ਜੰਗਬਾਜਾਂ ਵਿਰੁੱਧ ਸਤਿਗੁਰੂ ਨਾਨਕ ਦਾ ਅੰਦੋਲਨ ਪੁਨਰ ਪ੍ਰਗਟ ਕਰਨ ਵਾਲੀ ਵਿਸ਼ਵ ਸ਼ਾਂਤੀ ਦੀ ਦੂਤ ਰੂਪੀ ਕੌਰ

ਜੰਗਬਾਜਾਂ ਵਿਰੁੱਧ ਸਤਿਗੁਰੂ ਨਾਨਕ ਦਾ ਅੰਦੋਲਨ ਪੁਨਰ ਪ੍ਰਗਟ ਕਰਨ ਵਾਲੀ ਵਿਸ਼ਵ ਸ਼ਾਂਤੀ ਦੀ ਦੂਤ ਰੂਪੀ ਕੌਰ

*  ਵਾਈਟ ਹਾਊਸ ਦਾ ਦੀਵਾਲੀ ਬਾਰੇ ਸੱਦਾ ਠੁਕਰਾ ਕੇ ਦਿਤਾ ਵਿਸ਼ਵ ਏਕਤਾ ਦਾ ਸੁਨੇਹਾ

*ਰੂਪੀ ਕੌਰ ਦਾ ਸੰਦੇਸ਼ ਕਾਰਪੋਰੇਟ ਖਪਤਕਾਰੀ ਸਿਸਟਮ ਤੇ ਵਹਿਸ਼ਤ ਨੂੰ ਚੈਲਿੰਜ 

*ਭਾਰਤ ਸਰਕਾਰ ਨੂੰ ਕਿਹਾ ਕਿ ਨਵੰਬਰ 84 ਦਾ ਇਨਸਾਫ ਦੇਵੇ ਜੋ ਸਿਖ ਹਿਰਦਿਆਂ ਵਿਚ ਡੂੰਘਾ ਜ਼ਖਮ ਏ

ਅਜ਼ਾਦ ਤੇ ਜੁਝਾਰੂ ਸਿਖ ਔਰਤਾਂ ਦਾ ਇਤਿਹਾਸ ਬਹੁਤ ਘਟ ਲਿਖਿਆ ਗਿਆ ਹੈ। ਜਦ ਕਿ ਸਿਖ ਬੀਬੀਆਂ ਦੀਆਂ ਮਨੁੱਖੀ ਅਧਿਕਾਰਾਂ ,ਸਿਖੀ ਪ੍ਰਚਾਰ,ਵਿਦਿਅਕ ਉਸਾਰੀ  ਲਈ ਵਡੀ ਦੇਣ ਹੈ। ਉਹਨਾਂ ਨੇ ਸਿਖ ਪੰਥ ਲਈ ਵੱਡਾ ਇਤਿਹਾਸ ਸਿਰਜਿਆ ਹੈ।ਜੇ ਸਾਡੇ ਪੰਥ ਦੀ ਉਸਾਰੀ ਵਿਚ ਮਹਾਨ ਔਰਤਾਂ ਨਾ ਹੁੰਦੀਆਂ ਤਾਂ ਸਿੱਖ ਪੰਥ ਏਨੀਆਂ ਮੱਲਾਂ ਨਾ ਮਾਰ ਸਕਦਾ।ਸਾਡੀ ਪਹਿਲੀ ਪਾਤਸ਼ਾਹੀ ਸਤਿਗੁਰੂ ਨਾਨਕ ਦੀ ਜਦੋ ਜਹਿਦ ਵਿਚ ਬੇਬੇ ਨਾਨਕੀ ਦਾ ਰੌਲ ਹੈ ਜਿਸਨੇ ਸਤਿਗੁਰੂ ਨੂੰ ਸਮਝਿਆ ਤੇ ਮਰਦਾਨੇ ਨੂੰ ਸ਼ਬਦ ਸੰਗੀਤ ਲਈ ਰਬਾਬ ਭੇਂਟ ਕੀਤੀ।ਸਿਖ ਧਰਮ ਸ਼ਬਦ ਤੇ ਰਬਾਬ ਦਾ ਇਨਕਲਾਬ ਹੈ ਜੋ ਰੱਬੀ ਸੱਤਾ ਬੇਗਮਪੁਰਾ ਨੂੰ ਜਨਮ ਦਿੰਦਾ ਹੈ।ਅਜ਼ਾਦ ਬੰਦਾ ਸਤਿਗੁਰੂ ਨਾਨਕ ਜੀ ਦੇ ਸਿਧਾਂਤ ਅਨੁਸਾਰ ਉਹੀ ਹੈ ਜੋ ਮਨ ,ਮਾਇਆ, ਸੰਸਾਰ ਦਾ ਗੁਲਾਮ ਨਹੀਂ, ਸਿਧਾ ਅਕਾਲ ਪੁਰਖ ਅਧੀਨ ਹੈ।ਅਰਥਾਤ ਸੱਚ ਉਪਰ ਖਲੌਣ,ਸੱਚ ਦੇ ਮਾਰਗ ਉਪਰ ਚਲਣ ਵਾਲਾ ਮਨੁੱਖ ਅਜ਼ਾਦ ਹੈ।

