ਨਾਨਕਸ਼ਾਹੀ ਕੈਲੰਡਰ ਦੇ ਨਿਰਮਾਤਾ ਪਾਲ ਸਿੰਘ ਪੁਰੇਵਾਲ ਜੀ ਦਾ ਅਕਾਲ ਚਲਾਣਾ

ਨਾਨਕਸ਼ਾਹੀ ਕੈਲੰਡਰ ਦੇ ਨਿਰਮਾਤਾ ਪਾਲ ਸਿੰਘ ਪੁਰੇਵਾਲ ਜੀ ਦਾ ਅਕਾਲ ਚਲਾਣਾ

ਸਿੱਖ ਜਗਤ ਵਿਚ ਸੋਗ ਦੀ ਲਹਿਰ

ਅੰਮ੍ਰਿਤਸਰ ਟਾਈਮਜ਼
ਫਰੀਮਾਂਟ
: ਸਿੱਖ ਪੰਥ ਦੇ ਨਾਨਕਸ਼ਾਹੀ ਕੈਲੰਡਰ ਦੇ ਨਿਰਮਾਤਾ ਸ . ਪਾਲ ਸਿੰਘ ਪੁਰੇਵਾਲ ਜੀ , ਅਕਾਲ ਚਲਾਣਾ ਕਰ ਗਏ ਹਨ। ਤਾਰੀਕ 22/ 09/2022 ਨੂੰ ਵੀਰਵਾਰ ਤੜਕੇ 1:30 ( AM ) ਉਨ੍ਹਾਂ ਨੇ ਆਖਰੀ ਸਵਾਸ ਲਿਆ ਸੀ । ਪਾਲ ਸਿੰਘ ਪੁਰੇਵਾਲ ਜੀ ਦੇ ਅਕਾਲ ਚਲਾਣਾ ਨਾਲ ਸਿੱਖ ਜਗਤ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। 

ਸ. ਪੁਰੇਵਾਲ ਸਿੰਘ ਜੀ ਪਿਛਲੇ ਕੁੱਝ ਸਮੇਂ ਤੋਂ ਖਰਾਬ ਸਿਹਤ ਨਾਲ ਸੰਘਰਸ਼ ਕਰ ਰਹੇ ਸਨ ਜਿਸ ਦੇ ਚਲਦੇ ਅੱਜ  ਸਵੇਰੇ ਹਸਪਤਾਲ ਵਿਖੇ ਉਨ੍ਹਾਂ ਦਾ ਦੇਹਾਂਤ ਹੋ ਗਿਆ ਹੈ। ਦੱਸਣਯੋਗ ਹੈ ਕਿ ਪਾਲ ਸਿੰਘ ਪੁਰੇਵਾਲ ਇੱਕ ਕੈਨੇਡੀਅਨ ਸੇਵਾਮੁਕਤ ਇੰਜੀਨੀਅਰ, ਲੇਖਕ, ਵਿਦਵਾਨ ਅਤੇ ਇੱਕ ਅਧਿਆਪਕ ਸਨ।ਆਮ ਤੌਰ 'ਤੇ  ਉਹਨਾਂ ਨੂੰ ਨਾਨਕਸ਼ਾਹੀ ਕੈਲੰਡਰ ਅਤੇ ਮੂਲ ਨਾਨਕਸ਼ਾਹੀ ਕੈਲੰਡਰ ਦੇ ਆਰਕੀਟੈਕਟ ਵਜੋਂ ਜਾਣਿਆ ਜਾਂਦਾ ਹੈ। ਸਿੱਖ ਕੌਮ ਦੀ ਇਸ ਮਹਾਨ ਸ਼ਖ਼ਸੀਅਤ ਨੇ 2003 'ਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਇਆ ਨਾਨਕਸ਼ਾਹੀ ਕੈਲੰਡਰ ਤਿਆਰ ਕਰਨ ਵਿਚ ਅਹਿਮ ਯੋਗਦਾਨ ਨਿਭਾਇਆ ਸੀ। ਖਾਲਸਾ ਪੰਥ ਦੀ 300ਵੀਂ ਵਰ੍ਹੇਗੰਢ 'ਤੇ, ਇਸ ਕਲੈਂਡਰ ਨੂੰ 1999 ਵਿੱਚ ਇੱਕ ਜਨਰਲ ਹਾਊਸ ਦੇ ਮਤੇ ਪਾਸ ਕਰਨ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੁਆਰਾ ਜਾਰੀ ਕੀਤਾ ਗਿਆ ਸੀ ਅਤੇ 2003 ਵਿੱਚ ਅਕਾਲ ਤਖ਼ਤ  ਦੁਆਰਾ ਸਵੀਕਾਰ ਕੀਤਾ ਗਿਆ ਸੀ।
ਅੱਜ ਵੀ ਬਹੁਤ ਸਾਰੀਆਂ ਸਿੱਖ ਸੰਸਥਾਵਾਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ 2003 ਦੇ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਗੁਰਪੁਰਬ ਤੇ ਦਿਨ-ਦਿਹਾੜੇ ਮਨਾਉਂਦੀਆਂ ਹਨ।

ਜ਼ਿਕਰਯੋਗ ਹੈ ਕਿ ਪਾਲ ਸਿੰਘ ਪੁਰੇਵਾਲ ਵੱਲੋਂ ਸੋਧਿਆ ਹੋਇਆ ਨਾਨਕਸ਼ਾਹੀ ਕੈਲੰਡਰ ਬਿਕਰਮੀ ਕੈਲੰਡਰ ਨੂੰ ਬਦਲਣ ਲਈ ਤਿਆਰ ਕੀਤਾ ਗਿਆ ਸੀ। ਇਸ ਕੈਲੰਡਰ ਦਾ ਯੁੱਗ 1469 ਵਿੱਚ ਪਹਿਲੇ ਸਿੱਖ ਗੁਰੂ ਨਾਨਕ ਦੇਵ ਜੀ ਦਾ ਜਨਮ ਹੈ ਅਤੇ ਨਾਨਕਸ਼ਾਹੀ ਸਾਲ 1 ਚੇਤ ਨੂੰ ਸ਼ੁਰੂ ਹੁੰਦਾ ਹੈ। ਨਵੇਂ ਸਾਲ ਦਾ ਦਿਨ ਹਰ ਸਾਲ ਗ੍ਰੇਗੋਰੀਅਨ ਪੱਛਮੀ ਕੈਲੰਡਰ ਵਿੱਚ 14 ਮਾਰਚ ਨੂੰ ਆਉਂਦਾ ਹੈ।
ਪਾਲ ਸਿੰਘ ਪੁਰੇਵਾਲ ਦੇ ਸਦੀਵੀ ਵਿਛੋੜੇ ਨਾਲ ਸਿੱਖ ਜਗਤ ਵਿਚ ਇਕ ਘਾਟ ਪੈਦਾ ਹੋ ਗਈ ਹੈ ਜੋ ਕਦੇ ਵੀ ਨਹੀਂ ਭਰ ਸਕਦੀ । ਇਸ ਦੁੱਖ ਦੀ ਘੜੀ ਵਿਚ ਅਦਾਰਾ ਅੰਮ੍ਰਿਤਸਰ ਟਾਈਮਜ਼ ਪਾਲ ਸਿੰਘ ਪੁਰੇਵਾਲ ਦੇ  ਪਰਿਵਾਰ ਨਾਲ ਦੁੱਖ ਸਾਂਝਾ ਕਰਦਾ ਹੋਇਆ  ਅਕਾਲਪੁਰਖ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਕਰਦਾ ਹੈ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਅਤੇ  ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ।