ਹਿੰਦੁਸਤਾਨ ਦੀ ਜੇਲ੍ਹਾਂ ਅੰਦਰ ਬੰਦ, ਬੰਦੀ ਸਿੰਘਾਂ ਦੀ ਰਿਹਾਈ ਲਈ ਅੰਤਰਰਾਸ਼ਟਰੀ ਪੱਧਰ ਤੇ ਆਵਾਜ਼ ਬੁਲੰਦ ਕਰਣ ਦੀ ਅਪੀਲ: ਹਰਦੀਪ ਸਿੰਘ ਨਿੱਝਰ 

ਹਿੰਦੁਸਤਾਨ ਦੀ ਜੇਲ੍ਹਾਂ ਅੰਦਰ ਬੰਦ, ਬੰਦੀ ਸਿੰਘਾਂ ਦੀ ਰਿਹਾਈ ਲਈ ਅੰਤਰਰਾਸ਼ਟਰੀ ਪੱਧਰ ਤੇ ਆਵਾਜ਼ ਬੁਲੰਦ ਕਰਣ ਦੀ ਅਪੀਲ: ਹਰਦੀਪ ਸਿੰਘ ਨਿੱਝਰ 

ਅੰਮ੍ਰਿਤਸਰ ਟਾਈਮਜ਼ ਬਿਉਰੋ

ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ):- ਕੈਨੇਡਾ ਦੇ ਸਰੀ ਡੇਲਟਾ ਗੁਰੂ ਘਰ ਦੇ ਮੁੱਖ ਸੇਵਾਦਾਰ ਭਾਈ ਹਰਦੀਪ ਸਿੰਘ ਨੇ ਪਿਛਲੇ ਲੰਮੇ ਸਮੇਂ ਤੋਂ ਜੇਲ੍ਹਾਂ ਅੰਦਰ ਬੰਦ ਅਤੇ ਹੋਰ ਸਮੂਹ ਸਿੱਖ ਕੈਦੀ ਜਿਨ੍ਹਾਂ ਨੇ ਝੂਠੇ ਮੁਕੱਦਮੇ ਦਰਜ਼ ਕਰਕੇ ਜੇਲ੍ਹਾਂ ਵਿਚ ਡੱਕਿਆ ਹੋਇਆ ਹੈ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਸਾਡੀ ਸਮੂਹ ਪੰਥਕ ਜਥੇਬੰਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਅਪੀਲ ਹੈ ਕਿ ਆਪਸੀ ਧੜੇਬੰਦੀ ਤੋਂ ਉੱਪਰ ਉੱਠ ਕੇ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਅੰਤਰਰਾਸ਼ਟਰੀ ਪੱਧਰ ਤੇ ਆਵਾਜ਼ ਬੁਲੰਦ ਕਰੀਏ, ਜਿਨ੍ਹਾਂ ਕੌਮੀ ਸੂਰਮਿਆਂ ਨੇ ਕੌਮ ਦੀ ਅਣਖ ਗੈਰਤ ਨੂੰ ਜਿਊਂਦੇ ਰੱਖਣ ਲਈ ਆਪਣੀ ਜ਼ਿੰਦਗੀ ਦੇ ਸੁਨਹਿਰੀ ਪਲ ਕੌਮ ਦੇ ਲੇਖੇ ਲਾ ਕੇ ਆਪਣੀ ਜ਼ਿੰਮੇਵਾਰੀ ਨਿਭਾ ਦਿੱਤੀ ਹੈ ਆਓ ਹੁਣ ਆਪਾਂ ਸਾਰੇ ਮਿਲ ਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਆਪੋ ਆਪਣੀ ਜ਼ਿੰਮੇਵਾਰੀ ਨਿਭਾਈਏ। 

ਬੰਦੀ ਸਿੰਘਾਂ ਦੀ ਰਿਹਾਈ ਦੇ ਸਬੰਧ ਵਿਚ ਦੇਸ਼ਾਂ ਵਿਦੇਸ਼ਾਂ ਦੇ ਹਰੇਕ ਗੁਰੂ ਘਰਾਂ ਦੇ ਵਿੱਚ ਵੱਡੇ ਬੋਰਡ ਲਗਾ ਕੇ ਸਿੱਖ ਸੰਗਤਾਂ ਨੂੰ ਜਾਣੂ ਕਰਵਾਇਆ ਜਾਵੇ ਕਿ ਲੋਕਤੰਤਰ ਦਾ ਮਖੌਟਾ ਪਾਉਣ ਵਾਲੇ ਹਿੰਦੁਸਤਾਨੀ ਹਾਕਮਾਂ ਵੱਲੋਂ ਮਨੁੱਖੀ ਹੱਕਾਂ ਦਾ ਸ਼ਰ੍ਹੇਆਮ ਘਾਣ ਕੀਤਾ ਜਾ ਰਿਹਾ ਹੈ। ਉੱਥੇ ਅਸੀਂ ਸੋਸ਼ਲ ਮੀਡੀਆ, ਟੀ.ਵੀ ਚੈਨਲਾਂ ਅਤੇ ਰੇਡੀਓ ਰਾਹੀਂ ਬੰਦੀ ਸਿੰਘਾਂ ਦੀ ਰਿਹਾਈ ਲਈ ਆਵਾਜ਼ ਬੁਲੰਦ ਕਰੀਏ। ਬੇਸ਼ੱਕ ਅਸੀਂ ਦੇਸ਼ਾਂ ਵਿਦੇਸ਼ਾਂ ਵਿੱਚ ਜਿੱਥੇ ਵੀ ਬੈਠੇ ਹਾਂ ਪਰ ਆਪਾਂ ਆਪਣੇ ਕੌਮੀ ਸੂਰਮੇ ਬੰਦੀ ਸਿੰਘਾਂ ਦੀ ਰਿਹਾਈ ਲਈ ਹਾਅ ਦਾ ਨਾਅਰਾ ਮਾਰੀਏ।