ਪੰਜਾਬ ਦੀ ਧਰਤੀ 'ਤੇ ਪੰਜਾਬੀ ਬੋਲੀ ਨਾਲ ਹੋ ਰਹੇ ਵਿਤਕਰੇ ਖਿਲਾਫ਼ ਪੰਜਾਬੀ ਸਹਿਤ ਸਭਾ ਮੁਢਲੀ (ਰਜਿ) ਐਬਸਫੋਰਡ ਬੀਸੀ ਵੱਲੋਂ ਮਤਾ ਪਾਸ

ਪੰਜਾਬ ਦੀ ਧਰਤੀ 'ਤੇ ਪੰਜਾਬੀ ਬੋਲੀ ਨਾਲ ਹੋ ਰਹੇ ਵਿਤਕਰੇ ਖਿਲਾਫ਼ ਪੰਜਾਬੀ ਸਹਿਤ ਸਭਾ ਮੁਢਲੀ (ਰਜਿ) ਐਬਸਫੋਰਡ ਬੀਸੀ ਵੱਲੋਂ ਮਤਾ ਪਾਸ

ਕੈਨੇਡਾ ਦੀ ਸਾਹਿਤਿਕ ਸੰਸਥਾ ਪੰਜਾਬੀ ਸਾਹਿਤ ਸਭਾ ਮੁਢਲੀ ਰਜਿਸਟਰਡ ਐਬਟਸਫੋਰਡ ਬੀਸੀ ਵੱਲੋਂ ਮਤਾ ਪਾਸ ਕੀਤਾ ਗਿਆ ਹੈ, ਜਿਸ ਵਿੱਚ ਪੰਜਾਬ ਦੀ ਧਰਤੀ 'ਤੇ ਪੰਜਾਬੀ ਬੋਲੀ ਨਾਲ ਹੋ ਰਹੇ ਵਿਤਕਰੇ ਦੀ ਪੁਰਜ਼ੋਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਹੈ। ਬੀਤੇ ਦਿਨੀ ਪੰਜਾਬ ਦੇ ਇੱਕ ਸਕੂਲ ਵਿੱਚ ਪੰਜਾਬੀ ਬੋਲਣ ਤੇ ਰੋਕਾਂ ਲਾਉਣ ਅਤੇ ਇਸ ਤੋਂ ਇਲਾਵਾ ਕੜਾ ਪਹਿਨਣ ਤੇ ਜੁਰਮਾਨਾ ਅਤੇ ਸਿੱਖ ਵਿਦਿਆਰਥੀ ਦੀ ਦਸਤਾਰ ਉਤਾਰਨ ਦੀਆਂ ਘਟਨਾਵਾਂ ਤੋਂ ਬਾਅਦ, ਉੱਠੇ ਲੋਕ ਰੋਹ ਦੀ ਪੰਜਾਬੀ ਸਾਹਿਤ ਸਭਾ ਮੁਢਲੀ ਨੇ ਹਮਾਇਤ ਕੀਤੀ ਹੈ। ਪੰਜਾਬੀ ਦੇ ਹੱਕ ਵਿੱਚ ਬੋਲਣ ਤੇ ਐਕਟਵਿਸਟ ਲੱਖਾ ਸਿੰਘ ਸਿਧਾਣਾ ਦੀ ਗ੍ਰਿਫਤਾਰੀ ਦੀ ਵੀ ਸਭਾ ਵੱਲੋਂ ਨਿੰਦਾ ਕੀਤੀ ਗਈ। ਪੰਜਾਬੀ ਸਾਹਿਤ ਸਭਾ ਮੁਢਲੀ ਨੇ ਕੈਨੇਡਾ ਸਮੇਤ ਦੁਨੀਆ ਭਰ 'ਚ ਵਸਦੇ ਪੰਜਾਬੀ ਸਾਹਿਤਕਾਰਾਂ, ਸਾਹਿਤ ਸੰਸਥਾਵਾਂ ਅਤੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਪੰਜਾਬ ਦੀ ਧਰਤੀ 'ਤੇ ਪੰਜਾਬੀ ਬੋਲੀ ਨਾਲ ਹੋ ਰਹੇ ਵਿਤਕਰੇ ਖਿਲਾਫ਼ ਇੱਕ ਮੁੱਠ ਹੋ ਕੇ ਆਵਾਜ਼ ਉਠਾਈ ਜਾਏ।

''ਸਾਂਝੀ ਧਰਤ ਪੰਜਾਬ ਦੀ, ਫ਼ਿਰਕੂ ਬਣੇ ਸਕੂਲ।

ਪੰਜਾਬੀ ਸੰਗ ਵਿਤਕਰਾ, ਕਿੱਥੇ ਗਏ ਅਸੂਲ?

ਪੰਜਾਬੀ ਹੈ ਮਾਰਨੀ, ਵਰਤੇ ਸਭ ਹਥਿਆਰ।

ਬੋਲੀ ਮੇਰੀ ਖਾ ਗਈ, ਹੰਕਾਰੀ ਸਰਕਾਰ।

ਬੋਲੀ ਸਾਡਾ ਮਾਣ ਹੈ, ਬੋਲੀ ਲਵੋ ਸੰਭਾਲ।

ਜੋ ਬੋਲੀ ਨਹੀਂ ਸਾਂਭਦੇ, ਉਹ ਨੇ ਮਨੋਂ ਕੰਗਾਲ।"

ਡਾ ਗੁਰਵਿੰਦਰ ਸਿੰਘ