ਸਨਾ ਇਰਸ਼ਾਦ ਮੱਟੂ ਨੂੰ ਵਿਦੇਸ਼ ਜਾਣ ਤੋ ਰੋਕਿਆ ਮੋਦੀ ਸਰਕਾਰ ਨੇ       

ਸਨਾ ਇਰਸ਼ਾਦ ਮੱਟੂ ਨੂੰ ਵਿਦੇਸ਼ ਜਾਣ ਤੋ ਰੋਕਿਆ ਮੋਦੀ ਸਰਕਾਰ ਨੇ       

  ਅਨੇਕਾਂ ਪੱਤਰਕਾਰ ਹਨ ਭਾਰਤੀ ਬਲੈਕ ਲਿਸਟ ਵਿਚ   

                                                 ਕਵਰ ਸਟੋਰੀ                                             

ਪੁਲਿਤਜ਼ਰ ਪੁਰਸਕਾਰ ਜੇਤੂ ਅਤੇ ਕਸ਼ਮੀਰੀ ਫੋਟੋ ਪੱਤਰਕਾਰ ਸਨਾ ਇਰਸ਼ਾਦ ਮੱਟੂ   ਇੱਕ ਵਾਰ ਫਿਰ ਵਿਦੇਸ਼ ਜਾਣ ਤੋਂ ਰੋਕਿਆ ਗਿਆ ਹੈ ।ਸਨਾ ਇਰਸ਼ਾਦ ਮੱਟੂ ਨੇ ਦਾਅਵਾ ਕੀਤਾ ਹੈ ਕਿ ਉਹ ਆਪਣਾ ਪੁਲਿਤਜ਼ਰ ਪੁਰਸਕਾਰ ਲੈਣ ਲਈ ਨਿਊਯਾਰਕ ਜਾ ਰਹੇ ਸੀ, ਪਰ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਦਿੱਲੀ  ਹਵਾਈ ਅੱਡੇ 'ਤੇ ਹੀ ਉਨ੍ਹਾਂ ਨੂੰ ਰੋਕ ਲਿਆ।ਮੱਟੂ ਨੇ ਕਿਹਾ ਕਿ ਅਮਰੀਕਾ ਦਾ ਵੀਜ਼ਾ ਅਤੇ ਟਿਕਟ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਅੰਤਰਰਾਸ਼ਟਰੀ ਯਾਤਰਾ ਕਰਨ ਤੋਂ ਰੋਕਿਆ ਗਿਆ ਹੈ।ਸਨਾ ਇਰਸ਼ਾਦ ਮੱਟੂ ਦੇ ਅਨੁਸਾਰ, "ਇਹ ਦੂਜੀ ਵਾਰ ਹੈ ਜਦੋਂ ਮੈਨੂੰ ਬਿਨਾਂ ਕਿਸੇ ਕਾਰਨ ਤੋਂ ਯਾਤਰਾ ਕਰਨ ਤੋਂ ਰੋਕਿਆ ਗਿਆ ਹੈ। ਕੁਝ ਮਹੀਨੇ ਪਹਿਲਾਂ ਜੋ ਕੁਝ ਹੋਇਆ ਸੀ, ਉਸ ਬਾਰੇ ਕਈ ਅਧਿਕਾਰੀਆਂ ਨਾਲ ਸੰਪਰਕ ਕਰਨ ਦੇ ਬਾਵਜੂਦ, ਮੈਨੂੰ ਕੋਈ ਜਵਾਬ ਨਹੀਂ ਮਿਲਿਆ। ਇਸ ਪੁਰਸਕਾਰ ਸਮਾਰੋਹ ਵਿੱਚ ਸ਼ਾਮਲ ਹੋਣਾ ਮੇਰੀ ਜ਼ਿੰਦਗੀ ਦਾ ਸਭ ਤੋਂ ਅਹਿਮ ਪਲ ਸੀ।"

