ਜਿਊਣ ਲਈ ਜੂਝਦਆਿਂ : ਔਰਤਾਂ ਵਾਤਾਵਰਨ ਤੇ ਵਿਕਾਸ

ਜਿਊਣ ਲਈ ਜੂਝਦਆਿਂ : ਔਰਤਾਂ ਵਾਤਾਵਰਨ ਤੇ ਵਿਕਾਸ

ਜਿਊਣ ਲਈ ਜੂਝਦਿਆਂ : 

ਔਰਤਾਂ ਵਾਤਾਵਰਨ ਤੇ ਵਿਕਾਸ

ਇਹ ਲਿਖਤ ਵੰਦਨਾ ਸ਼ਿਵਾ ਦੇ ਉਸਦੀ ਕਿਤਾਬ ਸਟੇਇੰਗ ਅਲਾਈਵ  ਵਿਚ ਦਿੱਤੇ ਵਿਚਾਰਾਂ ਉਤੇ ਅਧਾਰਤ ਹੈ। ਕੁਦਰਤੀ ਵਾਤਾਵਰਣ ਦੇ ਵਿਸ਼ੇ ਤੇ ਲਿਖੀ ਇਹ ਇੱਕ ਬਹੁਤ ਵਧੀਆ ਕਿਤਾਬ ਹੈ। ਵਿਸ਼ੇ ਦੇ ਨਵੇਂ ਖੋਜੀ ਇਸ ਵਿੱਚ ਇਸ ਮੁੱਦੇ ਤੇ ਅਤੇ ਨਾਲ ਹੀ ਪਾਣੀ ਮਿੱਟੀ ਤੇ ਹਰੇ ਇਨਕਲਾਬ ਬਾਰੇ ਵੀ ਬਹੁਤ ਕੁਝ ਕੱਢ ਸਕਦੇ ਹਨ। ਖੇਤੀਬਾੜੀ ਬਾਰੇ ਬਹੁਤ ਸਾਰੇ ਅਜਿਹੇ ਹੈਰਾਨਕੁਨ ਤੱਥ ਵੀ ਇਸ ਕਿਤਾਬ ਵਿੱਚ ਹਨ ਜੋ ਪੜ੍ਹਨ ਵਾਲੇ ਨੂੰ ਅੱਤ ਦੀ ਹੈਰਾਨੀ ਤੱਕ ਲੈ ਜਾਂਦੇ ਹਨ।

