ਮਾਮਲਾ ਸਿੱਖ ਨੌਜਵਾਨਾਂ ਦੀ ਗ੍ਰਿਫਤਾਰੀ ਦਾ: ਪੰਜਾਬ ਡੀਜੀਪੀ ਦੇ ਝੂਠ ਦਾ ਸਰਪੰਚ ਨੇ ਪਰਦਾਫਾਸ਼ ਕੀਤਾ

ਮਾਮਲਾ ਸਿੱਖ ਨੌਜਵਾਨਾਂ ਦੀ ਗ੍ਰਿਫਤਾਰੀ ਦਾ: ਪੰਜਾਬ ਡੀਜੀਪੀ ਦੇ ਝੂਠ ਦਾ ਸਰਪੰਚ ਨੇ ਪਰਦਾਫਾਸ਼ ਕੀਤਾ
ਡੀਜੀਪੀ ਦਿਨਕਰ ਗੁਪਤਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਪੰਜਾਬ ਪੁਲਸ ਵੱਲੋਂ ਬੀਤੇ ਦਿਨੀਂ ਖਾਲਿਸਤਾਨ ਲਿਬਰੇਸ਼ਨ ਫੋਰਸ ਨਾਲ ਸਬੰਧ ਦਸਦਿਆਂ ਗ੍ਰਿਫਤਾਰ ਕੀਤੇ ਗਏ ਤਿੰਨ ਸਿੱਖਾਂ ਦੇ ਮਾਮਲੇ 'ਚ ਪੁਲਸ ਦੇ ਦਾਅਵਿਆਂ 'ਤੇ ਵੱਡਾ ਸਵਾਲੀਆ ਚਿੰਨ੍ਹ ਲੱਗਿਆ ਹੈ। ਗ੍ਰਿਫਤਾਰ ਸਿੱਖਾਂ ਵਿਚੋਂ ਇਕ ਸੁਖਚੈਨ ਸਿੰਘ ਪਟਿਆਲਾ ਜ਼ਿਲ੍ਹੇ ਦੇ ਪਿੰਡ ਸਿਹਰਾ ਨਾਲ ਸਬੰਧਿਤ ਹੈ। ਪੁਲਸ ਨੇ ਦਾਅਵਾ ਕੀਤਾ ਸੀ ਕਿ ਉਹਨਾਂ ਸੁਖਚੈਨ ਸਿੰਘ ਨੂੰ ਕੌਲੀ ਪਿੰਡ ਤੋਂ .32 ਬੋਰ ਦੇ ਪਿਸਤੌਲ ਅਤੇ ਸੱਤ ਕਾਰਤੂਸਾਂ ਨਾਲ ਗ੍ਰਿਫਤਾਰ ਕੀਤਾ ਸੀ, ਜਦਕਿ ਪਿੰਡ ਦੇ ਸਰਪੰਚ ਦਾ ਕਹਿਣਾ ਹੈ ਕਿ ਪਿੰਡ ਦੀ ਪੰਚਾਇਤ ਦੀ ਮੋਜੂਦਗੀ ਵਿਚ ਪੁਲਸ ਸੁਖਚੈਨ ਸਿੰਘ ਨੂੰ ਉਸਦੇ ਘਰ ਤੋਂ ਲੈ ਕੇ ਗਈ। 

ਅੰਮ੍ਰਿਤਸਰ ਟਾਈਮਜ਼ ਨਾਲ ਗੱਲ ਕਰਦਿਆਂ ਪਿੰਡ ਸਿਹਰਾ ਦੇ ਸਰਪੰਚ ਹਾਕਮ ਸਿੰਘ ਨੇ ਕਿਹਾ ਕਿ ਜਦੋਂ ਪੁਲਸ ਸੁਖਚੈਨ ਸਿੰਘ ਦੇ ਘਰ ਆਈ ਤਾਂ ਬਤੌਰ ਸਰਪੰਚ ਉਹ ਉਹਨਾਂ ਦੇ ਘਰ ਗਏ ਅਤੇ ਪੰਚਾਇਤ ਦੀ ਮੋਜੂਦਗੀ ਵਿਚ ਸੁਖਚੈਨ ਸਿੰਘ ਨੂੰ ਪੁਲਸ ਘਰ ਤੋਂ ਲੈ ਕੇ ਗਈ। ਉਹਨਾਂ ਦੱਸਿਆ ਕਿ ਉਸ ਸਮੇਂ ਕਿਸੇ ਵੀ ਤਰ੍ਹਾਂ ਦਾ ਕੋਈ ਹਥਿਆਰ ਬਰਾਮਦ ਨਹੀਂ ਕੀਤਾ ਗਿਆ ਸੀ। ਸਰਪੰਚ ਨੇ ਕਿਹਾ ਕਿ ਸੁਖਚੈਨ ਸਿੰਘ ਇਕ ਚੰਗਾ ਮੁੰਡਾ ਹੈ ਅਤੇ ਉਸਦਾ ਕਦੇ ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ ਸੀ।

