ਕੈਪਟਨ ਕਹਿੰਦਾ : 4 ਸਾਲ ਵਿਚ ਬੇਰੋਜ਼ਗਾਰੀ ਦੀ ਸਮੱਸਿਆ ਮਿਟਾ ਦਿਆਂਗੇ

ਕੈਪਟਨ ਕਹਿੰਦਾ : 4 ਸਾਲ ਵਿਚ ਬੇਰੋਜ਼ਗਾਰੀ ਦੀ ਸਮੱਸਿਆ ਮਿਟਾ ਦਿਆਂਗੇ

ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਵਿਸ਼ੇਸ਼ ਮੁਲਾਕਾਤ ਉੱਤੇ ਆਧਰਿਤ
ਸਰਕਾਰ ਦੀਆਂ ਦੇਣਦਾਰੀਆਂ ਦਾ ਖ਼ਜ਼ਾਨੇ ‘ਤੇ ਕਾਫੀ ਬੋਝ ਹੈ
ਠੀਕ ਇਕ ਸਾਲ ਪਹਿਲਾਂ ਅੱਜ ਦੀ ਤਰੀਕ 16 ਮਾਰਚ ਨੂੰ ਪੰਜਾਬ ਦੀ ਸੱਤਾ ਵਿਚ ਵੱਡੀ ਤਬਦੀਲੀ ਹੋਈ। ਲਗਾਤਾਰ 10 ਸਾਲ ਤਕ ਪੰਜਾਬ ‘ਤੇ ਕਾਬਜ਼ ਰਹੇ ਅਕਾਲੀ-ਭਾਜਪਾ ਗਠਜੋੜ ਨੂੰ ਹਰਾ ਕੇ ਇਕਪਾਸੜ ਜਿੱਤ ਦਰਜ ਕਰਨ ਵਾਲੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਕਾਂਗਰਸ ਦੀ ਸਰਕਾਰ ਨੇ ਸਹੁੰ ਚੁੱਕ ਲਈ। ਕੈਪਟਨ ਸਰਕਾਰ ਦੇ ਪਹਿਲੇ ਸਾਲ ਵਿਚ ਸੂਬੇ ਵਿਚ ਕੀ ਸਾਮਾਜਿਕ-ਆਰਥਿਕ ਬਦਲਾਵ ਹੋਏ, ਜਨਤਾ ਦੀਆਂ ਆਸਾਂ ‘ਤੇ ਸਰਕਾਰ ਕਿੰਨੀ ਖਰੀ ਉਤਰੀ? ਪਾਠਕਾਂ ਤੋਂ ਆਏ ਸਵਾਲਾਂ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਤੋਂ ਪੁੱਛਿਆ, ਜਾਣੋ ਉਨ੍ਹਾਂ ਦੇ ਜਵਾਬ-
ਸੁਆਲ-ਜੀਐੱਸਟੀ, ਐਕਸਾਈਜ਼, ਮਾਈਨਿੰਗ, ਸਟਾਂਪ ਡਿਊਟੀ ਸਮੇਤ ਕਈ ਸਰੋਤਾਂ ਤੋਂ ਮਾਲੀਆ ਆ ਰਿਹਾ ਹੈ। ਬਾਵਜੂਦ ਇਸ ਦੇ ਕਈ ਕਲਿਆਣਕਾਰੀ ਯੋਜਨਾਵਾਂ ਦੀ ਗੱਲ ਆਉਂਦੇ ਹੀ ਕਿਹਾ ਜਾਂਦਾ ਹੈ ਕਿ ਖ਼ਜ਼ਾਨਾ ਖ਼ਾਲੀ ਹੈ? ਮੁਲਾਜ਼ਮਾਂ ਨੂੰ ਤਨਖ਼ਾਹ ਦੇਣ ਵਿਚ ਵੀ ਦੇਰੀ ਹੋਈ ਹੈ?