ਇਸ ਕਿਤਾਬ ਵਿੱਚ ਬੀਬੀ ਵੰਦਨਾ ਸ਼ਿਵਾ ਕੁਦਰਤ/ਔਰਤ ਦੇ ਵਿਕਾਸ/ਵਿਗਿਆਨ ਨਾਲ ਰਿਸ਼ਤੇ ਦੀਆਂ ਗੰਢਾਂ ਖੋਲ੍ਹਣ ਦਾ ਹੰਭਲਾ ਮਾਰਦੇ ਹਨ। ਵਿਕਾਸ ਨੂੰ ਉਹ ਪੱਛਮੀ ਪਵਿੱਤਰਤਾ ਦੇ ਨਵੇਂ ਖਿਡਾਉਣੇ ਜਾਂ ਸੰਦ (ਪ੍ਰੋਜੈਕਟ) ਵਜੋਂ ਵੇਖਦੇ ਹਨ। ਵਿਗਿਆਨ ਦੇ ਵਿਕਾਸ ਵੱਲੋਂ ਇਜਾਦ ਕੀਤੀ ਤਰੱਕੀ ਦੀ ਇਸ ਭੁੱਖ ਨੇ ਬਿਨਾ ਇਸ ਗੱਲ ਦੇ ਅੰਦਾਜ਼ੇ ਦੇ ਕਿ ਕਿੰਨਾ ਕੁ ਤੇ ਕਿੰਨੀ ਤੇਜੀ ਨਾਲ ਇਹ ਜੀਵ ਵਿਭਿੰਨਤਾ ਅਲੋਪ ਹੋ ਰਹੀ ਹੈ, ਜੀਵਨ ਤਬਾਹ ਕਰਕੇ ਰੱਖ ਦਿੱਤਾ ਹੈ। ਧਰਤੀ ਤੇਜੀ ਨਾਲ ਆਪਣੇ ਅੰਤ ਵੱਲ ਵਧ ਰਹੀ ਹੈ। ਇਹਦੇ ਜੰਗਲ, ਮਿੱਟੀ, ਪਾਣੀ, ਹਵਾ ਸਭ ਤੇਜ਼ੀ ਨਾਲ ਖਤਮ ਹੋ ਰਹੇ ਹਨ। ਉਹ ਇਸ ਗੱਲ ਤੇ ਵਿਸਥਾਰ ਨਾਲ ਚਾਨਣਾ ਪਾਉਂਦੇ ਹਨ ਕਿ  ਬਸਤੀਵਾਦ ਕਿਵੇਂ ਪੂੰਜੀਵਾਦ ਦੇ ਵਾਧੇ ਲਈ ਇੱਕ ਲਗਾਤਾਰ ਵਾਪਰ ਰਹੀ ਕਿਰਿਆ ਹੈ ਤੇ ਪੂੰਜੀਵਾਦ ਦੇ ਵਾਧੇ ਲਈ ਕੁਦਰਤੀ ਸਾਧਨਾਂ ਨੂੰ ਕਿਵੇਂ ਅਣਵਿਕਸਤ ਜਾਂ ਅਣਖੋਜੇ ਸੋਮਿਆਂ ਵਜੋਂ ਪੇਸ਼ ਕੀਤਾ ਜਾਂਦਾ ਹੈ। ਇਹ ਨਜਰੀਏ ਤੋਂ ਵੇਖਿਆਂ ਇਹ ਇੱਕ ਸਾਫ਼ ਪਾਣੀ ਦਾ ਸਥਿਰ ਕੁਦਰਤੀ ਦਰਿਆ ਵੀ ਅਜਿਹਾ ਇੱਕ ਸੋਮਾ ਹੈ ਜਿਸ ਦਾ ਕਿ ਪੂਰਾ ਲਾਹਾ ਨਹੀਂ ਲਿਆ ਜਾ ਰਿਹਾ ਤੇ ਇਹ ਇੰਜ ਹੀ ਰਹੇਗਾ ਜਦ ਤੱਕ ਕਿ ਇਸ ਤੇ ਬੰਨ੍ਹ ਮਾਰ ਕੇ ਇਸ ਦੀ ਵਰਤੋਂ ਸਹੀ ਤਰੀਕੇ ਨਹੀਂ ਕੀਤੀ ਜਾਂਦੀ ਤੇ ਇਸੇ ਰਾਹ ਜਦ ਤੀਕ ਜੰਗਲ ਦੀ ਕੁਦਰਤੀ ਵੰਨ ਸੁਵੰਨਤਾ ਉਜਾੜ ਕੇ ਇੱਕੋ ਮੇਲ ਦੀ ਫ਼ਸਲ ਨਹੀਂ ਬੀਜ ਦਿੱਤੀ ਜਾਂਦੀ। ਸਾਫ ਸ਼ਬਦਾਂ ਵਿੱਚ ਕੋਈ ਵੀ ਚੀਜ਼ ਤਦ ਤਕ ਅਣਉਪਯੋਗੀ ਹੀ ਗਿਣੀ ਜਾਂਦੀ ਹੈ ਜਦ ਤਕ ਉਹ ਮੁਨਾਫ਼ਾ ਜਾਂ ਪੂੰਜੀ ਕਮਾ ਕੇ ਦੇਣ ਦਾ ਵਸੀਲਾ ਨਹੀਂ ਬਣਦੀ। ਤੀਜੀ ਦੁਨੀਆਂ ਵਿੱਚ ਔਰਤਾਂ ਦੇ ਕੰਮ ਨੂੰ ਵੀ ਇਸੇ ਐਨਕ ਨਾਲ ਵੇਖਿਆ ਜਾਂਦਾ ਹੈ।

