ਲਓ! ਕਰ ਲੋ ਗੱਲ!!

ਲਓ! ਕਰ ਲੋ ਗੱਲ!!

ਕਮਲ ਦੁਸਾਂਝ

ਅਸੀਂ ਤਾਂ ਡੇਰੇ ਦੇ ਸ਼ਰਧਾਲੂ ਆਂ…!!
ਲਓ ਜੀ ਹੁਣ ਕਾਂਗਰਸ ਦੇ ਯੁਵਰਾਜ ਰਾਹੁਲ ਗਾਂਧੀ ਵੀ ਡੇਰਾ ਬਿਆਸ ਦੇ ਦਰਸ਼ਨ ਕਰ ਆਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਚਿਰਾਂ ਤੋਂ ਉਨ੍ਹਾਂ ਦਾ ਪਰਿਵਾਰ ਡੇਰਾ ਬਿਆਸ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਦੀ ਦਾਦੀ ਇੰਦਰਾ ਗਾਂਧੀ ਵੀ ਸ਼ਰਧਾਲੂ ਸੀ ਤੇ ਮਾਂ ਸੋਨੀਆ ਗਾਂਧੀ ਵੀ ਡੇਰਾ ਬਿਆਸ ਦੀ ਸ਼ਰਧਾਲੂ ਹੈ। ਕਮਾਲ ਹੈ, ਰਾਹੁਲ ਗਾਂਧੀ ਨੂੰ ਚੋਣਾਂ ਵੇਲੇ ਹੀ ਡੇਰਾ ਬਿਆਸ ਦੀ ਭਗਤੀ ਦਾ ਚੇਤਾ ਆਉਂਦਾ ਹੈ। ਉਨ੍ਹਾਂ ਦੀ ਭਗਤੀ ਚੋਣਾਂ ਵੇਲੇ ਹੀ ਚਮਕਦੀ ਹੈ। ਪਰ ਉਨ੍ਹਾਂ ਦੀ ਭੈਣ ਪ੍ਰਿਯੰਕਾ ਗਾਂਧੀ ਤਾਂ ਕਦੇ ਡੇਰੇ ਦੇ ਦਰਸ਼ਨਾਂ ਲਈ ਨਹੀਂ ਆਈ। ਉਹ ਵੀ ਤਾਂ ਪਰਿਵਾਰ ਦਾ ਹਿੱਸਾ ਹੈ, ਫੇਰ ਉਹ ਵੀ ਡੇਰੇ ਦੀ ਭਗਤ ਹੋਣੀ ਚਾਹੀਦੀ ਸੀ। ਚਲੋ ਜੀ, ਇਹ ਉਨ੍ਹਾਂ ਦੀ ਭਗਤੀ ਕਹੋ ਜਾਂ ਡਰਾਮਾ ਪਰ ਸ਼ਰਧਾ ਦਾ ਫਲ ਤਾਂ ਵੋਟਾਂ ਦੇ ਰੂਪ ਵਿਚ ਮਿਲੇਗਾ। ਜੇਕਰ ਡੇਰਾ ਬਿਆਸ ਦੀ ਮਿਹਰ ਰਹੀ ਤਾਂ ਚੋਣਾਂ ‘ਚ ਬੇੜਾ ਪਾਰ ਨਹੀਂ ਤਾਂ ‘ਪ੍ਰਸ਼ਾਦ’ ਕਿਸੇ ਹੋਰ ਦੀ ਝੋਲੀ ਪਏਗਾ।

