ਪੰਜਾਬੀ ਯੂਨੀਵਰਸਿਟੀ ਪਟਿਆਲਾ ਮਾਮਲਾ

ਪੰਜਾਬੀ ਯੂਨੀਵਰਸਿਟੀ ਪਟਿਆਲਾ ਮਾਮਲਾ

ਬੀਤੇ ਦਿਨੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਵਿਦਿਆਰਥਣ ਜਸ਼ਨਦੀਪ ਕੌਰ ਦੀ ਮੌਤ ਤੋਂ ਬਾਅਦ ਸਮਾਜ ਦੇ ਹਰੇਕ ਹਲਕੇ ਵਿੱਚ ਗੱਲਬਾਤ ਦੀ ਲੜੀ ਤੁਰੀ ਹੈ।

ਯੂਨੀਵਰਸਿਟੀ ਵਲੋਂ ਇਸ ਸਾਰੇ ਮਾਮਲੇ ਦੀ ਨਿਆਇਕ ਜਾਂਚ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਵਿਦਿਆਰਥੀਆਂ ਵਿਚਕਾਰ ਖਿਚੋਤਾਣ ਅਤੇ ਸ਼ਬਦੀ ਜੰਗ ਚੱਲ ਰਹੀ ਸੀ। ਮ੍ਰਿਤਕ ਦੇ ਹੱਕ ਵਿੱਚ ਵਿਦਿਆਰਥੀਆਂ ਵਲੋਂ ਰੋਸ ਜਾਹਰ ਕੀਤਾ ਜਾ ਰਿਹਾ ਸੀ। ਹੁਣ ਜਾਂਚ ਤੋਂ ਬਾਅਦ ਨਿਕਲੇ ਨਤੀਜੇ ਤੋਂ ਹੀ ਸਹੀ ਗੱਲ ਸਾਹਮਣੇ ਆ ਸਕਦੀ ਹੈ। 

ਵਿਦਿਆਰਥਣ ਦੀ ਹੋਈ ਮੌਤ ਪਿਛੇ ਵੱਡੇ ਹਿੱਸੇ ਵੱਲੋਂ ਇੱਕ ਗੱਲ ਇਹ ਵੀ ਕਹੀ ਜਾ ਰਹੀ ਹੈ ਕਿ ਉਸਨੂੰ ਮਾਨਸਿਕ ਤੌਰ 'ਤੇ ਪਰੇਸ਼ਾਨੀ ਵਿਚੋਂ ਲੰਘਣਾ ਪਿਆ, ਜਿਸ ਕਰ ਕੇ ਉਸ ਦੀ ਸਿਹਤ ਵਿਗੜੀ। ਪ੍ਰੋਫੈਸਰ ਸੁਰਜੀਤ ਦੇ ਖਿਲਾਫ ਕੁਝ ਵਿਦਿਆਰਥੀਆਂ ਵਲੋਂ ਕੈਮਰੇ ਸਾਹਮਣੇ ਆ ਕੇ ਆਪਣੇ ਨਾਲ ਹੁੰਦੀਆਂ ਵਧੀਕੀਆਂ ਨੂੰ ਵੀ ਦੱਸਿਆ ਗਿਆ। ਮੌਤ ਦੀ ਖ਼ਬਰ ਆਉਣ ਤੋਂ ਬਾਅਦ ਵਿਦਿਆਰਥੀਆਂ ਨੇ ਪ੍ਰੋਫੈਸਰ ਖਿਲਾਫ ਧੱਕਾ ਮੁੱਕੀ ਕੀਤੀ ਅਤੇ ਪ੍ਰੋਫੈਸਰ ਸੁਰਜੀਤ ਦੇ ਸੱਟਾਂ ਲੱਗਣ ਦੀ ਖ਼ਬਰ ਵੀ ਆਈ ਹੈ। ਇਸ ਤੋਂ ਇਹ ਗੱਲ ਬਾਹਰ ਆਈ ਹੈ ਕਿ ਯੂਨੀਵਰਸਿਟੀ ਅੰਦਰ ਸਭ ਕੁਝ ਸਹੀ ਨਹੀਂ ਹੈ। ਵਿਦਿਆਰਥੀ ਅਤੇ ਪ੍ਰੋਫੈਸਰਾਂ ਦਰਮਿਆਨ ਕਾਫੀ ਪਾੜਾ ਹੈ। 