ਬੀਬੀ ਸ਼ਿਵਾ ਗਰੀਬੀ ਤੇ ਦੁੱਖ ਵਿਚਲੀ ਲੀਕ ਨੂੰ ਨਿਰਭਰਤਾ ਤੇ ਕਮੀ ਨਾਲ ਮੇਲ ਕੇ ਸਮਝਾਉਂਦੇ ਹਨ। ਸਮਾਜਕ ਨਿਰਭਰਤਾ ਜ਼ਰੂਰੀ ਨਹੀਂ ਕਿ ਪਦਾਰਥ ਗਰੀਬੀ ਵਜੋਂ ਵੇਖੀ ਜਾਵੇ ਪਰ ਵਿਕਾਸ ਦੀ ਇਹ ਵਿਚਾਰਧਾਰਾ ਸਮਾਜਿਕ ਨਿਰਭਰ ਲੋਕਾਂ ਨੂੰ ਵੀ ਇਸੇ ਰੱਸੇ ਨਾਲ ਨੂੜ ਦਿੰਦੀ ਹੈ। ਇਸਦਾ ਕਾਰਨ ਹੈ ਉਨ੍ਹਾਂ ਦਾ ਕਿਸੇ ਮੰਡੀ ਦੀ ਆਰਥਕਿਤਾ ਦਾ ਖਾਜਾ ਨਾ ਹੋਣਾ। ਸੀਮਿੰਟ ਦੇ ਪੱਕੇ ਘਰ ਛੱਡ ਕੇ ਮੌਕੇ ਦੇ ਕੁਦਰਤੀ ਸੋਮੇ ਬਾਂਸ ਮਿੱਟੀ ਆਦਿ ਵਰਤ ਕੇ ਆਤਮ ਨਿਰਭਰਤਾ ਨਾਲ ਆਪਣੇ ਹੱਥੀਂ ਆਪ ਬਣਾਏ ਘਰ ਵਿੱਚ ਰਹਿਣ ਕਰਕੇ ਹੀ ਉਨ੍ਹਾਂ ਨੂੰ ਗਰੀਬ ਵਾਲੇ ਖਾਨੇ ਵਿੱਚ ਰੱਖ ਦਿੱਤਾ ਜਾਂਦਾ ਹੈ। ਘਰੇਲੂ ਬਣੀਆਂ ਚੀਜਾਂ ਦੀ ਵਰਤੋਂ ਕਦੇ ਵੀ ਮਾੜੀ ਪਦਾਰਥਕ ਜੀਵਨ ਜਾਂਚ ਨਹੀਂ ਮੰਨੀ ਜਾ ਸਕਦੀ। ਸਗੋਂ ਘਰੇਲੂ ਬਣੇ ਪਦਾਰਥ ਮੰਡੀ ਰਾਹੀਂ ਮਿਲਦੀਆਂ ਚੀਜਾਂ ਤੋਂ ਕਿਤੇ ਵੱਧ ਗੁਣਾਤਮਕ ਤੇ ਉੱਚੇ ਦਰਜੇ ਦੇ ਹੁੰਦੇ ਹਨ ਫਿਰ ਚਾਹੇ ਉਹ ਘਰ ਹੋਣ ਚਾਹੇ ਖਾਣ ਪੀਣ ਦੇ ਪਦਾਰਥ। ਇਹ ਵਿਕਾਸ ਦੇ ਉੱਦਮ ਸਗੋਂ ਉਨ੍ਹਾਂ ਦੀ ਆਤਮ ਨਿਰਭਰਤਾ ਰਹਿਣ ਸਹਿਣ ਨੂੰ ਉਜਾੜ ਕੇ ਉਨ੍ਹਾਂ ਨੂੰ ਅਸਲ ਪਦਾਰਥਕ ਗਰੀਬੀ ਵੱਲ ਧੱਕ ਦਿੰਦੇ ਹਨ। ਨਕਦ ਵੇਚ ਲਈ ਬੀਜੀਆਂ ਜਾਂਦੀਆਂ ਫ਼ਸਲਾਂ ਤੇ ਪੈਦਾਵਾਰ ਦੀ ਵਿਕਰੀ ਕਰਨ ਦੇ ਵਪਾਰ ਉਸ ਵੱਸੋਂ ਤੋਂ ਜ਼ਮੀਨ ਤੇ ਸਾਫ਼ ਪਾਣੀ ਖੋਹ ਲੈਂਦੇ ਹਨ ਜੋ ਕਿ ਪੂਰੀ ਤਰ੍ਹਾਂ ਉਨ੍ਹਾਂ ਉੱਤੇ ਨਿਰਭਰ ਹੁੰਦੀ ਹੈ। ਸਿੱਧਾ ਕਿਹਾ ਜਾਵੇ ਤਾਂ ਇਹ ਬਣਾ ਕੇ ਪੇਸ਼ ਕੀਤੀ ਜਾਂਦੀ ਗ਼ਰੀਬੀ ਕਦਾਚਿਤ ਵੀ ਪਦਾਰਥਕ ਗਰੀਬੀ ਨਹੀਂ ਹੈ ਸਗੋਂ ਇਹ ਉਹ ਥਾਂ ਤੇ ਵਸਦੇ ਕਰੋੜਾਂ ਲੋਕਾਂ ਦੀ ਹੋਂਦ ਨੂੰ ਵੱਡਾ ਖਤਰਾ ਹੈ।

