ਭਾਰਤੀ ਟੀਮ ਵਲੋਂ ਫੌਜੀ ਟੋਪੀਆਂ ਪਾ ਕੇ ਖੇਡਣਾ ਖੇਡ ਦਾ ਰਾਜਨੀਤੀਕਰਨ ਕਰਨ ਬਰਾਬਰ: ਪਾਕਿਸਤਾਨ ਮੰਤਰੀ

ਭਾਰਤੀ ਟੀਮ ਵਲੋਂ ਫੌਜੀ ਟੋਪੀਆਂ ਪਾ ਕੇ ਖੇਡਣਾ ਖੇਡ ਦਾ ਰਾਜਨੀਤੀਕਰਨ ਕਰਨ ਬਰਾਬਰ: ਪਾਕਿਸਤਾਨ ਮੰਤਰੀ

ਇਸਲਾਮਾਬਾਦ: ਪਾਕਿਸਤਾਨ ਦੇ ਮੰਤਰੀ ਫਵਾਦ ਚੌਧਰੀ ਨੇ ਕੌਮਾਂਤਰੀ ਕ੍ਰਿਕੇਟ ਕਾਉਂਸਲ (ਆਈਸੀਸੀ) ਨੂੰ ਭਾਰਤੀ ਟੀਮ ਖਿਲਾਫ ਕਾਰਵਾਈ ਕਰਨ ਲਈ ਕਿਹਾ ਹੈ। ਫਵਾਦ ਚੌਧਰੀ ਦਾ ਦੋਸ਼ ਹੈ ਕਿ ਭਾਰਤੀ ਟੀਮ ਅਸਟ੍ਰੇਲੀਆ ਖਿਲਾਫ ਇਕ ਦਿਨਾ ਮੈਚ ਵਿਚ ਭਾਰਤੀ ਫੌਜ ਦੀਆਂ ਟੋਪੀਆਂ ਪਾ ਕੇ ਖੇਡ ਦਾ ਰਾਜਨੀਤੀਕਰਨ ਕਰ ਰਹੀ ਹੈ।

ਗੌਰਤਲਬ ਹੈ ਕਿ ਬੀਤੇ ਕਲ੍ਹ ਭਾਰਤੀ ਕ੍ਰਿਕੇਟ ਬੋਰਡ (ਬੀਸੀਸੀਆਈ) ਨੇ ਐਲਾਨ ਕੀਤਾ ਸੀ ਕਿ ਅਸਟ੍ਰੇਲੀਆ ਖਿਲਾਫ ਹੋਣ ਵਾਲੇ ਤੀਜੇ ਇਕ ਦਿਨਾਂ ਮੈਚ ਵਿਚ ਭਾਰਤੀ ਟੀਮ ਪੁਲਵਾਮਾ ਹਮਲੇ ਵਿਚ ਮਾਰੇ ਗਏ ਫੌਜੀਆਂ ਨੂੰ ਸ਼ਰਧਾਂਜਲੀ ਦੇਣ ਲਈ ਭਾਰਤੀ ਫੌਜ ਦੀਆਂ ਟੋਪੀਆਂ ਵਰਗੀਆਂ ਟੋਪੀਆਂ ਪਾ ਕੇ ਖੇਡੇਗੀ। 

ਬੀਸੀਸੀਆਈ ਨੇ ਇਹ ਵੀ ਐਲਾਨ ਕੀਤਾ ਹੈ ਕਿ ਭਾਰਤੀ ਫੌਜ ਨੂੰ ਸਮਰਪਣ ਵਜੋਂ ਹਰ ਸਾਲ ਭਾਰਤੀ ਟੀਮ ਕਿਸੇ ਮੈਚ ਵਿਚ ਇਸ ਤਰ੍ਹਾਂ ਫੌਜੀ ਟੋਪੀਆਂ ਪਾ ਕੇ ਖੇਡਿਆ ਕਰੇਗੀ।

ਡਾਅਨ ਅਖਬਾਰ ਵਿਚ ਛਪੇ ਬਿਆਨ ਵਿਚ ਪਾਕਿਸਤਾਨ ਦੇ ਸੂਚਨਾ ਮੰਤਰੀ ਫਵਾਦ ਨੇ ਕਿਹਾ ਕਿ ਇਹ ਸਿਰਫ ਕ੍ਰਿਕੇਟ ਨਹੀਂ ਹੈ, ਅਜਿਹਾ ਕਰਕੇ ਭਾਰਤੀ ਟੀਮ ਖੇਡ ਦਾ ਰਾਜਨੀਤੀਕਰਨ ਕਰ ਰਹੀ ਹੈ। ਮੰਤਰੀ ਨੇ ਪਾਕਿਸਤਾਨ ਕ੍ਰਿਕੇਟ ਬੋਰਡ ਨੂੰ ਭਾਰਤ ਖਿਲਾਫ ਆਈਸੀਸੀ ਕੋਲ ਸ਼ਿਕਾਇਤ ਦਰਜ ਕਰਾਉਣ ਲਈ ਕਿਹਾ ਹੈ।

ਚੌਧਰੀ ਨੇ ਕਿਹਾ, "ਅਤੇ ਜੇ ਭਾਰਤੀ ਟੀਮ ਇਸ ਕਾਰਵਾਈ ਤੋਂ ਪਿੱਛੇ ਨਹੀਂ ਹਟਦੀ ਤਾਂ ਪਾਕਿਸਤਾਨ ਟੀਮ ਨੂੰ ਆਪਣੀਆਂ ਬਾਹਵਾਂ 'ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਦੁਨੀਆ ਨੂੰ ਕਸ਼ਮੀਰ ਵਿਚ ਭਾਰਤ ਵਲੋਂ ਕੀਤੇ ਜਾ ਰਹੇ ਜ਼ੁਲਮਾਂ ਬਾਰੇ ਦੱਸਣਾ ਚਾਹੀਦਾ ਹੈ।"

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