ਸਾਬਕਾ ਡੀਜੀਪੀ ਸੁਮੇਧ  ਸੈਣੀ ਤੇ ਬਾਦਲਾਂ ਦਾ ਖ਼ਾਸਮ ਖਾਸ ਸੀ ਪਿੰਕੀ ਕੈਟ

ਸਾਬਕਾ ਡੀਜੀਪੀ ਸੁਮੇਧ  ਸੈਣੀ ਤੇ ਬਾਦਲਾਂ ਦਾ ਖ਼ਾਸਮ ਖਾਸ ਸੀ ਪਿੰਕੀ ਕੈਟ

ਪੰਜਾਬ ਦੇ ਖਲਨਾਇਕ ਪੁਲਿਸ ਕੈਟ ਪਿੰਕੀ ਦੀ ਮੌਤ, ਡੇਂਗੂ ਨੇ ਲਈ ਜਾਨ

 ਕਈ ਸਿੱਖ ਬੇਗੁਨਾਹਾਂ ਦੇ ਐਨਕਾਊਂਟਰ ਵਿੱਚ ਸ਼ਾਮਲ ਸੀ ਇਹ ਕੈਟ

ਬੀਤੇ ਦਿਨੀਂ ਪੁਲਿਸ ਦੀ ਵਰਦੀ ਵਿੱਚ ਕਈ ਸਿੱਖ ਬੇਗੁਨਾਹਾਂ ਦੇ ਐਨਕਾਊਂਟਰ ਵਿੱਚ ਸ਼ਾਮਲ ਖਲਨਾਇਕ ਕੈਟ ਗੁਰਮੀਤ ਸਿੰਘ ਪਿੰਕੀ ਦੀ ਮੌਤ ਹੋ ਗਈ ਹੈ । ਪਿੰਕੀ ਨੂੰ ਡੇਂਗੂ ਸੀ ਉਸ ਦੇ ਪਲੇਟਲੈਟਸ ਘੱਟ ਗਏ ਸਨ । ਉਸ ਨੂੰ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ । ਪਿੰਕੀ ਖਰੜ ਦੇ ਨਜ਼ਦੀਕ ਸਰਹਿੰਦ ਵਿੱਚ ਬਣੇ ਫਾਰਮ ਹਾਊਸ ਵਿੱਚ ਰਹਿੰਦਾ ਸੀ ।ਇਥੇ ਜ਼ਿਕਰਯੋਗ ਹੈ ਕਿ ਪੰਜਾਬ ਵਿੱਚ 90 ਦੇ ਦਹਾਕੇ ਦੌਰਾਨ ਗੁਰਮੀਤ ਸਿੰਘ ਪਿੰਕੀ ਨੂੰ ਪੰਜਾਬ ਪੁਲਿਸ ਦਾ ਮੁਖ਼ਬਰ ਮੰਨਿਆ ਜਾਂਦਾ ਸੀ । ਜਿਸ ਦੇ ਬਾਅਦ ਉਸ ਨੂੰ ਪੰਜਾਬ ਪੁਲਿਸ ਵਿੱਚ ਇੰਸਪੈਕਟਰ ਬਣਾਇਆ ਗਿਆ । ਉਸ ਨੂੰ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦਾ ਖ਼ਾਸ ਮੰਨਿਆ ਜਾਂਦਾ ਸੀ । 2001 ਵਿੱਚ ਉਸ ਨੇ ਲੁਧਿਆਣਾ ਦੇ ਇੱਕ ਸ਼ਖ਼ਸ ਅਵਤਾਰ ਸਿੰਘ ਉਰਫ਼ ਗੋਲਾ ਨੂੰ ਰਸਤਾ ਪੁੱਛ ਕੇ ਗੋਲੀ ਮਾਰ ਦਿੱਤੀ ਸੀ । 2006 ਵਿੱਚ ਪਿੰਕੀ ਨੂੰ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਸੀ ਅਤੇ ਉਸ ਨੂੰ ਨੌਕਰੀ ਤੋਂ ਡਿਸਮਿਸ ਕਰ ਦਿੱਤਾ ਗਿਆ ਸੀ।