ਸਤਿਗੁਰੂ ਨਾਨਕ ਨੇ ਬਾਬਰ ਦੀ ਦਹਿਸ਼ਤ ਨੂੰ ਲਲਕਾਰਿਆ ਤੇ ਉਸ ਦੇ ਹਮਲਿਆਂ ਨੂੰ ਪਾਪ ਦੀ ਜੰਝ ਕਿਹਾ।ਸੰਦੇਸ਼ ਦਿੱਤਾ ਕਿ ਹੇ ਬਾਬਰ ਸੱਤਾ ,ਲਸ਼ਕਰਾਂ ਦਾ ਹੰਕਾਰ ਨਾ ਕਰ।ਇਹ ਸਭ ਤਬਾਹ ਹੋ ਜਾਣਾ।ਜ਼ੁਲਮ ,ਨਿਤਾਣਿਆਂ ,ਬੇਗੁਨਾਹਾਂ ਦੇ ਕਤਲ ਅਕਾਲ ਪੁਰਖ ਸੱਚੇ ਪਾਤਸ਼ਾਹ ਦੀ ਸ਼ਾਨ  ਤੇ ਹੁਕਮ ਵਿਰਧ ਹਨ।

ਹੁਣੇ ਜਿਹੇ ਕਵਿਤਰੀ ਬੀਬੀ ਰੂਪੀ ਕੌਰ ਨੇ ਸਤਿਗੁਰੂ ਨਾਨਕ ਦੇ ਹੁਕਮ ਉਪਰ ਚਲਦਿਆਂ ਬਾਬਰ ਦੀ ਪਾਪ ਜੰਝ ਨੂੰ ਲਲਕਾਰਿਆ ਕਿ ਅਸੀਂ ਸਿਖ ਹੋਣ ਵਜੋਂ, ਮਨੁੱਖ ਹੋਣ ਵਜੋਂ ਫਿਲਸਤੀਨੀਆਂ ਦੇ ਕਤਲ ਦੇ ਵਿਰੋਧ ਵਿਚ ਹਾਂ।ਇਜਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਦੀ ਨਿਖੇਧੀ ਕਰਦੇ ਹਾਂ।ਬਚਿਆਂ ,ਬੇਗੁਨਾਹਾਂ ਦੇ ਕਤਲ ਸਹੀ ਨਹੀਂ ਠਹਿਰਾਏ ਜਾ ਸਕਦੇ। ਪੰਜਾਬ ਦੇ ਹੁਸ਼ਿਆਰਪੁਰ ਵਿੱਚ ਜੰਮੀ ਰੂਪੀ ਕੌਰ ਅੱਜ ਕੱਲ ਕੈਨੇਡਾ ਦੇ ਮਸ਼ਹੂਰ ਕਵਿੱਤਰੀ, ਲੇਖਕਾ ਅਤੇ ਇਲੈਸਟ੍ਰੇਟਰ ਹਨ।ਇਸ ਤੋਂ ਪਹਿਲਾਂ ਉਹ ਆਪਣੀ ਕਿਤਾਬ ਨੂੰ ਲੈ ਕੇ ਚਰਚਾ ਵਿੱਚ ਆ ਚੁੱਕੇ ਹਨ, ਜਿਸ ਵਿੱਚ ਉਨ੍ਹਾਂ ਨੇ 1984 ਦੇ ਸਿੱਖ ਕਤਲੇਆਮ ਬਾਰੇ ਗੱਲ ਕੀਤੀ ਹੈ।ਰੂਪੀ ਕੌਰ ਕਿਸਾਨ ਅੰਦੋਲਨ ਵੇਲੇ ਵੀ ਕਿਸਾਨਾਂ ਪ੍ਰਤੀ ਆਪਣੇ ਸਮਰਥਨ ਨੂੰ ਲੈ ਕੇ ਚਰਚਾ ਵਿੱਚ ਰਹੀ।ਹੁਣ ਤੱਕ ਉਨ੍ਹਾਂ ਦੀਆਂ ਕਵਿਤਾਵਾਂ ਦੀਆਂ ਚਾਰ ਕਿਤਾਬਾਂ ਆ ਚੁੱਕੀਆਂ ਹਨ ਜੋ ਇੱਕ ਤੋਂ ਬਾਅਦ ਇੱਕ ਬੈਸਟ ਸੇਲਰ ਸਾਬਿਤ ਰਹੀਆਂ ਹਨ।ਉਨ੍ਹਾਂ ਨੇ ਆਪਣੀ ਤੀਜੀ ਕਿਤਾਬ ਹੈ ਹੋਮ ਬੌਡੀ ਵਿੱਚ ਆਪਣੇ ਘਰ ਯਾਨਿ ਭਾਰਤ ਵਿੱਚ 1984 ਦੇ ਸਿੱਖ ਕਤਲੇਆਮ ਤੋਂ ਲੈ ਕੇ ਕੈਨੇਡਾ ਵਿੱਚ ਪਰਵਾਸੀਆਂ ਦੇ ਦਰਦ ਨੂੰ ਬਿਆਨ ਕੀਤਾ ਹੈ।