ਹਾਲਾਂਕਿ ਸਨਾ ਦੇ ਇਸ ਦਾਅਵੇ 'ਤੇ ਭਾਰਤ ਸਰਕਾਰ ਨੇ ਕੋਈ ਅਧਿਕਾਰਤ ਪ੍ਰਤੀਕਿਰਿਆ ਨਹੀਂ ਦਿੱਤੀ ਹੈ, ਪਰ ਜੰਮੂ-ਕਸ਼ਮੀਰ ਪੁਲਿਸ ਦੇ ਅਧਿਕਾਰੀਆਂ ਨੇ ਸਨਾ ਦੇ ਮਾਮਲੇ 'ਵਿਚ  ਦੱਸਿਆ ਹੈ ਕਿ ਉਨ੍ਹਾਂ ਦਾ ਨਾਂ ਨੋ-ਫਲਾਈ ਲਿਸਟ 'ਵਿਚ ਹੈ, ਇਸ ਕਰਕੇ ਉਨ੍ਹਾਂ ਨੂੰ ਯਾਤਰਾ ਕਰਨ ਤੋਂ ਰੋਕਿਆ ਗਿਆ ਹੈ।ਇਸ ਸਾਲ ਮਈ ਦੇ ਮਹੀਨੇ, ਸਨਾ ਇਰਸ਼ਾਦ ਮੱਟੂ ਨੂੰ ਭਾਰਤ ਵਿੱਚ ਕੋਰੋਨਾ ਲੌਕਡਾਊਨ ਦੌਰਾਨ ਕੀਤੀ ਫੋਟੋਗ੍ਰਾਫੀ ਲਈ ਫੀਚਰ ਫੋਟੋਗ੍ਰਾਫੀ ਸ਼੍ਰੇਣੀ ਵਿੱਚ ਪੁਲਿਤਜ਼ਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।ਉਨ੍ਹਾਂ ਨੇ ਇਹ ਫੋਟੋਗ੍ਰਾਫੀ ਖ਼ਬਰ ਏਜੰਸੀ ਰੌਇਟਰਜ਼ ਲਈ ਕੀਤੀ ਸੀ।28 ਸਾਲਾ ਸਨਾ ਇਰਸ਼ਾਦ ਮੱਟੂ ਸ਼੍ਰੀਨਗਰ ਦੀ ਰਹਿਣ ਵਾਲੀ ਹੈ। ਉਨ੍ਹਾਂ ਨੇ ਦੱਖਣੀ ਕਸ਼ਮੀਰ ਦੇ ਅਨੰਤਨਾਗ ਵਿੱਚ ਜਾ ਕੇ ਫੋਟੋਗ੍ਰਾਫੀ ਕੀਤੀ ਸੀ।

ਸਨਾ ਇਰਸ਼ਾਦ ਸਾਲ 2018 ਤੋਂ ਜੰਮੂ-ਕਸ਼ਮੀਰ ਵਿੱਚ ਸੁਤੰਤਰ ਫੋਟੋਗ੍ਰਾਫੀ ਕਰ ਰਹੇ ਹਨ।ਇਸ ਸਨਮਾਨ ਨੂੰ ਪਾਉਣ ਤੋਂ ਖੁੰਝ ਜਾਣ 'ਤੇ ਅਫ਼ਸੋਸ ਜ਼ਾਹਰ ਕਰਦਿਆਂ ਉਨ੍ਹਾਂ ਕਿਹਾ, "ਇਹ ਪੁਲਿਤਜ਼ਰ ਸਨਮਾਨ ਸੀ। ਇਹ ਹਰ ਪੱਤਰਕਾਰ ਦਾ ਸੁਪਨਾ ਹੁੰਦਾ ਹੈ। ਜਦੋਂ ਤੁਹਾਨੂੰ ਇਸ ਸਨਮਾਨ ਲਈ ਚੁਣਿਆ ਜਾਂਦਾ ਹੈ, ਤਾਂ ਤੁਸੀਂ ਇਸ ਨਾਲ ਜੁੜੇ ਹਰ ਪਲ ਨੂੰ ਜੀਣਾ ਚਾਹੁੰਦੇ ਹੋ। ਪਰ ਹੁਣ ਇਹ ਖੁਸ਼ੀ ਉਨ੍ਹਾਂ ਨੇ ਮੇਰੇ ਕੋਲੋਂ ਖੋਹ ਲਈ ਹੈ।"

