ਬਲਜਿੰਦਰ ਕੌਰ  ਬਿ੍ਟਿਸ਼ ਕੋਲੰਬੀਆ ਸੁਪਰੀਮ ਕੋਰਟ ਦੀ ਜੱਜ ਬਣੀ

ਬਲਜਿੰਦਰ ਕੌਰ  ਬਿ੍ਟਿਸ਼ ਕੋਲੰਬੀਆ ਸੁਪਰੀਮ ਕੋਰਟ ਦੀ ਜੱਜ ਬਣੀ
ਪੰਜਾਬਣ ਵਕੀਲ ਬਲਜਿੰਦਰ ਕੌਰ ਗਿਰਨ

ਅੰਮ੍ਰਿਤਸਰ ਟਾਈਮਜ਼

ਐਬਟਸਫੋਰਡ- ਕੈਨੇਡਾ ਦੇ ਅਟਾਰਨੀ ਜਨਰਲ ਤੇ ਨਿਆਂ ਮੰਤਰੀ ਡੇਵਿਡ ਲਮੇਟੀ ਨੇ ਵੈਨਕੂਵਰ ਦੀ ਨਾਮਵਾਰ ਪੰਜਾਬਣ ਵਕੀਲ ਬਲਜਿੰਦਰ ਕੌਰ ਗਿਰਨ ਨੂੰ ਬਿ੍ਟਿਸ਼ ਕੋਲੰਬੀਆ ਸੁਪਰੀਮ ਕੌਰਟ ਦੀ ਜੱਜ ਨਿਯੁਕਤ ਕੀਤਾ ਹੈ । ਬਲਜਿੰਦਰ ਕੌਰ ਗਿਰਨ ਇਸ ਉੱਚ ਅਹੁਦੇ 'ਤੇ ਬਿਰਾਜਮਾਨ ਹੋਣ ਵਾਲੀ ਦੂਸਰੀ ਪੰਜਾਬਣ ਹੈ । ਇਸ ਤੋਂ ਪਹਿਲਾਂ ਕੈਨੇਡਾ ਸਰਕਾਰ ਵਲੋਂ ਜੂਨ 2017 ਵਿਚ ਪਲਬਿੰਦਰ ਕੌਰ ਸ਼ੇਰਗਿੱਲ ਨੂੰ ਬਿ੍ਟਿਸ਼ ਕੋਲੰਬੀਆ ਸੁਪਰੀਮ ਕੋਰਟ ਦੀ ਜੱਜ ਨਿਯੁਕਤ ਕੀਤਾ ਗਿਆ ਸੀ ।ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸ਼ਹਿਰ ਬਲਾਚੌਰ ਦੀ ਜੰਮਪਲ ਬਲਜਿੰਦਰ ਕੌਰ ਗੁਰਦੁਆਰਾ ਅਕਾਲੀ ਸਿੰਘ ਸਿੱਖ ਸੁਸਾਇਟੀ ਵੈਨਕੂਵਰ ਦੇ ਲੰਮਾ ਸਮਾਂ ਪ੍ਰਧਾਨ ਰਹੇ ਮਰਹੂਮ ਰਤਨ ਸਿੰਘ ਗਿਰਨ ਦੀ ਧੀ ਹੈ ।ਉਹ 6 ਸਾਲ ਦੀ ਉਮਰ 'ਚ ਕੈਨੇਡਾ ਆਈ ਸੀ । ਬਰਨਬੀ ਦੇ ਸਾਈਮਨ ਫਰੇਜ਼ਰ ਯੂਨੀਵਰਸਿਟੀ ਤੋਂ ਬੀ.ਏ. ਕਰਨ ਉਪਰੰਤ ਬਲਜਿੰਦਰ ਕੌਰ ਨੇ ਓਨਟਾਰੀਓ ਦੀ ਕੁਈਨਜ਼ ਯੂਨੀਵਰਸਿਟੀ ਤੋਂ ਐਲ.ਐਲ.ਬੀ. ਪਾਸ ਕੀਤੀ ਅਤੇ 2002 ਵਿਚ ਉਸ ਨੇ ਵਕਾਲਤ ਕਰਨੀ ਸ਼ੁਰੂ ਕੀਤੀ । ਬਲਜਿੰਦਰ ਕੌਰ ਗਿਰਨ ਨੇ ਪਬਲਿਕ ਪ੍ਰੋਸਕਿਊਸ਼ਨ ਸਰਵਿਸ ਆਫ਼ ਕੈਨੇਡਾ ਨਾਲ ਸੀਨੀਅਰ ਕਰਾਊਨ ਕੌਂਸਲ ਵਜੋਂ 20 ਸਾਲ ਸੇਵਾਵਾਂ ਨਿਭਾਈਆਂ ।