ਤੁਸੀਂ ਇਨ੍ਹਾਂ ਦੇ ਹਰਮਨ ਪਿਆਰੇ ਹੋਣ ਦਾ ਅੰਦਾਜ਼ਾ ਇਸ ਤੋਂ ਲਗਾ ਸਕਦੇ ਹੋ ਕਿ ਇੰਸਟਾਗ੍ਰਾਮ 'ਤੇ ਉਨ੍ਹਾਂ ਦੇ 4.1 ਮਿਲੀਅਨ ਫੌਲੋਅਰਜ਼ ਹਨ। ਰੂਪੀ ਕੌਰ ਨੂੰ ਫਿਲਸਤੀਨ ਦਾ ਦਰਦ ਆਪਣੇ ਸਿਖ ਪੰਥ ਦੇ ਦਰਦ ਨਵੰਬਰ 84 ਦੀ ਨਸਲਕੁਸ਼ੀ ਵਰਗਾ ਜਾਪਦਾ ਹੈ।ਰੂਪੀ ਕੌਰ ਨੇ ਕਿਹਾ, "1984 ਦੇ ਕਤਲੇਆਮ ,ਨਸਲਕੁਸ਼ੀ ਤੋਂ ਬਾਅਦ ਭਾਰਤ ਸਰਕਾਰ ਨੇ ਸਾਡੀ ਪੀੜਾ ਨੂੰ ਮੰਨਣ ਤੋਂ ਇਨਕਾਰ ਕੀਤਾ। ਇਸ ਦਾ ਦਰਦ ਅੱਜ ਵੀ ਅਸੀਂ ਸਹਿ ਰਹੇ ਹਾਂ। ਸੈਂਕੜੇ ਨੌਜਵਾਨ ਅਤੇ ਔਰਤਾਂ ਮਾਰ ਦਿੱਤੀਆਂ ਗਈਆਂ ਅਤੇ ਕਈਆਂ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗਾ।ਮੈਨੂੰ ਲਗਦਾ ਹੈ ਕਿ ਇਹ ਦਰਦ ਕਦੇ ਨਹੀਂ ਜਾਵੇਗਾ, ਖ਼ਾਸ ਕਰਕੇ ਉਦੋਂ ਜਦੋਂ ਤੱਕ ਸਰਕਾਰ ਸਾਡੇ ਨਾਲ ਇਨਸਾਫ ਨਹੀਂ ਕਰਦੀ।