ਜੁਆਬ-ਪੰਜਾਬ ਵਿਧਾਨ ਸਭਾ ਦੇ ਚਾਲੂ ਸ਼ੇਸ਼ਨ ‘ਚ ਪੰਜਾਬ ਦਾ ਬਜਟ ਪੇਸ਼ ਹੋਣ ਜਾ ਰਿਹਾ ਹੈ। ਤੁਹਾਨੂੰ ਪਤਾ ਲੱਗੇਗਾ ਕਿ ਰੈਵੇਨਿਊ ਤੇ ਖ਼ਰਚ ਵਿਚਾਲੇ ਕਿੰਨਾ ਡੂੰਘਾ ਪਾੜਾ ਹੈ? ਕੋਈ ਦੋ ਰਾਏ ਨਹੀਂ, ਬਹੁਤ ਸਾਰੇ ਤਰੀਕਿਆਂ ਨਾਲ ਰੈਵੇਨਿਊ ਵਧ ਰਿਹਾ ਹੈ। ਪਰ ਸਰਕਾਰ ਦੀਆਂ ਦੇਣਦਾਰੀਆਂ ਦਾ ਖ਼ਜ਼ਾਨੇ ‘ਤੇ ਭਾਰੀ ਬੋਝ ਹੈ। ਹਾਲਾਂ ਕਿ, ਨਾਨ ਟੈਕਸ ਰੈਵੇਨਿਊ ਘੱਟ ਹੋਇਆ ਹੈ, ਜਿਸ ਦਾ ਖ਼ਰਾਬ ਅਸਰ ਹੈ। ਬਿਜਲੀ ਸਬਸਿਡੀ ਤੇ ਕਰਜ਼ ਮਾਫੀ ‘ਤੇ ਖ਼ਰਚ ਵੀ ਸਰਕਾਰੀ ਖ਼ਜ਼ਾਨੇ ‘ਤੇ ਪੈ ਰਿਹਾ ਹੈ। ਕੁਝ ਉਪਾਅ ਕੀਤੇ ਜਾ ਰਹੇ ਹਨ, ਜਲਦੀ ਹੀ ਮਾਲੀ ਹਾਲਾਤ ‘ਤੇ ਕਾਬੂ ਪਾ ਲਵਾਂਗੇ।
ਸੁਆਲ-ਸਰਕਾਰ ਦੇ ਇਕ ਸਾਲ ਦੇ ਪ੍ਰਦਰਸ਼ਨ ਨੂੰ ਕਿਸ ਤਰ੍ਹਾਂ ਦੇਖਦੇ ਹਾਂ? ਕੀ ਸਰਕਾਰ ਡਰੱਗਜ਼ ਕੰਟਰੋਲ ਕਰਨ, ਕਰਜ਼ ਮਾਫੀ, ਹਰ ਘਰ ਰੋਜ਼ਗਾਰ ਦੇ ਮੋਰਚੇ ‘ਤੇ ਫੇਲ੍ਹ ਹੋ ਰਹੀ ਹੈ?
