ਗੁਰਪਤਵੰਤ ਸਿੰਘ ਪੰਨੂੰ ਦੀ ਮੌਤ ਦੀ ਖ਼ਬਰ ਨੇ ਪਾਇਆ ਭੰਬਲਭੂਸਾ

ਗੁਰਪਤਵੰਤ ਸਿੰਘ ਪੰਨੂੰ ਦੀ ਮੌਤ ਦੀ ਖ਼ਬਰ ਨੇ ਪਾਇਆ ਭੰਬਲਭੂਸਾ

ਭਾਰਤੀ ਗੋਦੀ ਮੀਡੀਆ ਗ਼ਲਤ ਅਫ਼ਵਾਹਾਂ ਫੈਲਾਅ ਰਿਹਾ: ਸ: ਸੁਖ਼ੀ ਚਾਹਲ

ਅੰਮ੍ਰਿਤਸਰ ਟਾਈਮਜ਼ ਬਿਊਰੋ
ਫਰੀਮਾਂਟ
: ਭਾਰਤ ਵਿਚ 'ਸਿੱਖਸ ਫ਼ਾਰ ਜਸਟਿਸ' ਦੇ 'ਲੀਗਲ ਐਡਵਾਈਜ਼ਰ' ਅਤੇ ਖ਼ਾਲਿਸਤਾਨ ਸਮਰਥਕ ਗੁਰਪਤਵੰਤ ਸਿੰਘ ਪੰਨੂੰ ਦੀ ਅਮਰੀਕਾ ਵਿੱਚ ਇੱਕ ਸੜਕ ਹਾਦਸੇ ਦੀ ਮੌਤ ਦੀ ਖ਼ਬਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਫ਼ੈਲ ਰਹੀ ਹੈ ਪਰ ਇਸ ਬਾਰੇ ਅਜੇ ਸਥਿਤੀ ਸਪਸ਼ਟ ਨਾ ਹੋ ਕੇ ਭੰਬਲਭੂਸੇ ਵਾਲੀ ਬਣੀ ਹੋਈ ਹੈ।

ਭਾਰਤੀ ਗੋਦੀ ਮੀਡੀਆ ਦੇ ਕੁਝ ਪ੍ਰਮੁੱਖ ਅਖ਼ਬਾਰਾ ਨੇ ਇਹ ਖ਼ਬਰ ਪ੍ਰਮੁੱਖ਼ਤਾ ਨਾਲ ਇੰਟਰਨੈਟ ਰਾਹੀਂ ਪ੍ਰਸਾਰਿਤ ਕੀਤੀ ਹੈ ਪਰ ਇਹ ਅਖ਼ਬਾਰਾਂ ਵੀ ਇਸ ਖ਼ਬਰ ਬਾਰੇ ਸਪਸ਼ਟ ਨਹੀਂ ਹਨ ਅਤੇ ਮੌਤ ਦੀ ਖ਼ਬਰ ਦੀ ਪੱਕੇ ਤੌਰ 'ਤੇ ਪੁਸ਼ਟੀ ਨਹੀਂ ਕਰ ਰਹੀਆਂ।
ਟਵਿੱਟਰ, ਫ਼ੇਸਬੁੱਕ ਤੇ ਹੋਰ ਸੋਸ਼ਲ ਮੀਡੀਆ 'ਤੇ ਗੁਰਪਤਵੰਤ ਸਿੰਘ ਪੰਨੂੰ ਦੀ ਮੌਤ ਦੀ ਖ਼ਬਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।


ਇਸੇ ਦੌਰਾਨ ਅਮਰੀਕਾ ਰਹਿੰਦੇ ਸਿੱਖ ਆਗੂ ਅਤੇ ਖ਼ਾਲਸਾ ਫ਼ਾਊਂਡੇਸ਼ਨ ਦੇ ਮੁਖ਼ੀ ਸ: ਸੁੱਖੀ ਚਾਹਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਪੰਨੂੰ ਦੀ ਮੌਤ ਸੰਬੰਧੀ ਛਪੀ ਇੱਕ ਖ਼ਬਰ ਨੂੰ ਟੈਗ ਕਰਦਿਆਂ ਕਿਹਾ ਹੈ ਕਿ ਇਹ ਖ਼ਬਰ ਮਨਘੜਤ ਅਤੇ ਝੂਠ ਹੈ
ਸ: ਸੁਖ਼ੀ ਚਾਹਲ ਨੇ ਲਿਖ਼ਿਆ ਹੈ ਕਿ ਉਹਨਾਂ ਦੇ ਗੁਆਂਢ ਵਿੱਚ ਕੈਲੀਫ਼ੋਰਨੀਆ ਵਿਖ਼ੇ ਇੱਕ ਕਾਰ ਹਾਦਸੇ ਵਿੱਚ ਗੁਰਪਤਵੰਤ ਪੰਨੂੰ ਦੇ ਮਾਰੇ ਜਾਣ ਦੀ ਖ਼ਬਰ ਸਹੀ ਨਹੀਂ ਹੈ ਅਤੇ ਇਸ ਨੂੰ ਫ਼ੈਲਾਉਣ ਤੋਂ ਗੁਰੇਜ਼ ਕੀਤਾ ਜਾਵੇ।

