ਹਾਫਿਜ਼ ਸਈਦ ਪੰਜਾਬ ਵਿੱਚ ਸਫਰ ਦੌਰਾਨ ਗ੍ਰਿਫਤਾਰ

ਹਾਫਿਜ਼ ਸਈਦ ਪੰਜਾਬ ਵਿੱਚ ਸਫਰ ਦੌਰਾਨ ਗ੍ਰਿਫਤਾਰ
ਹਾਫਿਜ਼ ਸਈਦ

ਲਾਹੌਰ: ਜਮਾਤ-ਉਦ-ਦਾਅਵਾ ਦੇ ਮੁਖੀ ਹਾਫਿਜ਼ ਸਈਦ ਨੂੰ ਅੱਜ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਗੱਲ ਦੀ ਪੁਸ਼ਟੀ ਸਰਕਾਰੀ ਸੂਤਰਾਂ ਤੋਂ ਵੀ ਹੋ ਗਈ ਹੈ।

ਪਾਕਿਸਤਾਨ ਦੀ ਐਕਸਪ੍ਰੈਸ ਟ੍ਰਿਬਿਊਨ ਦੀ ਖਬਰ ਮੁਤਾਬਿਕ ਗੁਜਰਾਂਵਾਲਾ ਅਤੇ ਲਾਹੌਰ ਦੇ ਦਰਮਿਆਨ ਸਫਰ ਕਰਦਿਆਂ ਹਾਫਿਜ਼ ਸਈਦ ਨੂੰ ਪੰਜਾਬ ਕਾਉਂਟਰ ਟੈਰੋਰਿਸਮ ਡਿਪਾਰਟਮੈਂਟ (ਪੰਜਾਬ ਅੱਤਵਾਦ ਵਿਰੋਧੀ ਮਹਿਕਮੇ) ਵੱਲੋਂ ਰੋਕ ਕੇ ਗ੍ਰਿਫਤਾਰ ਕਰ ਲਿਆ ਗਿਆ।

ਇਸ ਤੋਂ ਪਹਿਲਾਂ ਬੀਤੇ ਦਿਨਾਂ ਦੌਰਾਨ ਸੀਟੀਡੀ ਨੇ ਸਈਦ ਅਤੇ ਉਸਦੇ ਸਹਿਯੌਗੀਆਂ ਖਿਲਾਫ ਪੰਜ ਟਰੱਸਟਾਂ ਰਾਹੀਂ "ਅੱਤਵਾਦੀ ਕਾਰਵਾਈਆਂ" ਨੂੰ ਪੈਸਾ ਮੁਹੱਈਆ ਕਰਾਉਣ ਦੇ 23 ਮਾਮਲੇ ਦਰਜ ਕੀਤੇ ਸਨ। 

ਸੀਟੀਡੀ ਨੇ ਦੱਸਿਆ ਕਿ ਸਰਕਾਰ ਵੱਲੋਂ ਬੈਨ ਕੀਤੀਆਂ ਗਈਆਂ ਸੰਸਥਾਵਾਂ ਜਮਾਤ-ਉਦ-ਦਾਅਵਾ, ਲਸ਼ਕਰ-ਏ-ਤਾਇਬਾ ਅਤੇ ਫਲਾਹ-ਏ-ਇਨਸਾਨੀਅਤ ਖਿਲਾਫ ਇਹ ਮਾਮਲੇ ਅੱਤਵਾਦ ਵਿਰੋਧੀ ਕਾਨੂੰਨ ਅਧੀਨ ਲਾਹੌਰ, ਗੁਜਰਾਂਵਾਲਾ ਅਤੇ ਮੁਲਤਾਨ ਵਿੱਚ ਦਰਜ ਕੀਤੇ ਗਏ ਹਨ। ਦੱਸ ਦਈਏ ਕਿ ਪਾਕਿਸਤਾਨ ਨੇ ਇਸ ਤੋਂ ਪਹਿਲਾਂ ਜਮਾਤ-ਉਦ-ਦਾਅਵਾ ਸੰਸਥਾ 'ਤੇ ਰੋਕ ਲਾ ਦਿੱਤਾ ਸੀ।

