ਅਫ਼ਗਾਨਿਸਤਾਨ ਤੋਂ ਨਵੀਂ ਦਿੱਲੀ ਪੁੱਜੇ 55 ਸਿੱਖ ਤੇ ਹਿੰਦੂ

ਅਫ਼ਗਾਨਿਸਤਾਨ ਤੋਂ ਨਵੀਂ ਦਿੱਲੀ ਪੁੱਜੇ 55 ਸਿੱਖ ਤੇ ਹਿੰਦੂ

ਸ਼੍ਰੋਮਣੀ  ਕਮੇਟੀ ਨੇ ਹਵਾਈ ਟਿਕਟਾਂ ਤੇ ਆਰਥਿਕ ਸਹਾਇਤਾ ਦਾ ਕੀਤਾ ਪ੍ਰਬੰਧ
*ਮੌਜੂਦਾ ਵੇਲੇ ਕਰਤਾ-ਏ-ਪਰਵਾਨ ਤੋਂ ਇਲਾਵਾ ਸਾਰੇ ਗੁਰਦੁਆਰਾ ਸਾਹਿਬ ਬੰਦ

 

ਅੰਮ੍ਰਿਤਸਰ ਟਾਈਮਜ਼

ਅੰਮ੍ਰਿਤਸਰ:ਅਫ਼ਗ਼ਾਨਿਸਤਾਨ ’ਚ ਲਗਾਤਾਰ ਵਿਗੜ ਰਹੇ ਹਾਲਾਤ ਦੇ ਮੱਦੇਨਜ਼ਰ ਘਰ-ਬਾਰ ਛੱਡ ਕੇ  ਦੇਰ ਸ਼ਾਮ ਨੂੰ 55 ਸਿੱਖ ਤੇ ਹਿੰਦੂ ਏਅਰ ਇੰਡੀਆ ਦੇ ਵਿਸ਼ੇਸ਼ ਜਹਾਜ਼ ਰਾਹੀਂ ਇੰਦਰਾ ਗਾਂਧੀ ਅੰਤਰਰਾਸ਼ਟਰੀ ਏਅਰਪੋਰਟ ਦਿੱਲੀ ਵਿਖੇ ਪੁੱਜੇ ਜਿਨ੍ਹਾਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਲੀ ਏਅਰਪੋਰਟ ਵਿਖੇ ਨਿੱਘਾ ਸਵਾਗਤ ਕੀਤਾ।

ਇਸ ਮੌਕੇ ਧਰਮ ਪ੍ਰਚਾਰਕ ਤੇ ਸ਼੍ਰੋਮਣੀ ਕਮੇਟੀ ਦੇ ਇੰਚਾਰਜ ਸੁਰਿੰਦਰਪਾਲ ਸਿੰਘ ਸਮਾਣਾ ਦਿੱਲੀ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਹੋਏ ਫ਼ੈਸਲੇ ਅਨੁਸਾਰ ਅਫ਼ਗ਼ਾਨਿਸਤਾਨ ਵਿਖੇ ਸਿੱਖ ਤੇ ਹਿੰਦੂ ਪਰਿਵਾਰਾਂ ’ਤੇ ਹੋ ਰਹੇ ਅੱਤਿਆਚਾਰ ਦੌਰਾਨ ਆਪਣੇ ਘਰ-ਬਾਰ ਛੱਡ ਕੇ ਪੱਕੇ ਤੌਰ ’ਤੇ ਭਾਰਤ ਆਉਣ ਵਾਲੇ ਅਫ਼ਗਾਨਿਸਤਾਨ ਦੇ ਸਿੱਖਾਂ ਤੇ ਹਿੰਦੂ ਪਰਿਵਾਰਾਂ ਦੇ ਮੈਂਬਰਾਂ ਨੂੰ ਆਰਥਿਕ ਸਹਾਇਤਾ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਅਫਗਾਨਿਸਤਾਨ ਤੋਂ ਭਾਰਤ ਆਉਣ ਦੀਆਂ ਹਵਾਈ ਟਿਕਟਾਂ ਦਾ ਸਾਰਾ ਖਰਚ ਸ਼੍ਰੋਮਣੀ ਕਮੇਟੀ ਦੇ ਰਹੀ ਹੈ।ਉਨ੍ਹਾਂ ਦੱਸਿਆ ਕਿ ਏਅਰਪੋਰਟ ਤੋਂ ਲੈ ਕੇ ਸ਼੍ਰੋਮਣੀ ਕਮੇਟੀ ਅਫਗਾਨਿਸਤਾਨੀ ਸਿੱਖਾਂ ਨੂੰ ਗੁਰਦੁਆਰਾ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਂ ਵੀਰ ਨਗਰ ਦਿੱਲੀ ਵਿਖੇ ਪਹੁੰਚਾਇਆ ਗਿਆ ਹੈ, ਜਿੱਥੇ ਅਫ਼ਗਾਨਿਸਤਾਨ ਤੋਂ ਹਿਜ਼ਰਤ ਕਰਕੇ ਆ ਰਹੇ ਸਿੱਖ ਤੇ ਹਿੰਦੂ ਪਰਿਵਾਰਾਂ ਨੂੰ ਰੱਖਿਆ ਗਿਆ ਹੈ

