ਚਮਕੀਲਾ’ ਫ਼ਿਲਮ ਨੂੰ ਲੈਕੇ ਸਿਖਾਂ ਵਿਰੁੱਧ ਸ਼ੋਸ਼ਲ ਮੀਡੀਆ ਉਪਰ ਨਫਰਤੀ ਪ੍ਰਚਾਰ

ਚਮਕੀਲਾ’ ਫ਼ਿਲਮ  ਨੂੰ ਲੈਕੇ ਸਿਖਾਂ ਵਿਰੁੱਧ ਸ਼ੋਸ਼ਲ ਮੀਡੀਆ ਉਪਰ ਨਫਰਤੀ ਪ੍ਰਚਾਰ

ਵਾਸੀ ਸਿੱਖਾਂ ’ਵਿਚ ਰੋਸ, ਕਿਹਾ– ‘ਲੱਚਰਤਾ ਨੂੰ ਉਤਸ਼ਾਹਿਤ ਕਰਕੇ ਸਿੱਖਾਂ ਦੇ ਜ਼ਖ਼ਮਾਂ.ਉਪਰ ਲੂਣ ਛਿੜਕਿਆ

*ਸਿਆਣੇ ਖਬੇਪਖੀ ਚਿੰਤਕਾਂ ਤੇ ਸਿਖ ਬੁਧੀਜੀਵੀਆਂ ਨੇ ਚਮਕੀਲਾ ਦੀ ਗਾਇਕੀ ਨੂੰ ਸਮਾਜ ਲਈ ਘਾਤਕ ਦਸਿਆ

ਦੱਸ ਦੇਈਏ ਕਿ ‘ਚਮਕੀਲਾ’ ਫ਼ਿਲਮ 12 ਅਪ੍ਰੈਲ ਨੂੰ ਨੈੱਟਫਲਿਕਸ ’ਤੇ ਰਿਲੀਜ਼ ਹੋਈ ਸੀ। ਇਸ ਫ਼ਿਲਮ ਵਿਚ ਦਿਲਜੀਤ ਦੋਸਾਂਝ ਤੇ ਪਰਿਣੀਤੀ ਚੋਪੜਾ ਮੁੱਖ ਭੂਮਿਕਾ ਨਿਭਾਅ ਰਹੇ ਹਨ, ਜਿਨ੍ਹਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਵਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।

ਫ਼ਿਲਮ ਨੂੰ ਬਾਲੀਵੁੱਡ ਦੇ ਮਸ਼ਹੂਰ ਡਾਇਰੈਕਟਰ ਇਮਤਿਆਜ਼ ਅਲੀ ਨੇ ਡਾਇਰੈਕਟ ਕੀਤਾ ਹੈ। ਹਾਲ ਹੀ ਵਿਚ ਕਪਿਲ ਸ਼ਰਮਾ ਦੇ ਸ਼ੋਅ ਵਿਚ ਪਹੁੰਚੇ ਇਮਤਿਆਜ਼ ਅਲੀ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਇਕ ਵਾਰ ਸ਼ਾਹਰੁਖ ਖ਼ਾਨ ਨੇ ਕਿਹਾ ਸੀ ਕਿ ਜੇਕਰ ਭਾਰਤ ਵਿਚ ਕੋਈ ਵਧੀਆ ਅਦਾਕਾਰ ਹੈ ਤਾਂ ਉਹ ਦਿਲਜੀਤ ਦੋਸਾਂਝ ਹੈ।

 ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ’ਤੇ ਬਣੀ ਫ਼ਿਲਮ ‘ਚਮਕੀਲਾ’ ਨੂੰ ਲੈ ਕੇ ਵਿਦੇਸ਼ੀ ਸਿੱਖਾਂ ਵਿਚ ਭਾਰੀ ਰੋਸ ਹੈ। ਪ੍ਰਵਾਸੀ ਸਿੱਖਾਂ ਨੇ ਕਿਹਾ ਕਿ ਪੰਜਾਬੀ ਗਾਇਕ ਅਮਰ ਚਮਕੀਲਾ ਦੀ ਜੀਵਨੀ ’ਤੇ ਫ਼ਿਲਮ ਬਣਾ ਕੇ ਲੱਚਰਤਾ ਨੂੰ ਉਤਸ਼ਾਹਿਤ ਕਰਕੇ ਸਿੱਖਾਂ ਦੇ ਜ਼ਖ਼ਮਾਂ ’ਤੇ ਮੁੜ ਲੂਣ ਛਿੜਕਣ ਦਾ ਕੰਮ ਕੀਤਾ ਗਿਆ ਹੈ ਤੇ ਚਮਕੀਲੇ ਦੇ ਕਤਲ ਨੂੰ ਜਾਤੀਵਾਦੀ ਕਤਲ ਦਸਕੇ ਉਸਨੂੰ ਮਹਾਨਾਇਕ ਤੇ ਸ਼ਹੀਦ ਬਣਾਇਆ ਜਾ ਰਿਹਾ ਹੈ। ਸਾਬਕਾ ਖਾੜਕੂ ਲਵਸ਼ਿੰਦਰ ਸਿੰਘ ਡੱਲੇਵਾਲ ਨੇ ਦਾਅਵਾ ਕੀਤਾ ਹੈ ਕਿ ਚਮਕੀਲਾ ਐਂਡ ਪਾਰਟੀ ਦਾ ਕਤਲ ਸਿੱਖ ਸਟੂਡੈਂਟਸ ਫੈਡਰੇਸ਼ਨ (ਭਾਈ ਗੁਰਜੀਤ ਸਿੰਘ ਗਰੁੱਪ) ਅਤੇ ਭਾਈ ਲਾਭ ਸਿੰਘ ਵਾਲੀ ਖਾਲਿਸਤਾਨ ਕਮਾਂਡੋ ਫੋਰਸ ਦੇ ਖਾੜਕੂਆਂ ਨੇ ਕੀਤਾ ਸੀ। ਉਨ੍ਹਾਂ ਕਿਹਾ ਕਿ ਸਿੰਘਾਂ ਨੇ ਕਈ ਵਾਰ ਉਸ ਗਾਇਕ ਨੂੰ ਲੱਚਰ ਗੀਤ ਗਾਉਣ ਤੋਂ ਰੋਕਿਆ ਸੀ। ਚਮਕੀਲੇ ਨੇ ਖਾੜਕੂਆਂ ਤੋਂ ਮੁਆਫ਼ੀ ਵੀ ਮੰਗੀ ਸੀ ਪਰ ਇਸ ਤੇ ਬਾਵਜੂਦ ਲੱਚਰ ਗੀਤ ਗਾਉਣੇ ਜਾਰੀ ਰੱਖੇ। ਡੱਲੇਵਾਲ ਨੇ ਕਿਹਾ ਕਿ ਇਸ ਸਬੰਧੀ ਲੁਧਿਆਣਾ ਦੇ ਇਕ ਇੰਜਨੀਅਰਿੰਗ ਕਾਲਜ ਦੇ ਹੋਸਟਲ ਵਿੱਚ ਮੀਟਿੰਗ ਹੋਈ ਜਿਸ ਵਿੱਚ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਖਾਲਿਸਤਾਨ ਕਮਾਂਡੋ ਫੋਰਸ ਦੇ 19 ਸਿੰਘ ਸ਼ਾਮਲ ਸਨ, ਜਿਥੇ ਚਮਕੀਲੇ ਦੇ ਕਤਲ ਦੀ ਯੋਜਨਾ ਤਿਆਰ ਕੀਤੀ ਗਈ। ਡੱਲੇਵਾਲ ਨੇ ਕਿਹਾ, ‘‘ਮੈਂ ਤੇ ਭਾਈ ਦੀਪਾ ਚਮਕੀਲੇ ਦੇ ਲੁਧਿਆਣਾ ਸਥਿਤ ਦਫ਼ਤਰ ਗਏ ਪਰ ਚਮਕੀਲਾ ਉਸ ਦਿਨ ਦਫਤਰ ਨਹੀਂ ਮਿਲਿਆ।’’ ਉਨ੍ਹਾਂ 8 ਮਾਰਚ 1988 ਦੀ ਗੱਲ ਕਰਦਿਆਂ ਦੱਸਿਆ, ‘‘ ਪਤਾ ਲੱਗਾ ਕਿ ਉਸ ਦਿਨ ਚਮਕੀਲੇ ਦਾ ਅਖਾੜਾ ਜਲੰਧਰ ਜ਼ਿਲ੍ਹੇ ਦੇ ਪਿੰਡ ਮਹਿਸਮਪੁਰ ਵਿਚ ਹੈ। ਭਾਈ ਦੀਪਾ ਇਕ ਸਕੂਟਰ ਉਤੇ ਭਾਈ ਗੁਰਨੇਕ ਸਿੰਘ ਨੇਕਾ ਅਤੇ ਭਾਈ ਸੁਖਦੇਵ ਸਿੰਘ ਸੋਢੀ ਨਾਲ ਹਥਿਆਰਬੰਦ ਹੋ ਕੇ ਪਿੰਡ ਮਹਿਸਮਪੁਰ ਪਹੁੰਚਿਆ। ਉਥੇ ਚਮਕੀਲਾ ਤੇ ਸਾਥੀ ਵਿਆਹ ਵਾਲੇ ਘਰ ਪ੍ਰੋਗਰਾਮ ਕਰਨ ਲਈ ਕਾਰ ਵਿੱਚੋਂ ਉਤਰਨ ਹੀ ਲੱਗੇ ਸਨ ਕਿ ਭਾਈ ਦੀਪਾ ਤੇ ਭਾਈ ਸੋਢੀ ਨੇ ਗੋਲੀਆਂ ਮਾਰ ਕੇ ਚਮਕੀਲਾ ਤੇ ਅਮਰਜੋਤ ਨੂੰ ਹਲਾਕ ਕਰ ਦਿੱਤਾ। ਦੋ ਸਾਜ਼ੀਆਂ ਦੀ ਵੀ ਥਾਏਂ ਹੀ ਮੌਤ ਹੋ ਗਈ।’’ ਉਨ੍ਹਾਂ ਦਾਅਵਾ ਕੀਤਾ ਕਿ ਇਸ ਕਤਲ ਜਾਂ ਸਾਜ਼ਿਸ਼ ਵਿਚ ਕੋਈ ਗਾਇਕ ਸ਼ਾਮਲ ਨਹੀਂ ਸੀ। 

ਅਮਰੀਕਾ ਤੋਂ ਬੁਧੀਜੀਵੀ ਕੇ ਐਸ ਚੱਠਾ ਨੇ ਚਮਕੀਲਾ ਨੂੰ ਸ਼ਹੀਦ ਬਣਾਉਣ ਤੇ ਇਸ ਕਤਲ ਪਿਛੇ ਖਾੜਕੂ ਧਿਰਾਂ ਤੇ ਜੱਟਾਂ ਨੂੰ ਬਦਨਾਮ ਕਰਨ ਵਿਰੁੱਧ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਹੈ ਕਿ ਅਮਰੀਕਾ ਤੋਂ ਚਮਕੀਲੇ ਦਾ ਕਤਲ ਮਾਰਚ 1988 ਵਿੱਚ ਹੋਇਆ ਸੀ। 