ਯਾਦ ਰਹੇ ਕਿ ਸਨਾ ਨੂੰ ਇਸ ਸਾਲ ਜੁਲਾਈ 'ਵਿਚ ਪਹਿਲੀ ਵਾਰ ਵਿਦੇਸ਼ ਜਾਣ ਤੋਂ ਰੋਕਿਆ ਗਿਆ ਸੀ। ਉਸ ਵੇਲੇ ਉਹ ਇੱਕ ਕਿਤਾਬ ਲਾਂਚ ਅਤੇ ਫੋਟੋਗ੍ਰਾਫੀ ਪ੍ਰਦਰਸ਼ਨੀ ਲਈ ਦਿੱਲੀ ਤੋਂ ਪੈਰਿਸ ਜਾ ਰਹੇ ਸੀ।ਉਦੋਂ ਵੀ ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਕੋਲ ਫਰਾਂਸ ਦਾ ਵੀਜ਼ਾ ਹੈ ਪਰ ਇਸ ਦੇ ਬਾਵਜੂਦ ਅਧਿਕਾਰੀਆਂ ਨੇ ਉਨ੍ਹਾਂ ਨੂੰ ਵਿਦੇਸ਼ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਸੀ।ਸਨਾ ਨੇ ਉਸ ਸਮੇਂ ਟਵਿੱਟਰ 'ਤੇ ਲਿਖਿਆ ਸੀ, "ਮੈਂ ਇੱਕ ਕਿਤਾਬ ਲਾਂਚ ਅਤੇ ਫੋਟੋ ਪ੍ਰਦਰਸ਼ਨੀ ਲਈ ਦਿੱਲੀ ਤੋਂ ਪੈਰਿਸ ਜਾ ਰਹੀ ਸੀ। ਸੇਰੇਂਡੀਪੀਟੀ ਆਰਲਸ ਗ੍ਰਾਂਟ 2020 ਦੇ 10 ਪੁਰਸਕਾਰ ਜੇਤੂਆਂ ਵਿੱਚੋਂ ਇੱਕ ਹੋਣ ਕਰਕੇ ਮੈਂ ਪੈਰਿਸ ਜਾਣਾ ਸੀ।"ਉਨ੍ਹਾਂ ਅੱਗੇ ਦੱਸਿਆ, "ਫਰਾਂਸ ਦਾ ਵੀਜ਼ਾ ਮਿਲਣ ਦੇ ਬਾਵਜੂਦ ਮੈਨੂੰ ਦਿੱਲੀ ਏਅਰਪੋਰਟ ਦੇ ਇਮੀਗ੍ਰੇਸ਼ਨ ਡੈਸਕ 'ਤੇ ਰੋਕਿਆ ਗਿਆ। ਮੈਨੂੰ ਇਸ ਲਈ ਕੋਈ ਕਾਰਨ ਨਹੀਂ ਦੱਸਿਆ ਗਿਆ, ਸਿਰਫ਼ ਇਹ ਕਿਹਾ ਗਿਆ ਕਿ ਤੁਸੀਂ ਅੰਤਰਰਾਸ਼ਟਰੀ ਯਾਤਰਾ ਨਹੀਂ ਕਰ ਸਕਦੇ।"