ਅਫਗਾਨੀ ਸਿਖਾਂ ਦੀ ਦੁਖਾਂਤਕ ਵਿਥਿਆ                                                  

ਅਫ਼ਗਾਨਿਸਤਾਨ ਤੋਂ ਭਾਰਤ ਪਹੁੰਚੇ ਅਫ਼ਗਾਨ ਸਿੱਖ ਬਲਜੀਤ ਸਿੰਘ ਨੇ ਦਿੱਲੀ ਏਅਰਪੋਰਟ ਪਹੁੰਚ ਕੇ  ਕਿਹਾ ਕਿ ਅਫ਼ਗਾਨਿਸਤਾਨ ਤੋਂ ਪਰਤੇ ਸਿੱਖ, ‘ਅਫ਼ਗਾਨਿਸਤਾਨ ਵਿੱਚ ਹਾਲਤ ਬਹੁਤ ਚੰਗੇ ਨਹੀਂ ਹਨ। ਮੈਨੂੰ ਚਾਰ ਮਹੀਨੇ ਲਈ ਕੈਦ ਵਿੱਚ ਰੱਖਿਆ ਗਿਆ। ਤਾਲਿਬਾਨ ਨੇ ਸਾਡੇ ਨਾਲ ਧੋਖਾ ਕੀਤਾ, ਉਨ੍ਹਾਂ ਨੇ ਜੇਲ੍ਹ ਵਿੱਚ ਸਾਡੇ ਵਾਲ ਕੱਟ ਦਿੱਤੇ। ਮੈਂ ਭਾਰਤ ਅਤੇ ਆਪਣੇ ਧਰਮ ਵਿੱਚ ਆ ਕੇ ਧੰਨਵਾਦੀ ਹਾਂ, ਖੁਸ਼ ਹਾਂ।"
ਇੱਕ ਅਫ਼ਗਾਨ ਸਿੱਖ ਸੁਖਬੀਰ ਸਿੰਘ ਖ਼ਾਲਸਾ ਨੇ  ਗੱਲ ਕਰਦਿਆਂ ਕਿਹਾ, " ਸਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਦੇ ਪਰਿਵਾਰ ਹਾਲੇ ਵੀ ਪਿੱਛੇ ਰਹਿ ਗਏ ਹਨ ਕਿਉਂਕਿ ਲਗਭਗ 30-35 ਲੋਕ ਅਫ਼ਗਾਨਿਸਤਾਨ ਵਿੱਚ ਫਸੇ ਹੋਏ ਹਨ।ਸੁਖਬੀਰ ਸਿੰਘ ਖ਼ਾਲਸਾ ਨੇ ਕਿਹਾ, "ਭਾਰਤ ਸਰਕਾਰ ਉਹਨਾਂ ਲੋਕਾਂ ਨੂੰ ਵੀ ਵੀਜ਼ੇ ਦੇ ਚੁੱਕੀ ਹੈ ਅਤੇ ਏਥੇ ਆਉਣਾ ਜਾਂ ਨਾ ਆਉਣਾ ਉਹਨਾਂ ਦੀ ਆਪਣੀ ਮਰਜ਼ੀ ਹੈ। ਸਾਡੇ ਨਾਲ ਕੋਈ ਜ਼ਬਰਦਸਤੀ ਨਹੀਂ ਹੋਈ ਕਿ ਨਿਕਲੋ ਜਾਂ ਜਾਓ, ਅਸੀਂ ਤਾਂ ਆਪਣੀ ਮਰਜ਼ੀ ਨਾਲ ਆਏ ਹਾਂ।"

