ਬੀਬੀ ਰਣਜੀਤ ਕੌਰ ਨੂੰ ਅਮ੍ਰਿਤਧਾਰੀ ਨਾ ਹੋਣ ਕਰਕੇ ਅਯੋਗ ਦਸਿਆ ਗਿਆ ਸੀ

ਬੀਬੀ ਰਣਜੀਤ ਕੌਰ ਨੂੰ ਅਮ੍ਰਿਤਧਾਰੀ ਨਾ ਹੋਣ ਕਰਕੇ ਅਯੋਗ ਦਸਿਆ ਗਿਆ ਸੀ

ਦਿੱਲੀ ਗੁਰੂਦੁਆਰਾ ਕਮੇਟੀ ਦੀ ਸਾਬਕਾ ਸੀਨੀਅਰ ਮੀਤ ਪ੍ਰਧਾਨ ਬੀਬੀ ਰਣਜੀਤ ਕੋਰ ਪਾਸੋਂ ਦਿੱਲੀ ਗੁਰੂਦੁਆਰਾ ਐਕਟ ਮੁਤਾਬਿਕ 4 ਲੱਖ 25 ਹਜਾਰ ਰੁਪਏ ਜੁਰਮਾਨੇ ਵਜੋਂ ਵਸੂਲ ਕੀਤੇ ਜਾਣ: ਇੰਦਰਮੋਹਨ ਸਿੰਘ

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਗੁਰੂਦੁਆਰਾ ਕਮੇਟੀ ਦੇ ਐਕਟ ਦੇ ਜਾਣਕਾਰ ਇੰਦਰਮੋਹਨ ਸਿੰਘ ਨੇ ਕਮੇਟੀ ਦੀ ਸਾਬਕਾ ਮੀਤ ਪ੍ਰਧਾਨ ਕੋਲੋਂ 4.25 ਹਜਾਰ ਰੁਪਏ ਜੁਰਮਾਨੇ ਵਜੋਂ ਵਸੂਲੇ ਜਾਣ ਦੀ ਮੰਗ ਕੀਤੀ ਹੈ । ਉਨ੍ਹਾਂ ਦਸਿਆ ਕਿ ਦਿੱਲੀ ਸਿੱਖ ਗੁਰੂਦੁਆਰਾ ਐਕਟ 1971 ਦੀ ਧਾਰਾ 10(2) ਮੁਤਾਬਿਕ ਜੇਕਰ ਦਿੱਲੀ ਕਮੇਟੀ ਦਾ ਕੋਈ ਮੈਂਬਰ ਅਯੋਗ ਹੁੰਦਿਆਂ ਵੀ ਆਪਣੇ ਅਹੁਦੇ ‘ਤੇ ਬਣਿਆ ਰਹਿੰਦਾ ਹੈ ਤਾਂ ਉਸ ਮੈਂਬਰ ਪਾਸੋਂ 300 ਰੁਪਏ ਰੋਜਾਨਾ ਦੇ ਆਧਾਰ ‘ਤੇ ਜੁਰਮਾਨਾ ਵਸੂਲਣ ਦਾ ਜਿਕਰ ਹੈ ‘ਤੇ ਐਕਟ ਦੀ ਇਸ ਧਾਰਾ ਮੁਤਾਬਿਕ ਜੁਰਮਾਨਾ ਨਾ ਦੇਣ ਦੀ ਸੂਰਤ ‘ਚ ਉਸ ਮੈਂਬਰ ਦੀ ਜਾਇਦਾਦ ਵੀ ਜਬਤ ਕੀਤੀ ਜਾ ਸਕਦੀ ਹੈ।ਇਸ ਗੱਲ ਨੂੰ ਅਧਾਰ ਬਣਾ ਕੇ ਦਿੱਲੀ ਦੀ ਤੀਸ ਹਜਾਰੀ ਜਿਲਾ ਅਦਾਲਤ ਵੱਲੋਂ 25 ਜਨਵਰੀ 2021 ਦੇ ਫੈਸਲੇ ਰਾਹੀ ਅਯੋਗ ਕਰਾਰ ਦਿੱਤੀ ਗਈ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਸੀਨੀਅਰ ਮੀਤ ਪ੍ਰਧਾਨ ਬੀਬੀ ਰਣਜੀਤ ਕੋਰ ਪਾਸੋਂ ਦਿੱਲੀ ਗੁਰੂਦੁਆਰਾ ਐਕਟ ਮੁਤਾਬਿਕ 4 ਲੱਖ 25 ਹਜਾਰ ਰੁਪਏ ਜੁਰਮਾਨੇ ਵਜੋਂ ਵਸੂਲ ਕੀਤੇ ਜਾਣ ਦੀ ਇਸ ਮਾਮਲੇ ਦੇ ਪਟੀਸ਼ਨਕਰਤਾ ਸਰਦਾਰ ਇੰਦਰਮੋਹਨ ਸਿੰਘ ਨੇ ਡਾਇਰੈਕਟਰ ਗੁਰਦੁਆਰਾ ਚੋਣ ਪਾਸੋਂ ਮੰਗ ਕੀਤੀ ਹੈ। ਕਿਉਂਕਿ ਅਦਾਲਤ ਨੇ ਆਪਣੇ ਆਦੇਸ਼ਾਂ ‘ਚ ਅੰਮ੍ਰਿਤਧਾਰੀ ਨਾਂ ਹੋਣ ‘ਤੇ ਦਿੱਲੀ ਗੁਰੂਦੁਆਰਾ ਕਮੇਟੀ ਦੀ ਮੁਲਾਜਮ ਹੋਣ ਕਾਰਨ ਬੀਬੀ ਰਣਜੀਤ ਕੌਰ ਦੀ ਮੁੱਢਲੀ ਮੈਂਬਰਸ਼ਿਪ 11 ਮਾਰਚ 2017 ਤੋਂ ਹੀ ਰੱਦ ਕਰ ਦਿੱਤੀ ਸੀ। ਇਸ ਲਈ ਲਗਭਗ 1417 ਦਿਨ ਮੈਂਬਰ ਰਹਿਣ ਕਰਕੇ 300 ਰੁਪਏ ਰੋਜ਼ਾਨਾ ਦੇ ਹਿਸਾਬ ਨਾਲ ਬੀਬੀ ਰਣਜੀਤ ਕੌਰ ਨੂੰ 4.25 ਲੱਖ ਰੁਪਏ ਜ਼ੁਰਮਾਨੇ ਦਾ ਭੁਗਤਾਨ ਕਰਨਾ ਪੈ ਸਕਦਾ ਹੈ।