                           ਜੰਮੂ ਅਤੇ ਕਸ਼ਮੀਰ ਵਿੱਚ ਪੱਤਰਕਾਰਾਂ ਦੀ ਸਥਿਤੀ                                                       

ਅਗਸਤ 2019 'ਵਿਚ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਜਦੋਂ ਤੋਂ ਖ਼ਤਮ ਕੀਤਾ ਗਿਆ ਹੈ, ਉਦੋਂ ਤੋਂ ਉੱਥੇ ਕੰਮ ਕਰਨ ਵਾਲੇ ਪੱਤਰਕਾਰਾਂ 'ਤੇ ਦਬਾਅ ਵਧ ਗਿਆ ਹੈ।ਤਿੰਨ ਕਸ਼ਮੀਰੀ ਪੱਤਰਕਾਰ ਇਸ ਸਮੇਂ ਜੰਮੂ-ਕਸ਼ਮੀਰ ਦੀ ਜੇਲ੍ਹ ਵਿੱਚ ਬੰਦ ਹਨ। ਉਨ੍ਹਾਂ ਨੂੰ ਪਬਲਿਕ ਸੇਫ਼ਟੀ ਐਕਟ ਵਰਗੇ ਸਖ਼ਤ ਕਾਨੂੰਨਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ।ਜੰਮੂ-ਕਸ਼ਮੀਰ ਪੁਲਿਸ ਦੇ ਸੂਤਰਾਂ ਨੇ  ਦੱਸਿਆ ਕਿ ਇਨ੍ਹਾਂ ਪੱਤਰਕਾਰਾਂ ਖ਼ਿਲਾਫ਼ ਲੁੱਕਆਊਟ ਸਰਕੂਲਰ ਜਾਰੀ ਕੀਤਾ ਗਿਆ ਹੈ। ਇਸ ਦਾ ਮਤਲਬ ਹੈ ਕਿ ਉਨ੍ਹਾਂ ਦੇ ਨਾਂ ਵੀ ਨੋ ਫਲਾਈ ਲਿਸਟ 'ਵਿਚ ਸ਼ਾਮਲ ਹਨ।

ਘੱਟੋ-ਘੱਟ ਚਾਰ ਕਸ਼ਮੀਰੀ ਪੱਤਰਕਾਰਾਂ ਨੂੰ 2019 ਤੋਂ ਬਾਅਦ ਵਿਦੇਸ਼ ਜਾਣ ਤੋਂ ਰੋਕਿਆ ਗਿਆ ਹੈ।25 ਸਾਲਾ ਫ੍ਰੀਲਾਂਸ ਪੱਤਰਕਾਰ ਆਕਾਸ਼ ਹਸਨ ਨੂੰ ਇਸ ਸਾਲ ਜੁਲਾਈ 'ਵਿਚ ਸ਼੍ਰੀਲੰਕਾ ਜਾਣ ਤੋਂ ਰੋਕ ਦਿੱਤਾ ਗਿਆ ਸੀ। ਆਕਾਸ਼ ਨੇ ਦੱਸਿਆ ਕਿ ਉਹ ਸ਼੍ਰੀਲੰਕਾ ਦੇ ਆਰਥਿਕ ਸੰਕਟ ਬਾਰੇ ਰਿਪੋਰਟ ਕਰਨ ਲਈ ਕੋਲੰਬੋ ਜਾ ਰਹੇ ਸੀ।ਆਕਾਸ਼ ਨੇ ਉਸ ਵੇਲੇ ਟਵਿੱਟਰ 'ਤੇ ਲਿਖਿਆ ਸੀ, "ਬਿਨਾਂ ਚਾਹ-ਪਾਣੀ ਦੇ ਪੰਜ ਘੰਟੇ ਇੰਤਜ਼ਾਰ ਕਰਨ ਤੋਂ ਬਾਅਦ, ਮੈਨੂੰ ਮੇਰਾ ਪਾਸਪੋਰਟ ਅਤੇ ਬੋਰਡਿੰਗ ਪਾਸ ਵਾਪਸ ਕਰ ਦਿੱਤਾ ਗਿਆ ਜਿਸ 'ਤੇ ਲਾਲ ਰੰਗ ਦੀ ਰਿਜੈਕਸ਼ਨ ਸਟੈਂਪ ਲੱਗੀ ਸੀ।"

ਆਕਾਸ਼ ਨੇ ਦੱਸਿਆ, "ਘੰਟਿਆਂ ਤੱਕ ਇੰਤਜ਼ਾਰ ਕਰਾਉਣ ਤੋਂ ਬਾਅਦ, ਮੈਨੂੰ ਦੱਸਿਆ ਗਿਆ ਕਿ ਮੈਨੂੰ ਯਾਤਰਾ ਕਰਨ ਦੀ ਇਜਾਜ਼ਤ ਨਹੀਂ ਹੈ।ਏਅਰਲਾਈਨ ਕੰਪਨੀ ਦੇ ਸਟਾਫ਼ ਨੇ ਮੈਨੂੰ ਦੱਸਿਆ ਸੀ ਕਿ ਮੇਰੇ ਖਿਲਾਫ਼ ਲੁੱਕਆਊਟ ਨੋਟਿਸ ਜਾਰੀ ਕੀਤਾ ਗਿਆ ਹੈ। ਜਦੋਂ ਮੈਂ ਕਸ਼ਮੀਰ ਪਰਤਿਆ ਤਾਂ ਮੈਂ ਇਸ ਦਾ ਕਾਰਨ ਜਾਣਨ ਲਈ ਅਧਿਕਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਮੇਰੇ ਖਿਲਾਫ਼ ਕੋਈ ਵੀ ਜਾਂਚ ਪੈਡਿੰਗ ਨਹੀਂ ਸੀ। ਪਰ ਮੈਨੂੰ ਜਾਣ ਨਾ ਦੇਣ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸੀ। 