1989 ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਕਾਂਸ਼ੀ ਰਾਮ ਜੀ ਦੀ ਅਗਵਾਈ ਹੇਠ ਬਸਪਾ ਨੇ ਖਾੜਕੂ ਧਿਰਾਂ ਦੇ ਸਮਰਥਨ ਵਾਲੇ ਬਾਬਾ ਜੁਗਿੰਦਰ ਸਿੰਘ ਦੀ ਅਗਵਾਈ ਵਾਲੇ ਅਕਾਲੀ ਦਲ ਤੇ ਸਿਖ ਸਟੂਡੈਂਟਸ ਫੈਡਰੇਸ਼ਨ ਨਾਲ ਗਠਜੋੜ ਕੀਤਾ ਸੀ ਤੇ ਪਹਿਲੀ ਵਾਰ ਬਸਪਾ ਦਾ ਐਮਪੀ ਹਰਭਜਨ ਲਾਖਾ ਜਿੱਤਿਆ ਸੀ। ਜੱਟਾਂ ਸਮੇਤ ਬਹੁਗਿਣਤੀ ਸਿੱਖਾਂ ਨੇ ਬਸਪਾ ਨੂੰ ਵੋਟਾਂ ਪਾਈਆਂ ਤੇ ਬਸਪਾ ਨਾਲ ਜੁੜੇ ਦਲਿਤਾਂ, ਖਾਸ ਕਰਕੇ ਗੈਰ ਸਿੱਖ ਚਮਾਰ ਭਾਈਚਾਰੇ ਨੇ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਵੋਟਾਂ ਪਾਈਆਂ। ਇਹੀ ਕੁਝ 1996 ਵਿੱਚ ਬਸਪਾ ਤੇ ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ ਨਾਲ ਸਮਝੌਤੇ ਵੇਲੇ ਹੋਇਆ ਤੇ ਬਸਪਾ ਦੇ ਤਿੰਨ ਐਮਪੀ ਜਿੱਤੇ। ਉਨ੍ਹਾਂ ਕਿਹਾ ਕਿ ਹੁਣ ਜਿਹੜਾ ਨੀਮ ਅੰਬੇਦਕਰੀ ਪ੍ਰਚਾਰ ਕਰ ਰਹੇ ਨੇ ਉਸ ਮੁਤਾਬਕ ਇਹ ਸਮਝ ਆਉਂਦਾ ਹੈ ਕਿ ਨਾ ਤਾਂ ਕਾਂਸ਼ੀ ਰਾਮ ਜਾਂ ਲਾਖਾ, ਜਿਹੜੇ ਬਾਅਦ ਵਿੱਚ ਖੰਡੇ ਦੀ ਪਾਹੁਲ ਲੈ ਕੇ ਹਰਭਜਨ ਸਿੰਘ ਲਾਖਾ ਬਣੇ  ਤੇ ਨਾ ਹੀ ਕਿਸੇ ਬਸਪਾ ਦੇ ਹੋਰ ਲੀਡਰ ਨੂੰ ਜਾਂ ਸਰਗਰਮ ਦਲਿਤ ਕਾਰਕੁਨ ਨੂੰ ਇਹ ਪਤਾ ਲੱਗਿਆ ਕਿ ਖਾੜਕੂ ਲਹਿਰ ਇੰਨੀ ਜਾਤੀਵਾਦੀ ਸੀ ਕਿ ਅਮਰ ਸਿੰਘ ਚਮਕੀਲੇ ਦਾ ਕਤਲ ਉਸ ਦੀ ਜਾਤ ਕਰਕੇ ਜਾਂ ਉਸ ਤੋਂ ਵੀ ਅੱਗੇ ਅੰਤਰਜਾਤੀ ਵਿਆਹ ਕਰਕੇ ਹੋਇਆ ਸੀ। ਉਨ੍ਹਾਂ ਕਿਹਾ ਕਿ ਅਸਲ ਵਿਚ ਜਦੋਂ ਇਸ ਮਸਲੇ ‘ਤੇ ਜਾਤੀਵਾਦ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਤਾਂ ਉਸ ਦਾ ਨਿਸ਼ਾਨਾ  ਇਹ ਸਿੱਧ ਕਰਨ ‘ਤੇ ਲੱਗਿਆ ਹੈ ਕਿ ਸਮੁੱਚਾ ਸਿੱਖ ਸਮਾਜ ਤੇ ਖਾਸ ਕਰਕੇ ਜੱਟ ਸਿੱਖ ਸਭ ਤੋਂ ਵੱਧ ਜਾਤੀਵਾਦੀ ਹਨ।ਚੱਠਾ ਨੇ ਕਿਹਾ ਕਿ ਪੰਜਾਬ ਵਿਚ ਜਿੰਨਾ ਘੱਟ ਜਾਤੀਵਾਦ ਹੈ, ਉਸਦਾ ਕਾਰਣ ਗੁਰੂ ਸਾਹਿਬਾਨ ਦਾ ਫਲਸਫ਼ਾ ਹੈ। ਉਨ੍ਹਾਂ ਕਿਹਾ ਕਿ ਇਹ ਫਿਲਮ ਦਲਿਤਾਂ ਤੇ ਸਿਖਾਂ ਵਿਚ ਫੁਟ ਦਾ ਨੈਰੇਟਿਵ ਉਸਾਰਨ ਲਈ ਸਿਖ ਵਿਰੋਧੀਆਂ ਦੀ ਕਾਢ ਹੈ।ਦਿੱਲੀ ਤੇ ਯੂਪੀ ਬੈਠੇ ਨੀਮ-ਅੰਬੇਦਕਰੀਆਂ ਨੂੰ ਤੇ ਉਨ੍ਹਾਂ ਦੇ ਪੰਜਾਬ ਵਿਚਲੇ ਮੌਜੂਦਾ ਚੇਲਿਆਂ ਨੂੰ 36 ਸਾਲ ਬਾਅਦ ਇਲਹਾਮ ਹੋ ਗਿਆ ਕਿ ਚਮਕੀਲੇ ਦਾ ਕਤਲ ਜਾਤੀਵਾਦੀ ਕਾਰਨਾਂ ਕਰਕੇ ਹੋਇਆ। ਉਨ੍ਹਾਂ ਕਿਹਾ ਕਿ ਕੇਂਦਰੀਵਾਦੀ ਤਾਕਤਾਂ ਅਤੇ ਫਿਰਕੂ ਰਾਜਨੀਤੀ ਨੂੰ ਹੁਣ ਵੀ ਖਤਰਾ ਲੋਕਾਂ ਦੇ ਇਕੱਠੇ ਹੋਣ ਤੋਂ ਹੀ ਹੈ। ਫਿਰਕੂ ਤੇ ਜਾਤੀਵਾਦੀ ਫਾਨੇ ਗੱਡਣ ਦਾ ਕੰਮ ਜ਼ੋਰਾਂ ‘ਤੇ ਚੱਲ ਰਿਹਾ ਹੈ। ਪੰਜਾਬ ਵਿਚੋਂ ਵੀ ਕਈ ਇਸ ਖੇਡ ਦਾ ਹਿੱਸਾ ਬਣ ਰਹੇ ਨੇ।ਚਮਕੀਲਾ ਫਿਲਮ ਰਾਹੀਂ ਇਹੀ ਨੈਰੇਟਿਵ ਪੇਸ਼ ਕੀਤਾ ਜਾ ਰਿਹਾ ਹੈ।

