀ ਅਨੁਸਾਰ ਹਾਈਕਮਾਨ ਨੇ 20 ਜੂਨ ਨੂੰ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਨੂੰ ਦਿੱਲੀ ਬੁਲਾ ਲਿਆ ਹੈ ਅਤੇ ਇਸ ਮੀਟਿੰਗ ਤੋਂ ਪਹਿਲਾਂ ਕੈਪਟਨ ਨੇ ਆਪਣਾ ਪੱਖ ਮਜ਼ਬੂਤ ਕਰਨ ਲਈ  ਦੁਪਹਿਰ ਦੇ ਖਾਣੇ 'ਤੇ 16 ਵਿਧਾਇਕਾਂ ਨੂੰ ਆਪਣੇ ਸਿਸਵਾਂ ਸਥਿਤ ਫ਼ਾਰਮ ਹਾਊਸ 'ਤੇ ਬੁਲਾਇਆ, ਤਾਂ ਕਿ ਉਨ੍ਹਾਂ ਦੇ ਗਿਲੇ-ਸ਼ਿਕਵੇ ਦੂਰ ਕੀਤੇ ਜਾ ਸਕਣ । ਮਿਲੀ ਜਾਣਕਾਰੀ ਅਨੁਸਾਰ ਇਸ ਦੌਰਾਨ ਮੁੱਖ ਮੰਤਰੀ ਨੇ ਕੁਝ ਵਿਧਾਇਕਾਂ ਨਾਲ ਸਾਂਝੇ ਤੌਰ 'ਤੇ ਅਤੇ ਕੁਝ ਨਾਲ ਇਕੱਲੇ-ਇਕੱਲੇ ਮਿਲ ਕੇ ਗੱਲਬਾਤ ਕੀਤੀ ।ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਨੂੰ ਮਿਲਣ ਵਾਲੇ ਕਾਂਗਰਸੀ ਆਗੂਆਂ 'ਚ ਦੋ ਮੰਤਰੀ ਵੀ ਸ਼ਾਮਿਲ ਸਨ, ਜਿਨ੍ਹਾਂ ਵਿਚ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਸ਼ਾਮਿਲ ਸਨ | ਇਸੇ ਤਰ੍ਹਾਂ ਵਿਧਾਇਕ ਲਖਵੀਰ ਸਿੰਘ ਲੱਖਾ, ਵਿਧਾਇਕ ਸੁਖਵਿੰਦਰ ਸਿੰਘ ਡੈਨੀ, ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਤੇ ਲਾਡੀ ਸ਼ੇਰੋਵਾਲੀਆ, ਨਾਜ਼ਰ ਸਿੰਘ ਮਾਨਸ਼ਾਹੀਆ ਆਦਿ ਨੇ ਮੁਖ ਮੰਤਰੀ ਨਾਲ ਮੁਲਾਕਾਤ ਕੀਤੀ | ਇਸ ਤੋਂ ਪਹਿਲਾਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ, ਮੰਤਰੀ ਓ.ਪੀ. ਸੋਨੀ, ਵਿਧਾਇਕ ਰਮਨਜੀਤ ਸਿੰਘ ਸਿੱਕੀ ਅਤੇ ਨਵਤੇਜ ਸਿੰਘ ਚੀਮਾ ਨੇ ਵੀ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਹੈ ।ਹਾਲਾਂਕਿ 20 ਜੂਨ ਨੂੰ ਹਾਈਕਮਾਨ ਵਲੋਂ ਮੁਖ ਮੰਤਰੀ ਨੂੰ ਮੁਲਾਕਾਤ ਲਈ ਬੁਲਾਇਆ ਗਿਆ ਹੈ, ਜਿਸ ਦੇ ਚਲਦੇ ਕੈਪਟਨ ਦੀ ਕੋਸ਼ਿਸ਼ ਹੈ ਕਿ ਉਸ ਤੋਂ ਪਹਿਲਾਂ ਉਹ ਸਾਰੇ ਨਾਰਾਜ਼ ਵਿਧਾਇਕਾਂ ਨੂੰ ਮਨਾ ਲੈਣ ।