'ਵਾਸ਼ਿੰਗਟਨ ਪੋਸਟ' ਲਈ ਲਿਖਣ ਵਾਲੀ ਪੱਤਰਕਾਰ ਰਾਣਾ ਅਯੂਬ ਨੂੰ ਮੁੰਬਈ ਹਵਾਈ ਅੱਡੇ 'ਤੇ ਵਿਦੇਸ਼ ਜਾਣ ਤੋਂ ਰੋਕ ਦਿੱਤਾ ਗਿਆ ਸੀ।ਉਸ ਸਮੇਂ ਉਹ ਬ੍ਰਿਟੇਨ ਜਾਣ ਵਾਲੀ ਸੀ। ਉਸ ਨੇ 'ਇੰਟਰਨੈਸ਼ਨਲ ਸੈਂਟਰ ਫਾਰ ਜਰਨਲਿਸਟਸ' ਦੇ ਇੱਕ ਸਮਾਗਮ ਵਿੱਚ ਭਾਸ਼ਣ ਦੇਣਾ ਸੀ।

ਰਾਣਾ ਅਯੂਬ ਨੂੰ ਕੁਝ ਦਿਨਾਂ ਬਾਅਦ ਵਿਦੇਸ਼ ਜਾਣ ਦੀ ਇਜਾਜ਼ਤ ਮਿਲ ਗਈ ਸੀ ਪਰ ਇਸ ਦੇ ਲਈ ਉਨ੍ਹਾਂ ਨੂੰ ਦਿੱਲੀ ਹਾਈ ਕੋਰਟ ਤੱਕ ਪਹੁੰਚ ਕਰਨੀ ਪਈ ਸੀ। ਅਦਾਲਤੀ ਲੜਾਈ ਜਿੱਤਣ ਤੋਂ ਬਾਅਦ ਹੀ ਉਨ੍ਹਾਂ ਨੂੰ ਇਸ ਯਾਤਰਾ ਲਈ ਮਨਜ਼ੂਰੀ ਮਿਲੀ।

ਅਪ੍ਰੈਲ ਵਿੱਚ, ਐਮਨੇਸਟੀ ਇੰਡੀਆ ਦੇ ਸਾਬਕਾ ਮੁਖੀ ਆਕਾਰ ਪਟੇਲ ਨੂੰ ਦੋ ਵਾਰ ਬੈਂਗਲੁਰੂ ਹਵਾਈ ਅੱਡੇ 'ਤੇ ਅਮਰੀਕਾ ਜਾਣ ਤੋਂ ਰੋਕਿਆ ਗਿਆ ਸੀ।ਇਸ ਦਾ ਕਾਰਨ ਇਹ ਦੱਸਿਆ ਗਿਆ ਸੀ ਕਿ ਆਕਾਰ ਪਟੇਲ ਦੇ ਕਾਰਜਕਾਲ ਦੌਰਾਨ ਐਮਨੈਸਟੀ ਇੰਡੀਆ 'ਤੇ ਵਿਦੇਸ਼ੀ ਮੁਦਰਾ ਕਾਨੂੰਨ ਦੀਆਂ ਵਿਵਸਥਾਵਾਂ ਦੀ ਉਲੰਘਣਾ ਕਰਨ ਦਾ ਇਲਜ਼ਾਮ ਲਗਾਇਆ ਗਿਆ ਸੀ।ਸੁਰੱਖਿਆ ਏਜੰਸੀਆਂ ਨੇ ਆਕਾਰ ਪਟੇਲ ਨੂੰ 'ਫ਼ਲਾਈਟ ਰਿਸਕ' ਕਰਾਰ ਦਿੱਤਾ ਸੀ। ਬਾਅਦ ਵਿੱਚ ਇੱਕ ਅਦਾਲਤ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਬਿਨਾਂ ਇਜਾਜ਼ਤ ਦੇਸ਼ ਛੱਡ ਕੇ ਨਹੀਂ ਜਾ ਸਕਦੇ।

