ਮੋਦੀ ਨੇ ਅੱਤਵਾਦ ਖਿਲਾਫ ਆਖਰੀ ਜੰਗ ਦੀ ਗੱਲ ਕਹੀ ਤਾਂ ਲੋਕਾਂ ਕਿਹਾ, "ਮੋਦੀ ਅੱਤਵਾਦੀ ਹੈ"

ਮੋਦੀ ਨੇ ਅੱਤਵਾਦ ਖਿਲਾਫ ਆਖਰੀ ਜੰਗ ਦੀ ਗੱਲ ਕਹੀ ਤਾਂ ਲੋਕਾਂ ਕਿਹਾ,

ਹਿਊਸਟਨ: ਅਮਰੀਕਾ ਦੇ ਸ਼ਹਿਰ ਹਿਊਸਟਨ ਵਿੱਚ ਜਦੋਂ ਬੀਤੇ ਕੱਲ੍ਹ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਐਨਆਰਜੀ ਫੁੱਟਬਾਲ ਮੈਦਾਨ ਅੰਦਰ ਹੋ ਰਹੇ ਸਮਾਗਮ ਵਿੱਚ ਭਾਰਤੀ ਲੋਕਾਂ ਨੂੰ ਸੰਬੋਧਨ ਕੀਤਾ ਜਾ ਰਿਹਾ ਸੀ ਤਾਂ ਉਸ ਸਮੇਂ ਇਸ ਸਟੇਡੀਅਮ ਦੇ ਬਾਹਰ ਇਕੱਠੇ ਹੋਏ ਹਜ਼ਾਰਾਂ ਦੀ ਗਿਣਤੀ 'ਚ ਸਿੱਖ ਅਤੇ ਕਸ਼ਮੀਰੀ ਲੋਕ ਭਾਰਤ ਵਿੱਚ ਉਹਨਾਂ ਦੀਆਂ ਕੌਮਾਂ ਖਿਲਾਫ ਹੋ ਰਹੇ ਜ਼ੁਲਮਾਂ ਦਾ ਸੱਚ ਦੁਨੀਆ ਸਾਹਮਣੇ ਰੱਖਣ ਲਈ ਵਿਰੋਧ ਪ੍ਰਦਰਸ਼ਨ ਕਰਦਿਆਂ ਭਾਰਤ ਤੋਂ ਅਜ਼ਾਦੀ ਦੀ ਮੰਗ ਕਰ ਰਹੇ ਸਨ। 

ਇਸ ਮੌਕੇ ਇਕੱਤਰ ਹੋਏ ਸਿੱਖਾਂ ਅਤੇ ਕਸ਼ਮੀਰੀਆਂ ਵੱਲੋਂ ਖਾਲਿਸਤਾਨ ਅਤੇ ਕਸ਼ਮੀਰ ਦੀ ਅਜ਼ਾਦੀ ਦੇ ਸੁਨੇਹਿਆਂ ਵਾਲੇ ਵੱਡ ਅਕਾਰੀ ਬੈਨਰ ਫੜੇ ਹੋਏ ਸਨ। ਇਸ ਵਿਰੋਧ ਪ੍ਰਦਰਸ਼ਨ ਵਿੱਚ ਸਿੱਖਾਂ ਅਤੇ ਕਸ਼ਮੀਰੀਆਂ ਤੋਂ ਇਲਾਵਾ ਅਮਰੀਕਨਾਂ ਨੇ ਵੀ ਹਿੱਸਾ ਲਿਆ ਜੋ ਟਰੰਪ ਅਤੇ ਮੋਦੀ ਨੂੰ ਨਾਜ਼ੀਵਾਦ ਦਾ ਨਵਾਂ ਰੂਪ ਮੰਨ ਰਹੇ ਹਨ ਤੇ ਪੱਛਮ ਵਿੱਚ ਵੱਧ ਰਹੀ "ਵਾਈਟ ਸੁਪਰਮਾਸੀਸਿਟ" ਵਿਚਾਰਧਾਰਾ ਦੇ ਸਮਰਥਕ ਮੰਨਦੇ ਹਨ। 

"ਮੌਦੀ ਅੱਤਵਾਦੀ ਹੈ"
ਜਦੋਂ ਮੋਦੀ ਅਤੇ ਟਰੰਪ ਮੈਦਾਨ ਦੇ ਅੰਦਰ ਇਕੱਤਰ ਹੋਏ ਭਾਰਤੀਆਂ ਨੂੰ ਆਪਣੇ ਭਾਸ਼ਣ ਸੁਣਾ ਰਹੇ ਸਨ ਤਾਂ ਇਸ ਵਿਰੋਧ ਪ੍ਰਦਰਸ਼ਨ ਦੌਰਾਨ ਇਕੱਤਰ ਹੋਏ ਲੋਕਾਂ ਵੱਲੋਂ "ਮੋਦੀ ਵਾਪਸ ਜਾਓ" ਅਤੇ "ਮੋਦੀ ਅੱਤਵਾਦੀ ਹੈ" ਵਰਗੇ ਨਾਅਰੇ ਲਾਏ ਜਾ ਰਹੇ ਸਨ।

ਮੋਦੀ ਦੀ ਰੈਲੀ ਟਰੰਪ ਦੀ ਚੋਣ ਪ੍ਰਚਾਰ ਰੈਲੀ ਬਣੀ
ਹਿਊਸਟਨ ਵਿੱਚ ਮੋਦੀ ਲਈ ਭਾਰਤੀ ਕੌਂਸਲਖਾਨੇ ਅਤੇ ਭਾਰਤੀ ਐਨਜੀਓ ਵੱਲੋਂ ਕਰਵਾਈ ਗਈ ਇਹ ਰੈਲੀ ਅਮਰੀਕਾ ਦੇ ਮੋਜੂਦਾ ਰਾਸ਼ਟਰਪਤੀ ਟਰੰਪ ਦੀਆਂ ਅਗਲੀਆਂ ਚੋਣਾਂ ਲਈ ਪ੍ਰਚਾਰ ਰੈਲੀ ਹੀ ਸਾਬਤ ਹੋਈ। ਮੋਦੀ ਨੇ ਸ਼ਰੇਆਮ ਸਟੇਜ ਤੋਂ "ਅਬ ਕੀ ਬਾਰ ਮੋਦੀ ਸਰਕਾਰ" ਦਾ ਨਾਅਰਾ ਦਿੱਤਾ। ਇੰਝ ਮੋਦੀ ਦਾ ਇਹ ਕਦਮ ਭਾਰਤ ਦੀ ਵਿਦੇਸ਼ ਨੀਤੀ ਲਈ ਇੱਕ ਵੱਡੀ ਰਾਜਨੀਤਕ ਕੁਤਾਹੀ ਵੀ ਸਾਬਤ ਹੋ ਸਕਦਾ ਹੈ ਜਦੋਂ ਅਮਰੀਕਾ ਵਰਗੇ ਮੁਲਕ ਦੀ ਅੰਦਰੂਨੀ ਸਿਆਸਤ ਵਿੱਚ ਭਾਰਤ ਵਰਗੇ ਕਮਜ਼ੋਰ ਮੁਲਕ ਦਾ ਪ੍ਰਧਾਨ ਮੰਤਰੀ ਇੱਕ ਧਿਰ ਦਾ ਸਮਰਥਨ ਸ਼ਰੇਆਮ ਜਨਤਕ ਸਟੇਜ ਤੋਂ ਕਰਨ ਲੱਗੇ। 

ਆਪਣੇ ਭਾਸ਼ਣ ਦੌਰਾਨ ਮੋਦੀ ਨੇ ਕਸ਼ਮੀਰ ਮਸਲੇ ਦੀ ਗੱਲ ਕਰਦਿਆਂ ਧਾਰਾ 370 ਦਾ ਖਾਸ ਜ਼ਿਕਰ ਕੀਤਾ। ਮੋਦੀ ਨੇ ਭਾਰਤੀ ਨੀਤੀ ਤਹਿਤ ਇਸ ਮਸਲੇ ਦੇ ਜ਼ਿਕਰ ਨਾਲ "ਅੱਤਵਾਦ" ਨੂੰ ਜੋੜਦਿਆਂ ਕਸ਼ਮੀਰੀ ਲੋਕਾਂ ਦੀਆਂ ਭਾਵਨਾਵਾਂ ਨੂੰ ਘਟਾ ਕੇ ਪੇਸ਼ ਕੀਤਾ ਅਤੇ ਕਿਹਾ ਕਿ ਅੱਤਵਾਦ ਵਿਰੁੱਧ ਫੈਂਸਲਾਕੁੰਨ ਲੜਾਈ ਦਾ ਸਮਾਂ ਆ ਗਿਆ ਹੈ। 

ਇਸ ਦੌਰਾਨ ਇਕੱਠੇ ਹੋਏ ਭਾਰਤੀ ਰਾਸ਼ਟਰਵਾਦੀਆਂ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਉਹ ਧਾਰਾ 370 ਹਟਾਉਣ ਦੇ ਫੈਂਸਲੇ 'ਤੇ ਮੋਹਰ ਲਾਉਣ ਲਈ ਭਾਰਤੀ ਸੰਸਦ ਮੈਂਬਰਾਂ ਦੀ ਖੜ੍ਹੇ ਹੋ ਕੇ ਸ਼ਲਾਘਾ ਕਰਨ। 

ਮੋਦੀ ਤੋਂ ਬਾਅਦ ਟਰੰਪ ਨੇ ਪੜ੍ਹੇ ਮੋਦੀ ਦੇ ਕਸੀਦੇ
ਖੁੱਲ੍ਹੇਆਮ ਟਰੰਪ ਦਾ ਰਾਜਨੀਤਕ ਸਮਰਥਨ ਕਰਨ ਮਗਰੋਂ ਜਦੋਂ ਟਰੰਪ ਦੇ ਬੋਲਣ ਦੀ ਬਾਰੀ ਆਈ ਤਾਂ ਉਹਨਾਂ ਵੀ ਮੋਦੀ ਦੇ ਰੱਜ ਕੇ ਕਸੀਦੇ ਪੜ੍ਹੇ। ਟਰੰਪ ਨੇ ਮੋਦੀ ਨੂੰ ਦੁਨੀਆ ਦਾ ਮਹਾਨ ਤੇ ਦੂਰਅੰਦੇਸ਼ੀ ਸੋਚ ਵਾਲਾ ਆਗੂ ਦੱਸਿਆ। ਟਰੰਪ ਨੇ ਕਿਹਾ ਕਿ ਇਸ ਵੇਲੇ ਭਾਰਤ-ਅਮਰੀਕਾ ਦੇ ਸਬੰਧ ਬਹੁਤ ਮਜ਼ਬੂਤ ਹਨ ਅਤੇ ਉਹ ਮੋਦੀ ਨਾਲ ਮਿਲ ਕੇ ਇਹਨਾਂ ਨੂੰ ਨਵੀਆਂ ਬੁਲੰਦੀਆਂ 'ਤੇ ਲਿਜਾਣ ਲਈ ਵਚਨਬੱਧ ਹਨ।