ਰੂਪੀ ਕੌਰ ਦਾ ਕਹਿਣਾ ਹੈ ਕਿ ਉਸਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੇ ਪ੍ਰਸ਼ਾਸਨ ਦੇ ਦਿਵਾਲੀ ਸੱਦੇ ਨੂੰ ਠੁਕਰਾ ਦਿੱਤਾ ਸੀ,ਕਿਉਂਕਿ ਉਹ ਇਜ਼ਰਾਈਲ-ਗਾਜ਼ਾ ਯੁੱਧ ਲਈ ਉਸਦੀ ਸਰਕਾਰ ਦੀ ਪ੍ਰਤੀਕਿਰਿਆ ਦਾ ਵਿਰੋਧ ਕਰਦੀ ਹੈ।ਰੂਪੀ ਕੌਰ ਨੇ ਇਲਜ਼ਾਮ ਲਗਾਇਆ ਕਿ ਅਮਰੀਕੀ ਸਰਕਾਰ "ਫਲਸਤੀਨੀਆਂ ਵਿਰੁੱਧ ਨਸਲਕੁਸ਼ੀ" ਨੂੰ ਜਾਇਜ਼ ਠਹਿਰਾਉਂਦੀ ਹੈ।ਇਸ ਦੇ ਨਾਲ ਹੀ ਰੂਪੀ ਕੌਰ ਨੇ ਰਾਸ਼ਟਰਪਤੀ ਜੋਅ ਬਾਇਡਨ ਦੁਆਰਾ ਮਾਨਵਤਾਵਾਦੀ ਜੰਗਬੰਦੀ ਦਾ ਸਮਰਥਨ ਕਰਨ ਤੋਂ ਇਨਕਾਰ ਕਰਨ ਦੀ ਵੀ ਆਲੋਚਨਾ ਕੀਤੀ। ਕੌਰ ਨੇ ਐਕਸ 'ਤੇ ਇੱਕ ਬਿਆਨ ਵਿੱਚ ਲਿਖਿਆ,"ਮੈਂ ਆਪਣੇ ਦੱਖਣੀ ਏਸ਼ੀਆਈ ਭਾਈਚਾਰੇ ਨੂੰ ਇਸ ਪ੍ਰਸ਼ਾਸਨ ਨੂੰ ਜਵਾਬਦੇਹ ਬਣਾਉਣ ਲਈ ਬੇਨਤੀ ਕਰਦੀ ਹਾਂ,"। ਉਸ ਨੇ ਅੱਗੇ ਲਿਖਿਆ,“ਇੱਕ ਸਿੱਖ ਔਰਤ ਹੋਣ ਦੇ ਨਾਤੇ ਮੈਂ ਪ੍ਰਸ਼ਾਸਨ ਦੀਆਂ ਕਾਰਵਾਈਆਂ 'ਤੇ ਪਰਦਾ ਪਾਉਣ ਲਈ ਆਪਣੇ ਅਕਸ ਦੀ ਵਰਤੋਂ ਨਹੀਂ ਹੋਣ ਦੇਵਾਂਗੀ। ਮੈਂ ਅਜਿਹੀ ਸੰਸਥਾ ਦੇ ਕਿਸੇ ਵੀ ਸੱਦੇ ਤੋਂ ਇਨਕਾਰ ਕਰਦੀ ਹਾਂ ਜੋ ਫਸੇ ਹੋਏ ਨਾਗਰਿਕ ਆਬਾਦੀ ਦੀ ਸਮੂਹਿਕ ਸਜ਼ਾ ਦਾ ਸਮਰਥਨ ਕਰਦੀ ਹੈ - ਜਿਨ੍ਹਾਂ ਵਿੱਚੋਂ 50% ਬੱਚੇ ਹਨ। ਉਹ ਲਿਖਦੀ ਹੈ ਕਿ ਉਹ ਇਸ ਵਿੱਚ ਸ਼ਾਮਲ ਨਹੀਂ ਹੋਵੇਗੀ ਕਿਉਂਕਿ ਯੂ.ਐਸ ਸਰਕਾਰ ਗਾਜ਼ਾ 'ਤੇ ਇਜ਼ਰਾਈਲ ਦੀ ਬੰਬਾਰੀ ਲਈ ਫੰਡਿੰਗ ਕਰ ਰਹੀ ਹੈ। 