ਇਸ ਤੋਂ ਪਹਿਲਾਂ ਆ ਰਹੀਆਂ ਅਸਪਸ਼ਟ ਖ਼ਬਰਾਂ ਵਿੱਚ ਕਿਹਾ ਜਾ ਰਿਹਾ ਹੈ ਕਿ ਅਮਰੀਕਾ ਵਿੱਚ ਹਾਈਵੇ 101 'ਤੇ ਹੋਏ ਇੱਕ ਸੜਕ ਹਾਦਸੇ ਵਿੱਚ ਗੁਰਪਤਵੰਤ ਪੰਨੂੰ ਦੀ ਮੌਤ ਹੋ ਗਈ ਹੈ। ਇੱਥੇ ਹੀ ਬਸ ਨਹੀਂ ਇੱਕ ਟਰੱਕ ਅਤੇ ਇੱਕ ਐਸ.ਯੂ.ਵੀ.ਦੀ ਤਸਵੀਰ ਵੀ ਇਨ੍ਹਾਂ ਖ਼ਬਰਾਂ ਦੇ ਨਾਲ ਪ੍ਰਕਾਸ਼ਿਤ ਕੀਤੀ ਜਾ ਰਹੀ ਹੈ ਪਰ ਇਸ ਖ਼ਬਰ ਬਾਰੇ ਕੋਈ ਠੋਸ ਪੁਸ਼ਟੀ ਕਿਸੇ ਵੀ ਪਾਸਿਉਂ ਅਜੇ ਤਕ ਨਹੀਂ ਹੋਈ ਹੈ। ਪਰ ਬਹੁਤ ਸਾਰੇ ਸਿੱਖ ਮੀਡੀਏ ਨੇ ਇਸ ਖ਼ਬਰ ਨੂੰ ਬਿਲਕੁਲ ਝੂਠ ਦਸਿਆ ਹੈ। ਉਹਨਾਂ ਦਾ ਮੰਨਣਾ ਹੈ ਕਿ ਭਾਰਤੀ ਮੀਡੀਆ ਸਿੱਖਾਂ ਖਿਲਾਫ਼ ਗ਼ਲਤ ਅਫਵਾਹਾਂ ਫੈਲਾਅ ਕੇ ਸਿੱਖ ਕੌਮ ਨੂੰ ਕਮਜ਼ੋਰ ਕਰ ਰਿਹਾ ਹੈ।

ਜ਼ਿਕਰਯੋਗ ਹੈ ਕਿ ਵਿਦੇਸ਼ਾਂ ਵਿੱਚ ਕੁਝ ਸਿੱਖ ਆਗੂਆਂ ਦੀਆਂ ਬੀਤੇ ਦਿਨੀਂ ਵੱਖ-ਵੱਖ ਤਰੀਕਿਆਂ ਨਾਲ ਹੋਈਆਂ ਮੌਤਾਂ ਦੇ ਬਾਅਦ ਗੁਰਪਤਵੰਤ ਪੰਨੂੰ ਰੂਪੋਸ਼ ਦੱਸਿਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਭਾਰਤ ਸਰਕਾਰ ਨੇ ਸਿੱਖਸ ਫ਼ਾਰ ਜਸਟਿਸ 'ਤੇ ਪਾਬੰਦੀ ਲਗਾਉਣ ਤੋਂ ਬਾਅਦ ਗੁਰਪਤਵੰਤ ਸਿੰਘ ਪੰਨੂੰ ਨੂੰ ਅੱਤਵਾਦੀ ਐਲਾਨ ਦੇ ਹੋਏ ਉਸਨੂੰ 'ਮੋਸਟ ਵਾਂਟੇਡ' ਅੱਤਵਾਦੀਆਂ ਦੀ ਸੂਚੀ ਵਿੱਚ ਰੱਖਿਆ ਹੋਇਆ ਹੈ। ਇਹ ਕਾਰਵਾਈ ਉਸ ਵੱਲੋਂ ਭਾਰਤ ਦੇ ਅਨੇਕਾਂ ਵੱਡੇ ਆਗੂਆਂ ਅਤੇ ਅਫ਼ਸਰਾਂ ਨੂੰ ਧਮਕੀਆਂ ਦੇਣ ਤੋਂ ਇਲਾਵਾ ਖ਼ਾਲਿਸਤਾਨ ਰਿਫ਼ਰੈਂਡਮ ਕਰਾਉਣ ਅਤੇ ਪੰਜਾਬ ਵਿੱਚ ਵੱਖ-ਵੱਖ ਥਾਂਵਾਂ 'ਤੇ ਖ਼ਾਲਿਸਤਾਨ ਪੱਖੀ ਨਾਅਰੇ ਲਿਖ਼ਣ ਦੇ ਮੱਦੇਨਜ਼ਰ ਕੀਤੀ ਗਈ ਸੀ।