ਸੁਰਪਾਲ ਸਿੰਘ ਨੇ ਕਿਹਾ, "ਮੈਂ ਉਥੇ ਕਾਬੁਲ ਵਿੱਚ ਰਹਿੰਦਾ ਸੀ। ਪਹਿਲਾਂ ਕਾਫ਼ੀ ਦਿੱਕਤਾਂ ਸਨ ਪਰ ਹੁਣ ਮਾਹੌਲ ਠੀਕ ਚੱਲ ਰਿਹਾ ਹੈ। ਗੁਰਦੁਆਰੇ ਵੀ ਹੁਣ ਸੁਰੱਖਿਅਤ ਹਨ ਅਤੇ ਉਹਨਾਂ ਨੇ ਸਾਨੂੰ ਸੁਰੱਖਿਆ ਵੀ ਦਿੱਤੀ ਹੈ।ਉੱਥੇ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਸ਼ੁਸ਼ੋਭਿਤ ਹਨ ਅਤੇ ਇਸ ਲਈ ਕਰੀਬ 20 ਸੇਵਾਦਾਰ ਉੱਥੇ ਰੁਕੇ ਹੋਏ ਹਨ।"

ਗੁਰੂ ਗ੍ਰੰਥ ਸਾਹਿਬ ਦੇ ਸਰੂਪ ਭਾਰਤ ਲਿਆਉਣ ਤੋਂ ਵੀ ਰੋਕਿਆ ਸੀ
                                                             

ਇੰਡੀਅਨ ਵਰਲਡ ਫੋਰਮ ਦੇ ਸੰਚਾਲਕ ਪੁਨੀਤ ਸਿੰਘ ਚੰਡੋਕ ਨੇ ਦਸਿਆ ਕਿ 11 ਸਤੰਬਰ, 2022 ਨੂੰ 60 ਅਫ਼ਗਾਨ ਸਿੱਖਾਂ ਦੇ ਜੱਥੇ ਨੇ ਭਾਰਤ ਆਉਣਾ ਸੀ, ਪਰ ਉਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨਾਲ ਲਿਆਉਣ ਤੋਂ ਰੋਕਣ ਕਾਰਨ ਉਹ ਸਿੱਖ ਭਾਰਤ ਨਹੀਂ ਆ ਸਕੇ ਸੀ।ਵਿਦੇਸ਼ ਮੰਤਰਾਲੇ ਨੇ ਇਸ ਲਈ ਮੁਲਕ ਦੇ ਸੱਭਿਆਚਾਰਕ ਮੰਤਰਾਲੇ ਤੋਂ ਲਿਖਤੀ ਪ੍ਰਵਾਨਗੀ ਲੈਣ ਲਈ ਕਿਹਾ ਸੀ। ਇੰਦਰਜੀਤ ਸਿੰਘ ਨੇ 'ਅਫ਼ਗਾਨ ਸਿੱਖ ਐਂਡ ਹਿੰਦੂਜ਼ ਹਿਸਟਰੀ ਆਫ ਥਾਊਜ਼ੈਂਡ ਈਅਰਜ਼' ਨਾਂ ਦੀ ਕਿਤਾਬ ਲਿਖੀ ਹੈ।
