ਪੰਜਾਬ ਪੁਲਸ ਵੱਲੋਂ ਝੂਠੀ ਕਹਾਣੀ ਬਣਾ ਕੇ ਗ੍ਰਿਫਤਾਰ ਕੀਤੇ ਸਿੱਖ ਨੌਜਵਾਨ ਦੇ ਹੱਕ ਵਿਚ ਆਏ ਖਹਿਰਾ ਅਤੇ ਗਾਂਧੀ

ਪੰਜਾਬ ਪੁਲਸ ਵੱਲੋਂ ਝੂਠੀ ਕਹਾਣੀ ਬਣਾ ਕੇ ਗ੍ਰਿਫਤਾਰ ਕੀਤੇ ਸਿੱਖ ਨੌਜਵਾਨ ਦੇ ਹੱਕ ਵਿਚ ਆਏ ਖਹਿਰਾ ਅਤੇ ਗਾਂਧੀ
ਪੀੜਤ ਪਰਿਵਾਰ ਅਤੇ ਪੰਚਾਇਤ ਮੈਂਬਰਾਂ ਨਾਲ ਸੁਖਪਾਲ ਸਿੰਘ ਖਹਿਰਾ, ਡਾ. ਧਰਮਵੀਰ ਗਾਂਧੀ ਅਤੇ ਹੋਰ ਆਗੂ

ਅੰਮ੍ਰਿਤਸਰ ਟਾਈਮਜ਼ ਬਿਊਰੋ

ਪਿਛਲੇ ਦਿਨੀਂ ਪਟਿਆਲਾ ਜ਼ਿਲ੍ਹੇ ਦੇ ਸੇਹਰਾ ਪਿੰਡ ਵਿਚੋਂ 'ਅੱਤਵਾਦੀ' ਕਹਿ ਕੇ ਗ੍ਰਿਫਤਾਰ ਕੀਤੇ ਗਏ 26 ਸਾਲਾ ਸਿੱਖ ਨੌਜਵਾਨ ਸੁਖਚੈਨ ਸਿੰਘ ਦੇ ਮਾਮਲੇ 'ਚ ਪੰਜਾਬ ਦੇ ਡੀਜੀਪੀ ਦੇ ਝੂਠ ਦਾ ਸਰਪੰਚ ਵੱਲੋਂ ਪਰਦਾਫਾਸ਼ ਕਰਨ ਮਗਰੋਂ ਹੁਣ ਸਿਆਸੀ ਆਗੂ ਵੀ ਪੀੜਤ ਪਰਿਵਾਰ ਨਾਲ ਖੜ੍ਹਨ ਲੱਗੇ ਹਨ। ਬੀਤੇ ਕੱਲ੍ਹ ਸਾਬਕਾ ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ ਅਤੇ ਵਿਰੋਧੀ ਧਿਰ ਦੇ ਸਾਬਕਾ ਆਗੂ ਐਮਐਲਏ ਸੁਖਪਾਲ ਸਿੰਘ ਖਹਿਰਾ ਪੀੜਤ ਪਰਿਵਾਰ ਨੂੰ ਮਿਲਣ ਪਿੰਡ ਸੇਹਰਾ ਪਹੁੰਚੇ। ਇਸ ਮੌਕੇ ਉਨ੍ਹਾਂ ਨਾਲ ਹਲਕਾ ਭਦੌੜ ਤੋਂ ਵਿਧਾਇਕ ਪਿਰਮਲ ਸਿੰਘ, ਹਲਕਾ ਮੌੜ ਦੇ ਵਿਧਾਇਕ ਜਗਦੇਵ ਸਿੰਘ ਕਮਾਲੂ ਵੀ ਮੌਜੂਦ ਸਨ।