ਸਿੱਖਿਆ ਸੰਸਥਾਵਾਂ ਬਾਰੇ ਇੱਕ ਗੱਲ ਦੀ ਚਰਚਾ ਆਮ ਕਰਕੇ ਚੱਲਦੀ ਰਹਿੰਦੀ ਹੈ ਕਿ ਅਧਿਆਪਕ ਵਾਹ ਲੱਗਦੇ ਵਿਦਿਆਰਥੀਆਂ ਨੂੰ ਤੰਗ ਪਰੇਸ਼ਾਨ ਕਰਦੇ ਹਨ। ਪ੍ਰੋਫੈਸਰ ਸੁਰਜੀਤ ਦੀ ਹੋਈ ਕੁੱਟਮਾਰ ਸ਼ਾਇਦ ਇਸੇ ਵਾਹ ਲੱਗਣ ਦੇ ਅਮਲ ਵਿਚੋਂ ਨਿਕਲੀ ਜਵਾਬੀ ਕਾਰਵਾਈ ਹੈ। ਗੁਰੂ ਚੇਲੇ ਦੀ ਪਰੰਪਰਾ ਦੇ ਤੌਰ 'ਤੇ ਸਮਾਜ ਵਿੱਚ ਰਹਿੰਦਿਆਂ ਅਸੀਂ ਇਹ ਵੇਖਣਾ ਹੈ ਕਿ ਇਹ ਵਾਹ ਲੱਗਣ ਦੀ ਪਿਰਤ ਕਿੰਨੀ ਕੁ ਚੰਗੀ ਹੈ? ਸਿੱਖਣ, ਸਿਖਾਉਣ ਦੀ ਅਹਿਮੀਅਤ ਅਤੇ ਸਿੱਖਣ ਵਾਲੇ, ਸਿਖਾਉਣ ਵਾਲੇ ਦੀ ਆਪਸੀ ਕਦਰ ਕਿਉਂ ਘੱਟ ਰਹੀ ਹੈ? ਯੂਨੀਵਰਸਿਟੀ ਵਿੱਚ ਭਾਵੇਂ ਵਿਦਿਆਰਥੀ ਅਧਿਆਪਕਾਂ ਤੋਂ ਜ਼ਲੀਲ ਹੁੰਦੇ ਹੋਣ ਜਾਂ ਵਿਦਿਆਰਥੀ ਅਧਿਆਪਕਾਂ ਖਿਲਾਫ ਗੁੱਸਾ ਕੱਢ ਜਾਣ, ਇਹ ਬਿਰਤੀ ਦੋਵੇਂ ਪਾਸਿਓਂ ਹੀ ਮਾੜੀ ਹੈ। 