ਇੰਦਰਜੀਤ ਸਿੰਘ ਕਹਿੰਦੇ ਹਨ, "ਬਾਬਰ ਤੋਂ ਨਾਦਰ ਸ਼ਾਹ ਦੇ ਭਾਰਤ ਆਉਣ ਤੱਕ ਕਾਬੁਲ, ਜਲਾਲਾਬਾਦ ਤੇ ਗਜ਼ਨੀ ਮੁਗਲ ਰਾਜ ਦਾ ਹੀ ਹਿੱਸਾ ਰਿਹਾ ਸੀ। ਇਹ ਸਮਾਂ ਕਰੀਬ 235 ਸਾਲ ਦਾ ਬਣਦਾ ਹੈ। ਤਾਂ ਇਸ ਵੇਲੇ ਸਿੱਖਾਂ ਤੇ ਹਿੰਦੂਆਂ ਦਾ ਅਫ਼ਗਾਨਿਸਤਾਨ ਵਿੱਚ ਰਹਿਣ ਜਾਂ ਵਿਚਰਨ ਵਿੱਚ ਕੋਈ ਮੁਸ਼ਕਲ ਨਹੀਂ ਸੀ।ਅਫ਼ਗਾਨਿਸਤਾਨ ਵਿੱਚ ਸਿੱਖਾਂ ਦੀ ਹੋਂਦ 1519-21 ਵੇਲੇ ਦੀ ਹੈ, ਜਦੋਂ ਸਿੱਖਾਂ ਦੇ ਪਹਿਲੇ ਗੁਰੂ, ਗੁਰੂ ਨਾਨਕ ਦੇਵ ਅਫ਼ਗਾਨਿਸਤਾਨ ਦੀ ਯਾਤਰਾ ਉੱਤੇ ਗਏ ਸਨ। ਉਸ ਵੇਲੇ ਉੱਥੇ ਰਹਿੰਦੇ ਕੁਝ ਹਿੰਦੂ ਉਨ੍ਹਾਂ ਦੇ ਪੈਰੋਕਾਰ ਬਣ ਗਏ ਸਨ।"

ਸਿੱਖ ਇਤਿਹਾਸ 'ਵਿਚ ਕਾਬੁਲ ਦੀ ਸੰਗਤ ਦੇ ਕਈ ਹਵਾਲੇ ਮਿਲਦੇ ਹਨ।

ਇਤਿਹਾਸਕਾਰ ਤੇ ਪੰਜਾਬ ਦੇ ਡਾਇਰੈਕਟਰ ਆਫ਼ ਆਰਕਾਈਵਜ਼ ਰਹਿ ਚੁੱਕੇ ਡਾ. ਗੰਡਾ ਸਿੰਘ ਨੇ ਆਪਣੀ ਕਿਤਾਬ 'ਅਫਗਾਨਿਸਤਾਨ ਦਾ ਸਫ਼ਰ' ਵਿੱਚ 1952 ਦੀ ਆਪਣੀ ਯਾਤਰਾ ਦਾ ਵੇਰਵਾ ਦਿੱਤਾ ਹੈ।
ਡਾ. ਗੰਡਾ ਸਿੰਘ ਲਿਖਦੇ ਹਨ, "ਪੁਰਾਣੇ ਸਮਿਆਂ ਤੋਂ ਹੀ ਕੁਝ ਹਿੰਦੂ ਇੱਥੇ ਰਹਿੰਦੇ ਆ ਰਹੇ ਹਨ ਜੋ ਇਸਲਾਮ ਦੇ ਇੱਥੇ ਆਉਣ ਤੋਂ ਪਹਿਲਾਂ ਦੇ ਵਸਨੀਕ ਹਨ। ਗੁਰੂ ਨਾਨਕ ਵੇਲੇ ਉਹ ਉਨ੍ਹਾਂ ਦੇ ਸੇਵਕ ਬਣ ਗਏ।"ਡਾ. ਗੰਡਾ ਸਿੰਘ ਲਿਖਦੇ ਹਨ ਕਿ ਸਿੱਖ ਇਤਿਹਾਸ ਵਿੱਚ ਹਵਾਲੇ ਮਿਲਦੇ ਹਨ ਜਦੋਂ ਕਈ ਵਾਰੀ ਸਿੱਖ ਸੰਗਤਾਂ ਕਾਬੁਲ, ਗਜ਼ਨੀ ਤੇ ਕੰਧਾਰ ਤੋਂ ਪੰਜਾਬ ਗੁਰੂ ਦੇ ਦਰਸ਼ਨਾਂ ਲਈ ਆਇਆ ਕਰਦੀਆਂ ਸਨ।