ਜੁਆਬ-ਇਹ ਪੂਰੀ ਤਰ੍ਹਾਂ ਨਾਲ ਵਿਰੋਧੀ ਧਿਰ ਦਾ ਕੀਤਾ ਕਰਾਇਆ ਹੈ, ਜਿਹੜਾ ਲੋਕਾਂ ਨੂੰ ਭਰਮਾ ਰਿਹਾ ਹੈ। ਆਰਥਿਕ ਤੰਗੀ ਦੇ ਬਾਵਜੂਦ ਹਰ ਮੋਰਚੇ ‘ਤੇ ਸਰਕਾਰ ਨੇ ਬਹੁਤ ਸਾਰਾ ਕੰਮ ਕੀਤਾ ਹੈ। ਜਨਤਾ ਨੇ ਸਾਨੂੰ ਸਰਕਾਰ ਬਣਾਉਣ ਦਾ ਮੌਕਾ ਇੰਝ ਹੀ ਨਹੀਂ ਦਿੱਤਾ। ਭਾਵੇਂ ਡਰੱਗਜ਼ ਕੰਟਰੋਲ ਹੋਵੇ, ਕਰਜ਼ ਮਾਫ਼ੀ ਜਾਂ ਰੋਜ਼ਗਾਰ, ਕੁਝ ਹੀ ਮਹੀਨਿਆਂ ਵਿਚ ਬਿਹਤਰ ਕੰਮ ਹੋਇਆ ਹੈ। 10.25 ਲੱਖ ਕਿਸਾਨਾਂ ਦੀ ਕਰਜ਼ਾ ਮਾਫ਼ੀ ਨਵੰਬਰ ਤੱਕ ਹੋ ਜਾਵੇਗੀ। ਡਰੱਗਸ ਦੇ ਮਾਮਲੇ ਵਿਚ 1 ਅਪ੍ਰੈਲ ਤੋਂ 20 ਫਰਵਰੀ 2018 ਤੱਕ 897 ਮਾਮਲੇ ਦਰਜ ਕੀਤੇ ਹਨ। 1419 ਗ੍ਰਿਫ਼ਤਾਰੀਆਂ ਹੋਈਆਂ ਹਨ। 1.61 ਲੱਖ ਨੌਜਵਾਨਾਂ ਨੂੰ ਰੋਜ਼ਗਾਰ ਮਿਲਿਆ ਹੈ, ਜਿਨ੍ਹਾਂ ਵਿਚ ਕੈਂਪਸ ਪਲੇਸਮੈਂਟ ਵੀ ਸ਼ਾਮਲ ਹਨ।
ਸੁਆਲ-ਘਰ-ਘਰ ਰੋਜ਼ਗਾਰ ਦਾ ਵਾਅਦਾ ਕੀਤਾ ਸੀ। ਵਿਭਾਗਾਂ ਵਿਚ ਬਹੁਤ ਘੱਟ ਭਰਤੀਆਂ ਹੋਈਆਂ ਹਨ। ਪ੍ਰਾਈਵੇਟ ਜਾਬ ਫੇਅਰਜ਼ ਨੂੰ ਆਪ ਘਰ-ਘਰ ਰੋਜ਼ਗਾਰ ਦਾ ਹਿੱਸਾ ਦੱਸ ਰਹੇ ਹੋ?
ਜਵਾਬ-ਘਰ-ਘਰ ਰੋਜ਼ਗਾਰ ਕੇਵਲ ਸਰਕਾਰੀ ਖੇਤਰ ਵਿਚ ਰੋਜ਼ਗਾਰ ਦੀ ਸਕੀਮ ਨਹੀਂ ਹੈ। ਹਰੇਕ ਘਰ ਰੋਜ਼ਗਾਰ ਮਿਲੇ, ਸਾਡੀ ਕੋਸ਼ਿਸ਼ ਹੈ। ਇਸ ਨੂੰ ਪੂਰਾ ਕਰਨ ਲਈ ਅਸੀਂ ਇੰਡਸਟਰੀਆਂ ਦੇ ਨਾਲ ਗੱਲਬਾਤ ਕਰ ਰਹੇ ਹਾਂ।
ਸੁਆਲ-ਬੇਰੋਜ਼ਗਾਰ ਕੈਨੇਡਾ, ਆਸਟਰੇਲੀਆ ਤੇ ਹੋਰਨਾਂ ਦੇਸਾਂ ‘ਚ ਜਾ ਰਹੇ ਹਨ। ਇੱਥੇ ਬੇਰੋਜ਼ਗਾਰੀ ਵੱਡੀ ਸਮੱਸਿਆ ਹੈ। ਇਸ ਲਈ ਅਪਰਾਧ ਵਧ ਰਹੇ ਹਨ?
ਜੁਆਬ-ਬੇਰੋਜ਼ਗਾਰੀ ਜਿਹੀ ਵੱਡੀ ਸਮੱਸਿਆ ਵੀ ਸਾਨੂੰ ਅਕਾਲੀ ਸਰਕਾਰ ਤੋਂ ਵਿਰਾਸਤ ਵਿਚ ਮਿਲੀ ਹੈ। ਜਦੋਂ ਸਾਡੀ ਸਰਕਾਰ ਬਣੀ ਉਦੋਂ ਪੰਜਾਬ ਵਿਚ 9 ਲੱਖ ਨੌਜਵਾਨ ਬੇਰੋਜ਼ਗਾਰ ਸਨ। ਸਹੀ ਹੈ, ਉਨ੍ਹਾਂ ਵਿਚੋਂ ਕਈ ਵਿਦੇਸ਼ਾਂ ਤੇ ਹੋਰਨਾਂ ਇਲਾਕਿਆਂ ਵਿਚ ਜਾ ਰਹੇ ਹਨ। ਹੁਣ ਸਾਡੀ ਘਰ-ਘਰ ਰੋਜ਼ਗਾਰ ਸਕੀਮ ਠੀਕ ਤਰ੍ਹਾਂ ਚੱਲ ਪਈ ਹੈ। ਹਾਲਾਤ ਸੁਧਰਨਗੇ। ਨੌਕਰੀ ਮੇਲਿਆਂ ਤੋਂ ਇਲਾਵਾ ਸਮਾਲ ਸਕੇਲ ਇੰਡਸਟਰੀ ਨਾਲ ਗਠਜੋੜ ਕੀਤਾ ਹੈ। 15,000 ਤੋਂ ਵੱਧ ਇੰਡਸਟਰੀਆਂ ਨੇ ਵਿਭਾਗ ਦੇ ਕੋਲ ਰਜਿਸਟ੍ਰੇਸ਼ਨ ਕਰਵਾ ਕੇ 9,000 ਨੌਜਵਾਨਾਂ ਨੂੰ ਰੋਜ਼ਗਾਰ ਦੇਣਾ ਸ਼ੁਰੂ ਕਰ ਦਿੱਤਾ ਹੈ। ਮੈਂ ਵਾਅਦਾ ਕਰਦਾ ਹਾਂ, ਅਗਲੇ 4 ਸਾਲ ਵਿਚ ਬੇਰੋਜ਼ਗਾਰੀ ਦੀ ਸਮੱਸਿਆ ਮਿਟਾ ਦਿੱਤੀ ਜਾਵੇਗੀ।
ਸੁਆਲ-ਹੁਣੇ ਜਿਹੇ ਤੁਸੀਂ ਨਾਜਾਇਜ਼ ਰੇਤ ਪੁਟਾਈ ਅੱਖੀਂ ਵੇਖੀ, ਇਸ ਵਿਚ ਕਈ ਵਿਧਾਇਕ ਤੇ ਇਕ ਮੰਤਰੀ ਦਾ ਨਾਂ ਵੀ ਉਛਲਿਆ। ਇੰਟੈਲੀਜੈਂਸ ਤੇ ਰੇਤ ਪੁਟਾਈ ਵਿਭਾਗ ਨੇ ਵੀ ਤੁਹਾਨੂੰ ਕੁਝ ਨੇਤਾਵਾਂ ਦੀ ਸੂਚੀ ਸੌਂਪੀ। ਮਾਫੀਏ ਦੇ ਕਾਰਨ ਰੇਤ ਦੇ ਭਾਅ ਵੀ ਅਸਮਾਨ ਛੂਹ ਰਹੇ ਹਨ? ਗੁੰਡਾ ਟੈਕਸ ਵਸੂਲੀ ਬਦਸਤੂਰ ਜਾਰੀ ਹੈ?
