ਹਵਾਬਾਜ਼ੀ ਮੰਤਰਾਲੇ ਨੇ ਸਿੱਖਾਂ ਲਈ ਘਰੇਲੂ ਉਡਾਣਾਂ ਵਿਚ ਕਿਰਪਾਨ ਪਾਉਣ 'ਤੇ ਲੱਗੀ ਪਾਬੰਦੀ ਹਟਾਈ

ਹਵਾਬਾਜ਼ੀ ਮੰਤਰਾਲੇ ਨੇ ਸਿੱਖਾਂ ਲਈ ਘਰੇਲੂ ਉਡਾਣਾਂ ਵਿਚ ਕਿਰਪਾਨ ਪਾਉਣ 'ਤੇ ਲੱਗੀ ਪਾਬੰਦੀ ਹਟਾਈ

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ 14 ਮਾਰਚ (ਮਨਪ੍ਰੀਤ ਸਿੰਘ ਖਾਲਸਾ):-ਭਾਰਤੀ ਹਵਾਈ ਅੱਡਿਆਂ ਉਤੇ ਕੰਮ ਕਰ ਰਹੇ ਸਿੱਖ ਸਟਾਫ ਨੂੰ ਕਿਰਪਾਨ ਸਣੇ ਹਵਾਈ ਅੱਡਾ ਕੰਪਲੈਕਸ ਵਿੱਚ ਦਾਖਲ ਹੋਣ ਤੋਂ ਰੋਕਣ ਵਾਲਾ ਆਦੇਸ਼ ਕੇਂਦਰੀ ਹਵਾਬਾਜ਼ੀ ਮੰਤਰਾਲੇ ਨੇ ਸਿੱਖ ਜਥੇਬੰਦੀਆਂ ਦੇ ਦਬਾਅ ਹੇਠ ਵਾਪਸ ਲੈ ਲਿਆ ਹੈ।

ਕੇਂਦਰੀ ਨਾਗਰਿਕ ਹਵਾਬਾਜ਼ੀ ਮੰਤਰਾਲਾ ਵਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਘਰੇਲੂ ਉਡਾਉਣਾਂ 'ਚ ਸਫ਼ਰ ਦੌਰਾਨ 9 ਇੰਚ ਤੱਕ ਕਿਰਪਾਨ ਪਹਿਨ ਸਕਣਗੇ। ਸਫ਼ਰ ਦੌਰਾਨ 6 ਇੰਚ ਤੋਂ ਵੱਡਾ ਬਲੇਡ ਨਹੀਂ ਹੋਣਾ ਚਾਹੀਦਾ। ਦੱਸਣਯੋਗ ਹੈ ਕਿ ਹਾਲ ਹੀ 'ਚ ਕੇਂਦਰੀ ਨਾਗਰਿਕ ਹਵਾਬਾਜ਼ੀ ਮੰਤਰਾਲਾ ਨੇ ਨੋਟੀਫਿਕੇਸ਼ਨ ਜਾਰੀ ਕਰ ਕੇ ਸਿੱਖ ਕਰਮੀਆਂ ਨੂੰ ਕਿਰਪਾਨ ਪਹਿਨਣ 'ਤੇ ਰੋਕ ਲਗਾ ਦਿੱਤੀ ਸੀ। ਇਸ ਸੰਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਸੰਬੰਧੀ ਕੇਂਦਰੀ ਨਾਗਰਿਕ ਹਵਾਬਾਜ਼ੀ ਮੰਤਰੀ ਜਿਓਤਿਰਾਦਿਤਿਆ ਸਿੰਧੀਆ ਨੂੰ ਚਿੱਠੀ ਲਿਖ ਕੇ ਸਖ਼ਤ ਇਤਰਾਜ਼ ਜਤਾਉਂਦੇ ਹੋਏ 4 ਮਾਰਚ 2022 ਦੇ ਇਸ ਆਦੇਸ਼ ਨੂੰ ਤੁਰੰਤ ਵਾਪਸ ਲੈਣ ਦੀ ਅਪੀਲ ਕੀਤੀ ਸੀ।ਉਨ੍ਹਾਂ ਕਿਹਾ ਸੀ ਕਿ ਆਪਣੇ ਦੇਸ਼ ਵਿੱਚ ਇਹ ਵਿਤਕਰਾ ਸਿੱਖਾਂ ਦੀ ਧਾਰਮਿਕ ਆਜ਼ਾਦੀ 'ਤੇ ਵੱਡਾ ਹਮਲਾ ਹੈ, ਜਿਸ ਨੂੰ ਕਦੇ ਵੀ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ।  ਕੇਂਦਰ ਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਸਿੱਖ ਇਸ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਦੇਣ ਵਿੱਚ ਸਭ ਤੋਂ ਅੱਗੇ ਰਹੇ ਹਨ ਅਤੇ ਜੇਕਰ ਅੱਜ ਦੇਸ਼ ਦਾ ਸੱਭਿਆਚਾਰ ਜਿਉਂਦਾ ਹੈ ਤਾਂ ਇਹ ਸਿੱਖਾਂ ਦੀ ਬਦੌਲਤ ਹੈ ।