ਅੱਜ ਦਾ ਵਿਗਿਆਨ ਕੁਝ ਇੱਕ ਬੰਦਿਆਂ ਦੇ ਦਿਮਾਗ ਦੀ ਉਪਜ ਹੈ ਤੇ ਪੱਛਮ ਦੀ ਕਾਢ ਹੈ ਜੋ ਕਿ ਵਿਗਿਆਨਕ ਇਨਕਲਾਬ ਦੇ ਸਿੱਟੇ ਵਜੋਂ ਹੋਂਦ ਵਿੱਚ ਆਇਆ ਹੈ। ਸਿੱਟਾ ਇਹ ਨਿਕਲਿਆ ਕਿ ਕੁਦਰਤ ਤੋਂ ਮਾਂ ਹੋਣ ਦਾ ਦਰਜਾ ਖੋਹ ਲਿਆ ਗਿਆ। ਕੁਦਰਤ ਨੂੰ ਇਸਤਰੀ ਲਿੰਗ ਬਣਾ ਕੇ ਉਹ ਖਾਨੇ ਵਿੱਚ ਰੱਖ ਦਿੱਤਾ ਗਿਆ ਹੈ ਜਿੱਥੇ ਕੋਈ ਵੀ ਪੁਲਿੰਗ ਦਿਮਾਗ ਇਸ ਤੇ ਚੜਾਈ ਕਰਕੇ ਆ ਸਕੇ ਤੇ ਇਸ ਉੱਤੇ ਕਬਜਾ ਜਮਾ ਸਕੇ। ਇਸੇ ਨੂੰ ਵਿਕਾਸ ਮਾਰਗ ਦਾ ਨਾਂ ਦਿੱਤਾ ਜਾਂਦਾ ਹੈ ਤੇ ਇਹ ਖਿੱਤੇ ਦੀ ਹਕੂਮਤ ਦੀ ਰਜ਼ਾ ਤੋਂ ਬਿਨਾ ਕਰਨਾ ਸੰਭਵ ਹੀ ਨਹੀਂ ਹੈ। ਅੱਗੇ ਉਨ੍ਹਾਂ ਨੇ ਉਦਾਹਰਣਾ ਦਿੱਤੀਆਂ ਹਨ ਕਿ ਕਿਵੇਂ ਇਨ੍ਹਾਂ ਵਿਕਾਸ ਦੇ ਉੱਦਮਾਂ ਨੇ ਕੁਝ ਖਿੱਤਿਆਂ ਨੂੰ ਬਰਬਾਦ ਕਰਕੇ ਉਜਾੜ ਕੇ ਰੱਖ ਦਿੱਤਾ ਹੈ। ਪੱਛਮੀ ਮਾਹਰਾਂ ਦੇ ਅਫਰੀਕਾ ਦੇ ਵਿਕਾਸ ਉੱਦਮ ਹੀ ਅਫਰੀਕਾ ਦੀ ਬਰਬਾਦੀ ਦਾ ਕਾਰਨ ਬਣੇ ਹਨ। ਉੱਥੋਂ ਦੇ ਮੂਲ ਨਿਵਾਸੀ ਆਪਣੇ ਸਦੀਆਂ ਲੰਮੇ ਜੀਵਨ ਜਾਚ ਵਿੱਚੋਂ ਸਿਰਜੇ ਆਪਣੇ ਨਿਵੇਕਲੇ ਵਾਤਾਵਰਨ ਗਿਆਨ ਪ੍ਰਬੰਧ ਨੂੰ ਬਚਾਈ ਬੈਠੇ ਸਨ। ਉਨ੍ਹਾਂ ਦੀ ਇਹ ਵਾਤਾਵਰਨ ਜੀਵਨ ਜਾਂਚ ਸਮਝ ਸਦੀਆਂ ਤੱਕ ਜਿਉਂਦੀ ਰਹੀ ਤੇ ਵਧੀ ਫੁੱਲੀ ਪਰ ਪੱਛਮੀ ਮਾਹਰ ਆਪਣੀ ਸਮਝ ਤੇ ਅਕਲ ਵਰਤ ਕੇ ਕੁਝ ਦਹਾਕਿਆਂ ਦੇ ਸਮੇਂ ਵਿੱਚ ਹੀ ਇਹ ਸੋਮਾ ਖਤਮ ਕਰ  ਗਏ।

ਕੁਝ ਖੇਤਰਾਂ ਵਿੱਚ ਇਹ ਕੁਦਰਤੀ ਵਾਤਾਵਰਨ ਆਪਣੇ ਪਹਿਲੇ ਖਿਆਲ ਵੱਲ ਮੁੜਿਆ ਜਾਪਦਾ ਹੈ। ਜਿਵੇਂ ਬੱਚੇ ਨੂੰ ਮਾਂ ਦਾ ਦੁੱਧ ਪਿਆਉਣ ਦੀ ਮਹੱਤਤਾ ਨੂੰ ਬੱਚਿਆਂ ਦੇ ਡੱਬਾ ਬੰਦ ਦੁੱਧ ਦੀ ਕਾਢ ਨੇ ਨਿਗੁਣਾ ਕਰਕੇ ਰੱਖ ਦਿੱਤਾ ਸੀ। ਪਰ ਹੁਣ ਫਿਰ ਇਸ ਵੱਲ ਮੁੜ ਕੇ ਉਸ ਦੀ ਲੋੜ ਤੇ ਮਹੱਤਤਾ ਦਾ ਗੁਣਗਾਨ ਕੀਤਾ ਜਾਣ ਲੱਗਿਆ ਹੈ। ਦੂਜੀ ਉਦਾਹਰਣ ਹੈ ਜੈਵਿਕ ਖੇਤੀ ਦੀ ਜੋ ਮੁੜ ਪੈਰ ਜਮਾਉਣ ਲੱਗੀ ਹੈ।