ਜੁਆਬ-ਹਾਲੇ ਤੱਕ ਅਜਿਹੀ ਕੋਈ ਸੂਚੀ ਮੇਰੇ ਕੋਲ ਨਹੀਂ ਹੈ। ਜੇਕਰ ਸੂਚੀ ਮਿਲਦੀ ਹੈ, ਤਾਂ ਮੈਂ ਅਜਿਹੇ ਲੋਕਾਂ ਨੂੰ ਉਜਾਗਰ ਕਰਨ ਲਈ ਜਾਂਚ ਕੀਤੀ ਜਾਵੇਗੀ ਤੇ ਕਾਰਵਾਈ ਵੀ ਹੋਵੇਗੀ। ਮੈਂ ਨਿਰਦੇਸ਼ ਦਿੱਤੇ ਹਨ ਕਿ ਜਾਂਚ ਵਿਚ ਕਿਸੇ ਦਾ ਵੀ  ਰਾਜਨੀਤਕ ਦਖ਼ਲਅੰਦਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇ। ਗੁੰਡਾ ਟੈਕਸ ਨਾਜਾਇਜ਼ ਪੁਟਾਈ ‘ਤੇ ਕਾਬੂ ਪਾਉਣ ਲਈ ਪੁਲੀਸ ਤੇ ਜ਼ਿਲ੍ਹਾ ਪ੍ਰਸ਼ਾਸਨ ਮਿਲ ਕੇ ਕੰਮ ਕਰ ਰਹੇ ਹਨ। ਨਾਜਾਇਜ਼ ਰੇਤ ਪੁਟਾਈ ਮਾਮਲੇ ਵਿਚ 4000 ਤੋਂ ਵੱਧ ਐੱਫਆਈਆਰ ਦਰਜ ਹੋ ਚੁੱਕੀ ਹੈ। ਹਰੇਕ ਐੱਫਆਈਆਰ ‘ਤੇ ਕਾਰਵਾਈ ਹੋਵੇਗੀ।
ਸੁਆਲ-ਚੋਣ ਮਨੋਰਥ ਪੱਤਰ ਵਿਚ ਨੌਜਵਾਨ ਨੂੰ 2500 ਰੁਪਏ ਮਹੀਨਾ ਬੇਰੁਜ਼ਗਾਰੀ ਭੱਤਾ ਤੇ ਸਮਾਰਟ ਫੋਨ ਦਾ ਵਾਅਦਾ ਪੂਰਾ ਨਹੀਂ ਹੋਇਆ?
ਜੁਆਬ-ਸਪੱਸ਼ਟ ਕਰ ਦਿਆਂ ਕਿ ਅਸੀਂ ਯੂਥ ਨੂੰ 2500 ਰੁਪਏ ਬੇਰੁਜ਼ਗਾਰੀ ਭੱਤੇ ਤੇ ਸਮਾਰਟ ਫੋਨ ਦਾ ਵਾਅਦਾ ਕੀਤਾ ਸੀ ਪਰ ਇਕ ਸਾਲ ਵਿਚ ਹੀ ਸਭ ਕੁਝ ਹੋਵੇਗਾ। ਅਜਿਹਾ ਵਾਅਦਾ ਨਹੀਂ ਸੀ। ਇਨ੍ਹਾਂ ਨੂੰ ਪੂਰਾ ਕਰਨਗੇ। ਸਮਾਰਟ ਫੋਨ ਵੰਡਣ ਦਾ ਕੰਮ ਇਸ ਸਾਲ ਸ਼ੁਰੂ ਹੋਵੇਗਾ।
ਸੁਆਲ-ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਕਿਹਾ ਸੀ ਕਿ ਚਾਰ ਹਫ਼ਤੇ ਵਿਚ ਨਸ਼ੇ ਨੂੰ ਜੜ੍ਹੋਂ ਪੁੱਟ ਦਿਆਂਗਾ? ਚਾਰ ਹਫ਼ਤੇ ਵਿਚ ਖਾਤਮੇ ਦੀ ਸਹੁੰ ਕੀ ਸੋਚ ਕੇ ਖਾਧੀ ਸੀ, ਜਦ ਕਿ ਸਾਲ ਬੀਤਣ ਨੂੰ ਆਇਆ, ਕੁਝ ਹੋਇਆ ਨਹੀਂ?