ਸਿੱਖਾਂ ਦੇ 10ਵੇਂ ਗੁਰੂ ਦੇ ਸਮੇਂ ਦਾ ਜ਼ਿਕਰ ਕਰਦਿਆਂ ਡਾ. ਗੰਡਾ ਸਿੰਘ ਲਿਖਦੇ ਹਨ, "ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਹੋਰ ਸਿੱਖਾਂ ਦੀ ਤਰ੍ਹਾਂ ਇਨ੍ਹਾਂ ਨੇ ਵੀ ਅੰਮ੍ਰਿਤ ਛਕਿਆ ਸੀ। ਫਾਸਲਾ ਦੂਰ ਹੋਣ ਕਾਰਨ ਜੋ ਪੰਜਾਬ ਆ ਕੇ ਸਿੰਘ ਨਹੀਂ ਸਜ ਸਕੇ ਸੀ, ਉਨ੍ਹਾਂ ਉੱਥੇ ਹੀ ਅੰਮ੍ਰਿਤ ਛਕ ਲਿਆ ਸੀ।ਫੇਰ ਵੀ ਕੁਝ ਟੱਬਰ ਅਜਿਹੇ ਰਹਿ ਗਏ ਜਿਨ੍ਹਾਂ ਵਿੱਚੋਂ ਕੋਈ ਵੀ ਅੰਮ੍ਰਿਤਧਾਰੀ ਨਹੀਂ ਹੋ ਸਕਿਆ ਪਰ ਉਨ੍ਹਾਂ ਦੇ ਸਿੱਖੀ ਸਿਦਕ ਵਿੱਚ ਕੋਈ ਫਰਕ ਨਹੀਂ ਆਇਆ ਸੀ।"

ਇਤਿਹਾਸਕਾਰ ਹਰੀ ਰਾਮ ਗੁਪਤਾ ਨੇ ਆਪਣੀ ਕਿਤਾਬ ਹਿਸਟਰੀ ਆਫ਼ ਸਿੱਖਸ ਵਿੱਚ ਵੀ ਕਾਬੁਲ ਤੋਂ ਆਏ ਸਿੱਖਾਂ ਬਾਰੇ ਜ਼ਿਕਰ ਕੀਤਾ ਹੈ।ਉਨ੍ਹਾਂ ਨੇ ਲਿਖਿਆ ਹੈ ਕਿ ਕਾਬੁਲ ਤੋਂ ਆਏ ਇੱਕ ਸਿੱਖ ਦੁਨੀ ਚੰਦ ਨੇ ਗੁਰੂ ਗੋਬਿੰਦ ਸਿੰਘ (ਉਸ ਵੇਲੇ ਗੋਬਿੰਦ ਰਾਇ) ਨੂੰ ਇੱਕ ਬੇਸ਼ਕੀਮਤੀ ਤੰਬੂ ਦਿੱਤਾ ਸੀ ਜੋ ਰੇਸ਼ਮ ਨਾਲ ਬਣਿਆ ਸੀ ਤੇ ਉਸ ਉੱਤੇ ਸੋਨੇ ਤੇ ਮੋਤੀਆਂ ਦਾ ਕੰਮ ਹੋਇਆ ਸੀ। ਉਸ ਦੇ ਵਿੱਚ ਸ਼ਾਨਦਾਰ ਕਾਲੀਨ ਵੀ ਸਨ।                                                                           ਅਫ਼ਗਾਨਿਸਤਾਨ ਦੇ ਇਤਿਹਾਸਕ ਗੁਰਦੁਆਰੇ
                                                    
