ਹਜੂਰ ਸਾਹਿਬ ਬੋਰਡ ਦਾ ਨਵਾਂ ਐਕਟ ਲਾਗੂ ਕਰਣ ਵਿਰੁੱਧ ਮੁੱਖ ਮੰਤਰੀ ਮਹਾਂਰਾਸ਼ਟਰ ਏਕਨਾਥ ਛਿੰਦੇ ਦੇ ਨਾਮ ਮੰਗ ਪੱਤਰ ਸੌਂਪਿਆ: ਸਰਨਾ

ਹਜੂਰ ਸਾਹਿਬ ਬੋਰਡ ਦਾ ਨਵਾਂ ਐਕਟ ਲਾਗੂ ਕਰਣ ਵਿਰੁੱਧ ਮੁੱਖ ਮੰਤਰੀ ਮਹਾਂਰਾਸ਼ਟਰ ਏਕਨਾਥ ਛਿੰਦੇ ਦੇ ਨਾਮ ਮੰਗ ਪੱਤਰ ਸੌਂਪਿਆ: ਸਰਨਾ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 12 ਫਰਵਰੀ (ਮਨਪ੍ਰੀਤ ਸਿੰਘ ਖਾਲਸਾ):-ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਸ. ਪਰਮਜੀਤ ਸਿੰਘ ਸਰਨਾ ਦੀ ਅਗਵਾਈ ਵਿੱਚ ਮਹਾਂਰਾਸ਼ਟਰ ਸਦਨ ਦਿੱਲੀ ਵਿਖੇ ਰੈਜ਼ੀਡੈਂਟ ਕਮਿਸ਼ਨਰ ਸ. ਰੁਪਿੰਦਰ ਸਿੰਘ ਨੂੰ ਮੁੱਖ ਮੰਤਰੀ ਮਹਾਂਰਾਸ਼ਟਰ ਏਕਨਾਥ ਛਿੰਦੇ ਦੇ ਨਾਮ ਮੰਗ ਪੱਤਰ ਸੌਂਪਿਆ ਗਿਆ । ਜਿਸ ਰਾਹੀਂ ਤਖ਼ਤ ਸੱਚਖੰਡ ਅਬਿਚਲ ਨਗਰ ਸ੍ਰੀ ਹਜ਼ੂਰ ਸਾਹਿਬ ਬੋਰਡ ਦੇ ਪ੍ਰਬੰਧਕ 1956 ਦੀ ਐਕਟ ਨੂੰ ਰੱਦ ਕਰਕੇ ਨਵਾਂ ਐਕਟ ਲਾਗੂ ਕਰਨ ਦਾ ਵਿਰੋਧ ਕਰਦਿਆਂ ਇਸ ਮਸਲੇ ਮੁੱਖ ਮੰਤਰੀ ਤੋਂ ਵਿਚਾਰ ਕਰਨ ਲਈ ਸਮਾਂ ਮੰਗਿਆ ਹੈ । 

ਆਪਣੇ ਪੱਤਰ ਵਿੱਚ ਸ. ਸਰਨਾ ਨੇ ਕਿਹਾ ਕਿ ਇਹ ਐਕਟ ਇਕਪਾਸੜ ਹੈ ਜੋ ਬਿਨਾ ਸਿੱਖਾਂ ਨਾਲ ਸਲਾਹ ਮਸ਼ਵਰਾ ਕੀਤੇ ਲਿਆਂਦਾ ਗਿਆ ਹੈ । 

ਇਸ ਕਦਮ ਨੇ ਸਾਡੀਆਂ ਧਾਰਮਿਕ ਸੰਸਥਾਵਾਂ ਦੀ ਪਵਿੱਤਰਤਾ ਅਤੇ ਖੁਦਮੁਖਤਿਆਰੀ 'ਤੇ ਸੰਭਾਵੀ ਉਲੰਘਣਾ ਬਾਰੇ ਗੰਭੀਰ ਚਿੰਤਾਵਾਂ ਪੈਦਾ ਕੀਤੀਆਂ ਹਨ। ਸਥਿਤੀ ਦੀ ਗੰਭੀਰਤਾ ਅਤੇ ਸਿੱਖਾਂ ਵਿੱਚ ਵਿਆਪਕ ਅਸੰਤੋਸ਼ ਦੇ ਮੱਦੇਨਜ਼ਰ ਇਸ ਮਸਲੇ ਤੇ ਗੱਲ ਬਾਤ ਹੋਣਾ ਬਹੁਤ ਜ਼ਰੂਰੀ ਹੈ । 

ਇਸਦੇ ਨਾਲ ਹੀ ਉਹਨਾਂ ਕਿਹਾ ਕਿ ਉਹ ਸਿਰਫ ਵਿਰੋਧ ਕਰਨ ਲਈ ਵਿਰੋਧ ਕਰ ਰਹੇ ਸਗੋਂ ਅਜਿਹਾ ਮਤਾ ਪਾਉਣਾ ਦੀ ਮੰਗ ਕਰਦੇ ਹਨ ਜੋ ਧਾਰਮਿਕ ਆਜ਼ਾਦੀ ਦੇ ਸਿਧਾਂਤਾਂ ਨੂੰ ਬਰਕਰਾਰ ਰੱਖਦਾ ਹੈ ਅਤੇ ਧਾਰਮਿਕ ਆਜ਼ਾਦੀ ਦਾ ਸਨਮਾਨ ਕਰਦਾ ਹੈ। ਉਹਨਾਂ ਇਸ ਮਸਲੇ ਤੇ ਮੁੱਖ ਮੰਤਰੀ ਤੋਂ ਹਾਂ ਪੱਖੀ ਹੁੰਗਾਰੇ ਦੀ ਆਸ ਕਰਦਿਆਂ ਜਲਦੀ ਮੁਲਕਾਤ ਲਈ ਵੀ ਸਮਾਂ ਮੰਗਿਆ ਹੈ। 

ਇਸ ਮੌਕੇ ਸ. ਮਨਜੀਤ ਸਿੰਘ ਜੀ.ਕੇ, ਸ. ਕਰਤਾਰ ਸਿੰਘ ਚਾਵਲਾ, ਪਰਮਜੀਤ ਸਿੰਘ ਰਾਣਾ, ਸ. ਸਰਬਜੀਤ ਸਿੰਘ ਡਾਰਾ, ਸ. ਜਤਿੰਦਰ ਸਿੰਘ ਸੋਨੂੰ, ਸ. ਸਤਨਾਮ ਸਿੰਘ ਖੀਵਾ, ਸ. ਮਹਿੰਦਰ ਸਿੰਘ ਆਦਿ ਹਾਜ਼ਰ ਸਨ ।