ਕੋਰੋਨਾ ਕਾਲ ਵਿਚ ਕੀਤੀ ਸੇਵਾ ਲਈ ਦਿੱਲੀ ਗੁਰਦੁਆਰਾ ਕਮੇਟੀ ਤੇ ਯੂ ਪੀ ਦੀਆਂ ਸਿੰਘ ਸਭਾਵਾਂ ਦਾ ਲਖਨਊ ਵਿਚ ਹੋਇਆ ਸਨਮਾਨ

ਕੋਰੋਨਾ ਕਾਲ ਵਿਚ ਕੀਤੀ ਸੇਵਾ ਲਈ ਦਿੱਲੀ ਗੁਰਦੁਆਰਾ ਕਮੇਟੀ ਤੇ ਯੂ ਪੀ ਦੀਆਂ ਸਿੰਘ ਸਭਾਵਾਂ ਦਾ ਲਖਨਊ ਵਿਚ ਹੋਇਆ ਸਨਮਾਨ

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- ਕੋਰੋਨਾ ਕਾਲ ਵਿਚ ਕੀਤੀ ਮਨੁੱਖਤਾ ਦੀ ਸੇਵਾ ਲਈ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਯੂ ਪੀ ਦੀਆਂ ਸਿੰਘ ਸਭਾਵਾਂ ਦਾ ਲਖਨਊ ਵਿਚ ਸਨਮਾਨ ਕੀਤਾ ਗਿਆ।ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਤੇ ਹੋਰ ਮੈਂਬਰਾਂ ਨੇ ਕੇਂਦਰੀ ਸਿੰਘ ਸਭਾ ਗੁਰਦੁਆਰਾ ਆਲਮਬਾਗ ਲਖਨਊ ਵਿਚ ਹੋਏ ਸਮਾਗਮ ਦੌਰਾਨ ਇਹ ਸਨਮਾਨ ਪ੍ਰਾਪਤ ਕੀਤਾ।ਇਸ ਮੌਕੇ ਸੰਬੋਧਨ ਕਰਦਿਆਂ ਸਰਦਾਰ ਸਿਰਸਾ ਨੇ ਕਿਹਾ ਕਿ ਉਹ ਸਰਦਾਰ ਨਿਰਮਲ ਸਿੰਘ ਤੇ ਸਮੁੱਚੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਨ ਜਿਹਨਾਂ ਨੇ ਦਿੱਲੀ ਕਮੇਟੀ ਤੇ ਸਮੁੱਚੀਆਂ ਉੱਤਰ ਪ੍ਰਦੇਸ਼ ਦੀਆਂ ਸਿੰਘ ਸਭਾਵਾਂ ਦਾ ਸਨਮਾਨ ਕੀਤਾ ਜਿਹਨਾਂ ਨੇ ਮਨੁੱਖਤਾ ਦੀ ਸੇਵਾ ਕੀਤੀ। ਉਹਨਾਂ ਕਿਹਾ ਕਿ ਅੱਜ ਦੇ ਸਮਾਗਮ ਵਿਚ ਯੂ ਪੀ ਦੇ ਗ੍ਰਹਿ ਸਕੱਤਰ ਅਵਨੀਸ਼ ਕੁਮਾਰ ਅਵਸਥੀ ਤੇ ਉਹਨਾਂ ਦੇ ਮਾਤਾ ਸ੍ਰੀਮਤੀ ਊਸ਼ਾ ਅਵਸਥੀ ਦਾ ਸਨਮਾਨ ਹੋਣਾ ਬਹੁਤ ਹੀ ਮਾਣ ਵਾਲੀ ਗੱਲ ਹੈ । ਉਹਨਾਂ ਕਿਹਾ ਕਿ ਅਸੀਂ ਵੱਡੇ ਬਜ਼ੁਰਗਾਂ ਤੋਂ ਸੁਣਦੇ ਸੀ ਕਿ ਘਰ ਦੀ ਪਾਲਣਹਾਰ ਮਾਂ ਹੁੰਦੀ ਹੈ। ਉਹਨਾਂ ਕਿਹਾ ਕਿ ਪਿਤਾ ਤਾਂ ਰੋਜ਼ਗਾਰ ਵਾਸਤੇ ਘਰ ਚਲਾਉਣ ਵਾਸਤੇ ਵਿਉਂਤ ਵਿਚ ਲੱਗਾ ਰਹਿੰਦਾ ਹੈ ਜਦੋਂ ਕਿ ਮਾਂ ਗੁਰੂ ਚਰਨਾਂ ਵਿਚ ਜੋੜਦੀ ਹੈ, ਸੰਸਕਾਰ ਦਿੰਦੀ ਹੈ ਤੇ ਮਨੁੱਖਤਾ ਦੀ ਸੇਵਾ ਸਿਖਾਉਂਦੀ ਹੈ। ਉਹਨਾਂ ਕਿਹਾ ਕਿ ਉਹ ਅਜਿਹੀ ਮਾਤਾ ਜੀ ਦਾ ਧੰਨਵਾਦ ਕਰਦੇ ਹਨ ਜਿਹਨਾਂ ਨੇ ਬੱਚੇ ਨੁੰ ਅਜਿਹੇ ਸੰਸਕਾਰ ਦਿੱਤੇ ਕਿ ਦੇਸ਼ ਦੀ ਸੇਵਾ ਕਰ ਰਹੇ ਹਨ ਅਤੇ ਮਨੁੱਖਤਾ ਦੀ ਸੇਵਾ ਕਰ ਰਹੇ ਹਨ।ਉਹਨਾਂ ਕਿਹਾ ਕਿ ਅੱਜ ਦੇਸ਼ ਅਤੇ ਦੁਨੀਆਂ ਅੰਦਰ ਅਜਿਹੇ ਲੋਕਾਂ ਦੀ ਜ਼ਰੂਰਤ ਹੈ ਜਿਹਨਾਂ ਦੇ ਮਨਾਂ ਵਿਚ ਕਿਸੇ ਪ੍ਰਤੀ ਮੰਦਭਾਵਨਾ ਨਾ ਹੋਵੇ ਤੇ ਮਨੁੱਖਤਾ ਦੀ ਸੇਵਾ ਹੀ ਉਸ ਵਾਸਤੇ ਸਭ ਤੋਂ ਉਪਰ ਹੋਵੇ। ਉਹਨਾਂ ਕਿਹਾ ਕਿ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਸਿਰਫ ਇਸ ਥਾਂ 'ਤੇ ਹੀ ਨਹੀਂ ਬਲਕਿ ਦੇਸ਼ ਅਤੇ ਦੁਨੀਆਂ ਅੰਦਰ ਜਿੰਨੀਆਂ ਵੀ ਸਿੰਘ ਸਭਾਵਾਂ ਤੇ ਸਿੱਖ ਵੀਰ ਸੀ, ਉਹਨਾਂ ਨੇ ਆਪਣੀਆਂ ਜਾਨਾਂ ਦੀ ਪਰਵਾਹ ਨਾ ਕਰਦੇ ਹੋਏ ਮਨੁੱਖਤਾ ਦੀ ਸੇਵਾ ਕੀਤੀ।ਉਹਨਾਂ ਕਿਹਾ ਕਿ ਕੋਰੋਨਾ ਵਿਚ ਵੀ ਸਿੰਘਾਂ ਨੇ ਗੁਰੂ ਸਾਹਿਬਾਨ ਦੇ ਉਪਦੇਸ਼ 'ਤੇ ਚਲਦੇ ਹੋਏ ਨਾ ਕੋਈ ਧਰਮ ਤੇ ਨਾ ਕੋਈ ਜਾਤ ਵੇਖੀ ਤੇ ਸਭ ਦੀ ਸੇਵਾ ਕੀਤੀ ਤੇ ਕੀਮਤੀ ਜਾਨਾਂ ਬਚਾਈਆਂ। ਇਸ ਧਰਤੀ 'ਤੇ ਜੇਕਰ ਮਾੜੇ ਮਨੁੱਖ ਹਨ ਤਾਂ ਅਜਿਹੇ ਵੀ ਹਨ ਜਿਹਨਾਂ ਨੇ ਇਸ ਧਰਤੀ ਦਾ ਭਾਰ ਚੁੱਕਿਆ ਹੈ। ਇਹ ਗੁਰੂ ਸਾਹਿਬ ਦੀ ਰਹਿਮਤ ਹੈ।ਇਸ ਮੌਕੇ ਸਰਦਾਰ ਸਿਰਸਾ ਦੇ ਨਾਲ ਸ੍ਰੀ ਐਮ ਪੀ ਐਸ ਚੱਢਾ, ਗੁਰਦੇਵ ਸਿੰਘ, ਹਰਜੀਤ ਸਿੰਘ ਪੱਪਾ, ਰਮਿੰਦਰ ਸਿੰਘ ਸਵੀਟਾ ਅਤੇ ਭੁਪਿੰਦਰ ਸਿੰਘ ਗਿੰਨੀ ਵੀ ਲਖਨਊ ਪਹੁੰਚੇ।