ਜਗ ਸਿੰਘ ਬੈਂਸ ਅਮਰੀਕਨ ਰਿਐਲਿਟੀ ਸ਼ੋਅ ‘ਬਿੱਗ ਬ੍ਰਦਰਜ਼’ ਜਿੱਤਣ ਵਾਲੇ ਪਹਿਲੇ ਅਮਰੀਕੀ ਸਿੱਖ ਬਣੇ

ਜਗ ਸਿੰਘ ਬੈਂਸ ਅਮਰੀਕਨ ਰਿਐਲਿਟੀ ਸ਼ੋਅ ‘ਬਿੱਗ ਬ੍ਰਦਰਜ਼’ ਜਿੱਤਣ ਵਾਲੇ ਪਹਿਲੇ ਅਮਰੀਕੀ ਸਿੱਖ ਬਣੇ

750,000 ਡਾਲਰ ਦਾ ਇਨਾਮ ਜਿੱਤਿਆ

ਅਮਰੀਕਾ ਦਾ ਸਭ ਤੋਂ ਵੱਡਾ ਰੀਐਲਟੀ ਸ਼ੋਅ ਬਿੱਗ ਬ੍ਰਦਰਜ਼ 25 ਸਾਲ ਦੇ ਸਿੱਖ ਨੌਜਵਾਨ ਜਗਤੇਸ਼ਵਰ ਸਿੰਘ ਉਰਫ ਜੱਗ ਸਿੰਘ ਬੈਂਸ ਨੇ ਜਿੱਤ ਲਿਆ  । ਉਹ ਪਹਿਲੇ ਸਿੱਖ ਬਣ ਗਏ ਹਨ ਜਿੰਨ੍ਹਾਂ ਨੇ ਇਹ ਮੁਕਾਮ ਹਾਸਲ ਕੀਤਾ ਹੈ । ਉਨ੍ਹਾਂ ਨੇ 750,000 ਡਾਲਰ ਦਾ ਇਨਾਮ ਜਿੱਤਿਆ। ਪੇਸ਼ੇ ਤੋਂ ਟੱਰਕ ਕੰਪਨੀ ਦੇ ਮਾਲਿਕ ਜੱਗ ਬੈਂਸ 100 ਦਿਨ ਤੱਕ 16 ਲੋਕਾਂ ਦੇ ਨਾਲ ਇੱਕ ਘਰ ਵਿੱਚ ਰਹੇ । ਜਿੱਥੇ ਉਹ ਬਾਹਰੀ ਦੁਨੀਆ ਦੇ ਕਿਸੇ ਵੀ ਸ਼ਖਸ ਨਾਲ ਸੰਪਰਕ ਨਹੀਂ ਕਰ ਸਕਦੇ ਸਨ,ਉਨ੍ਹਾਂ ਨੂੰ ਫੋਨ ਦੀ ਇਜਾਜ਼ਤ ਵੀ ਨਹੀਂ ਸੀ । 

ਮੁਕਾਬਲੇ ਵਿੱਚ ਜੱਗ ਬੈਂਸ ਦੇ ਨਾਲ ਅਖੀਰ ਵਿੱਚ 2 ਹੋਰ ਪ੍ਰਤਿਭਾਗੀ ਸਨ ਜਿੰਨ੍ਹਾਂ ਵਿੱਚ ਇੱਕ 27 ਸਾਲ ਦੇ ਮਾਟ ਕਲੋਟਜ਼ ਸਨ ਜੋ ਸਵਿਮਰ ਸਨ । ਇਸ ਤੋਂ ਇਲਾਵਾ ਆਸਟ੍ਰੇਲੀਆ ਦੇ 46 ਸਾਲ ਦੇ ਡੀਜੇ ਬੋਈ ਜੇਨ ਬਾਲ ਸਨ । ‘ਬਿੱਗ ਬ੍ਰਦਰਜ਼’ ਦੇ ਜੇਤੂ ਦਾ ਫੈਸਲਾ ਇਸੇ ਰੀਐਲਟੀ ਸ਼ੋਅ ਦੇ ਸਾਬਕਾ ਜੇਤੂਆਂ ਨੇ ਵੋਟ ਦੇ ਰਾਹੀਂ ਕੀਤਾ। ਜੱਗ ਬੈਂਸ ਦੇ ਹੱਕ ਵਿੱਚ 5 ਵੋਟ ਗਏ ਜਦਕਿ ਦੂਜੇ ਨੰਬਰ ‘ਤੇ ਰਹੇ ਸਵਿਮਰ ਮਾਟ ਕਲੋਟਜ਼ ਨੂੰ ਸਿਰਫ 2 ਹੀ ਵੋਟ ਹਾਸਲ ਮਿਲੇ ।