ਸਿਖ ਚਿੰਤਕਾਂ ਦਾ ਮੰਨਣਾ ਹੈ ਕਿ ਸ਼ੋਸ਼ਲ ਮੀਡੀਆ ਉਪਰ ਚਮਕੀਲੇ ਦੇ ਅਖਾੜੇ ਜਟਾਂ ਨੇ ਲਗਾਏ ਬਹੁਜਨਾਂ ਨੇ ਨਹੀਂ।ਫਿਰ ਇਸ ਕਤਲ ਦੇ ਕਾਰਣ ਪਿਛੇ ਜਾਤੀਵਾਦ ਕਿਥੋਂ ਆ ਗਿਆ ਜੋ ਸਿਖ ਵਿਰੋਧੀ ਨੈਰੇਟਿਵ ਪੇਸ਼ ਕਰ ਰਹੇ ਹਨ।ਇਹ ਸਰਕਾਰ ਦਾ ਹੀਰੋ ਹੋ ਸਕਦਾ ਹੈ ਬਹੁਜਨਾਂ ਦਾ ਨਹੀਂ ਜੋ ਲਚਰਤਾ ਪ੍ਰਦਰਸ਼ਨ ਕਰਕੇ ਪੰਜਾਬੀ ਦੀ ਜਵਾਨੀ ਨੂੰ ਕੁਰਾਹੇ ਪਾਉਣਾ ਚਾਹੁੰਦੇ ਹਨ।ਸਿਖ ਚਿੰਤਕਾਂ ਦਾ ਕਹਿਣਾ ਹੈ ਕਿ ਬਾਬਾ ਕਾਸ਼ੀਰਾਮ ਨੇ ਖੁਦ ਕਿਹਾ ਸੀ ਕਿ ਅਸ਼ਲੀਲ ਗਾਇਕੀ ,ਸਭਿਆਚਾਰ ਸਾਡੇ ਬਹੁਜਨਾਂ ਦਾ ਨਹੀਂ,ਸਾਡਾ ਸਭਿਆਚਾਰ ਸੰਤਾਂ ਗੁਰੂਆਂ ਦਾ ਹੈ ਜਿਹਨਾਂ ਸਾਂਝਾ ਸਮਾਜ ਸਿਰਜਿਆ।ਬਹੁਜਨਾਂ ਨੂੰ ਭਰਮਾਉਣ ਲਈ ਹਿੰਸਕ ,ਜਾਤੀਵਾਦੀ ਤੇ ਅਸ਼ਲੀਲ ਸਭਿਆਚਾਰ ਨੂੰ ਪ੍ਰਮੋਟ ਕੀਤਾ ਜਾਂਦਾ ਹੈ ਤਾਂ ਜੋ ਸਾਡੀ ਜਵਾਨੀ ਦੀ ਭਟਕਨਾ ਨਾ ਮੁਕੇ।ਸੁਆਲ ਇਹ ਹੈ ਸਰਕਾਰਾਂ ਅਸ਼ਲੀਲ ਤੇ ਹਿੰਸਕ ਗਾਇਕੀ ਉਪਰ ਪਾਬੰਦੀ ਕਿਉਂ ਨਹੀਂ ਲਗਾਉਂਦੀ ,ਸਮਾਜ ਬਾਬੇ ਕਾਂਸ਼ੀਰਾਮ ਦੇ ਨਜਰੀਏ ਤੋਂ ਸਮਝੇ।ਇਹ ਗਲ ਭਲੀਭਾਂਤ ਸਮਝ ਪੈ ਜਾਵੇਗੀ।ਬੇਗਮਪੁਰੇ ਦੀ ਮਹਾਨ ਰੂਹਾਨੀ ਸ਼ਾਇਰੀ ਪ੍ਰਗਟ ਕਰਨ ਵਾਲੇ ਸੰਤਗੁਰੂ ,ਰਵਿਦਾਸ ਦੇ ਉਲਟ ਇਹ ਖਤਰਨਾਕ ਗਾਇਕੀ ਸਮਾਜ ਲਈ ਘਾਤਕ ਹੈ।ਮਨੋਵਿਗਿਆਨਕ ਤੌਰ ਉਪਰ ਵਾਇਰਸ ਫੈਲਾਉਂਦੀ ਹੈ।ਘਟੀਆ ਵਿਚਾਰ ਵਿਚੋਂ ਆਦਰਸ਼ਵਾਦੀ ਸਮਾਜ ਤੇ ਰਾਜ ਨਹੀਂ ਉਸਰ ਸਕਦਾ।ਇਹ ਜਗੀਰੂ ਸਭਿਆਚਾਰ ਦੀ ਦੇਣ ਹੈ।ਜਾਂ ਮਨੂ ਸੁਸਾਇਟੀ ਦੀ ਜਿਸ ਅਧੀਨ ਦੇਵਦਾਸੀ ਪਰੰਪਰੀ ਚਲੀ।ਸ਼ੂਦਰ ਕਬੀਲਿਆਂ ਦੀਆਂ ਲੜਕੀਆਂ ਨੂੰ ਦਾਸ ਬਣਾਇਆ ਗਿਆ।