ਇਸ ਮੌਕੇ ਸਰਪੰਚ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਬੀਤੇ ਦਿਨ ਸਮਾਣਾ ਪੁਲੀਸ ਸੁਖਚੈਨ ਸਿੰਘ ਨੂੰ ਕਿਸੇ ਬਹਾਨੇ ਘਰ ਤੋਂ ਬੁਲਾ ਕੇ ਲੈ ਗਈ ਤੇ ਬਾਅਦ ਵਿੱਚ ਚਾਰ ਹੋਰਨਾਂ ਨੌਜਵਾਨਾਂ ਦੇ ਨਾਲ ਸੁਖਚੈਨ ਸਿੰਘ ਖ਼ਿਲਾਫ਼ ਯੂਏਪੀਏ ਕਾਨੂੰਨ ਤਹਿਤ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਡਾ. ਗਾਂਧੀ ਅਤੇ ਖਹਿਰਾ ਨੇ ਕਿਹਾ ਕਿ ਸੁਖਚੈਨ ਸਿੰਘ ਜਿਹੜਾ ਕਿ ਅਤਿ ਗਰੀਬ ਪਰਿਵਾਰ ਨਾਲ ਸਬੰਧਤ ਉਸ ਦਾ ਕੋਈ ਅਪਰਾਧਿਕ ਪਿਛੋਕੜ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਪੁਲੀਸ ਦੀ ਇਸ ਧੱਕੇਸ਼ਾਹੀ ਅਤੇ ਬੇਇਨਸਾਫ਼ੀ ਖ਼ਿਲਾਫ਼ ਪੀੜਤ ਪਰਿਵਾਰ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ ਅਤੇ ਧੱਕੇਸ਼ਾਹੀ ਖਿਲਾਫ ਲੜਾਈ ਲੜੀ ਜਾਵੇਗੀ। ਇਸ ਮੌਕੇ ਪੀੜਤ ਨੌਜਵਾਨ ਦੇ ਭਰਾ ਜਸਪਾਲ ਸਿੰਘ, ਜਗਤਾਰ ਸਿੰਘ, ਬੁੱਧ ਰਾਜ ਮੌਜੂਦ ਸਨ। ਡਾ. ਗਾਂਧੀ ਅਤੇ ਖਹਿਰਾ ਨੇ ਐੱਸਐੱਸਪੀ ਪਟਿਆਲਾ ਤੋਂ ਮੰਗ ਕੀਤੀ ਕਿ ਸੁਖਚੈਨ ਸਿੰਘ ਮਾਮਲੇ ਦੀ ਨਿਰਪੱਖ ਜਾਂਚ ਕਰਵਾ ਕੇ ਇਸ ਦਾ ਨਾਮ ਕੇਸ ਵਿੱਚੋਂ ਕੱਢਿਆ ਜਾਵੇ।

ਹੋਰ ਸਬੰਧਤ ਖ਼ਬਰਾਂ ਪੜ੍ਹੋ: 
                                  ਮਾਮਲਾ ਸਿੱਖ ਨੌਜਵਾਨਾਂ ਦੀ ਗ੍ਰਿਫਤਾਰੀ ਦਾ: ਪੰਜਾਬ ਡੀਜੀਪੀ ਦੇ ਝੂਠ ਦਾ ਸਰਪੰਚ ਨੇ ਪਰਦਾਫਾਸ਼ ਕੀਤਾ
                 ਯੂ.ਏ.ਪੀ.ਏ ਤਹਿਤ ਝੂਠੇ ਮਾਮਲੇ ਚ ਗ੍ਰਿਫਤਾਰ ਕੀਤਾ ਵਕੀਲ, ਬਰੀ ਹੋ ਕੇ ਹੁਣ ਇਸ ਮਾਰੂ ਕਾਨੂੰਨ ਤੋਂ ਹੋਰਨਾਂ ਦਾ ਬਚਾਅ ਕਰ ਰਿਹਾ ਹੈ

ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਪੰਜਾਬ ਪੁਲੀਸ ਖ਼ਾਲਿਸਤਾਨ ਦਾ ਹਊਆ ਖੜ੍ਹਾ ਕਰਕੇ ਤੇ ਆਮ ਪੰਜਾਬੀਆਂ ਤੇ ਜ਼ੁਲਮ ਕਰ ਰਹੀ ਹੈ ਜਿਸ ਦੀ ਤਾਜ਼ਾ ਮਿਸਾਲ ਸਿਹਰਾ ਪਿੰਡ ’ਚੋਂ ਦਲਿਤ ਪਰਿਵਾਰ ਦੇ ਨੌਜਵਾਨ ਸੁਖਚੈਨ ਸਿੰਘ ਨੂੰ ਯੂਏਪੀ ਐਕਟ ਤਹਿਤ ਕੇਸ ਦਰਜ ਕਰਕੇ ਹਿਰਾਸਤ ’ਚ ਲੈਣ ਤੋਂ ਮਿਲਦੀ ਹੈ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਸੁਖਚੈਨ ਸਿੰਘ ’ਤੇ ਦਰਜ ਝੂਠੇ ਕੇਸ ਦੀ ਨਜ਼ਰਸਾਨੀ ਅਤੇ ਯੂਏਪੀ ਐਕਟ ਤਹਿਤ ਦਰਜ ਹੋਈਆਂ 15 ਐੱਫਆਈਆਰਜ਼ ਦੀ ਵੀ ਪੜਤਾਲ ਕੀਤੀ ਜਾਵੇ। ਵਿਧਾਇਕ ਖਹਿਰਾ ਨੇ ਅੱਜ ਇੱਥੇ ਪੀੜਤ ਪਰਿਵਾਰ ਤੇ ਪਿੰਡ ਵਾਸੀਆਂ ਨਾਲ ਮੀਡੀਆ ਕੋਲ ਕਿਹਾ ਕਿ ਪੰਜਾਬ ਪੁਲੀਸ ਕਿਸੇ ਸਾਜਿਸ਼ ਤਹਿਤ ਸਿੱਖਾਂ ਨੂੰ ਬਦਨਾਮ ਕਰ ਰਹੀ ਹੈ। 