26 ਸਾਲਾ ਸੁਖਚੈਨ ਸਿੰਘ ਦਲਿਤ ਪਰਿਵਾਰ ਨਾਲ ਸਬੰਧਿਤ ਹੈ। ਸੁਖਚੈਨ ਸਿੰਘ ਦੇ ਪਰਿਵਾਰ ਨੇ ਉਸਦੀ ਗ੍ਰਿਫਤਾਰੀ ਦੀ ਨਿਰਪੱਖ ਜਾਂਚ ਕਰਾਉਣ ਦੀ ਮੰਗ ਕਰਦਿਆਂ ਕਿਹਾ ਕਿ ਉਸਨੂੰ ਝੂਠੇ ਕੇਸ ਵਿਚ ਫਸਾਇਆ ਗਿਆ ਅਤੇ ਕੇਸ ਪਾਉਣ ਤੋਂ ਪਹਿਲਾਂ ਦੋ ਦਿਨ ਉਸਨੂੰ ਗੈਰਕਾਨੂੰਨੀ ਹਿਰਾਸਤ ਵਿਚ ਰੱਖਿਆ ਗਿਆ। 

ਪਰਿਵਾਰ ਨੇ ਦੱਸਿਆ ਕਿ ਪੁਲਸ ਨੇ ਸੁਖਚੈਨ ਸਿੰਘ ਨੂੰ 26 ਜੂਨ ਨੂੰ ਸਰਪੰਚ ਦੀ ਮੋਜੂਦਗੀ ਵਿਚ ਉਸਦੇ ਘਰ ਤੋਂ ਗ੍ਰਿਫਤਾਰ ਕੀਤਾ। ਪਰ ਪੁਲਸ ਨੇ ਸੁਖਚੈਨ ਦੀ ਗ੍ਰਿਫਤਾਰ ਪਿੰਡ ਦੇ ਬਸ ਅੱਡੇ ਤੋਂ ਹੋਈ ਦਿਖਾਈ ਹੈ। ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਪੁਲਸ ਸੁਖਚੈਨ ਨੂੰ ਘਰੋਂ ਲੈ ਕੇ ਗਈ ਉਸ ਸਮੇਂ ਕੋਈ ਹਥਿਆਰ ਨਹੀਂ ਸੀ ਪਰ ਪੁਲਸ ਨੇ ਬਾਅਦ ਵਿਚ ਆਪਣੇ ਕੋਲੋਂ ਹੀ ਸੁਖਚੈਨ 'ਤੇ ਪਿਸਤੌਲ ਅਤੇ ਕਾਰਤੂਸ ਪਾ ਦਿੱਤੇ। 

ਸੁਖਚੈਨ ਦੇ ਵੱਡੇ ਭਰਾ ਬੁੱਧ ਰਾਜ ਨੇ ਮੀਡੀਆ ਨੂੰ ਦੱਸਿਆ ਕਿ ਸੁਖਚੈਨ ਕਦੇ ਵੀ ਭਾਰਤ ਤੋਂ ਬਾਹਰ ਨਹੀਂ ਗਿਆ। ਉਹ ਸਿਰਫ ਇਸ ਸਾਲ ਦਰਬਾਰ ਸਾਹਿਬ ਗਿਆ ਸੀ। ਉਸਨੇ ਦੋ ਮਹੀਨੇ ਪਹਿਲਾਂ ਹੀ ਪਾਸਪੋਰਟ ਬਣਵਾਇਆ ਸੀ ਕਿਉਂਕਿ ਉਹ ਦੁਬਈ ਜਾਣਾ ਚਾਹੁੰਦਾ ਸੀ। ਸੁਖਚੈਨ ਦਾ ਭਰਾ ਵੀ ਪਹਿਲਾਂ ਦੁਬਈ ਕੰਮ ਕਰਕੇ ਆਇਆ ਹੈ। ਸੁਖਚੈਨ ਸਿੰਘ ਦੇ ਭਰਾ ਦਾ ਕਹਿਣਾ ਹੈ ਕਿ ਉਹਨਾਂ ਨੂੰ ਡਰ ਹੈ ਕਿ ਪੁਲਸ ਪਰਿਵਾਰ ਦੇ ਬਾਕੀ ਜੀਆਂ ਨੂੰ ਵੀ ਝੂਠੇ ਕੇਸਾਂ ਵਿਚ ਫਸਾ ਸਕਦੀ ਹੈ ਅਤੇ ਤਸ਼ੱਦਦ ਕਰ ਸਕਦੀ ਹੈ।  

ਦੱਸ ਦਈਏ ਕਿ ਪੰਝਾਬ ਦੇ ਡੀਜੀਪੀ ਨੇ ਇਹਨਾਂ ਗ੍ਰਿਫਤਾਰੀਆਂ ਬਾਰੇ ਜਾਰੀ ਬਿਆਨ ਵਿਚ ਕਿਹਾ ਸੀ ਕਿ ਇਹ ਲੋਕ ਸਮਾਜਿਕ ਤੇ ਧਾਰਮਿਕ ਆਗੂਆਂ ਨੂੰ ਨਿਸ਼ਾਨਾ ਬਣਾਉਣ ਅਤੇ ਸੂਬੇ ਦੀ ਫ਼ਿਰਕੂ ਸਦਭਾਵਨਾ ਨੂੰ ਭੰਗ ਕਰਨ ਦੀ ਯੋਜਨਾ ਬਣਾ ਰਹੇ ਸੀ।