ਵਿਦਿਆਰਥੀਆਂ ਨਾਲ ਮਾੜੇ ਰਵਈਏ ਅਤੇ ਸੋਸ਼ਣ ਪਿਛੇ ਸੱਚਾਈ ਨੂੰ ਘੋਖਣ ਲਈ ਵਿਦਿਆਰਥੀਆਂ ਅਤੇ ਜਿੰਮੇਵਾਰ ਯੂਨੀਵਰਸਿਟੀ ਪ੍ਰਸਾਸ਼ਨ ਵਲੋਂ ਅਜਿਹਾ ਪ੍ਰਬੰਧ ਘੜਿਆ ਜਾਣਾ ਚਾਹੀਦਾ ਹੈ ਕਿ ਕੋਈ ਵੀ ਵਿਦਿਆਰਥੀ ਅਜਿਹੇ ਹਲਾਤਾਂ ਵਿਚ ਆਪਣਾ ਪੱਖ ਰੱਖ ਸਕੇ ਅਤੇ ਉਸ ਨਾਲ ਨਿਆਂ ਹੋ ਸਕੇ। ਆਮ ਤੌਰ 'ਤੇ ਘਟਨਾਵਾਂ ਵਾਪਰਨ ਤੋਂ ਬਾਅਦ ਸਾਡੀ ਦੌੜ ਉਸੇ ਮਸਲੇ ਦੀ ਤਹਿ ਤੱਕ ਜਾਣ 'ਤੇ ਹੀ ਸੀਮਤ ਹੁੰਦੀ ਹੈ ਜਿਹਾ ਕਿ ਇਸ ਮਾਮਲੇ ਵਿੱਚ ਸਾਹਮਣੇ ਆ ਰਿਹਾ ਹੈ ਕਿ ਯੂਨੀਵਰਸਿਟੀ ਵਲੋਂ ਇਸ ਮਾਮਲੇ ਦੀ ਪੜਤਾਲ ਕੀਤੀ ਜਾਵੇਗੀ, ਦੋਸ਼ੀ ਨਾਮਜ਼ਦ ਹੋਣ 'ਤੇ ਕਾਰਵਾਈ ਲੇਖਾ ਸਾਹਮਣੇ ਲਿਆਂਦਾ ਜਾਵੇਗਾ ਪਰ ਇਸ ਤੋਂ ਵੀ ਅੱਗੇ ਜਾ ਕੇ ਅਗਾਂਹ ਤੋਂ ਇਸ ਤਰ੍ਹਾਂ ਦੇ ਵਰਤਾਰੇ ਨੂੰ ਰੋਕਣ ਲਈ ਕੋਈ ਰਾਹ ਕੱਢਿਆ ਜਾਣਾ ਚਾਹੀਦਾ ਹੈ।  

ਵਿਦਿਅਕ ਆਦਰਿਆਂ 'ਚ ਅਜਿਹੇ ਵਰਤਾਰੇ ਗੰਭੀਰ ਪੜਚੋਲ ਦੀ ਮੰਗ ਕਰਦੇ ਹਨ। ਇਹ ਮਸਲੇ ਵਿਦਿਆਰਥੀਆਂ ਦੇ ਭਵਿੱਖ ਨਾਲ ਜੁੜੇ ਹਨ। ਯੂਨੀਵਰਸਟੀਆਂ ਨਾਲ ਸਬੰਧਿਤ ਸੁਹਿਰਦ ਲੋਕ ਅਤੇ ਵਿਦਿਆਰਥੀਆਂ ਨੂੰ ਗੰਭੀਰ ਪੜਚੋਲ ਕਰਨ ਦੀ ਜਿੰਮੇਵਾਰੀ ਓਟਦਿਆਂ ਸਾਂਝਾ ਪੜਤਾਲੀਆ ਕਮਿਸ਼ਨ ਬਣਾਉਣ, ਵਿਅਕਤੀਆਂ ਦੀ ਨਿਸ਼ਾਨਦੇਹੀ ਕਰਨ, ਸਮਾਜਿਕ ਅਤੇ ਕਨੂੰਨੀ ਤੌਰ ਉੱਤੇ ਸਜ਼ਾ ਵਾਸਤੇ ਹੰਭਲਾ ਮਾਰਨ ਅਤੇ ਸਮੁੱਚੇ ਵਰਤਾਰੇ ਨੂੰ ਠੱਲ ਪਾਉਣ ਲਈ ਪ੍ਰਬੰਧਕ ਬਦਲਾਅ ਲਿਆਉਣ ਲਈ ਵਿਉਂਤਬੰਦੀ ਕਰਨ ਲਈ ਯਤਨਸ਼ੀਲ ਹੋਣ ਦੀ ਲੋੜ ਹੈ।  

