ਸਾਕਾ ਨਕੋਦਰ ਦੇ ਸ਼ਹੀਦਾਂ ਦੀ ਯਾਦ ਵਿਚ ਬੇਅ ਏਰੀਆ ਮਿਲਪੀਟਸ 'ਚ ਸਮਾਗਮ ਕਰਵਾਇਆ

ਸਾਕਾ ਨਕੋਦਰ ਦੇ ਸ਼ਹੀਦਾਂ ਦੀ ਯਾਦ ਵਿਚ ਬੇਅ ਏਰੀਆ ਮਿਲਪੀਟਸ 'ਚ ਸਮਾਗਮ ਕਰਵਾਇਆ
ਬੀਬੀ ਨਵਕਿਰਨ ਕੌਰ ਖਾਲੜਾ ਅਤੇ ਡਾਕਟਰ ਹਰਿੰਦਰ ਸਿੰਘ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ

ਕੈਲੀਫੋਰਨੀਆ: ਸਾਕਾ ਨਕੋਦਰ ਦੇ ਸ਼ਹੀਦਾਂ ਦੀ 34ਵੀਂ ਸ਼ਹੀਦੀ ਵਰ੍ਹੇਗੰਢ ਗੁਰਦੁਆਰਾ ਸਿੰਘ ਸਭਾ ਬੇਅ ਏਰੀਆ ਮਿਲਪੀਟਸ, ਕੈਲੀਫੋਰਨੀਆ ਵਿਖੇ 16 ਫ਼ਰਵਰੀ 2020 ਨੂੰ ਪੂਰੀ ਸ਼ਰਧਾ ਤੇ ਸਤਿਕਾਰ ਨਾਲ ਮਨਾਈ ਗਈ।

ਸਾਕਾ ਨਕੋਦਰ ਦੇ ਸ਼ਹੀਦਾਂ ਦੀ 34ਵੀਂ ਸ਼ਹੀਦੀ ਵਰ੍ਹੇਗੰਢ ਮੌਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਵਿੱਚ ਸ਼ਹਾਦਤਾਂ ਪ੍ਰਾਪਤ ਕਰਨ ਵਾਲੇ ਸਿੱਖ ਨੌਜਵਾਨ ਵਿਦਿਆਰਥੀਆਂ ਭਾਈ ਰਵਿੰਦਰ ਸਿੰਘ ਲਿੱਤਰਾਂ, ਭਾਈ ਬਲਧੀਰ ਸਿੰਘ ਰਾਮਗੜ੍ਹ, ਭਾਈ ਝਿਲਮਣ ਸਿੰਘ ਗੋਰਸੀਆਂ ਅਤੇ ਭਾਈ ਹਰਮਿੰਦਰ ਸਿੰਘ ਚਲੂਪਰ ਨੂੰ ਸਿਜਦਾ ਕਰਦੇ ਹੋਏ ਬੀਬੀ ਨਵਕਿਰਨ ਕੌਰ ਖਾਲੜਾ ਸਪੁੱਤਰੀ ਭਾਈ ਜਸਵੰਤ ਸਿੰਘ ਜੀ ਖਾਲੜਾ ਨੇ ਅਮਰੀਕਾ ਦੀਆਂ ਸਿੱਖ ਸੰਗਤਾਂ ਤੇ ਵਿਦਿਆਰਥੀ ਜਥੇਬੰਦੀਆਂ ਤੋਂ ਅਮਰੀਕਨ ਕਾਂਗਰਸ ਮੈਂਬਰਾਂ ਨੂੰ ਮਿਲਕੇ ਸਾਕਾ ਨਕੋਦਰ ਦੀ ਬੇਇਨਸਾਫ਼ੀ ਬਾਰੇ ਯਾਦ ਪੱਤਰ ਦਿੱਤੇ ਜਾਣ ਦੀ ਮੁਹਿੰਮ ਉਲੀਕਣ ਦਾ ਸੰਕਲਪ ਲਿਆ।

ਡਾ. ਪ੍ਰਿਤਪਾਲ ਸਿੰਘ ਕੋਆਰਡੀਨੇਟਰ ਅਮਰੀਕਨ ਗੁਰਦੁਆਰਾ ਪ੍ਰੰਬਧਕ ਕਮੇਟੀ ਵੱਲੋਂ ਵਾਅਦਾ ਕੀਤੀ ਗਿਆ ਕਿ ਸਿੱਖ ਕਾਕਸ ਅਮਰੀਕਨ ਕਾਂਗਰਸ ਦੇ ਆਉਣ ਵਾਲੇ ਸ਼ੈਸ਼ਨ ਵਿੱਚ ਸਾਕਾ ਨਕੋਦਰ ਦੀ ਬੇਇਨਸਾਫ਼ੀ ਦੀ ਕਹਾਣੀ ਇੱਕ ਕੇਸ ਸਟੱਡੀ ਦੇ ਰੂਪ ਵਿੱਚ ਰੱਖੇਗਾ, ਉਨ੍ਹਾਂ ਨੇ ਪੰਜਾਬ ਦੇ  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣਾ ਵਾਅਦਾ  ਨਿਭਾ ਕਿ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀ ਜਾਂਚ ਰਿਪੋਰਟ ਦਾ ਦੂਸਰਾ ਭਾਗ ਜਨਤਕ ਕਰਨ ਅਤੇ ਰਿਪੋਰਟ ਨੂੰ ਆਉਂਦੇ ਵਿਧਾਨ ਸਭਾ ਸੈਸ਼ਨ ਵਿਚ ਪੇਸ਼ ਕਰਕੇ ਬਹਿਸ  ਕਰਵਾਉਣ, ਐਕਸ਼ਨ ਰਿਪੋਰਟ ਰੱਖਣ ਤੇ ਸਪੈਸ਼ਲ ਐਸਆਈਟੀ ਬਣਾ ਕੈ ਬੇਗੁਨਾਹ ਨੌਜਵਾਨਾਂ ਦੇ ਕਾਤਲਾਂ 'ਤੇ ਮੁਕੱਦਮੇ ਦਰਜ਼ ਕਰਵਾਕੇ ਪੀੜਤ ਪਰਿਵਾਰਾਂ ਨੂੰ ਇਨਸਾਫ ਦੇਣ ਦੀ ਮੰਗ ਵੀ ਕੀਤੀ ।

ਸ਼ਹੀਦ ਭਾਈ ਰਵਿੰਦਰ ਸਿੰਘ ਦੇ ਭਰਾ ਡਾਕਟਰ ਹਰਿੰਦਰ ਸਿੰਘ (ਸਟੈਨਫੋਰਡ ਯੂਨੀਵਰਸਿਟੀ) ਵਲੋਂ ਸੰਗਤਾਂ ਨਾਲ ਸਾਕਾ ਨਕੋਦਰ ਦੇ ਪਿਛਲੇ 34 ਸਾਲਾਂ ਦੇ ਇਤਿਹਾਸ ਦੀ ਸਾਂਝ ਪਾਈ ਗਈ।