ਲਾਸ ਵੇਗਾਸ ਵਿਚ ਪੱਤਰਕਾਰ ਦੀ ਉਸ ਦੇ ਘਰ ਦੇ ਬਾਹਰ ਛੁਰਾ ਮਾਰ ਕੇ ਹੱਤਿਆ

ਲਾਸ ਵੇਗਾਸ ਵਿਚ ਪੱਤਰਕਾਰ ਦੀ ਉਸ ਦੇ ਘਰ ਦੇ ਬਾਹਰ ਛੁਰਾ ਮਾਰ ਕੇ ਹੱਤਿਆ
ਕੈਪਸ਼ਨ: ਜੈਫ ਜਰਮਨ ਦੀ ਤਸਵੀਰ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ 5 ਸਤੰਬਰ (ਹੁਸਨ ਲੜੋਆ ਬੰਗਾ)-ਲਾਸ ਵੇਗਾਸ ਵਿਚ ਇਕ ਪੱਤਰਕਾਰ ਦੀ ਛੁਰਾ ਮਾਰ ਕੇ ਹੱਤਿਆ ਕਰ ਦਿੱਤੀ ਗਈ। ਜੈਫ ਜਰਮਨ ਨਾਮੀ  ਖੋਜੀ ਰਿਪੋਰਟਰ ਉਪਰ ਉਸ ਵੇਲੇ ਹਮਲਾ ਕੀਤਾ ਗਿਆ ਜਦੋਂ ਉਹ ਆਪਣੇ ਘਰ ਦੇ ਬਾਹਰ ਖੜਾ ਸੀ। ਲਾਸ ਵੇਗਾਸ ਮੈਟਰੋਪੋਲੀਟਨ  ਪੁਲਿਸ ਦੇ ਅਫਸਰ ਜਦੋਂ ਸਵੇਰੇ 10.30 ਵਜੇ ਦੇ ਕਰੀਬ ਘਟਨਾ ਸਥਾਨ 'ਤੇ ਪੁੱਜੇ ਤਾਂ ਜਰਮਨ ਦੀ ਮੌਤ ਹੋ ਚੁੱਕੀ ਸੀ। ਪੁਲਿਸ ਅਨੁਸਾਰ ਉਸ ਦੇ ਸਰੀਰ ਉਪਰ ਛੁਰੇ ਦੇ ਜ਼ਖਮ ਸਨ। ਪੁਲਿਸ ਦਾ ਕਹਿਣਾ ਹੈ ਕਿ 69 ਸਾਲਾ ਪੱਤਰਕਾਰ ਦੀ ਇਕ ਹੋਰ ਵਿਅਕਤੀ ਨਾਲ ਬਹਿਸ ਹੋਈ ਜਿਸ ਉਪਰੰਤ ਉਸ ਉਪਰ ਹਮਲਾ ਹੋਇਆ।  ਪੁਲਿਸ ਵਿਭਾਗ ਦੇ ਬੁਲਾਰੇ ਕੈਪਟਨ ਡੋਰੀ ਕੋਰੇਨ ਨੇ ਕਿਹਾ ਹੈ ਕਿ ਸਾਨੂੰ ਸ਼ੱਕੀ ਵਿਅਕਤੀ ਬਾਰੇ ਸੁਰਾਗ ਮਿਲਿਆ ਹੈ ਤੇ ਉਸ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰੰਤੂ ਫਿਲਹਾਲ ਉਹ ਸਾਡੀ ਪਹੁੰਚ ਤੋਂ ਬਾਹਰ ਹੈ। ਰੀਵਿਊ ਰਸਾਲੇ ਦੇ ਕਾਰਜਕਾਰੀ ਸੰਪਾਦਕ ਗਲੈਨ ਕੁੱਕ ਨੇ ਕਿਹਾ ਹੈ ਕਿ ਜਰਮਨ ਨੇ ਕਦੀ ਵੀ ਆਪਣੀ ਜਾਨ ਨੂੰ ਖਤਰੇ ਬਾਰੇ ਜਾਂ ਕਿਸੇ ਵੱਲੋਂ ਦਿੱਤੀ ਧਮਕੀ ਬਾਰੇ ਗੱਲ ਨਹੀਂ ਕੀਤੀ ਸੀ। ਉਨਾਂ ਕਿਹਾ ਹੈ ਕਿ ਰੀਵਿਊ ਰਸਾਲੇ ਦਾ ਪੂਰਾ ਪਰਿਵਾਰ ਜਰਮਨ ਦੇ ਇਸ ਤਰਾਂ ਚਲੇ ਜਾਣ ਕਾਰਨ ਡੰਘੇ ਸਦਮੇ ਵਿਚ ਹੈ। ਉਹ ਨੇ ਹਮੇਸ਼ਾਂ ਪੱਤਰਕਾਰੀ ਵਿਚ ਕਦਰਾਂ-ਕੀਮਤਾਂ ਨੂੰ ਪਹਿਲ ਦਿੱਤੀ । ਜਰਮਨ ਨੇ ' ਲਾਸ ਵੇਗਾਸ ਸਨ' ਵਿਚ ਦੋ ਦਹਾਕੇ ਕੰਮ ਕਰਨ ਉਪਰੰਤ 2010 ਵਿਚ ਰੀਵਿਊ ਰਸਾਲੇ ਵਿਚ ਕਾਲਮ ਲੇਖਿਕ ਤੇ ਪੱਤਰਰਕਾਰ ਵਜੋਂ  ਸ਼ਮੂਲੀਅਤ ਕੀਤੀ ਸੀ। ਉਹ ਅਦਾਲਤਾਂ, ਰਾਜਨੀਤੀ, ਸਰਕਾਰ ਤੇ ਸੰਗਠਨਾਤਮਿਕ ਅਪਰਾਧ ਬਾਰੇ ਬੇਖੌਫ ਪੱਤਰਕਾਰੀ ਕਰਦਾ ਸੀ।