ਰਿਪੋਰਟ ਮੁਤਾਬਿਕ ਇਹਨਾਂ ਲੋਕਾਂ 'ਤੇ ਦਾਵਾਤੁਲ ਇਰਸ਼ਾਦ ਟਰੱਸਟ, ਮੋਆਜ਼ ਬਿਨ ਜਬਲ ਟਰੱਸਟ, ਅਲ ਅਨਫਾਲ ਟਰੱਸਟ, ਅਲ ਮਦੀਨਾ ਫਾਉਂਡੇਸ਼ਨ ਟਰੱਸਟ ਅਤੇ ਅਲਹਮਦ ਟਰੱਸਟ ਰਾਹੀਂ ਅੱਤਵਾਦੀ ਕਾਰਵਾਈਆਂ ਲਈ ਪੈਸਾ ਮੁਹੱਈਆ ਕਰਾਉਣ ਦੇ ਦੋਸ਼ ਲਾਏ ਗਏ ਹਨ। 

ਇਹਨਾਂ ਮਾਮਲਿਆਂ ਵਿੱਚ ਹਾਫਿਜ਼ ਸਈਦ ਤੋਂ ਇਲਾਵਾ ਅਬਦੁਲ ਰਹਿਮਾਨ ਮੱਕੀ (ਸਈਦ ਦਾ ਰਿਸ਼ਤੇਦਾਰ), ਅਮੀਰ ਹਮਜ਼ਾ, ਯਾਹਿਆ ਅਜ਼ੀਜ਼, ਮਲਿਕ ਜ਼ਫਰ ਇਕਬਾਲ, ਮੁਹੱਮਦ ਨਅੀਮ, ਮੋਹਸਿਨ ਬਿਲਾਲ, ਅਬਦੁਲ ਰਕੀਬ, ਡਾ. ਅਹਿਮਦ ਦਾਊਦ, ਡਾ. ਮੁਹੱਮਦ ਅਯੂਬ, ਅਬਦੁੱਲ੍ਹਾ ਉਬੈਦ, ਮੁਹੱਮਦ ਅਲੀ ਅਤੇ ਅਬਦੁੱਲ ਗਫਰ ਨੂੰ ਨਾਮਜ਼ਦ ਕੀਤਾ ਗਿਆ ਹੈ।

ਸੀਟੀਡੀ ਦੇ ਅਫਸਰ ਨੇ ਦੱਸਿਆ ਕਿ ਇਹਨਾਂ ਸੰਸਥਾਵਾਂ ਨਾਲ ਸਬੰਧਿਤ ਸਾਰੀ ਜ਼ਾਇਦਾਦ, ਸੰਪੱਤੀ ਨੂੰ ਸੀਲ ਕਰਕੇ ਜ਼ਬਤ ਕਰ ਲਿਆ ਗਿਆ ਹੈ।

ਪਾਕਿਸਤਾਨ ਦੇ ਇਸ ਕਦਮ ਪਿੱਛੇ ਫਾਈਨੈਂਨਸ਼ੀਅਲ ਐਕਸ਼ਨ ਟਾਸਕ ਫੋਰਸ ਦਾ ਦਬਾਅ ਮੰਨਿਆ ਜਾ ਰਿਹਾ ਹੈ ਜਿਸ ਨੇ ਬੀਤੇ ਸਾਲ ਪਾਕਿਸਤਾਨ ਨੂੰ ਉਹਨਾਂ ਦੇਸ਼ਾਂ ਦੀ ਸੂਚੀ ਵਿੱਚ ਪਾ ਦਿੱਤਾ ਸੀ ਜਿਹਨਾਂ ਦਾ ਪੈਸਾ ਹਵਾਲਗੀ ਅਤੇ ਅੱਤਵਾਦ ਫੰਡਿਗ 'ਤੇ ਕੋਈ ਜ਼ਾਬਤਾ (ਕੰਟਰੋਲ) ਨਹੀਂ ਹੈ। ਪਾਕਿਸਤਾਨ ਨੂੰ ਆਪਣਾ ਪ੍ਰਬੰਧ ਸੁਧਾਰਨ ਲਈ ਅਕਤੂਬਰ ਤੱਕ ਦਾ ਸਮਾਂ ਦਿੱਤਾ ਗਿਆ ਸੀ। 

ਸੰਯੁਕਤ ਰਾਸ਼ਟਰ ਵੱਲੋਂ ਇਹਨਾਂ ਤਿੰਨ ਸੰਸਥਾਵਾਂ 'ਤੇ ਰੋਕਾਂ ਲਾਉਣ ਤੋਂ ਬਾਅਦ ਪਾਕਿਸਤਾਨ ਵੱਲੋਂ ਇਹਨਾਂ ਨਾਲ ਜੁੜੇ ਲੋਕਾਂ ਖਿਲਾਫ ਕਾਰਵਾਈ ਤੇਜ ਕੀਤੀ ਗਈ ਸੀ। 
 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