ਹੋਂਦ ਦੀ ਲੋੜ ਦੇ ਪੱਖ ਤੋਂ ਕੀਤੀ ਜਾਂਦੀ ਪੈਦਾਵਾਰ ਦਾ ਧਨ ਕਮਾਉਣ ਲਈ ਕੀਤੀ ਜਾਂਦੀ ਪੈਦਾਵਾਰ ਨਾਲੋਂ ਜ਼ਮੀਨ ਅਸਮਾਨ ਦਾ ਫ਼ਰਕ ਹੈ। ਆਦਮੀ ਕੁਦਰਤੀ ਸਾਧਨਾਂ ਅਤੇ ਔਰਤ ਦੇ ਕੰਮ ਨੂੰ ਕੱਚੇ ਮਾਲ ਵਜੋਂ ਵਰਤ ਕੇ ਉਤਪਾਦਨ ਕਰਦਾ ਹੈ।। ਇਸ ਸਾਰੇ ਕਾਸੇ ਵਿੱਚ ਔਰਤਾਂ ਤੇ ਕੁਦਰਤ ਨੂੰ ਅਣਉਪਯੋਗੀ ਸਮਝ ਕੇ ਵਰਤਿਆ ਜਾਂਦਾ ਹੈ। ਕੁਦਰਤ ਦੀ ਇਸ ਬੇਕਿਰਕ ਵਰਤੋਂ ਕੁਦਰਤੀ ਉਜਾੜ ਵੱਲ ਤੇ ਔਰਤ ਦੇ ਕੰਮ ਦੀ ਇਹ ਬੇਕਦਰੀ ਨੇ ਉਹਨਾਂ ਨੂੰ ਵੀ ਲਿੰਗ ਆਧਾਰਤ ਨਾ ਬਰਾਬਰੀ ਤੇ ਲਿੰਗਵਾਦ ਵੱਲ ਧੱਕ ਦਿੱਤਾ ਹੈ। ਇਸ ਸਾਰੇ ਦਾ ਹੱਲ ਵੀ ਉਹ ਹਿੱਸੇ ਵਿੱਚ ਪਿਆ ਹੈ ਜੋ ਇਸ ਸਾਰੇ ਕਾਸੇ ਤੋਂ ਪੀੜਤ ਹੈ ਤੇ ਮਾਦਾ ਰੱਖਦਾ ਹੈ ਇਸ ਨਵੇਂ ਵਿਦਵਤਾ ਪੂਰਨ ਕੁਦਰਤੀ ਵਾਤਾਵਰਨ ਨੂੰ ਸਾਂਭ ਕੇ ਰੱਖਣ ਦੀ ਮਿਸਾਲ ਬਣਨ ਦਾ।

ਤਪੋਵਨ ਵਿੱਚ ਰਵਿੰਦਰ ਨਾਥ ਟੈਗੋਰ ਲਿਖਦੇ ਹਨ ਕਿ ਭਾਰਤ ਦੇ ਸਭ ਤੋਂ ਉਪਜਾਊ ਵਿਚਾਰ ਉੱਥੋਂ ਨਿਕਲਦੇ ਹਨ ਜਿੱਥੇ ਮਨੁੱਖ ਕੁਦਰਤ ਨਾਲ ਰੁੱਖਾਂ ਨਾਲ ਦਰਿਆਵਾਂ ਨਾਲ ਇਕਮਿਕ ਤੇ ਭੀੜਾਂ ਤੋਂ ਕਿਤੇ ਦੂਰ ਹੈ। ਮੱਧ ਭਾਰਤ ਅਤੇ ਕਬੀਲਿਆਂ ਲਈ ਜੰਗਲ ਉਨ੍ਹਾਂ ਦੀ ਹੋਂਦ ਦਾ ਮੁੱਖ ਸੋਮਾ ਹਨ। ਉਹ ਜੰਗਲਾਂ ਵਿੱਚੋਂ ਫੁੱਲ ਤੇ ਬੂਟੀਆਂ ਚੁਗਦੇ ਹਨ ਜਿਨ੍ਹਾਂ ਨੂੰ ਕਿ ਕੱਚਾ ਸੁਕਾ ਕੇ ਜਾਂ ਪਕਾ ਕੇ ਆਟੇ ਵਿੱਚ ਪੀਸ ਕੇ ਤੇ ਰਲਾ ਕੇ ਖਾਧਾ ਜਾਂਦਾ ਹੈ। ਬੀਜ ਪੀੜ ਕੇ ਕੱਢੇ ਗਏ ਚਿੱਟੇ ਗਾੜ੍ਹੇ ਤੇਲ ਨਾਲ ਉਹ ਆਪਣਾ ਭੋਜਨ ਪਕਾਉਂਦੇ ਹਨ ਤੇ ਨਾਲ ਹੀ ਇਹ ਸਾਬਣ ਅਤੇ ਗਲਸਿਰੀਨ ਬਣਾਉਣ ਦੇ ਕੰਮ ਆਉਂਦਾ ਹੈ। ਜਦੋਂ ਅੰਗਰੇਜ਼ਾਂ ਨੇ ਭਾਰਤ ਨੂੰ ਆਪਣੀ ਬਸਤੀ ਬਣਾਇਆ ਤਾਂ ਸਭ ਤੋਂ ਪਹਲਾਂ ਉਨ੍ਹਾਂ ਨੇ ਜੰਗਲਾਂ ਨੂੰ ਆਪਣੀ ਬਸਤੀ ਹੇਠ ਲਿਆਂਦਾ। ਉਨ੍ਹਾਂ ਨੇ ਜੰਗਲਾਂ ਦਾ ਵਿਗਿਆਨਕ ਪ੍ਰਬੰਧਨ ਸ਼ੁਰੂ ਕੀਤਾ। ਅਸਲ ਵਿੱਚ ਇਹ ਉਨ੍ਹਾਂ ਜੰਗਲਾਂ ਦਾ ਉਜਾੜਾ ਸੀ ਤੇ ਉੱਥੇ ਵਸਦੇ ਲੋਕਾਂ ਦੇ ਹੱਕਾਂ ਉੱਤੇ ਡਾਕਾ। ਇਹੀ ਪ੍ਰਥਾ ਅੰਗਰੇਜ਼ਾਂ ਤੋਂ ਬਾਅਦ ਵੀ ਬੇਕਰਿਕ ਚੱਲਦੀ ਆ ਰਹੀ ਹੈ। ਅੱਗੇ ਸ਼ਿਵਾ ਲਿਖਦੇ ਹੋਏ ਚਿਪਕੋ ਅੰਦੋਲਨ ਦੀ ਮਸਾਲ ਦਿੰਦੇ ਹਨ ਕਿ ਕਿਵੇਂ ਉਨ੍ਹਾਂ ਜੰਗਲ ਬਚਾਉਣ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ। ਇਸ ਅੰਦੋਲਨ ਵਿੱਚ ਔਰਤਾਂ ਦਾ ਉਚੇਚਾ ਯੋਗਦਾਨ ਸੀ।