ਨਿੱਝਰ ਮਾਮਲਾ: ਕਨੇਡਾ ਅਤੇ ਇੰਡੀਆ ਆਹਮੋ ਸਾਹਮਣੇ

ਕਨੇਡਾ ਅਤੇ ਇੰਡੀਆ ਵਿਚਾਲੇ ਵਾਪਰ ਰਹੀਆਂ ਘਟਨਾਵਾਂ ਨੇ ਦੋਵਾਂ ਦੇਸ਼ਾਂ ਦੇ ਆਪਸੀ ਸਬੰਧਾਂ ਵਿੱਚ ਵਿਗਾੜ ਪੈਦਾ ਕਰ ਦਿੱਤਾ ਹੈ। ਇੰਡੀਆ ਵਲੋਂ ਕਨੇਡਾ 'ਤੇ ਪੰਜਾਬ ਦੀ ਅਜ਼ਾਦੀ ਪੱਖੀ ਧਿਰਾਂ ਨੂੰ ਸਹਿਮਤੀ ਦੇਣ ਦਾ ਦੋਸ਼ ਲਗਾਇਆ ਜਾਂਦਾ ਰਿਹਾ ਹੈ। ਪਹਿਲਾਂ ਵੀ ਸਬੰਧਾਂ ਵਿੱਚ ਕੋਈ ਖ਼ਾਸ ਸਾਂਝ ਨਹੀਂ ਹੈ। ਹਾਲ ਹੀ ਵਿੱਚ ਦੋਵਾਂ ਮੁਲਕਾਂ ਨੇ ਇੱਕ ਦੂਜੇ ਦੇ ਡਿਪਲੋਮੈਟਾਂ ਨੂੰ ਦੇਸ਼ ਤੋਂ ਬਾਹਰ ਹੋਣ ਦਾ ਹੁਕਮ ਦੇ ਦਿੱਤਾ ਹੈ। 

ਜੂਨ ਵਿੱਚ ਕਨੇਡਾ ਦੀ ਧਰਤੀ 'ਤੇ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਬਾਅਦ ਬੀਤੇ ਦਿਨੀਂ ਕਨੇਡਾ ਦੇ ਪ੍ਰਧਾਨਮੰਤਰੀ ਟਰੂਡੋ ਨੇ ਪਾਰਲੀਮੈਂਟ ਵਿਚ ਇੰਡੀਆ ਦੀਆਂ ਏਜੰਸੀਆਂ ਨੂੰ ਇਸ ਕਤਲ ਦਾ ਜਿੰਮੇਵਾਰ ਦੱਸਿਆ ਹੈ। 