ਖਹਿਰਾ ਨੇ ਕਿਹਾ ਕਿ 26 ਜੂਨ ਨੂੰ ਪਟਿਆਲਾ ਪੁਲੀਸ ਦੇ ਤਿੰਨ ਮੁਲਾਜ਼ਮ ਪਿੰਡ ਸਿਹਰਾ ’ਚੋਂ ਸੁਖਚੈਨ ਸਿੰਘ (26) ਨੂੰ ਸਰਪੰਚ ਹਾਕਮ ਸਿੰਘ ਤੇ ਪੰਚ ਮਲਕੀਤ ਸਿੰਘ ਦੀ ਹਾਜ਼ਰੀ ’ਚ ਪੁੱਛਗਿੱਛ ਲਈ ਲੈ ਕੇ ਗਏ ਸਨ ਪਰ 28 ਜੂਨ ਨੂੰ ਡੀਜੀਪੀ ਪੰਜਾਬ ਨੇ ਪ੍ਰੈੱਸ ਨੋਟ ਜਾਰੀ ਕਰ ਕੇ ਪੰਜ ਜਣਿਆਂ (ਸੁਖਚੈਨ ਸਿੰਘ ਸਣੇ) ਨੂੰ ਸਮਾਣਾ ਨੇੜੇ ਇਕ ਨਾਕੇ ਤੋਂ ਗ੍ਰਿਫ਼ਤਾਰ ਕੀਤਾ ਦੱਸਿਆ। ਖ਼ਾਲਿਸਤਾਨ ਲਿਬਰੇਸ਼ਨ ਫੋਰਸ ਦੇ ਸਰਗਰਮ ਮੈਂਬਰ ਦੱਸਦਿਆਂ ਇਨ੍ਹਾਂ ’ਤੇ ਯੂਏਪੀਏ ਤਹਿਤ ਕੇਸ ਦਰਜ ਕੀਤਾ ਗਿਆ ਤੇ ਇੱਕ ਪਿਸਤੌਲ ਤੇ ਸੱਤ ਕਾਰਤੂਸ ਦੀ ਬਰਾਮਦਗੀ ਵੀ ਦਿਖਾਈ ਗਈ।

ਉਨ੍ਹਾਂ ਕਿਹਾ ਇਸ ਤੋਂ ਸਪੱਸ਼ਟ ਹੈ ਕਿ ਪੁਲੀਸ ਨੇ ਸੁਖਚੈਨ ਸਿੰਘ ਨੂੰ ਦੋ ਦਿਨ ਨਾਜਾਇਜ਼ ਹਿਰਾਸਤ ’ਚ ਵੀ ਰੱਖਿਆ। ਇਨ੍ਹਾਂ ਨਾਲ ਲਵਪ੍ਰੀਤ ਸਿੰਘ ਨਾਮੀਂ ਇੱਕ ਲੜਕੇ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਜੋ ਸ਼ਾਹੀਨ ਬਾਗ਼ ’ਚ ਚੱਲ ਰਹੇ ਪ੍ਰਦਰਸ਼ਨ ’ਚ ਸ਼ਾਮਲ ਸੀ। ਉਨ੍ਹਾਂ ਕਿਹਾ ਕਿ ਇਹ ਕੇਸ ਬਿਲਕੁਲ ਨਿਰਮੂਲ ਅਤੇ ਸਾਰਾ ਪਿੰਡ ਸੁਖਚੈਨ ਸਿੰਘ ਦੀ ਬੇਗੁਨਾਹੀ ਦਾ ਸਬੂਤ ਦੇ ਰਿਹਾ ਹੈ। ਸਰਪੰਚ ਮਲਕੀਤ ਸਿੰਘ ਤੇ ਪੰਚਾਂ ਨੇ ਇਸ ਕੇਸ ਨੂੰ ਝੂਠਾ ਦੱਸਦਿਆਂ ਪੜਤਾਲ ਦੀ ਮੰਗ ਕੀਤੀ ਹੈ।