ਦਾਦੂਵਾਲ ਨੂੰ ਪ੍ਰਧਾਨਗੀ ਤੋਂ ਹਟਾਕੇ ਝੀਂਡਾ ਬਣੇ ਹਰਿਆਣਾ ਗੁਰਦੁਆਰਾ ਕਮੇਟੀ ਦੇ ਨਵੇਂ ਪ੍ਰਧਾਨ

ਦਾਦੂਵਾਲ ਨੂੰ ਪ੍ਰਧਾਨਗੀ ਤੋਂ ਹਟਾਕੇ  ਝੀਂਡਾ ਬਣੇ ਹਰਿਆਣਾ  ਗੁਰਦੁਆਰਾ  ਕਮੇਟੀ ਦੇ ਨਵੇਂ ਪ੍ਰਧਾਨ

ਅੰਮ੍ਰਿਤਸਰ ਟਾਈਮਜ਼

ਕੈਥਲ : ਸ਼ਨਿਚਰਵਾਰ ਨੂੰ ਕੈਥਲ ਵਿਚ ਹਰਿਆਣਾ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਮੀਟਿੰਗ ’ਵਿਚ ਕਾਰਜਕਾਰੀ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੂੰ ਹਟਾ ਕੇ ਸਰਬਸੰਮਤੀ ਨਾਲ ਸਾਬਕਾ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੂੰ ਮੁੜ ਪ੍ਰਧਾਨ ਬਣਾਉਣ ਦਾ ਮਤਾ ਪਾਸ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਫ਼ੈਸਲਾ ਲਿਆ ਗਿਆ ਹੈ ਕਿ ਇਕ ਅਕਤੂਬਰ ਨੂੰ ਕੁਰੂਕਸ਼ੇਤਰ ਸਥਿਤ ਪ੍ਰਦੇਸ਼ ਮੁੱਖ ਦਫ਼ਤਰ ’ਵਿਚ ਬੈਠਕ ਬੁਲਾ ਕੇ ਨਵੀਂ ਕਾਰਜਕਾਰੀ ਕਮੇਟੀ ਦੀ ਚੋਣ ਕੀਤੀ ਜਾਵੇਗੀ।

ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਬੈਠਕ ਸ਼ਨਿਚਰਵਾਰ ਨੂੰ ਨੀਮ ਸਾਹਿਬ ਗੁਰਦੁਆਰੇ ’ਵਿਚ ਜਗਦੀਸ਼ ਸਿੰਘ ਝੀਂਡਾ ਦੀ ਪ੍ਰਧਾਨਗੀ ’ਵਿਚ ਸ਼ੁਰੂ ਹੋਈ।  ਬੈਠਕ ’ਵਿਚ ਅਮਰਿੰਦਰ ਸਿੰਘ ਅਰੋੜਾ ਨੇ ਸਾਬਕਾ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਦੇ ਨਾਂ ਦਾ ਪ੍ਰਧਾਨ ਦੇ ਅਹੁਦੇ ਲਈ ਤਜਵੀਜ਼ ਕੀਤਾ। ਇਸ ਮੀਟਿੰਗ ’ਵਿਚ ਝੀਂਡਾ ਨੂੰ ਪ੍ਰਧਾਨ ਚੁਣ ਲਿਆ ਗਿਆ।ਉਨ੍ਹਾਂ ਮੁੱਖ ਮੰਤਰੀ ਮਨੋਹਰ ਲਾਲ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਫ਼ੈਸਲੇ ਵਿਚ ਜ਼ੋਰਦਾਰ ਪੈਰਵੀ ਕਰਵਾਈ। ਉਨ੍ਹਾਂ ਦੋ ਸਾਲ ਪਹਿਲਾਂ ਕੁਝ ਕਾਰਨਾਂ ਕਰ ਕੇ ਅਸਤੀਫ਼ਾ ਦਿੱਤਾ ਸੀ। ਇਸ ਤੋਂ ਬਾਅਦ ਬਲਜੀਤ ਸਿੰਘ ਦਾਦੂਵਾਲ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਸੀ। ਉਨ੍ਹਾਂ ਦੇ ਪ੍ਰਧਾਨ ਬਣਨ ਤੋਂ ਬਾਅਦ ਐਕਟ ਮੁਤਾਬਕ, ਨਿਯਮਾਂ ਦੀ ਪਾਲਣਾ ਨਹੀਂ ਕੀਤੀ। ਉਹ ਮੈਂਬਰਾਂ ਦੀ ਨਹੀਂ ਸੁਣਦੇ ਸਨ ਤੇ ਮਨਮਰਜ਼ੀ ਨਾਲ ਕੰਮ ਕਰ ਰਹੇ ਸਨ। ਇਸੇ ਕਾਰਨ ਮੈਂਬਰਾਂ ਨੇ ਉਨ੍ਹਾਂ (ਝੀਂਡਾ) ਨੂੰ ਕੈਥਲ ’ਵਿਚ ਹੋਈ ਬੈਠਕ ’ਵਿਚ ਮੁੜ ਪ੍ਰਧਾਨ ਚੁਣਿਆ ਹੈ । ਹੁਣ ਬਲਜੀਤ ਸਿੰਘ ਦਾਦੂਵਾਲ ਪ੍ਰਧਾਨ ਨਹੀਂ ਹਨ। ਗੁਰਦੁਆਰਿਆਂ ਦੇ ਮੈਨੇਜਰ ਤੇ ਸਿੱਖ ਸੰਗਤ ਨੂੰ ਅਪੀਲ ਹੈ ਕਿ ਬਲਜੀਤ ਸਿੰਘ ਦਾਦੂਵਾਲ ਹੁਣ ਹਰਿਆਣਾ ਕਮੇਟੀ ਦੇ ਪ੍ਰਧਾਨ ਨਹੀਂ ਰਹੇ। 