ਪੱਛਮੀ ਮੁਲਕਾਂ ਵਿੱਚ ਕਨੇਡਾ ਦਾ ਕੱਦ ਅਤੇ ਅਜਿਹੇ ਬਿਆਨ ਦੇਣ ਪਿਛੇ ਦੀ ਹਕੀਕਤ ਨੂੰ ਕਈ ਪਾਸਿਆਂ ਤੋਂ ਖੜਕੇ ਦੇਖਣ ਦੀ ਜ਼ਰੂਰਤ ਹੈ। ਪ੍ਰਧਾਨ ਮੰਤਰੀ ਟਰੂਡੋ ਦੇ ਬਿਆਨ ਵਿਚ ਆਏ ਲਫਜ ਕਿ ਸਿੱਧਾ ਸਿੱਧਾ ਸ਼ੱਕ ਇੰਡੀਆ ਦੀਆਂ ਏਜੰਸੀਆਂ ਉਪਰ ਜਾਂਦਾ ਹੈ, ਇਸਦਾ ਮੁਤਾਬਿਕ ਅਜੇ ਕਨੇਡਾ ਦੀ ਜਾਂਚ ਪੂਰੀ ਨਹੀਂ ਹੈ। ਅਧੂਰੀ ਜਾਂਚ ਦੇ ਸਿਰ ਤੇ ਇੰਡੀਆ ਨੂੰ ਫੋਕਾ ਰੋਹਬ ਦਿਖਾ ਕੇ ਸਾਇਦ ਉਲਟਾ ਪ੍ਰਤੀਕਰਮ ਜਾਨਣ ਦੀ ਕੋਸ਼ਿਸ ਹੋ ਰਹੀ ਹੈ। ਕਿਸੇ ਵੀ ਵੇਲੇ ਇੰਡੀਆ ਨੂੰ ਬਰੀ ਵੀ ਕੀਤਾ ਜਾ ਸਕਦਾ ਹੈ। ਕਿਉਕਿ ਇਸ ਵੇਲੇ ਅਮਰੀਕਾ ਇੰਡੀਆ ਦੇ ਪੂਰਾ ਪੂਰਾ ਹੱਕ ਵਿੱਚ ਹੈ। ਵੈਸੇ ਵੀ ਰੂਸ ਉਪਰ ਪਾਬੰਦੀਆਂ ਲਾਉਣ ਤੋਂ ਬਾਅਦ ਅਤੇ ਚੀਨ ਨਾਲ ਮੁਕਾਬਲੇ ਵਿਚ ਹੋਣ ਦੇ ਬਾਵਜੂਦ ਇੰਡੀਆ ਨੂੰ ਆਪਣੇ ਨਾਲ ਰੱਖਣਾ ਅਮਰੀਕਾ ਦੀ ਮਜ਼ਬੂਰੀ ਬਣ ਗਿਆ ਦਿਖਾਈ ਦਿੰਦਾ ਹੈ ਪਰ ਨਾਲ ਹੀ ਸਿੱਖਾਂ ਦੀ ਹਮਾਇਤ ਨੂੰ ਵਰਤ ਕੇ ਇੰਡੀਆ ਦੇ ਸਿਰ ਕੁੰਡਾ ਵੀ ਰੱਖਣਾ ਚਾਹੁੰਦਾ ਹੈ। ਫਿਲਹਾਲ ਇਹੀ ਸੰਭਾਵਨਾ ਬਣ ਰਹੀ ਹੈ। ਇਹ ਹਕੀਕਤ ਹੈ ਕਿ ਅਮਰੀਕਾ ਤੋਂ ਬਿਨਾਂ ਕਨੇਡਾ ਕਿਸੇ ਗੱਲ ਤੇ ਖੜ੍ਹ ਨਹੀਂ ਸਕਦਾ ਭਾਵੇਂ ਕਿ ਅੰਤਰਰਾਸ਼ਟਰੀ ਮਾਮਲਿਆਂ ਵਿਚ ਕਨੇਡਾ ਆਪਣੀ ਹਸਤੀ ਨੂੰ ਵੱਡਾ ਦਿਖਾਉਣ ਦੀ ਕੋਸ਼ਿਸ ਕਰਦਾ ਰਹਿੰਦਾ ਹੈ। ਰਣਨੀਤੀ ਦੇ ਪੱਖੋਂ ਅਮਰੀਕਾ ਅਤੇ ਕਨੇਡਾ ਵੱਖੋ-ਵੱਖ ਨਹੀਂ ਹਨ। ਦੋਨੋਂ ਇਕ ਸਾਂਝੀ ਰਣਨੀਤੀ ਤਹਿਤ ਹੀ ਬਿਆਨ ਅਤੇ ਅਮਲ ਕਰਦੇ ਹਨ। ਹੁਣ ਦੀ ਸਥਿਤੀ ਬਾਰੇ ਵੀ ਬ੍ਰਿਟੇਨ ਅਤੇ ਅਮਰੀਕਾ ਨੂੰ ਕਨੇਡਾ ਨੇ ਜਾਣਕਾਰੀ ਦੇ ਦਿੱਤੀ ਹੈ। 