ਜੰਗਲਾਂ ਤੇ ਇੱਕ ਹੋਰ ਮਾਰ ਪਈ ਉਹ ਸੀ ਸਮਾਜਿਕ ਜੰਗਲੀਕਰਨ ਦੇ ਉੱਦਮ ਦੀ। ਇਹ ਉੱਦਮ ਮਸਾਲ ਹੈ ਇੱਕੋ ਇੱਕ ਕਿਸਮ ਦੀ ਖੇਤੀ ਦਾ ਤੇ ਇੱਕੋ ਕਿਸਮ ਦੀ ਪੈਦਾਵਾਰ ਦਾ। ਇਹ ਉੱਦਮ ਜੰਗਲੀਕਰਨ ਤੇ ਖੇਤੀਬਾੜੀ ਦਾ ਨਖੇੜਾ ਕਰਦਾ ਹੈ ਪਰ ਵੇਖਦਾ ਉਸ ਨੂੰ ਪੂੰਜੀਵਾਦ ਦੀ ਐਨਕ ਵਿੱਚੋਂ ਹੀ ਹੈ। ਕਰਨਾਟਕ ਦੇ ਕੋਲਾਰ ਜਿਲ੍ਹੇ ਵਿੱਚ ਉਚੇਚੇ ਤੌਰ ਤੇ ਇਸ ਦੀ ਵਿਉਂਤਬੰਦੀ ਕੀਤੀ ਗਈ ਤੇ ਮਾਹਰਾਂ ਨੇ ਕਿਹਾ ਕਿ ਕਬੀਲਾਈ ਗਿਆਨ ਗੈਰ ਵਿਗਿਆਨਕ ਹੈ ਤੇ ਕੁਹਾੜਾ ਚਲਾ ਦਿੱਤਾ ਗਿਆ ਉੱਥੋਂ ਦੇ ਰੁੱਖਾਂ ਉੱਤੇ ਕਿਉਂ ਜੋ ਉਹ ਮੰਡੀ ਦੇ ਮੇਲ ਤੇ ਨਹੀਂ ਸੀ ਤੇ ਸਾਰੇ ਕਿਤੇ ਬੀਜ ਦਿੱਤਾ ਗਿਆ ਸਫੈਦਾ ਕਿਉਂਕਿ ਉਹ ਮੰਡੀ ਨੂੰ ਮਾਫਕ ਸੀ। ਕਰਨਾਟਕ ਆਪਣੀ ਵਾਹੀਯੋਗ ਜ਼ਮੀਨ ਦੇ ਤੇਰਾਂ ਫੀਸਦੀ ਪਹਿਲਾਂ ਹੀ ਸਫ਼ੈਦੇ ਦੀ ਮਾਰ ਹੇਠ ਲਿਆ ਚੁੱਕਿਆ ਹੈ। ਕੋਈ ਸ਼ੱਕ ਨਹੀਂ ਕਿ ਇਸ ਨੇ ਪੂੰਜੀ ਤੇ ਖਪਤਯੋਗ ਉਤਪਾਦ ਭਰਪੂਰ ਰੂਪ ਵਿੱਚ  ਦਿੱਤੇ ਪਰ ਕੁਦਰਤੀ ਵਾਤਾਵਰਨ ਦਾ ਵਿਨਾਸ਼ ਹੱਦ ਦਰਜੇ ਤੋਂ ਵੱਧ ਕਰ ਦਿੱਤਾ। ਇਹ ਉੱਥੋਂ ਦੀ ਕੁਦਰਤੀ ਬਣਤਰ ਨੂੰ ਮੇਚ ਨਹੀ ਸੀ ਆਉਂਦਾ। ਪਰ ੧੯੮੩ ਵਿੱਚ ਔਰਤਾਂ ਤੇ ਛੋਟੀ ਕਿਸਾਨੀ ਨੇ ਜਥੇਬੰਦਕ ਰੂਪ ਵਿੱਚ ਸਫ਼ੈਦੇ ਦੇ ਛੋਟੇ ਬੂਟਿਆਂ ਨੂੰ ਪੁੱਟ ਸੁੱਟਆਿ ਤੇ ਇਮਲੀ ਤੇ ਅੰਬ ਬੀਜ ਦਿੱਤੇ। ਇਸ ਵਿਦਰੋਹ ਨੇ ਜੰਗਲ ਵਿਗਿਆਨ ਦੀ ਪ੍ਰਧਾਨਗੀ ਨੂੰ ਖੁੱਲ੍ਹੀ ਵੰਗਾਰ ਦਿੱਤੀ ਜੋ ਭਾਂਤ ਭਾਂਤ ਦੀ ਬਨਸਪਤੀ ਉਜਾੜ ਕੇ ਇੱਕ ਕਿਸਮ (ਸਫੈਦੇ) ਦੇ ਹੱਕ ਵਿੱਚ ਸੀ ਤੇ ਸਾਰੀਆਂ ਦੇਸੀ ਮੰਗਾਂ ਨਕਾਰ ਕੇ ਇੱਕ ਮੰਡੀ ਦੀ ਲੋੜ ਪੂਰਨ ਦੀ ਹਾਮੀ ਸੀ ਤੇ ਇਲਾਕਾਈ ਗਿਆਨ ਨੂੰ ਨਕਾਰ ਕੇ ਇੱਕ ਗਿਆਨ (ਵਿਸ਼ਵ ਬੈਂਕ ਜਾਂ ਜੰਗਲਾਤ ਅਫਸਰਾਂ) ਦੀ ਪ੍ਰਧਾਨਗੀ ਉੱਤੇ ਕਾਇਲ ਸੀ।