ਅਗਸਤ ਵਿੱਚ ਐਮੀ ਅਵਾਰਡ ਲਈ ਨਾਮਜ਼ਦ ਹੋ ਚੁੱਕੇ ਭਾਰਤੀ ਮੂਲ ਦੇ ਅਮਰੀਕੀ ਪੱਤਰਕਾਰ ਅੰਗਦ ਸਿੰਘ ਨੂੰ ਕਥਿਤ ਤੌਰ 'ਤੇ ਦਿੱਲੀ ਪਹੁੰਚਦੇ ਹੀ ਨਿਊਯਾਰਕ ਲਈ ਡਿਪੋਰਟ ਕਰ ਦਿੱਤਾ ਗਿਆ ਸੀ।

ਹਾਲਾਂਕਿ ਭਾਰਤ ਸਰਕਾਰ ਨੇ ਇਸ ਮਾਮਲੇ 'ਵਿਚ ਅਧਿਕਾਰਤ ਤੌਰ 'ਤੇ ਕੁਝ ਨਹੀਂ ਕਿਹਾ ਪਰ ਅੰਗਦ ਸਿੰਘ ਦੇ ਪਰਿਵਾਰ ਨੇ ਦਾਅਵਾ ਕੀਤਾ ਕਿ ਡਿਪੋਰਟ ਕੀਤੇ ਜਾਣ ਤੋਂ ਪਹਿਲਾਂ ਉਨ੍ਹਾਂ ਦਾ ਪਾਸਪੋਰਟ ਜ਼ਬਤ ਕਰ ਲਿਆ ਗਿਆ ਸੀ।ਅੰਗਦ ਸਿੰਘ ਦੀ ਮਾਂ ਨੇ ਇਲਜ਼ਾਮ ਲਾਇਆ ਕਿ ਇੱਕ ਡਾਕਿਊਮੈਂਟਰੀ ਕਾਰਨ ਉਨ੍ਹਾਂ ਨਾਲ ਇਹ ਸਲੂਕ ਕੀਤਾ ਗਿਆ ਸੀ। ਅੰਗਦ ਸਿੰਘ ਨੇ ਵਾਈਸ ਨਿਊਜ਼ ਲਈ ਭਾਰਤ ਦੇ ਕੋਰੋਨਾ ਸੰਕਟ ਅਤੇ ਕਿਸਾਨਾਂ 'ਤੇ ਇਹ ਡਾਕਿਊਮੈਂਟਰੀ ਬਣਾਈ ਸੀ। 

ਇਸ ਸਾਲ ਦੇ ਸ਼ੁਰੂ ਵਿੱਚ, ਕੇਂਦਰ ਸਰਕਾਰ ਨੇ ਪ੍ਰੋਫੈਸਰ ਫ਼ਿਲਿਪੋ ਓਸੇਲਾ ਨੂੰ ਡਿਪੋਰਟ ਕਰ ਦਿੱਤਾ ਸੀ। ਉਹ ਯੂਨੀਵਰਸਿਟੀ ਆਫ਼ ਸਸੇਕਸ ਵਿੱਚ ਮਾਨਵ ਵਿਗਿਆਨੀ ਹਨ ਅਤੇ ਪਿਛਲੇ 30 ਸਾਲਾਂ ਤੋਂ ਭਾਰਤ ਆਉਂਦੇ ਰਹੇ ਹਨ।ਪ੍ਰੋਫੈਸਰ ਫ਼ਿਲਿਪੋ ਨੇ ਇਸ ਫੈਸਲੇ ਨੂੰ ਪੱਖਪਾਤੀ ਅਤੇ ਗੈਰ-ਸੰਵਿਧਾਨਕ ਦੱਸਦੇ ਹੋਏ ਦਿੱਲੀ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਸੀ।ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਸਰਕਾਰੀ ਅਧਿਕਾਰੀਆਂ ਨੇ ਉਨ੍ਹਾਂ ਨਾਲ ਅਪਰਾਧੀਆਂ ਵਾਂਗ ਵਿਵਹਾਰ ਕੀਤਾ ਅਤੇ ਡਿਪੋਰਟ ਕੀਤੇ ਜਾਣ ਦਾ ਕੋਈ ਕਾਰਨ ਨਹੀਂ ਦੱਸਿਆ।