ਸੁਖਬੀਰ ਦੀ ‘ਜਲ ਤੋਪ’ ਹੋਈ ਠੁੱਸ…!!
ਦਸ ਸਾਲ ਪੰਜਾਬੀਆਂ ਨੂੰ ਜਲ ਬੱਸਾਂ ਦੇਣ ਲਈ ਟਰਕਾਉਂਦੇ ਆ ਰਹੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਹਾਰ ਕੇ ਇਸ ਵਾਰ ਚੋਣਾਂ ਤੋਂ ਠੀਕ ਪਹਿਲਾਂ ਕਰੋੜਾਂ ਰੁਪਏ ਪੱਟ ਕੇ ਜਲ ਬੱਸ ਪਾਣੀ ‘ਚ ਠੱਲ ਹੀ ਦਿੱਤੀ। ਪਰ ਇਹ ਕੀ, ਇਹ ਤਾਂ ਸੁਖਬੀਰ ਨੂੰ ਝਾਟੀ ਦੇ ਕੇ ਹੀ ਠੁੱਸ ਹੋ ਗਈ। ਹੁੰਦੀ ਕਿਵੇਂ ਨਾ, ਪ੍ਰਤੀ ਸਵਾਰੀ 800 ਰੁਪਏ ਦੀ ਟਿਕਟ ਤੇ ਜੇ ਅੰਮ੍ਰਿਤਸਰ ਤਕ ਜਾਣਾ ਹੈ ਤਾਂ ਦੋ ਹਜ਼ਾਰ ਰੁਪਏ। ਭਲਾ ਪੁਛੇ ਕਿ ਬੰਦੇ ਨੂੰ ਪਾਗ਼ਲ ਕੁੱਤੇ ਨੇ ਵੱਢਿਆ ਹੈ ਕਿ ਉਹ ਪਾਣੀ ‘ਚ ਝੂਟਾ ਲੈਣ ਲਈ 800 ਰੁਪਏ ਖ਼ਰਚ ਕਰੇ। ਉਪਰੋਂ ਜੇ ਪੂਰੇ ਟੱਬਰ ਨੂੰ ਖ਼ੁਸ਼ ਕਰਨਾ ਪਏ ਤਾਂ ਉਹਦੀ ਤਾਂ ਇਕ ਦਿਨ ਦੀ ਦਿਹਾੜੀ ਗਈ। ਬੰਦੇ ਨੇ ਝੂਟਾ ਈ ਲੈਣੈ ਤਾਂ ਪਹਿਲਾਂ ਹੀ ਬਥੇਰੀਆਂ ਕਿਸ਼ਤੀਆਂ ਚੱਲ ਰਹੀਆਂ ਨੇ, ਉਹ ਮਹਿੰਗੀ ਸਵਾਰੀ ਕਿਉਂ ਕਰੂ। ਹੋਰ ਤਾਂ ਹੋਰ ਆ ਅੰਮ੍ਰਿਤਸਰ ਦੇ ਲੋਕਾਂ ਨੂੰ ਖ਼ੁਸ਼ ਕਰਨ ਲਈ ਚਾਰ ਮੈਟਰੋ ਬੱਸਾਂ ਚਲਾ ਦਿੱਤੀਆਂ। ਪਹਿਲੇ ਈ ਦਿਨ ਦੋ ਦਾ ਡੀਜ਼ਲ ਮੁੱਕ ਗਿਆ। ਲਗਦੈ ਸਰਕਾਰ ਦੇ ਤਿਲਾਂ ‘ਚ ਹੁਣ ਤੇਲ ਨੀਂ ਰਿਹਾ…ਨਹੀਂ ਤਾਂ ਬਹੁਤ ਕੁਝ ਕਰ ਦੇਣਾ ਸੀ…!!

ਗ਼ਰੀਬ ਪਾਰਟੀ, ਅਮੀਰ ਲੀਡਰ!!
”ਸ਼੍ਰੋਮਣੀ ਅਕਾਲੀ ਦਲ ਤਾਂ ਗ਼ਰੀਬਾਂ ਦੀ ਪਾਰਟੀ ਐ…ਜਥੇਦਾਰਾਂ ਦੀ ਪਾਰਟੀ ਤੇ ਵਿਚਾਰੇ ਜਥੇਦਾਰਾਂ ਕੋਲ ਤਾਂ ਪੈਸੇ ਈ ਨਹੀਂ ਹੁੰਦੇ।” ਇਹ ਦਾਅਵਾ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਹੈ। ਗੱਲ ਤਾਂ ਉਨ੍ਹਾਂ ਦੀ ਠੀਕ ਈ ਲਗਦੀ ਐ ਕਿ ਪਾਰਟੀ ਗ਼ਰੀਬ ਐ, ਕਿਉਂਕਿ ਸਾਰਾ ਧਨ ਤਾਂ ਪਾਰਟੀ ਆਗੂਆਂ ਦੇ ਢਿੱਡਾਂ ਵਿਚ ਜਾ ਰਿਹਾ ਹੈ। ਪਾਰਟੀ ਗ਼ਰੀਬ ਤੇ ਲੀਡਰ ਅਮੀਰ। ਪਾਰਟੀਆਂ ਤਾਂ ਸਾਰੀਆਂ ਈ ਗ਼ਰੀਬ ਹੁੰਦੀਆਂ ਨੇ, ਮੌਜਾਂ ਤਾਂ ਲੀਡਰਾਂ ਦੀਆਂ ਹੁੰਦੀਆਂ ਨੇ। ਖ਼ਾਲੀ ਜੇਬ ਪਾਰਟੀ ‘ਚ ਆਉਂਦੇ ਨੇ ਤੇ ਦੇਖਦੇ ਦੇਖਦੇ ਜੇਬਾਂ ਨੋਟਾਂ ਨਾਲ ਭਰ ਜਾਂਦੀਆਂ ਨੇ। ਆ ਬਾਦਲ ਪਰਿਵਾਰ ਸਾਧਾਰਨ ਕਿਸਾਨ ਪਰਿਵਾਰ ਸੀ ਤੇ ਅੱਜ ਵੱਡੇ ਵੱਡੇ ਹੋਟਲਾਂ ਦਾ ਮਾਲਕ ਐ…ਫੇਰ ਪਾਰਟੀ ਨੇ ਤਾਂ ਗ਼ਰੀਬ ਹੋਣਾ ਈ ਹੋਇਆ।