ਹਰੇ ਇਨਕਲਾਬ ਨੂੰ ਸਮਾਜ ਲਈ ਇੱਕ ਵਰਦਾਨ ਵਾਂਗ ਵੇਖਿਆ ਗਿਆ ਜਦਕਿ ਇਹ ਇੱਕ ਸਰਾਪ ਹੈ। ਇਹ ਪੱਛਮੀ ਉੱਦਮ ਮਨੁੱਖ, ਪਸ਼ੂ ਅਤੇ ਖੇਤੀਬਾੜੀ ਵਿਚਲੇ ਤਾਣੇ ਨੂੰ ਨਾ ਸਮਝ ਸਕਿਆ ਨਾ ਸਥਾਪਤ ਕਰ ਸਕਿਆ। ਹਰੇ ਇਨਕਲਾਬ ਦੇ ਨੀਤੀ ਘਾੜੇ ਤੇ ਇਸ ਦੇ ਪੈਰੋਕਾਰ ਇਨ੍ਹਾਂ ਤਿੰਨਾਂ ਨੂੰ ਇੱਕ ਦੂਜੇ ਤੋਂ ਵੱਖਰੀਆਂ ਸ਼ੈਆਂ ਵਜੋਂ ਵੇਖਦੇ ਹਨ ਜਿਨ੍ਹਾਂ ਦਾ ਆਪਸ ਵਿੱਚ ਕੋਈ ਰਿਸ਼ਤਾ ਨਾ ਹੋਵੇ। ਖੇਤੀਬਾੜੀ ਮੁਨਾਫੇਖੋਰੀ ਤਕ ਸੀਮਤ ਕਰਕੇ ਰੱਖ ਦਿੱਤੀ ਗਈ ਤੇ ਫ਼ਸਲੀ ਵਿਭਿੰਨਤਾ ਤਬਾਹ ਕਰ ਦਿੱਤੀ ਗਈ। ਪਸ਼ੂ ਪਾਲਣ ਸਿਰਫ ਦੁੱਧ ਵਪਾਰ ਦੀ ਮੰਗ ਪੂਰਤੀ ਤਕ ਸੀਮਤ ਕਰਕੇ ਰੱਖ ਦਿੱਤਾ ਗਿਆ। ਜੰਗਲਾਂ ਤੇ ਪਸ਼ੂ ਧਨ ਤੋਂ ਮਿਲ ਰਹੇ ਹੋਰ ਜੈਵਿਕ ਤੱਤਾਂ ਨੂੰ ਗੈਰ ਜ਼ਰੂਰੀ ਸਮਝ ਕੇ ਤਿਆਗ ਦਿੱਤਾ ਗਿਆ। ਇੱਕ ਪਾਸੇ ਹਰੇ ਇਨਕਲਾਬ ਨੂੰ ਸਿਰਫ ਵੱਧ ਪੈਦਾਵਾਰ ਨਾਲ ਮਾਪਿਆ ਜਾਣ ਲੱਗਿਆ ਤੇ ਦੂਜੇ ਪਾਸੇ ਜ਼ਮੀਨ ਵਿਚਲੇ ਤੱਤਾਂ ਦੇ ਪਲੀਤ ਹੋਣ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ। ਧਰਤੀ ਦੀ ਮਿੱਟੀ ਉੱਤੇ ਕੀਤੀ ਜਾ ਰਹੀ ਗੰਡੋਏ ਦੀ ਮਿਹਨਤ ਨੂੰ ਅਸਲ ਵਿੱਚ ਟਰੈਕਟਰ ਖਾਦ ਤੇ ਬੰਨ੍ਹ ਤਿੰਨਾਂ ਨਾਲ ਮਿਲਾ ਕੇ ਹੀ ਵੇਖਿਆ ਜਾ ਸਕਦਾ ਹੈ। ਪੁਰਾਣੀ ਖੇਤੀ ਵਿਚ ਇਸ ਦੀ ਬਹੁਤ ਮਹੱਤਵ ਸੀ, ਪਰ ਹਰੀ ਕ੍ਰਾਂਤੀ ਵਾਲੀ ਖੇਤੀ ਵਿਚੋਂ ਇਸ ਦੀ ਮਹਤਤਾ ਗਾਇਬ ਹੈ। ਇਹ ਜਾਦੂਮਈ ਵਿਗਿਆਨਕ ਬੀਜ ਅਸਲ ਵਿੱਚ ਆਮ ਨਾਲੋਂ ਤਿੰਨ ਚਾਰ ਗੁਣਾ ਵੱਧ ਤੱਤ ਜ਼ਮੀਨ ਵਿੱਚੋਂ ਨਿਚੋੜ ਲੈਂਦੇ ਸੀ। ੧੯੬੨ ਤੋਂ ਪਹਿਲਾਂ  ਵਾਇਰਸ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਭਾਰਤ ਵਿੱਚ ਹੈ ਹੀ ਨਹੀਂ ਸੀ। ਇਹ ਸਭ ਆਏ ਹਰੇ ਇਨਕਲਾਬ ਦੇ ਨਾਲ ਹੀ। ਬੀਬੀ ਸ਼ਿਵਾ ਇਹ ਕਹਿੰਦੇ ਹਨ ਕਿ ਭਾਰਤ ਵਿਚ ਹਰੀ ਕ੍ਰਾਂਤੀ ਅਸਲ ਵਿਚ ਹਰੀ ਕ੍ਰਾਂਤੀ ਹੈ ਹੀ ਨਹੀਂ ਕਿਉਂਕਿ ਨਾ ਤਾਂ ਇਸ ਵਿੱਚ ਹਰਿਆਵਲ ਹੈ ਅਤੇ ਨਾ ਹੀ ਕੋਈ ਕ੍ਰਾਂਤੀ।

