ਸੋਧਾ ਸਾਧ ਨੂੰ ਬਾਰ ਬਾਰ ਪੈਰੋਲ ਦੇ ਕੇ ਉਡਾਇਆ ਜਾ ਰਿਹਾ ਨਿਆਇਕ ਪ੍ਰਣਾਲੀ ਦਾ ਮਖੌਲ: ਸੰਸਾਰ ਸਿੰਘ

ਸੋਧਾ ਸਾਧ ਨੂੰ ਬਾਰ ਬਾਰ ਪੈਰੋਲ ਦੇ ਕੇ ਉਡਾਇਆ ਜਾ ਰਿਹਾ ਨਿਆਇਕ ਪ੍ਰਣਾਲੀ ਦਾ ਮਖੌਲ: ਸੰਸਾਰ ਸਿੰਘ

ਲੰਮੇ ਸਮੇਂ ਤੋਂ ਬੰਦ ਸਿੱਖਾਂ ਨੂੰ ਪੈਰੋਲਾ ਕਿਉਂ ਨਹੀਂ ਦਿਤੀਆਂ ਜਾ ਰਹੀਆਂ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ, 23 ਜੁਲਾਈ (ਮਨਪ੍ਰੀਤ ਸਿੰਘ ਖਾਲਸਾ): ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਿੱਲੀ ਪ੍ਰਦੇਸ਼ ਦੇ ਪ੍ਰਧਾਨ ਜਥੇਦਾਰ ਸੰਸਾਰ ਸਿੰਘ ਨੇ ਡੇਰਾ ਸਿਰਸਾ ਮੁੱਖੀ ਗੁਰਮੀਤ ਰਾਮ ਰਹੀਮ (ਸੌਦਾ ਸਾਧ) ਮੁੜ ਪੈਰੋਲ ਮਿਲਣ ਤੇ ਤਿੱਖਾ ਪ੍ਰਤੀਕਰਮ ਦਿੰਦੇ ਹੋਏ ਕਿਹਾ ਹੈ ਕਿ ਥੋੜੇ-ਥੋੜੇ ਸਮੇਂ ਬਾਅਦ ਸੌਦਾ ਸਾਧ ਪੈਰੋਲ ਮਿਲਣਾ ਦਰਸ਼ਾਉਂਦਾ ਹੈ ਕਿ ਦੇਸ਼ ਦੇ ਸੰਵਿਧਾਨ ਵਿਚ ਕਿਸ ਹੱਦ ਤੱਕ ਖੋਰਾ ਲੱਗ ਚੁੱਕਾ ਹੈ। ਜਥੇਦਾਰ ਸੰਸਾਰ ਸਿੰਘ ਨੇ ਕਿਹਾ ਕਿ ਜਦੋਂ ਸਾਡੇ ਦੇਸ਼ ਵਿੱਚ ਇਹੋ ਜਿਹੇ ਸੰਗੀਨ ਮੁਜਰਮਾਂ ਇਸ ਤਰ੍ਹਾਂ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹਨ ਤਾਂ ਇਸ ਨਾਲ ਸ਼ਰਾਰਤੀ ਅਨਸਰਾਂ ਦੇ ਹੌਸਲੇ ਬੁਲੰਦ ਹੁੰਦੇ ਹਨ। ਜੇਕਰ ਅੱਜ ਮਣੀਪੁਰ ਵਿੱਚ ਜੋ ਮੰਦਭਾਗੀ ਘਟਨਾ ਵਾਪਰੀ ਹੈ ਤਾਂ ਕਿਤੇ ਨਾ ਕਿਤੇ ਇਹੋ ਜਿਹੇ ਕਾਰਨ ਵੀ ਉਹਨਾਂ ਉਤਸ਼ਾਹਿਤ ਕਰਦੇ ਹਨ। ਜਥੇਦਾਰ ਸੰਸਾਰ ਸਿੰਘ ਨੇ ਕਿਹਾ ਕਿ ਜਿਹੜੇ ਸਿੱਖ ਆਗੂ ਇਹ ਕਹਿ ਕੇ ਭਾਜਪਾ ਵਿੱਚ ਸ਼ਾਮਲ ਹੋਏ ਸਨ ਕਿ ਉਹ ਸਿੱਖਾਂ ਦੇ ਮਸਲੇ ਹੱਲ ਕਰਵਾਉਣ ਲਈ ਭਾਜਪਾ ਵਿੱਚ ਜਾ ਰਹੇ ਹਨ ਉਹਨਾਂ ਅੱਜ ਚੱਪਣੀ ਚ ਨੱਕ ਡੋਬ ਕੇ ਮਰ ਜਾਣਾ ਚਾਹੀਦਾ ਹੈ। ਗੁਰੂ ਸਾਹਿਬ ਦੇ ਸਤਿਕਾਰ ਤੋਂ ਉੱਪਰ ਤਾਂ ਸਿੱਖਾਂ ਲਈ ਕੁਝ ਵੀ ਨਹੀਂ ਜੇਕਰ ਉਹ ਆਗੂ ਗੁਰੂ ਦੇ ਸਤਿਕਾਰ ਲਈ ਵੀ ਨਹੀਂ ਬੋਲ ਰਹੇ ਤਾਂ ਉਹਨਾਂ ਸਿੱਖ ਕਹਾਉਣ ਦਾ ਵੀ ਹੱਕ ਨਹੀਂ।ਜਥੇਦਾਰ ਸੰਸਾਰ ਸਿੰਘ ਨੇ ਕਿਹਾ ਕਿ ਸੌਦਾ ਸਾਧ ਜੋ ਕਿ ਕਤਲ ਤੇ ਬਲਾਤਕਾਰ ਵਰਗੇ ਸੰਗੀਨ ਦੋਸ਼ਾਂ ਤਹਿਤ ਸਜ਼ਾ ਭੁਗਤ ਰਿਹਾ ਹੈ, ਉਸ ਤਾਂ ਪੈਰੋਲ ਦਿੱਤੀ ਜਾ ਰਹੀ ਹੈ ਲੇਕਿਨ ਸਾਡੇ ਬੰਦੀ ਸਿੰਘ ਜੋ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ ਉਹਨਾਂ ਹਾਲੇ ਤੱਕ ਰਿਹਾਅ ਨਹੀਂ ਕੀਤਾ ਜਾ ਰਿਹਾ ਤੇ ਨਾ ਕੋਈ ਪੈਰੋਲ ਦਿੱਤੀ ਜਾ ਰਹੀ ਹੈ, ਇੰਝ ਲਗਦਾ ਹੈ ਕਿ ਨਿਆਇਕ ਪ੍ਰਣਾਲੀ ਦਾ ਮਖੌਲ ਉਡਾਇਆ ਜਾ ਰਿਹਾ ਹੈ।