ਇੰਦਰਜੀਤ ਸਿੰਘ ਨੇ ਅਫ਼ਗਾਨਿਸਤਾਨ ਦੇ ਗੁਰਦਆਰਿਆਂ ਦਾ ਜ਼ਿਕਰ ਕਰਦਿਆਂ ਦੱਸਿਆ, "ਅਫ਼ਗਾਨਿਸਤਾਨ ਦੇ ਜਲਾਲਾਬਾਦ ਵਿੱਚ ਗੁਰੂ ਨਾਨਕ ਦਰਬਾਰ ਗੁਰਦੁਆਰਾ ਸਾਹਿਬ ਹੈ। ਇਤਿਹਾਸ ਮੁਤਾਬਕ ਗੁਰੂ ਨਾਨਕ ਦੇਵ ਜੀ ਉੱਥੇ ਆਏ ਸਨ।ਉਸ ਤੋਂ ਉੱਤੇ ਸੁਲਤਾਨਪੁਰ ਵਿੱਚ ਇੱਕ ਚਸ਼ਮਾ ਹੈ, ਜਿੱਥੇ ਇੱਕ ਚਾਰ ਦੀਵਾਰੀ ਕੀਤੀ ਹੋਈ ਸੀ। ਇੱਥੇ ਤਾਲਿਬਾਨ ਤੋਂ ਪਹਿਲਾਂ ਤੱਕ ਵਿਸਾਖੀ ਦਾ ਮੇਲਾ ਲੱਗਦਾ ਸੀ।ਇਸ ਤੋਂ ਬਾਅਦ ਇੱਕ ਹੋਰ ਗੁਰਦੁਆਰਾ ਕਾਬੁਲ ਵਿੱਚ ਹੈ, ਜਿਸ ਦਾ ਨਾਂ ਗੁਰੂ ਹਰਿ ਰਾਇ ਸਾਹਿਬ ਹੈ। ਇਸੇ ਗੁਰਦੁਆਰਾ ਸਾਹਿਬ ਉੱਤੇ 25 ਮਾਰਚ 2020 ਨੂੰ ਅੱਤਵਾਦੀ ਹਮਲਾ ਹੋਇਆ ਸੀ।"
ਇੰਦਰਜੀਤ ਸਿੰਘ ਨੇ ਅੱਗੇ ਦੱਸਿਆ, "ਸਿੱਖਾਂ ਦੇ ਸੱਤਵੇਂ ਗੁਰੂ, ਹਰਿ ਰਾਇ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਭਾਈ ਗੌਂਡਾ ਨੂੰ ਅਫ਼ਗਾਨਿਸਤਾਨ ਦੇ ਕਾਬੁਲ ਸ਼ਹਿਰ ਭੇਜਿਆ ਸੀ ਤੇ ਉਨ੍ਹਾਂ ਨੇ ਇੱਥੇ ਆ ਕੇ ਗੁਰੂ ਸਾਹਿਬ ਦੇ ਨਾਂ ਉੱਤੇ ਇੱਥੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਕੀਤੀ ਸੀ।"
ਇੱਥੇ ਇਹ ਦੱਸਣਯੋਗ ਹੈ ਕਿ ਮੌਜੂਦਾ ਵੇਲੇ ਕਰਤਾ-ਏ-ਪਰਵਾਨ ਤੋਂ ਇਲਾਵਾ ਸਾਰੇ ਗੁਰਦੁਆਰਾ ਸਾਹਿਬ ਬੰਦ ਹਨ।ਬਾਕੀ ਗੁਰਦੁਆਰਿਆਂ ਦਾ ਜ਼ਿਕਰ ਕਰਦੇ ਹੋਏ ਇੰਦਰਜੀਤ ਸਿੰਘ ਨੇ ਦੱਸਿਆ, "ਇਸ ਤੋਂ ਇਲਾਵਾ ਵੀ ਕੁਝ ਹੋਰ ਗੁਰਦੁਆਰੇ ਕਾਬੁਲ ਵਿੱਚ ਹਨ, ਜਿਵੇਂ ਖਾਲਸਾ ਗੁਰਦੁਆਰਾ ਹੈ। ਉੱਥੇ ਭਾਈ ਗੁਰਦਾਸ ਜੀ ਆਏ ਸਨ।"