ਇੱਥੇ ਦੱਸ ਦਈਏ ਕਿ ਹਮਾਸ ਦੁਆਰਾ ਚਲਾਏ ਜਾ ਰਹੇ ਸਿਹਤ ਮੰਤਰਾਲੇ ਅਨੁਸਾਰ ਗਾਜ਼ਾ ਵਿੱਚ ਇਜ਼ਰਾਈਲ ਦੇ ਫੌਜੀ ਹਮਲੇ ਵਿੱਚ 12,000 ਤੋਂ ਵੱਧ ਫਲਸਤੀਨੀ ਮਾਰੇ ਗਏ ਹਨ। ਇਜ਼ਰਾਇਲੀ ਫ਼ੌਜ ਨੇ ਬੀਤੀ ਦਿਨੀਂ ਗਾਜ਼ਾ ਪੱਟੀ ਦੇ ਸਭ ਤੋਂ ਵੱਡੇ ਅਲ-ਸ਼ਿਫਾ ਹਸਪਤਾਲ ਤੇ ਕਈ ਹੋਰ ਹਸਪਤਾਲਾਂ ’ਤੇ ਕਾਰਵਾਈ ਕੀਤੀ ਸੀ। ਇਨ੍ਹਾਂ ਕਾਰਵਾਈਆਂ ’ਚ ਇਕ ਵਿਅਕਤੀ ਦੀ ਮੌਤ ਹੋਈ ਹੈ ਤੇ ਕਈ ਜ਼ਖ਼ਮੀ ਹੋਏ ਸਨ। ਇਸ ਨਾਲ ਮਰੀਜ਼ਾਂ, ਉਨ੍ਹਾਂ ਦੇ ਪਰਿਵਾਰਾਂ, ਡਾਕਟਰਾਂ ਤੇ ਹਸਪਤਾਲ ਵਿਚ ਪਨਾਹ ਲੈਣ ਵਾਲੇ ਆਮ ਲੋਕਾਂ ਵਿਚ ਡਰ ਪਾਇਆ ਜਾ ਰਿਹਾ ਹੈ।  ਗਾਜ਼ਾ ਪੱਟੀ ਦੇ ਹਸਪਤਾਲਾਂ ’ਚ ਬਿਜਲੀ, ਪਾਣੀ ਤੇ ਦਵਾਈਆਂ ਦੀ ਭਾਰੀ ਕਿੱਲਤ ਹੈ, 35 ਹਸਪਤਾਲਾਂ ’ਚੋਂ 18 ’ਚ ਇਲਾਜ ਬੰਦ ਹੋ ਚੁੱਕਾ ਹੈ ਜਦਕਿ 40 ਸਿਹਤ ਕੇਂਦਰ ਵੀ ਬੰਦ ਹੋ ਚੁੱਕੇ ਹਨ। 

ਰੂਪੀ ਕੌਰ ਦਾ ਸੰਦੇਸ਼ ਕਾਰਪੋਰੇਟ ਖਪਤਕਾਰੀ ਸਿਸਟਮ ਨੂੰ ਚੈਲਿੰਜ ਹੈ ਜੋ ਜੰਗਾਂ ਵਿਚ ਵਿਕਾਸ ਦੇਖਦੇ ਹਨ ਤੇ ਅਮੀਰ ਹੋਣ ਦੀ ਲਾਲਸਾ ਵਿਚ ਪਾਗਲ ਹੋਈ ਫਿਰਦੇ ਹਨ।ਸਮੁਚੇ ਸਿਖ ਪੰਥ ਨੂੰ ਸਤਿਗੁਰੂ ਨਾਨਕ ਜੀ ਦੇ ਰੂਪੀ ਕੌਰ ਵਾਲੇ ਸੁਨੇਹੇ ਨੂੰ ਦੁਨੀਆਂ ਤਕ ਪਹੁੰਚਾਉਣਾ ਚਾਹੀਦਾ ਹੈ ਜੋ ਵਿਸ਼ਵ ਸ਼ਾਂਤੀ ਦਾ ਸੁਨੇਹਾ ਹੈ ਕਿ ਸਿਖ ਪੰਥ ਜੰਗਾਂ ਵਿਰੁਧ ਵਿਸ਼ਵ ਸ਼ਾਂਤੀ ਦੇ ਹੱਕ ਵਿਚ ਹੈ।