ਜੁਆਬ-ਮੈਂ ਨਹੀਂ ਜਾਣਦਾ ਠੋਸ ਨਤੀਜਾ ਨਾ ਆਉਣ ਤੋਂ ਤੁਹਾਡਾ ਕੀ ਮਤਲਬ ਹੈ? ਨਸ਼ੇ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹਨ। ਮਿਟਾਉਣ ਵਿਚ ਸਮਾਂ ਤਾਂ ਲੱਗੇਗਾ ਹੀ।
ਸੁਆਲ-ਭ੍ਰਿਸ਼ਟਾਚਾਰ ਦੇ ਮਾਮਲੇ ‘ਤੇ ਤੁਹਾਡੀ ਸਰਕਾਰ ਜ਼ੀਰੋ ਟਾਲਰੈਂਸ ਪਾਲਿਸੀ ਕਲੇਮ ਕਰਦੀ ਹੈ। ਪਟਵਾਰੀ ਤੋਂ ਲੈ ਕੇ ਮੁਣਸ਼ੀ ਭ੍ਰਿਸ਼ਟਾਚਾਰ ਕਰ ਰਿਹਾ ਹੈ। ਕੰਟਰੋਲ ਕਿਵੇਂ ਹੋਊ?
ਜੁਆਬ-ਭ੍ਰਿਸ਼ਟਾਚਾਰ ‘ਤੇ ਜ਼ੀਰੋ ਟਾਲਰੈਂਸ ਪਾਲਿਸੀ ਸਾਡਾ ਏਜੰਡਾ ਵੀ ਹੈ। ਮਾਈਨਿੰਗ, ਟਰਾਂਸਪੋਰਟ ਮਾਫੀਆ ‘ਤੇ ਨੱਥ ਪਾਉਣ ਦੀ ਵੱਡੇ ਪੈਮਾਨੇ ‘ਤੇ ਤਿਆਰੀ ਹੈ। ਸਰਕਾਰੀ ਸਿਸਟਮ ਵਿਚ ਪੂਰੀ ਤਰ੍ਹਾਂ ਨਾਲ ਪਾਰਦਰਸ਼ਿਤਾ ਲਿਆਉਣ ਲਈ ਈ ਗਵਰਨੈਂਸ ਤੇ ਡਿਜੀਟਲਾਈਜੇਸ਼ਨ ਕੀਤਾ ਜਾ ਰਿਹਾ ਹੈ। ਅਫਸਰਾਂ ਨੂੰ ਸਾਫ਼ ਸ਼ਬਦਾਂ ਵਿਚ ਦੱਸ ਦਿੱਤਾ ਹੈ ਕਿ ਭ੍ਰਿਸ਼ਟਾਚਾਰ ਸਹਿਣ ਨਹੀਂ ਹੋਵੇਗਾ।
ਸੁਆਲ-ਵਧੀ ਹੋਈ ਬੁਢਾਪਾ ਤੇ ਵਿਧਵਾ ਪੈਨਸ਼ਨ ਨਹੀਂ ਮਿਲ ਰਹੀ?
ਜੁਆਬ-2018 ਦੀ ਕੋਈ ਪੈਨਸ਼ਨ ਬਕਾਇਆ ਨਹੀਂ ਹੈ। ਖਾਤਿਆਂ ਵਿਚ ਜਾ ਰਹੀ ਹੈ। ਹਰੇਕ ਮਹੀਨੇ 128 ਕਰੋੜ ਰੁਪਏ ਦੀ ਵੰਡ ਕਰ ਦਿੱਤੀ ਹੈ। ਪਿਛਲੇ ਸਾਲ ਦੀ ਬਕਾਇਆ ਪੈਨਸ਼ਨ ਵੀ ਜਲਦ ਜਾਰੀ ਰਹੇਗੀ।
ਸੁਆਲ-ਲੜਕੀਆਂ ਨੂੰ ਪੀਐੱਚਡੀ ਤੱਕ ਮੁਫ਼ਤ ਸਿੱਖਿਆ ਦਾ ਵੀ ਵਾਅਦਾ ਸੀ?