ਇਸ ਲਈ ਉਨ੍ਹਾਂ ਨੇ ਇਹ ਬੈਠਕਾਂ ਚਾਰ ਪੜਾਵਾਂ ਵਿਚ ਕਰਨ ਦਾ ਫ਼ੈਸਲਾ ਕੀਤਾ ਹੈ | ਸੂਤਰਾਂ ਅਨੁਸਾਰ  22 ਵਿਧਾਇਕਾਂ ਨੂੰ ਸੱਦਾ ਦਿੱਤਾ ਗਿਆ ਸੀ ਪਰ ਮੁਲਾਕਾਤ ਲਈ 16 ਵਿਧਾਇਕ ਹੀ ਪਹੁੰਚ ਸਕੇ । ਦੱਸਿਆ ਜਾ ਰਿਹਾ ਹੈ ਕਿ ਅਗਲੇ ਦੋ ਦਿਨਾਂ ਵਿਚ ਕੈਪਟਨ ਵਲੋਂ ਵੱਖ-ਵੱਖ ਵਿਧਾਇਕਾਂ ਅਤੇ ਤੀਸਰੇ ਦਿਨ ਮੰਤਰੀਆਂ ਨਾਲ ਮਿਲਣ ਦਾ ਦੌਰ ਜਾਰੀ ਰਹੇਗਾ ।ਜਾਣਕਾਰੀ ਅਨੁਸਾਰ ਵਿਧਾਇਕਾਂ ਨੇ ਆਪਣੇ-ਆਪਣੇ ਖੇਤਰਾਂ 'ਚ ਅਧੂਰੇ ਕੰਮਾਂ ਵਿਚੋਂ ਜ਼ਿਆਦਾਤਰ ਨੂੰ ਸਥਾਨਕ ਸਰਕਾਰਾਂ ਅਤੇ ਉਦਯੋਗ ਵਿਭਾਗ ਸਮੇਤ ਕਈ ਹੋਰ ਵਿਭਾਗਾਂ ਨਾਲ ਸਬੰਧਿਤ ਦੱਸਿਆ । ਸੂਤਰਾਂ ਅਨੁਸਾਰ ਆਪਣੇ ਹਲਕੇ ਦੇ ਵਿਕਾਸ ਕਾਰਜਾਂ ਦੇ ਸਿਰੇ ਨਾ ਚੜ੍ਹਨ 'ਚ ਵਿਧਾਇਕਾਂ ਨੇ ਅਫ਼ਸਰਸ਼ਾਹੀ ਨੂੰ ਵੀ ਜ਼ਿੰਮੇਵਾਰ ਦੱਸਿਆ । ਇਸ ਦੇ ਇਲਾਵਾ ਕੁਝ ਵਿਧਾਇਕਾਂ ਨੇ ਦਲਿਤਾਂ ਦੀ ਅਣਦੇਖੀ ਦਾ ਮਾਮਲਾ ਵੀ ਮੱੁਖ ਮੰਤਰੀ ਅੱਗੇ ਰੱਖਿਆ ਅਤੇ ਕੁਝ ਵਿਧਾਇਕਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਜਦੋਂ ਦਲਿਤ ਵਿਧਾਇਕਾਂ ਦੀ ਸੁਣਵਾਈ ਸਰਕਾਰ ਵਿਚ ਨਹੀਂ ਹੋ ਰਹੀ ਤਾਂ ਆਮ ਆਦਮੀ ਦਾ ਕੀ ਹਾਲ ਹੁੰਦਾ ਹੋਵੇਗਾ | ਇਸ ਨੂੰ ਵੇਖਦੇ ਹੋਏ ਮੁੱਖ ਮੰਤਰੀ ਨੇ ਮੀਟਿੰਗ ਵਿਚ ਵਿਧਾਇਕਾਂ ਤੋਂ ਉਨ੍ਹਾਂ ਦੇ ਖੇਤਰ ਵਿਚ ਦਲਿਤ ਭਾਈਚਾਰੇ ਨਾਲ ਸਬੰਧਿਤ ਅਸਾਮੀਆਂ ਛੇਤੀ ਭਰਨ ਦਾ ਭਰੋਸਾ ਦੇਣ ਦੇ ਨਾਲ-ਨਾਲ ਉਨ੍ਹਾਂ ਦੀਆਂ ਹੋਰ ਮੁਸ਼ਕਿਲਾਂ ਦੇ ਹੱਲ ਦਾ ਵੀ ਭਰੋਸਾ ਦਿੱਤਾ | ਕੈਪਟਨ ਵਲੋਂ ਹੋਰਨਾਂ ਵਿਧਾਇਕਾਂ ਵਲੋਂ ਕੀਤੇ ਗਿਲੇ-ਸ਼ਿਕਵਿਆਂ ਸੰਬਧੀ ਉਨ੍ਹਾਂ ਦੇ ਖੇਤਰ ਦੇ ਅਧਿਕਾਰੀਆਂ ਨੂੰ ਵਿਕਾਸ ਕਾਰਜਾਂ 'ਚ ਤੇਜ਼ੀ ਲਿਆਉਣ ਦੇ ਹੁਕਮ ਦਿੱਤੇ ਦੱਸੇ ਜਾ ਰਹੇ ਹਨ ।