ਖਬੇਪਖੀ ਚਿੰਤਕ ਤਸਕੀਨ  ਕਹਿੰਦਾ “ਜਦੋਂ ਚਮਕੀਲਾ ਮਨੋਰੰਜਨ ਉਦਯੋਗ ਦਾ ਹਾਲੇ ਵੀ ਆਦਰਸ਼ ਆਈਕਨ ਹੈ ਤਾਂ ਪੰਜਾਬੀ ਸੱਭਿਆਚਾਰ ਦਾ ਪਤਨ ਹੋਣਾ ਤੈਅ ਹੈ। ਚਮਕੀਲਾ ਅੱਜ ਵੀ ਪੰਜਾਬੀ ਬੰਦੇ ਦਾ ਆਦਰਸ਼ ਗਾਇਕ ਹੈ। ਕੋਈ ਸਵਾਲ ਨਜ਼ਰ ਨਹੀਂ ਆਉਂਦਾ ਕਿ ਨਸ਼ੇ ਨੂੰ ਆਦਰਸ਼ ਬਣਾ ਕੇ ਸਮਾਜਿਕ ਸਰੋਕਾਰਾਂ ਤੋਂ ਹੀਣੇ ਬੰਦੇ ਦੇ ਜੀਨਜ਼ ਵਿਚ ਚਮਕੀਲੇ ਦੇ ਵਿਚਾਰਾਂ ਦਾ ਡੀ ਐਨ ਏ ਹੈ। ਜਿਸ ਨੇ ਜੱਟ ਨੂੰ ਜੱਟਵਾਦੀ/ਵੈਲੀ ਬਣਨ ਦੀ ਗੁੜਤੀ ਦਿੱਤੀ ਹੈ। ਜਿਸਦਾ ਕੰਮ ਕੇਵਲ ਸੈਕਸ, ਹਿੰਸਾ ਤੇ ਨਸ਼ਾ ਹੈ। ਚਮਕੀਲੇ ਦੇ ਗੀਤ ਕਿਸੇ ਤੰਦਰੁਸਤ ਸਮਾਜ ਦੀ ਸਿਰਜਣਾ ਕਰਨ ਦੀ ਬਜਾਏ ਅਜਿਹੇ ਵਿਅਕਤੀ ਦੀ ਸਿਰਜਣਾ ਕਰਦੇ ਹਨ, ਜੋ ਇਖਲਾਕਹੀਣ, ਇਮਾਨਫਰੋਸ਼, ਜ਼ਮੀਰ ਫ਼ਰੋਸ਼, ਮਾਨਵੀ ਮੁੱਲਾਂ ਤੋਂ ਸੱਖਣੀ ਅਨੈਤਿਕ 'ਮਰਦਾਨਗੀ' 'ਤੇ ਟਿਕਿਆ ਹੋਇਆ ਕਿਸੇ ਵੀ ਤਹਿਜੀਬ ਤੋਂ ਅਭਿੱਜ ਹੈ। ਕਾਮਨਾ ਦਾ ਹਾਬੜਾ ਉਸਨੂੰ ਕੁਦਰਤੀ ਲਿੰਗਕ ਆਨੰਦ ਵਿਚ ਢਾਲਣ ਦੀ ਬਜਾਏ ਖਪਤਵਾਦੀ ਹਵਸ ਦੇ ਭੋਖੜੇ ਦਾ ਸ਼ਿਕਾਰ ਬਣਾਉਂਦਾ ਹੈ, ਜਿਸ ਵਿਚ ਔਰਤ ਦੇਹ ਇਕ ਖਪਤਵਾਦੀ ਵਸਤੂ ਹੈ।   ਜਿਸ ਔਰਤ ਦੀ ਤਹਿ ਚਮਕੀਲੇ ਦਾ ਮਰਦ ਲਾਉਂਦਾ ਹੈ ਉਸ ਵਿਚ ਭੈਣ ਦੀ ਨਣਾਨ, ਪਿਉ ਦੀ ਕੁੜਮਣੀ, ਸਾਲੀ, ਭਰਜਾਈ ਸਭ ਰਿਸ਼ਤੇ ਸ਼ਾਮਿਲ ਹਨ।  