ਪਿਛਲੇ ਹਫ਼ਤੇ ਉਨ੍ਹਾਂ ਦੇ ਕੇਸ ਦੀ ਸੁਣਵਾਈ ਦੌਰਾਨ ਕੇਂਦਰ ਸਰਕਾਰ ਨੇ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਦੇ ਖ਼ਿਲਾਫ਼ ਪੁਖ਼ਤਾ ਸਬੂਤ ਹਨ ਅਤੇ ਇਸ ਆਧਾਰ 'ਤੇ ਹੀ ਉਨ੍ਹਾਂ ਨੂੰ ਬਲੈਕਲਿਸਟ ਕੀਤਾ ਗਿਆ ਹੈ।ਜਿਨ੍ਹਾਂ ਕਸ਼ਮੀਰੀ ਪੱਤਰਕਾਰਾਂ ਨੂੰ ਵਿਦੇਸ਼ ਜਾਣ ਤੋਂ ਰੋਕਿਆ ਗਿਆ ਸੀ, ਉਨ੍ਹਾਂ ਵਿੱਚੋਂ ਕਿਸੇ ਨੇ ਵੀ ਇਸ ਨੂੰ ਅਦਾਲਤ ਵਿੱਚ ਚੁਣੌਤੀ ਨਹੀਂ ਦਿੱਤੀ। ਉਨ੍ਹਾਂ ਨੂੰ ਡਰ ਹੈ ਕਿ ਜੇਕਰ ਉਹ ਅਜਿਹਾ ਕਰਦੇ ਹਨ ਤਾਂ ਉਨ੍ਹਾਂ ਨੂੰ ਸਰਕਾਰ ਦੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਆਕਾਸ਼ ਹਸਨ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਦਾਲਤਾਂ ਤੋਂ ਕੋਈ ਉਮੀਦ ਨਹੀਂ ਹੈ।ਆਕਾਸ਼ ਹਸਨ ਕਹਿੰਦੇ ਹਨ, "ਅਸੀਂ ਅਤੀਤ ਵਿੱਚ ਦੇਖਿਆ ਹੈ ਕਿ ਅਦਾਲਤਾਂ ਨੇ ਕਸ਼ਮੀਰੀ ਪੱਤਰਕਾਰਾਂ ਨੂੰ ਨਿਆਂ ਦੇਣ ਵਿੱਚ ਨਿਰਾਸ਼ ਕੀਤਾ ਹੈ। ਅਜਿਹੇ ਸਮੇਂ ਵਿੱਚ ਜਦੋਂ ਤਿੰਨ ਪੱਤਰਕਾਰ ਜੇਲ੍ਹ ਵਿੱਚ ਹਨ ਅਤੇ ਉਨ੍ਹਾਂ ਨੂੰ ਅਦਾਲਤ ਤੋਂ ਜ਼ਮਾਨਤ ਨਹੀਂ ਮਿਲ ਰਹੀ ਹੈ। ਉਨ੍ਹਾਂ ਨੂੰ ਪਬਲਿਕ ਸੇਫ਼ਟੀ ਵਰਗੇ ਸਖ਼ਤ ਕਾਨੂੰਨਾਂ ਤਹਿਤ ਸਲਾਖਾਂ ਪਿੱਛੇ ਰੱਖਿਆ ਗਿਆ ਹੈ, ਮੈਨੂੰ ਇਨ੍ਹਾਂ ਹਾਲਾਤਾਂ ਵਿੱਚ ਅਦਾਲਤਾਂ ਤੋਂ ਕੋਈ ਉਮੀਦ ਨਜ਼ਰ ਨਹੀਂ ਆਉਂਦੀ।