ਹੁਣ ਇਹ ਕਿਹਾ ਜਾਣ ਲੱਗਿਆ ਹੈ ਕਿ ਜੀਵ ਵਿਗਿਆਨ ਹਰੇ ਇਨਕਲਾਬ ਦੇ ਦੁਰਪ੍ਰਭਾਵਾਂ ਦਾ ਇਲਾਜ ਕਰੇਗਾ ਤੇ ਨਜਿੱਠ ਲਵੇਗਾ। ਪਰ ਇਹ ਇੱਕ ਹੋਰ ਉੱਦਮ ਹੈ ਜੋ ਵਪਾਰੀਕਰਨ ਵਿੱਚ ਵਾਧਾ ਕਰੇਗਾ ਤੇ ਕੁਦਰਤ ਦੇ ਹੋਰ ਤੱਤ ਚੂਸ ਲਵੇਗਾ। ਹਰਾ ਇਨਕਲਾਬ ਮਿੱਟੀ ਦੀ ਮੌਤ ਦਾ ਮੁੱਖ ਦੋਸ਼ੀ ਹੈ। ਇਸ ਸਾਰੇ ਕਾਸੇ ਤੋਂ ਬਿਨਾਂ ਬੀਬੀ ਸ਼ਿਵਾ ਦਰਿਆਵਾਂ ਦੀ ਹੋਣੀ, ਬੰਨ੍ਹ ਵਪਾਰ ਤੇ ਪਾਣੀ ਦੀ ਕਿੱਲਤ ਆਦਿ ਬਾਰੇ ਵੀ ਗੱਲ ਕਰਦੇ ਹਨ।

 ਸਮੀਖਿਆ ਕਰਤਾ - ਹਰਬੀਰ ਕੌਰ

(ਹਰਬੀਰ ਕੌਰ ਮਾਲਵਾ ਕਾਲਜ ਬੋਂਦਲੀ ਸਮਰਾਲਾ ਵਿਖੇ ਅੰਗਰੇਜ਼ੀ ਵਿਭਾਗ ਵਿੱਚ ਸਹਾਇਕ ਪ੍ਰੋਫੈਸਰ ਹਨ ਅਤੇ ਵਾਤਾਵਰਣ ਵਿਗਿਆਨ ਦੇ ਖੇਤਰ ਵਿਚ ਖੋਜ ਕਰ ਰਹੇ ਹਨ। ਉਹਨਾ ਦੇ ਬਹੁਤ ਸਾਰੇ ਪਰਚੇ ਅਤੇ ਇਕ ਕਿਤਾਬ ਵੀ ਪ੍ਰਕਾਸ਼ਤ ਹੋ ਚੁੱਕੀ ਹੈ। )

ਇਹ ਲਿਖਤ ਦਾ ਮੂਲ ਰੂਪ ਅੰਗ੍ਰੇਜ਼ੀ ਵਿੱਚ ਹੈ, ਲੇਖਿਕਾ ਦੀ ਸਹਿਮਤੀ ਨਾਲ ਅੰਮ੍ਰਿਤਸਰ ਟਾਈਮਜ਼ ਦੇ ਪਾਠਕਾਂ ਲਈ ਇਸਦਾ ਪੰਜਾਬੀ ਅਨੁਵਾਦ ਛਾਪ ਰਹੇ ਹਾਂ - ਸੰਪਾਦਕ।