ਸੰਨ 2018 ਦੇ ਵਿਚ ਕਨੇਡਾ ਦੇ ਵਿਚ ਚੀਨ ਨੇ ਆਪਣੇ ਪੱਧਰ 'ਤੇ ਕਾਰਵਾਈ ਕੀਤੀ ਸੀ। ਹੁਣ ਇੰਡੀਆ ਵਲੋਂ ਵੀ ਕਨੇਡਾ ਦੇ ਕਾਨੂੰਨ ਤੋਂ ਬਾਹਰੀ ਹੋ ਕੇ ਇਹ ਕਾਰਵਾਈ ਕਰਨ ਕਰਕੇ ਕਨੇਡਾ ਦੀ ਅਫ਼ਸਰਸ਼ਾਹੀ ਇਸ ਨੂੰ ਕਨੇਡਾ ਵਿੱਚ ਦਖ਼ਲਅੰਦਾਜ਼ੀ ਸਮਝ ਰਹੀ ਹੈ। ਕਨੇਡਾ ਇਸ ਨੂੰ ਐਵੇਂ ਸਮਝ ਰਿਹਾ ਹੈ ਜਿਵੇਂ ਇੰਡੀਆ ਨੇ ਪਾਕਿਸਤਾਨ ਵਿਚ ਗੋਲੀਬਾਰੀ ਕਰਕੇ ਉਥੇ ਦੇ ਆਦਮੀ ਮਾਰ ਦਿੱਤੇ ਸਨ। ਕਨੇਡਾ ਨੇ ਇਹ ਫ਼ਿਕਰ ਜਾਹਰ ਕੀਤਾ ਹੈ ਕਿ ਜੇਕਰ ਇਸ ਤਰ੍ਹਾਂ ਦੀਆਂ ਕਾਰਵਾਈਆਂ ਨੂੰ ਢਿੱਲ ਦਿੱਤੀ ਤਾਂ ਆਉਣ ਵਾਲੇ ਸਮੇਂ ਵਿੱਚ ਕਨੇਡਾ ਵਿੱਚ ਬਾਹਰਲੇ ਮੁਲਕਾਂ ਦੀਆਂ ਕਾਰਵਾਈਆਂ ਰੋਕਣਾ ਮੁਸ਼ਕਿਲ ਹੋ ਜਾਵੇਗਾ। ਜੋ ਕਿ ਕਨੇਡਾ ਦੀ ਪ੍ਰਭੂਸੱਤਾ ਨੂੰ ਸਿੱਧੀ ਚੁਣੌਤੀ ਹੈ। ਕਨੇਡਾ ਇਸ ਤਰ੍ਹਾਂ ਦੇ ਵਰਤਾਰੇ ਪ੍ਰਤੀ ਫ਼ਿਕਰ ਕਰ ਰਿਹਾ ਹੈ। 

ਪਕਿਸਤਾਨ ਵਿਚਲੀ ਸਰਜ਼ੀਕਲ ਸਟਰਾਇਕ ਦੀ ਤਰਜ਼ 'ਤੇ ਹੀ ਕਨੇਡਾ ਵਿਚ ਸਿੱਖਾਂ ਨੂੰ ਕਤਲ ਕਰਨ ਦੀ ਕਾਰਵਾਈਆਂ ਨੂੰ ਵਰਤ ਕੇ ਮੋਦੀ ਤੰਤਰ ਵੋਟਾਂ ਆਪਣੇ ਹੱਕ ਵਿੱਚ ਭੁਗਤਾਉਣ ਅਤੇ ਮੋਦੀ ਮਜ਼ਬੂਤ ਆਗੂ ਵਜੋਂ ਅਪਣਾ ਕੱਦ ਉੱਚਾ ਦਿਖਾਉਣ ਦਾ ਯਤਨ ਕਰੇਗਾ। ਬਗੈਰ ਕਿਸੇ ਮੁਲਕ ਤੋਂ ਇੰਡੀਆ ਵਿੱਚ ਗੁਲਾਮੀ ਅਤੇ ਕਨੇਡਾ ਵਿੱਚ ਬੇਗਾਨੇ ਦਰ 'ਤੇ ਬੈਠੇ ਸਿੱਖਾਂ ਨੂੰ ਇਹਨਾਂ ਘਟਨਾਵਾਂ ਦੇ ਪਿੱਛੇ ਦੀਆਂ ਅਣਦਿਸਦੀਆਂ ਰਮਜ਼ਾਂ ਨੂੰ ਬੁਝਣ ਦਾ ਯਤਨ ਕਰਨਾ ਚਾਹੀਦਾ ਹੈ। 

 

ਸੰਪਾਦਕੀ 

ਮਲਕੀਤ ਸਿੰਘ