ਬੈਠਕ ’ਵਿਚ ਜਗਦੀਸ਼ ਸਿੰਘ ਝੀਂਡਾ, ਦੀਦਾਰ ਸਿੰਘ ਨਲਵੀ, ਕਰਨੈਲ ਸਿੰਘ ਨਿਮਨਾਬਾਦ, ਅਮਰਿੰਦਰ ਸਿੰਘ ਅਰੋੜਾ, ਸਤਪਾਲ ਸਿੰਘ ਰਾਮਗੜ੍ਹੀਆ, ਨਿਰਵੈਰ ਸਿੰਘ ਆਂਟਾ, ਜਸਬੀਰ ਸਿੰਘ ਭਾਟੀ, ਰਾਣੀ ਭਾਟੀ ਫ਼ਰੀਦਾਬਾਦ, ਅਵਤਾਰ ਸਿੰਘ ਚੱਕੂ, ਬਲਜੀਤ ਸਿੰਘ ਬੱਲੀ, ਸੁਰਿੰਦਰ ਸਿੰਘ ਸ਼ਾਹ, ਜਸਬੀਰ ਸਿੰਘ ਖ਼ਾਲਸਾ ਅੰਬਾਲਾ, ਜੋਗਾ ਸਿੰਘ, ਜੀਤ ਸਿੰਘ ਖ਼ਾਲਸਾ, ਮਨਜੀਤ ਸਿੰਘ ਡਾਚਰ, ਬਲਵੰਤ ਸਿੰਘ ਫ਼ੌਜੀ, ਮੋਹਨਜੀਤ ਸਿੰਘ, ਹਾਕਮ ਸਿੰਘ, ਜਸਬੀਰ ਸਿੰਘ ਨੇ ਹਿੱਸਾ ਲਿਆ। ਨਾਲ ਹੀ 11 ਮੈਂਬਰਾਂ ਨੇ ਸਮਰਥਨ ਸਮੇਤ 41 ਵਿਚੋਂ 33 ਮੈਂਬਰਾਂ ਦੀ ਹਮਾਇਤ ਦਾ ਦਾਅਵਾ ਕੀਤਾ।

ਦੂਜੇ ਪਾਸੇ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਚੋਣ ਰਾਹੀਂ ਪ੍ਰਧਾਨ ਬਣੇ ਸਨ, ਇਸ ਤਰ੍ਹਾਂ ਕੋਈ ਪ੍ਰਧਾਨ ਅਹੁਦੇ ਤੋਂ ਨਹੀਂ ਹਟਾ ਸਕਦਾ। ਬੈਠਕ ਵਿਚ ਇਹ ਕੁਝ ਕਹਿੰਦੇ ਹਨ ਤੇ ਬਾਅਦ ’ਵਿਚ ਕੁਝ। ਛੇਤੀ ਹੀ ਕਾਰਜਕਾਰਨੀ ਦੀ ਬੈਠਕ ਬੁਲਾਈ ਜਾਵੇਗੀ।