ਚਮਕੀਲੇ ਦੀਆਂ ਫੈਂਟਸੀਆਂ ਵਿਚਲੀ ਔਰਤ ਮਰਦ ਦੀ ਹਰ ਖਾਹਿਸ਼ ਦੀ ਕਾਮ ਪੂਰਤੀ ਕਰਦੀ ਅੱਜ ਦੇ ਯੁੱਗ ਵਾਲੀ ‘ਬੇਬੀਡੋਲ' ਹੈ, ਜਿਸਨੂੰ ਹਿੰਸਾ ਦੇ ਮਰਦਾਵੇਂ ਦਾਬੇ ਰਾਹੀਂ ਕਾਬੂ ਵਿਚ ਰੱਖਣਾ ਜਗੀਰੂ ਸ਼ਰਤ ਹੈ। 

ਸਿਖ ਵਿਦਵਾਨ ਪਰਮਿੰਦਰ ਸਿੰਘ ਸ਼ੌਂਕੀ ਆਖਦੇ ਹਨ ਕਿ

ਚਮਕੀਲੇ ਦਾ ਸਿੱਖ ਖਾੜਕੂ ਧਿਰ ਨਾਲ ਉਸ ਦਾ ਸੰਬੰਧ ਵਾਦ ਵਿਵਾਦਿਤ ਰਿਹਾ ਤੇ ਅਖੀਰ ਇਸ ਦੇ ਹੱਥੋਂ ਹੀ ਉਹ ਮਾਰਿਆ ਗਿਆ।ਉਹ ਦੌਰ ਜਦੋਂ ਪੰਜਾਬ ਵਿੱਚ ਹਰ ਕੋਈ ਡਰ ਦੇ ਸਾਏ ਹੇਠ ਸੀ, ਚਮਕੀਲਾ ਬਾਕੀ ਕਲਾਕਾਰਾਂ ਵਾਂਗ ਗਾਇਕੀ ਦੀ ਭੋਇੰ ਤੇ ਆਉਂਦਾ ਤੇ ਆਪਣੀ ਅਵਾਜ ਸਦਕਾ ਲੋਕਾਂ ਵਿਚ ਮਕਬੂਲ ਹੋ ਜਾਂਦਾ. ਹਾਲਾਂਕਿ ਉਸ ਦੀ ਸ਼ੁਹਰਤ ਨੂੰ ਬਾਅਦ ਵਿੱਚ ਸੱਤਾ ਦੇ ਇਕ ਹਿੱਸੇ ਵੱਲੋਂ ਇਸਤੇਮਾਲ ਕੀਤਾ ਗਿਆ ਜਾਂ ਉਹ ਖੁਦ ਹੋਇਆ, ਪਰ ਇਸ ਤੋਂ ਪਹਿਲਾਂ ਹੀ ਉਹ ਲੋਕਾਂ ਵਿਚ ਜਾਣਿਆ ਜਾਣ ਲੱਗਾ ਸੀ।ਉਹ ਸਹੀ ਗਾਉਂਦਾ/ਲਿਖਦਾ ਸੀ ਜਾਂ ਨਾ, ਇਹ ਮੇਰਾ ਮਸਲਾ ਨਹੀਂ। ਮੇਰਾ ਮਸਲਾ ਸਿਰਫ ਏਨਾ ਹੈ ਕਿ ਕੀ ਇਸ ਖੇਤਰ ਵਿੱਚ ਚਮਕੀਲਾ ਪੰਜਾਬ ਦਾ ਇਕਲੌਤਾ ਆਦਰਸ਼ ਸੀ? ਜਾਂ ਕੀ ਉਸ ਦਾ ਆਦਰਸ਼ੀਕਰਨ ਕੀਤਾ ਜਾ ਸਕਦਾ ਹੈ? ਇਹ ਅਹਿਮ ਸਵਾਲ ਵਰਤਮਾਨ ਦੀ ਚਮਕੀਲਾ ਸੰਬੰਧੀ ਹੋ ਰਹੀ ਬਹਿਸ ਵਿੱਚੋਂ ਲਗਭਗ ਮਨਫੀ ਹਨ।