ਜੰਮੂ-ਕਸ਼ਮੀਰ ਦੇ ਡੀਜੀਪੀ ਦਾ ਬਿਆਨ

ਕਸ਼ਮੀਰ ਦੇ ਪੁਲਿਸ ਮਹਾਨਿਦੇਸ਼ਕ ਦਿਲਬਾਗ ਸਿੰਘ ਨੇ ਇਸ ਸਾਲ ਅਗਸਤ ਵਿੱਚ ਅੰਗਰੇਜ਼ੀ ਅਖ਼ਬਾਰ ਦਿ ਇੰਡੀਅਨ ਐਕਸਪ੍ਰੈਸ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਕਿਸੀ ਪੱਤਰਕਾਰ ਨੂੰ ਵਿਦੇਸ਼ ਜਾਣ ਤੋਂ ਰੋਕਣ ਦਾ ਫੈਸਲਾ ਇਹਤਿਆਤ ਵਜੋਂ ਲਿਆ ਗਿਆ ਹੈ ਤਾਂ ਜੋ ਉਹ ਬਾਹਰ ਜਾ ਕੇ ਜ਼ਹਿਰੀਲੇ ਵਿਚਾਰ ਨਾ ਫੈਲਾ ਸਕੇ।ਦਿਲਬਾਗ ਸਿੰਘ ਨੇ ਦਿ ਇੰਡੀਅਨ ਐਕਸਪ੍ਰੈਸ ਨੂੰ ਕਿਹਾ ਸੀ, "ਕੁਝ ਪੱਤਰਕਾਰ ਅਜਿਹੇ ਹਨ ਜੋ ਵਿਦੇਸ਼ ਗਏ ਅਤੇ ਉੱਥੇ ਜਾ ਕੇ ਉਨ੍ਹਾਂ ਨੇ ਜ਼ਹਿਰੀਲੇ ਕਿਸਮ ਦੇ ਵਿਚਾਰ ਫੈਲਾਉਣੇ ਸ਼ੁਰੂ ਕਰ ਦਿੱਤੇ ਸਨ। ਉਹ ਮੀਡੀਆ ਵਾਲਿਆਂ ਵਿੱਚ ਜਾਣੇ-ਪਛਾਣੇ ਨਾਮ ਹਨ। ਉਨ੍ਹਾਂ ਵਿੱਚੋਂ ਕੁਝ ਲੋਕ ਇੱਥੇ ਵੀ ਹਨ। ਉਨ੍ਹਾਂ ਦੀ ਸਥਿਤੀ ਵਿੱਚ-ਵਿਚਾਲੇ ਹੈ। ਉਹ ਨਾ ਤਾਂ ਦੂਜੇ ਪਾਸੇ ਹਨ ਅਤੇ ਨਾ ਹੀ ਲੋਕਾਂ ਦੇ ਹੱਕ ਵਿੱਚ ਹਨ। ਇਸ ਲਈ ਅਸੀਂ ਸਾਵਧਾਨੀ ਵਜੋਂ ਅਜਿਹੇ ਲੋਕਾਂ 'ਤੇ ਨਜ਼ਰ ਰੱਖਦੇ ਹਾਂ।

ਉਨ੍ਹਾਂ ਅੱਗੇ ਕਿਹਾ, "ਉਨ੍ਹਾਂ ਨੂੰ ਨਿਗਰਾਨੀ ਸੂਚੀ ਵਿੱਚ ਰੱਖਣ ਦਾ ਮਤਲਬ ਹੈ ਕਿ ਉਨ੍ਹਾਂ ਨੂੰ ਵਿਦੇਸ਼ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ, ਇਸ ਲਈ ਮੈਨੂੰ ਲੱਗਦਾ ਹੈ ਕਿ ਇਹ ਪੂਰੀ ਤਰ੍ਹਾਂ ਜਾਇਜ਼ ਹੈ। ਅਜਿਹੇ ਮਾਮਲੇ ਪਹਿਲਾਂ ਵੀ ਵਾਪਰ ਚੁੱਕੇ ਹਨ। ਅਸੀਂ ਇਸਨੂੰ ਜਨਤਕ ਨਹੀਂ ਕਰ ਸਕਦੇ।"

 

ਪ੍ਰਗਟ ਸਿੰਘ  ਜੰਡਿਆਲਾ ਗੁਰੂ