ਜੁਆਬ-ਸਿੱਖਿਆ ਵਿਚ ਸੁਧਾਰ ਲਈ ਕਈ ਕਦਮ ਚੁੱਕੇ ਹਨ। ਪ੍ਰੀ ਪ੍ਰਾਇਮਰੀ ਜਮਾਤਾਂ ਲਈ 2 ਕਰੋੜ ਫੰਡ ਪ੍ਰਿੰਟਿੰਗ ਮਟੀਰੀਅਲ, ਫਰਨੀਚਰ ਤੇ ਸਟੇਸ਼ਨਰੀ ਲਈ ਜਾਰੀ ਕੀਤਾ ਗਿਆ ਹੈ। ਮੁਫ਼ਤ ਐਜੂਕੇਸ਼ਨ ਦੇ ਮਾਡਲ ‘ਤੇ ਵੀ ਵਿਚਾਰ ਕਰ ਰਹੇ ਹਨ।
ਸੁਆਲ-ਸਰਕਾਰੀ ਨੌਕਰੀਆਂ ਵਿਚ ਭਰਤੀ ਕਿਸਾਨਾਂ ਦੀ ਕਰਜ਼ਾ ਮਾਫੀ ਤੇ ਵਪਾਰੀਆਂ ਨੂੰ ਕਾਰੋਬਾਰ ਵਿਚ ਅਸਾਨੀ ਦੀ ਦਿਸ਼ਾ ਵਿਚ ਕੀ ਰੋਡਮੈਪ ਹੈ?
ਜੁਆਬ-ਕਈ ਮੋਰਚਿਆਂ ‘ਤੇ ਸਰਕਾਰ ਬਹੁਤ ਸਾਰੀ ਨਵੀਂ ਪਹਿਲ ਕਰਨ ਜਾ ਰਹੀ ਹੈ। 10 ਸਾਲ ਰਹੀ ਅਕਾਲੀ ਸਰਕਾਰ ਵੱਲੋਂ ਪੈਦਾ ਕੀਤੀਆਂ ਸਮੱਸਿਆਵਾਂ 12 ਮਹੀਨੇ ਵਿਚ ਕਿਵੇਂ ਦੂਰ ਕੀਤੀਆਂ ਜਾ ਸਕਦੀਆਂ ਹਨ?
ਸੁਆਲ-ਪੰਜਾਬ ਵਿਚ ਨੇੜੇ ਭਵਿੱਖ ਵਿਚ ਆਉਣ ਵਾਲੇ ਕਿਨ੍ਹਾਂ 5 ਵੱਡੇ ਪ੍ਰੋਜੈਕਟਾਂ ਬਾਰੇ ਦੱਸਣਾ ਚਾਹੁਣਗੇ?
ਜੁਆਬ-860 ਕਰੋੜ ਰੁਪਏ ਦੇ ਸੋਲਰ ਪ੍ਰਾਜੈਕਟ ਬਠਿੰਡਾ ਤੇ ਮਾਨਸਾ ਵਿਚ ਆ ਰਹੇ ਹਨ। 262 ਕਰੋੜ ਰੁਪਏ ਦਾ ਫਾਈਵ ਸਟਾਰ ਹੋਟਲ ਮੋਹਾਲੀ ਵਿਚ ਬਣਨ ਜਾ ਰਿਹਾ ਹੈ। 2200 ਕਰੋੜ ਰੁਪਏ ਦੀ ਇਨਵੈਸਟਮੈਂਟ ਦੇ ਵੱਡੇ ਪ੍ਰੋਜੈਕਟ ਸਾਲ ਦੇ ਅੰਦਰ ਸ਼ੁਰੂ ਹੋਣ ਜਾ ਰਹੇ ਹਨ।