‘ਬਿੱਗ ਬ੍ਰਦਰਜ਼’ ਦੇ ਜੇਤੂ ਉਮੀਦਵਾਰ ਦਾ ਐਲਾਨ ਕਰਨ ਤੋਂ ਪਹਿਲਾਂ ਜੱਗ ਸਿੰਘ ਬੈਂਸ ਅਤੇ 2 ਹੋਰ ਪ੍ਰਤੀਭਾਗੀਆਂ ਨੇ ਜੱਜਾਂ ਨੂੰ ਪ੍ਰਭਾਵਿਤ ਕਰਨ ਦੇ ਲਈ ਅਖੀਰਲੀ ਵਾਰ ਸਪੀਚ ਦਿੱਤੀ । ਬੈਂਸ ਨੇ ਜ਼ਬਰਦਸਤ ਸਪੀਚ ਦਿੰਦੇ ਹੋਏ ਕਿਹਾ ਕਿ ‘ਮੈਂ ਬਿੱਗ ਬ੍ਰਦਰਜ਼ ਸ਼ੋਅ ਦਾ ਸਭ ਤੋਂ ਪ੍ਰਭਾਵਸ਼ਾਲੀ ਤੇ ਰਣਨੀਤੀਕਾਰ ਖਿਡਾਰੀ ਰਿਹਾ ਹਾਂ।  ਮੈਂ ਪਹਿਲਾਂ ਸਿੱਖ ਖਿਡਾਰੀ ਹਾਂ ਜੋ ਬਿੱਗ ਬ੍ਰਦਰਜ਼ ਵਿੱਚ ਪਹੁੰਚਿਆ ਹਾਂ। ਇਸ ਰਾਤ ਤੁਹਾਨੂੰ ਸਹੀ ਫੈਸਲਾ ਲੈਣਾ ਹੋਵੇਗਾ ਤਾਂ ਕਿ ਮੇਰਾ ਨਾਂ ਪਹਿਲੇ ਬਿੱਗ ਬ੍ਰਦਰਜ਼  ਸਿੱਖ ਜੇਤੂ ਵਜੋਂ ਜਾਣਿਆ ਜਾਵੇ । ਮੈਂ ਇੱਕ ਵਾਰ ਫਿਰ ਤੋਂ ਤੁਹਾਨੂੰ ਕਹਿਣਾ ਚਾਹੁੰਦਾ ਹਾਂ ਕਿ ਮੈਂ ਇਸ ਸ਼ੋਅ ਦੇ ਹਰ ਸਟੈਪ ਨੂੰ ਕਮਾਇਆ ਹੈ’ ।

