ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੋਥੀਆਂ ਯੂਕਰੇਨ ਤੋਂ ਯੂ.ਕੇ. ਪਹੁੰਚੀਆਂ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੋਥੀਆਂ ਯੂਕਰੇਨ ਤੋਂ ਯੂ.ਕੇ. ਪਹੁੰਚੀਆਂ

ਅੰਮ੍ਰਿਤਸਰ ਟਾਈਮਜ਼

ਲੰਡਨ- ਯੂਕਰੇਨ ਅਤੇ ਰੂਸ 'ਚ ਚੱਲ ਰਹੀ ਜੰਗ ਦੌਰਾਨ ਸਿੱਖ ਭਾਈਚਾਰੇ ਵਲੋਂ ਪੀੜਤ ਲੋਕਾਂ ਦੀ ਲੰਗਰਾਂ, ਕੱਪੜਿਆਂ ਅਤੇ ਹੋਰ ਲੋੜੀਂਦੀਆਂ ਵਸਤਾਂ ਨਾਲ ਮਦਦ ਕੀਤੀ ਜਾ ਰਹੀ ਹੈ । ਉੱਥੇ ਹੀ ਓਡੇਸਾ ਦੇ ਗੁਰਦੁਆਰਾ ਸ੍ਰੀ ਨਾਨਕ ਦਰਬਾਰ ਤੋਂ ਸਿੱਖ ਡਿਫੈਂਸ ਨੈੱਟਵਰਕ ਯੂ. ਕੇ., ਸਿੱਖ ਧਰਮ ਇੰਟਰਨੈਸ਼ਨਲ ਅਤੇ ਯੂਨਾਈਟਿਡ ਸਿੱਖਸ ਦੇ ਸਾਂਝੇ ਯਤਨਾਂ ਨਾਲ ਪੋਥੀਆਂ, ਪਵਿੱਤਰ ਗੁਟਕੇ ਅਤੇ ਸੈਂਚੀਆਂ ਨੂੰ ਮਰਿਯਾਦਾ ਅਨੁਸਾਰ ਸੁਰੱਖਿਅਤ ਯੂ. ਕੇ. ਲਿਆਂਦਾ ਗਿਆ ਹੈ ।

ਯੁਨਾਈਟਡ ਸਿੱਖਸ ਦੀ ਨਰਪਿੰਦਰ ਕੌਰ ਮਾਨ ਨੇ ਦੱਸਿਆ ਕਿ ਯੂਕਰੇਨ ਦੇ ਗੁਰਦੁਆਰਾ ਸ੍ਰੀ ਨਾਨਕ ਦਰਬਾਰ ਤੋਂ ਭਾਈ ਸਿਮਰਨ ਸਿੰਘ ਵਲੋਂ ਲਿਆਂਦੀਆਂ ਪਵਿੱਤਰ ਪੋਥੀਆਂ ਨੂੰ ਲੰਡਨ ਦੇ ਹੀਥਰੋ ਹਵਾਈ ਅੱਡੇ 'ਤੇ ਲਿਆਂਦਾ, ਜਿੱਥੋਂ ਵਿਸ਼ੇਸ਼ ਗੱਡੀ ਰਾਹੀਂ ਸ੍ਰੀ ਗੁਰੂ ਸਿੰਘ ਸਭਾ ਡਰਬੀ, ਯੂ. ਕੇ. 'ਚ ਨੈਸ਼ਨਲ ਸਿੱਖ ਅਜਾਇਬ ਘਰ ਵਿਖੇ ਲਿਜਾਇਆ ਗਿਆ ਹੈ । ਯੁਨਾਇਟਡ ਸਿੱਖਸ ਵਲੋਂ ਪੋਲੈਂਡ ਦੀ ਸਰਹੱਦ 'ਤੇ ਸਹਾਇਤਾ ਕੇਂਦਰ ਸਥਾਪਿਤ ਕੀਤਾ ਗਿਆ ਹੈ । ਉੱਥੇ ਹੀ ਯੂਕਰੇਨ ਵਿਚ ਜਾ ਕੇ ਵੀ ਮਦਦ ਕੀਤੀ ਦਾ ਰਹੀ ਹੈ ।ਨਰਪਿੰਦਰ ਕੌਰ ਨੇ ਦੱਸਿਆ ਕਿ ਯੂਕਰੇਨ ਦੇ ਅੰਦਰ ਚੱਲ ਰਹੀਆਂ ਸੇਵਾਵਾਂ ਨੂੰ ਸੁਰੱਖਿਆ ਕਾਰਨਾਂ ਕਰਕੇ ਵੀਡੀਓ ਰਾਹੀਂ ਜਨਤਕ ਨਹੀਂ ਕੀਤਾ ਜਾ ਰਿਹਾ । ਬੀਤੇ ਦਿਨੀ ਬਰਤਾਨਵੀ ਸਿੱਖ ਸੰਸਦ ਪ੍ਰੀਤ ਕੌਰ ਗਿੱਲ ਵੀ ਵਿਸ਼ੇਸ਼ ਤੌਰ 'ਤੇ ਸਰਹੱਦੀ ਕੈਂਪ ਵਿਚ ਪਹੁੰਚੀ।