ਇੱਥੇ ਜਿਨ੍ਹਾਂ ਭਾਈ ਗੁਰਦਾਸ ਦੀ ਗੱਲ ਹੋ ਰਹੀ ਹੈ, ਉਹ ਸਿੱਖਾਂ ਦੇ ਪੰਜਵੇਂ ਗੁਰੂ ਅਰਜੁਨ ਦੇਵ ਵੇਲੇ ਹੋਏ ਸਨ ਜੋ ਅਫ਼ਗਾਨਿਸਤਾਨ ਧਰਮ ਪ੍ਰਚਾਰ ਲਈ ਗਏ ਸਨ।
ਇੰਦਰਜੀਤ ਸਿੰਘ ਨੇ ਅੱਗੇ ਕਿਹਾ, "ਕੰਧਾਰ ਵਿੱਚ ਬਾਬਾ ਸ਼੍ਰੀ ਚੰਦ ਦਾ ਗੁਰਦੁਆਰਾ ਹੈ ਤੇ ਇਸ ਦੇ ਨਾਲ ਹੀ ਕਾਬੁਲ ਦੇ ਸ਼ੋਰ ਬਜ਼ਾਰ ਵਿੱਚ ਵੀ ਬਾਬਾ ਸ਼੍ਰੀਚੰਦ ਦਾ ਗੁਰਦੁਆਰਾ ਸਾਹਿਬ ਹੈ।"

ਡਾ. ਗੰਡਾ ਸਿੰਘ ਨੇ ਆਪਣੀ ਕਿਤਾਬ 'ਅਫ਼ਗਾਨਿਸਤਾਨ ਦਾ ਸਫ਼ਰ' ਵਿੱਚ ਕੁਝ ਹੋਰ ਗੁਰਧਾਮਾਂ ਦੇ ਨਾਂ ਵੀ ਲਿਖੇ ਹਨ। ਜਿਵੇਂ, ਬਾਬਾ ਗੰਜ ਬਖਸ਼, ਗੁਰਦੁਆਰਾ ਜੋਤੀ ਸਰੂਪ, ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ, ਕੰਧਾਰੀ ਕੂਚਾ, ਗੁਰਦੁਆਰਾ ਭਾਈ ਪਿਰਾਣਾ ਸਰਾਇ ਲਾਹੌਰੀਆਂ ਤੇ ਗੁਰਦੁਆਰਾ ਭਾਈ ਮਨਸਾ ਸਿੰਘ।ਡਾ. ਗੰਡਾ ਸਿੰਘ ਨੇ ਆਪਣੀ ਕਿਤਾਬ ਵਿੱਚ ਉਸੇ ਵੇਲੇ ਦੇ ਕਈ ਸਿੱਖਾਂ ਦਾ ਜ਼ਿਕਰ ਕੀਤਾ ਹੈ ਜਿਨ੍ਹਾਂ ਦੇ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਹੱਥ ਲਿਖਤ ਸਰੂਪ ਮੌਜੂਦ ਸਨ।