ਜਿੱਤਣ ਤੋਂ ਬਾਅਦ ਜੱਗ ਸਿੰਘ ਬੈਂਸ ਨੇ ਕਿਹਾ ਉਹ ਬਿੱਗ ਬ੍ਰਦਰਜ਼ ‘ ਦਾ ਟਾਇਟਲ ਜਿੱਤਣਾ ਉਸ ਦੇ ਲਈ ਦਨੀਆ ਜਿੱਤਣ ਦੇ ਬਰਾਬਰ ਹੈ । ਹਾਲਾਂਕਿ ਬੈਂਸ ਦੇ ਲਈ ‘ਬਿੱਗ ਬ੍ਰਦਰਜ਼’ ਦਾ ਸਫਰ ਅਸਾਨ ਨਹੀਂ ਸੀ ਜਦੋਂ ਉਹ ਇਸ ਵਿੱਚ ਪ੍ਰਤਿਭਾਗੀ ਬਣ ਕੇ ਆਏ ਸਨ ਤਾਂ ਉਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਟ੍ਰੋਲ ਕੀਤਾ ਗਿਆ ਸੀ । ਸੋਸ਼ਲ ਮੀਡੀਆ ‘ਤੇ ਲੋਕਾਂ ਨੇ ਕਿਹਾ ਸੀ ਕਿ ਜੱਗ ਬੈਂਸ ਦੇ ਅੰਦਰ ਜਿੱਤਣ ਦੀ ਕਾਬਲੀਅਤ ਨਹੀਂ ਹੈ । ਪਰ ਜਿਵੇਂ-ਜਿਵੇਂ ਉਸ ਦੀ ਬਿੱਗ ਬ੍ਰਦਰਜ਼ ਦੇ ਘਰ ਅੰਦਰ ਗੇਮ ਅੱਗੇ ਵਧੀ ਉਹ ਸਾਰਿਆਂ ਦੀ ਪਹਿਲੀ ਪਸੰਦ ਬਣ ਗਏ ਅਤੇ ਜੇਤੂ ਹੋਕੇ ਬਾਹਰ ਨਿਕਲੇ ।

ਇਸੇ ਸਾਲ ਜੁਲਾਈ ਮਹੀਨੇ ਵਿੱਚ ਜੱਗ ਨੇ ਬਿੱਗ ਬ੍ਰਦਰਜ਼ ਵਿੱਚ ਸ਼ਾਮਲ ਹੋਣ ਦੀ ਜਾਣਕਾਰੀ ਆਪਣੇ ਇੰਸਟਾਗ੍ਰਾਮ ਆਈਡੀ ਦੇ ਜ਼ਰੀਏ ਦਿੱਤੀ ਸੀ ।ਉਸ ਨੇ ਕਿਹਾ ਮੈਂ ‘ਬਿੱਗ ਬ੍ਰਦਰ’ ਵਿੱਚ ਸਿੱਖਾਂ ਦੀ ਨੁਮਾਇੰਦਗੀ ਕਰਨ ਅਤੇ ਦੁਨੀਆ ਨਾਲ ਆਪਣੀ ਕਹਾਣੀ ਸਾਂਝੀ ਕਰਨ ਦੇ ਇਸ ਮੌਕੇ ਲਈ ਸਭ ਦਾ ਧੰਨਵਾਦ ਕਰਦਾ ਹਾਂ। 

 ਅਮਰੀਕਾ ਵਿੱਚ ਇਸ ਸ਼ੋਅ ਦੀ ਸ਼ੁਰੂਆਤ 5 ਜੁਲਾਈ 2000 ਨੂੰ ਸੀਬੀਐਸ ਚੈਨਲ ‘ਤੇ ਹੋਈ ਸੀ।ਜਗ ਬੈਂਸ ਅਮਰੀਕਾ ਦੇ ਵਾਸ਼ਿੰਗਟਨ ਦੇ ਰਹਿਣ ਵਾਲੇ ਹਨ। ਉਨ੍ਹਾਂ ਨੇ ਵਾਸ਼ਿੰਗਟਨ ਦੇ ਹੀ ਓਮੈਕ ਹਾਈ ਸਕੂਲ ਤੋਂ ਆਪਣੀ ਪੜ੍ਹਾਈ ਕੀਤੀ ਹੈ।ਉਨ੍ਹਾਂ ਦੇ ਲਿੰਕਡਿਨ ਪ੍ਰੋਫਾਇਲ ਮੁਤਾਬਕ ਉਨ੍ਹਾਂ ਨੇ ਯੂਨੀਵਰਸਿਟੀ ਆਫ ਵਾਸ਼ਿੰਗਟਨ ਤੋਂ ਕੰਪੈਰਿਟਿਵ ਹਿਸਟਰੀ ਆਫ ਆਈਡੀਆਜ਼ ਵਿੱਚ ਬੀਏ ਕੀਤੀ ਹੈ। ਇਸ ਮਗਰੋਂ ਉਨ੍ਹਾਂ ਨੇ ਇਸੇ ਯੂਨੀਵਰਸਿਟੀ ਤੋਂ ਬੀਬੀਏ ਦੀ ਪੜ੍ਹਾਈ ਕੀਤੀ।