ਕਸ਼ਮੀਰ ਵਿੱਚ ਮਨੁੱਖੀ ਹੱਕਾਂ ਦੇ ਘਾਣ ਸਬੰਧੀ ਅਮਰੀਕੀ ਕਾਂਗਰਸ ਕਮੇਟੀ ਅੱਗੇ ਜਵਾਬਦੇਹੀ ਤੋਂ ਭੱਜਿਆ ਭਾਰਤ

ਕਸ਼ਮੀਰ ਵਿੱਚ ਮਨੁੱਖੀ ਹੱਕਾਂ ਦੇ ਘਾਣ ਸਬੰਧੀ ਅਮਰੀਕੀ ਕਾਂਗਰਸ ਕਮੇਟੀ ਅੱਗੇ ਜਵਾਬਦੇਹੀ ਤੋਂ ਭੱਜਿਆ ਭਾਰਤ
ਐਸ ਜੈਸ਼ੰਕਰ

ਵਾਸ਼ਿੰਗਟਨ: ਭਾਰਤ ਵੱਲੋਂ ਕਸ਼ਮੀਰ ਵਿੱਚ ਕਸ਼ਮੀਰੀ ਲੋਕਾਂ ਦੇ ਮਨੁੱਖੀ ਹੱਕਾਂ ਦੇ ਕੀਤੇ ਜਾ ਰਹੇ ਘਾਣ ਸਬੰਧੀ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਵਿਖੇ ਅਮਰੀਕੀ ਕਾਂਗਰਸ ਦੀ ਵਿਦੇਸ਼ ਮਾਮਲਿਆਂ ਬਾਰੇ ਕਮੇਟੀ ਵੱਲੋਂ ਰੱਖੀ ਗਈ ਬੈਠਕ ਵਿੱਚ ਭਾਗ ਲੈਣ ਤੋਂ ਭਾਰਤ ਦੇ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਐਸ ਜੈਸ਼ੰਕਰ ਨੇ ਇਨਕਾਰ ਕਰ ਦਿੱਤਾ ਹੈ। ਇਸ ਬੈਠਕ ਤੋਂ ਭੱਜਣ ਦੀ ਵਜ੍ਹਾ ਭਾਰਤ ਨੇ ਇਸ ਕਮੇਟੀ ਵਿੱਚ ਸ਼ਾਮਲ ਕਾਂਗਰਸ ਮੈਂਬਰ ਪ੍ਰਮਿਲਾ ਜੈਪਾਲ ਨੂੰ ਦੱਸਿਆ ਹੈ ਜਿਹਨਾਂ ਅਮਰੀਕੀ ਕਾਂਗਰਸ ਵਿੱਚ ਮਤਾ ਪੇਸ਼ ਕਰਕੇ ਭਾਰਤ ਨੂੰ ਕਸ਼ਮੀਰ ਤੋਂ ਪਾਬੰਦੀਆਂ ਹਟਾਉਣ ਲਈ ਕਿਹਾ ਸੀ।

ਭਾਰਤ ਦੇ ਇਸ ਕਦਮ 'ਤੇ ਸਖਤ ਟਿੱਪਣੀ ਕਰਦਿਆਂ ਡੈਮੋਕਰੈਟ ਪਾਰਟੀ ਵੱਲੋਂ ਰਾਸ਼ਟਰਪਤੀ ਉਮੀਦਵਾਰੀ ਦੇ ਦਾਅਵੇਦਾਰ ਏਲੀਜ਼ਾਬੇਥ ਵਾਰੇਨ ਨੇ ਕਿਹਾ, "ਪ੍ਰਮਿਲਾ ਜੈਪਾਲ ਦੀ ਅਵਾਜ਼ ਦਬਾਉਣ ਦੀਆਂ ਇਹ ਕੋਸ਼ਿਸ਼ਾਂ ਬਹੁਤ ਖਤਰਨਾਕ ਹਨ। ਭਾਰਤ ਅਤੇ ਅਮਰੀਕਾ ਚੰਗੇ ਭਾਈਵਾਲ ਹਨ- ਪਰ ਸਾਡੀ ਸਾਂਝ ਤਾਂ ਹੀ ਕਾਮਯਾਬ ਹੋ ਸਕਦੀ ਹੈ ਜੇ ਇਸ ਦੀਆਂ ਜੜ੍ਹਾਂ ਇਮਾਨਦਾਰ ਸੰਵਾਦ ਅਤੇ ਧਾਰਮਿਕ ਵਿਲੱਖਣਤਾ, ਲੋਕਤੰਤਰ ਤੇ ਮਨੁੱਖੀ ਹੱਕਾਂ ਦੀ ਕਦਰ ਵਾਲੀ ਭਾਵਨਾ 'ਚ ਲੱਗੀਆਂ ਹੋਣਗੀਆਂ।

ਭਾਰਤ ਵੱਲੋਂ ਜਵਾਬਦੇਹੀ ਤੋਂ ਭੱਜਣ ਮਗਰੋਂ ਪ੍ਰਮਿਲਾ ਜੈਪਾਲ ਦੇ ਨਾਲ ਕਸ਼ਮੀਰ ਬਾਰੇ ਮਤੇ ਨੂੰ ਜਿੱਥੇ ਪਹਿਲਾਂ 19 ਮੈਂਬਰਾਂ ਨੇ ਸਾਂਝੇ ਤੌਰ 'ਤੇ ਪੇਸ਼ ਕੀਤਾ ਸੀ ਬੀਤੇ 24 ਘੰਟਿਆਂ 'ਚ ਇਹ ਗਿਣਤੀ 10 ਹੋਰ ਵਧ ਕੇ 29 ਮੈਂਬਰਾਂ ਦਾ ਮਤਾ ਹੋ ਗਈ ਹੈ। 

ਭਾਰਤ ਸਰਕਾਰ ਦੇ ਰਵੱਈਏ 'ਤੇ ਟਿੱਪਣੀ ਕਰਦਿਆਂ ਜੈਪਾਲ ਨੇ ਟਵੀਟ ਕੀਤਾ ਕਿ ਇਸ ਨਾਲ ਭਾਰਤ ਸਰਕਾਰ ਨੇ ਸਾਬਤ ਕੀਤਾ ਹੈ ਕਿ ਉਹ ਕਿਸੇ ਵੀ ਵਿਰੋਧੀ ਵਿਚਾਰ ਨੂੰ ਸੁਣਨਾ ਨਹੀਂ ਚਾਹੁੰਦੇ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।