ਭਾਸ਼ਾ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਮਾਤਾ ਸੁੰਦਰੀ ਕਾਲਜ ਫਾਰ ਵੂਮਨ ਦੁਆਰਾ ਭਾਈ ਵੀਰ ਸਿੰਘ ਦੀ 150ਵੀਂ ਜਨਮ ਵਰ੍ਹੇਗੰਢ ਨੂੰ ਸਮਰਪਿਤ ਹੋਇਆ ਸਮਾਗਮ

ਭਾਸ਼ਾ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਮਾਤਾ ਸੁੰਦਰੀ ਕਾਲਜ ਫਾਰ ਵੂਮਨ ਦੁਆਰਾ ਭਾਈ ਵੀਰ ਸਿੰਘ ਦੀ 150ਵੀਂ ਜਨਮ ਵਰ੍ਹੇਗੰਢ ਨੂੰ ਸਮਰਪਿਤ ਹੋਇਆ ਸਮਾਗਮ

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ, 21 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):- ਭਾਸ਼ਾ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਮਾਤਾ ਸੁੰਦਰੀ ਕਾਲਜ ਫਾਰ ਵੂਮਨ, ਦਿੱਲੀ ਯੂਨੀਵਰਸਿਟੀ ਵੱਲੋਂ ਪੰਜਾਬੀ ਸਾਹਿਤ ਤੇ ਇਤਿਹਾਸ ਵਿਚ ਨਿਵੇਕਲਾ ਸਥਾਨ ਰੱਖਣ ਵਾਲੇ ਅਤੇ ਆਧੁਨਿਕ ਪੰਜਾਬੀ ਕਵਿਤੀ ਦੇ ਮੋਢੀ ਭਾਈ ਵੀਰ ਸਿੰਘ ਦੀ 150ਵੀਂ ਜਨਮ ਵਰ੍ਹੇਗੰਢ ਨੂੰ ਸਮਰਪਿਤ ਭਾਈ ਵੀਰ ਸਿੰਘ –ਰਚਨਾਵਾਂ ਅਤੇ ਪ੍ਰਸੰਗਿਕਤਾ ਵਿਸ਼ੇ ਉਤੇ ਵਿਚਾਰ-ਚਰਚਾ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਪ੍ਰੋ. ਰਵੇਲ ਸਿੰਘ ਵੱਲੋਂ ਕੀਤੀ ਗਈ। ਇਸ ਮੌਕੇ ਡਾ. ਇਕਬਾਲ ਕੌਰ, ਡਾ. ਮਨੀਸ਼ਾ ਬਤਰਾ ਤੋਂ ਇਲਾਵਾ ਕਾਲਜ ਦੀਆਂ ਵਿਦਿਆਰਥਣਾ ਦਵਿੰਦਰ ਕੌਰ ਅਤੇ ਗੁਰਲੀਨ ਕੌਰ ਵੱਲੋਂ ਆਪਣੇ ਵਿਚਾਰ ਰੱਖੇ ਗਏ।

ਡਾ. ਇਕਬਾਲ ਕੌਰ ਵੱਲੋਂ ਭਾਈ ਵੀਰ ਸਿੰਘ ਰਚਿਤ ਨਾਟਕ ਰਾਜਾ ਲੱਖ ਦਾਤਾ ਸਿੰਘ ਨੂੰ ਆਧਾਰ ਬਣਾ ਕੇ ਉਨ੍ਹਾਂ ਦੀਆਂ ਰਚਨਾਵਾਂ ਦੇ ਵਿਸ਼ਾ ਵਸਤੂ ਅਤੇ ਇਹਨਾ ਰਚਨਾਵਾਂ ਦੀ  ਮੌਜੂਦਾ ਸਮੇਂ ਵਿਚ ਪ੍ਰਸੰਗਿਕਤਾ ਬਾਰੇ ਚਾਨਣਾ ਪਾਇਆ ਗਿਆ। ਉਨ੍ਹਾਂ ਕਿਹਾ ਕਿ ਰਾਜਾ ਲੱਖ ਦਾਤਾ ਸਿੰਘ ਸੁਧਾਰਵਾਦੀ ਪ੍ਰਵਿਰਤੀ ਦੀ ਉਸਾਰੂ ਰਚਨਾ ਹੈ ਜਿਸਨੂੰ ਵਿਦਿਆਰਥੀਆਂ ਨੂੰ ਪੜਨਾ ਤੇ ਇਸਦੇ ਸੁਨੇਹੇ ਨੂੰ ਸਮਝਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਨਾਟਕ ਦੀ ਰਚਨਾ ਨੂੰ 112 ਸਾਲ ਹੋ ਚੁੱਕੇ ਹਨ। ਡਾ. ਮਨੀਸ਼ਾ ਬਤਰਾ ਅਤੇ ਹੋਰ ਬੁਲਾਰਿਆਂ ਵੱਲੋਂ ਭਾਈ ਵੀਰ ਸਿੰਘ ਦੀਆਂ ਰਚਨਾਵਾਂ ਦੀ ਵਿਸ਼ਾ ਵੰਨਗੀ ਦੇ ਨਾਲ-ਨਾਲ ਉਨ੍ਹਾਂ ਦੇ ਗਲਪ ਖੇਤਰ ਵਿਚ ਪਾਏ ਯੋਗਦਾਨ ਬਾਰੇ ਬੁਲਾਰਿਆਂ ਨੇ ਆਪਣੇ ਵਿਚਾਰ ਰੱਖੇ।

ਪੰਜਾਬ ਭਵਨ ਨਵੀਂ ਦਿੱਲੀ ਸਥਿਤ ਸਾਹਿਤ ਕੇਂਦਰ, ਭਾਸ਼ਾ ਵਿਭਾਗ ਪੰਜਾਬ ਦੇ ਓ.ਐਸ.ਡੀ. ਡਾ. ਮਨਦੀਪ ਸੰਧੂ ਨੇ ਕਿਹਾ ਕਿ ਇਸ ਸਮਾਗਮ ਨੂੰ ਕਰਵਾਏ ਜਾਣ ਦਾ ਮੰਤਵ ਵਿਦਿਆਰਥੀਆਂ ਨੂੰ ਭਾਈ ਵੀਰ ਸਿੰਘ ਦੀ ਸਾਹਿਤਕ ਤੇ ਇਤਿਹਾਸਕ ਦੇਣ ਤੋਂ ਜਾਣੂੰ ਕਰਵਾਉਣਾ ਹੈ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਪ੍ਰੋ ਹਰਪ੍ਰੀਤ ਕੌਰ ਵੱਲੋਂ ਪ੍ਰੋ. ਰਵੇਲ ਸਿੰਘ, ਡਾ. ਮਨਦੀਪ ਸੰਧੂ ਤੋਂ ਇਲਾਵਾ ਬੁਲਾਰਿਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਪੰਜਾਬੀ ਵਿਭਾਗ  ਦੇ ਡਾ. ਜਗਜੀਤ ਕੌਰ, ਡਾ. ਵੀਨਾਕਸ਼ੀ ਸ਼ਰਮਾ, ਹਰਵਿੰਦਰ ਔਲ਼ਖ ਨੇ ਵੀ ਸ਼ਮੂਲੀਅਤ ਕੀਤੀ। ਮੰਚ ਸੰਚਾਲਨ ਡਾ. ਹਰਵਿੰਦਰ ਸਿੰਘ ਵੱਲੋਂ ਕੀਤਾ ਗਿਆ।