ਧੋਖਾ ਕੀਤਾਜੇਠ ਜੀ ਨੇ…!!
ਲਓ ਜੀ, ਬਾਦਲ ਪਰਿਵਾਰ ਦੀ ਨੂੰਹ ਬੀਬੀ ਹਰਸਿਮਰਤ ਕੌਰ ਬਾਦਲ ਸਰਗਰਮ ਹੋ ਗਈ ਹੈ। ਉਸ ਨੇ ਆਪਣੇ ਜੇਠ ਮਨਪ੍ਰੀਤ ਬਾਦਲ ਨੂੰ ਮਿਹਣਾ ਮਾਰਿਆ ਹੈ ਕਿ ਉਸ ਨੇ ਆਪਣੀ ਮਾਂ ਪਾਰਟੀ ਨੂੰ ਧੋਖਾ ਦਿੱਤਾ ਹੈ। ਜੇਠ ਜੀ ਵੀ ਕਿੱਥੇ ਚੁੱਪ ਬਹਿਣ ਵਾਲੇ ਸਨ, ਉਨ੍ਹਾਂ ਵੀ ਪੁਛ ਹੀ ਲਿਆ ਕਿ ਪਹਿਲਾਂ ਬੀਬੀ ਇਹ ਦੱਸੇ ਕਿ ਸੁਖਬੀਰ ਨਾਲ ਵਿਆਹ ਤੋਂ ਪਹਿਲਾਂ ਮਜੀਠੀਆ ਟੱਬਰ ਕੋਲ ਕੀ ਸੀ ਭਲਾ? ਅੱਜ ਏਨਾ ਪੈਸਾ ਕਿਥੋਂ ਆ ਗਿਆ? ਭਲਾ ਇਹ ਵੀ ਕੋਈ ਪੁਛਣ-ਦੱਸਣ ਵਾਲੀ ਗੱਲ ਐ। ਮਜੀਠੀਆ ਪਰਿਵਾਰ ਦਾ ਪੈਸਾ ਤਾਂ ਉਂਜ ਵੀ ਚਿੱਟਾ ਈ ਚਿੱਟੈ। ਲੋਕ ਕਾਲਾ ਧਨ ਜੋੜਦੇ ਨੇ, ਪਰ ਇਹ ਟੱਬਰ ਚਿੱਟੇ ‘ਤੇ ਭਰੋਸਾ ਕਰਦੈ। ਵੈਸੇ ਬਾਦਲ ਪਰਿਵਾਰ ਕੋਲ ਸਿਆਸਤ ‘ਚ ਆਉਣ ਤੋਂ ਪਹਿਲਾਂ ਕਿਹੜਾ ਪੈਸਾ ਸੀ? ਚਾਰੇ ਪਾਸੇ ਫੈਲਿਆ ਕਾਰੋਬਾਰ ਦੇਖ ਕੇ ਤਾਂ ਇਉਂ ਲਗਦੈ ਜਿਵੇਂ ਸਿਆਸਤ ਘੱਟ ਤੇ ਕਾਰੋਬਾਰ ‘ਚ ਹੱਥ ਜ਼ਿਆਦਾ ਰੁਝੇ ਰਹਿੰਦੇ ਨੇ। ਨਾਲੇ ਮਨਪ੍ਰੀਤ ਨੇ ਮਾਂ ਪਾਰਟੀ ਨਾਲ ਧੋਖਾ ਕੀਤਾ ਕਿ ਨਹੀਂ, ਇਹ ਤਾਂ ਉਹੀ ਜਾਣਨ ਪਰ ਪੰਜਾਬ ਦੇ ਲੋਕ ਏਨਾ ਜ਼ਰੂਰ ਜਾਣਦੇ ਨੇ ਕਿ ਉਨ੍ਹਾਂ ਨਾਲ ਕਿਵੇਂ ਧੋਖੇ ‘ਤੇ ਧੋਖਾ ਹੁੰਦਾ ਆ ਰਿਹੈ। ਭਲਾ ਇਹਦਾ ਜਵਾਬਦੇਹ ਕੌਣ ਬਣੂ?