ਅਦਾਲਤ ਤੋਂ ਮਿਲੀ ਸਜ਼ਾ ਤੋਂ ਬਾਅਦ ਕੇਂਦਰ ਸਰਕਾਰ ਨੇ 1997 ਵਿੱਚ ਪਿੰਕੀ ਨੂੰ ਮਿਲਿਆ ਗਲੈਂਟਰੀ ਅਵਾਰਡ ਵੀ ਵਾਪਸ ਲੈ ਲਿਆ ਸੀ । ਹਾਲਾਂਕਿ ਤਤਕਾਲੀ ਬਾਦਲ ਸਰਕਾਰ ਨੇ 24 ਮਈ 2014 ਨੂੰ ਗੁਰਮੀਤ ਸਿੰਘ ਪਿੰਕੀ ਨੂੰ ਜੇਲ੍ਹ ਤੋਂ ਚੁੱਪ ਚੁਪੀਤੇ ਰਿਹਾਅ ਕਰ ਦਿੱਤਾ ਸੀ ਅਤੇ ਅਗਲੇ ਸਾਲ 16 ਮਈ 2015 ਨੂੰ ਮੁੜ ਤੋਂ ਇੰਸਪੈਕਟਰ ਦੇ ਅਹੁਦੇ ‘ਤੇ ਨਿਯੁਕਤ ਕਰ ਦਿੱਤਾ ਸੀ। ਉਸ ਵੇਲੇ ਪੰਜਾਬ ਦੇ ਡੀਜੀਪੀ ਸੁਮੇਧ ਸਿੰਘ ਸੈਣੀ ਸਨ ਅਤੇ ਸੂਬੇ ਦੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਸਨ । ਜਦੋਂ ਸਿੱਖ ਜਥੇਬੰਦੀਆਂ ਨੇ ਪਿੰਕੀ ਦੀ ਮੁੜ ਨਿਯੁਕਤੀ ਦਾ ਵਿਰੋਧ ਕੀਤਾ ਤਾਂ ਵਿਵਾਦ ਨੂੰ ਵੇਖਦੇ ਹੋਏ ਉਸ ਦੀ ਨਿਯੁਕਤੀ ਨੂੰ ਰੋਕ ਦਿੱਤਾ ਗਿਆ ਸੀ।

2007 ਤੋਂ ਲੈਕੇ 2017 ਤੱਕ ਅਕਾਲੀ ਦਲ ਅਤੇ ਬੀਜੇਪੀ ਦੀ ਸਰਕਾਰ ਰਹੀ ਇਸ ਦੌਰਾਨ ਬਾਦਲ ਸਰਕਾਰ ਨੇ ਨਿਰਦੋਸ਼ ਨੌਜਵਾਨਾਂ ਦੇ ਐਨਕਾਉਂਟਰ ਵਿੱਚ ਸ਼ਾਮਲ ਗੁਰਮੀਤ ਸਿੰਘ ਪਿੰਕੀ ‘ਤੇ ਕਾਫ਼ੀ ਮਿਹਰਬਾਨੀਆਂ ਕੀਤੀਆਂ । ਗੁਰਮੀਤ ਸਿੰਘ ਪਿੰਕੀ ਨੂੰ ਉਮਰ ਕੈਦ ਦੀ ਸਜ਼ਾ ਦੌਰਾਨ ਸਿਰਫ਼ 486 ਦਿਨ ਹੀ ਜੇਲ੍ਹ ਵਿੱਚ ਗੁਜ਼ਾਰਨੇ ਪਏ । ਉਸ ਨੂੰ ਅਪ੍ਰੈਲ 2008 ਤੋਂ ਲੈ ਕੇ 2012 ਤੱਕ ਕਈ ਵਾਰ ਪੈਰੋਲ ਮਿਲਦੀ ਰਹੀ । ਮ੍ਰਿਤਕ ਅਵਤਾਰ ਸਿੰਘ ਦੇ ਪਿਤਾ ਮੁਤਾਬਿਕ ਮਈ 2009 ਵਿੱਚ ਪਿੰਕੀ ਨੂੰ 4 ਹਫ਼ਤਿਆਂ ਦੇ ਲਈ ਪੈਰੋਲ ਮਿਲੀ ਸੀ ਜਿਸ ਨੂੰ ਉਸ ਨੇ 2 ਵਾਰ ਵਧਾਇਆ। ਉਹ 18 ਅਕਤੂਬਰ 2009 ਨੂੰ 143 ਦਿਨਾਂ ਦੇ ਬਾਅਦ ਜੇਲ੍ਹ ਗਿਆ ਸੀ । ਇਸੇ ਤਰ੍ਹਾਂ 2011 ਅਤੇ 2012 ਦੇ ਵਿਚਾਲੇ ਉਸ ਨੂੰ ਤਿੰਨ ਵਾਰ ਪੈਰੋਲ ਦਿੱਤੀ ਗਈ । ਉਸ ਨੇ 2 ਸਾਲਾਂ ਵਿੱਚ ਤਕਰੀਬਨ 28 ਹਫ਼ਤੇ ਜੇਲ੍ਹ ਤੋਂ ਬਾਹਰ ਬਿਤਾਏ । ਮ੍ਰਿਤਕ ਅਵਤਾਰ ਸਿੰਘ ਦੇ ਪਿਤਾ ਹੈਰਾਨ ਸਨ ਕਿ ਆਖ਼ਿਰ ਪਿੰਕੀ ਨੂੰ ਅਸਾਨੀ ਨਾਲ ਪੈਰੋਲ ਕਿਵੇਂ ਮਿਲ ਜਾਂਦੀ ਹੈ ? ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਵੱਡੇ ਅਫ਼ਸਰ ਗੁਰਮੀਤ ਸਿੰਘ ਪਿੰਕੀ ਦੀ ਮਦਦ ਕਰ ਰਹੇ ਸਨ । ਇਸ ਦੇ ਖ਼ਿਲਾਫ਼ ਪਿਤਾ ਪੰਜਾਬ ਹਰਿਆਣਾ ਹਾਈਕੋਰਟ ਵੀ ਗਏ ਸਨ ।ਪਰ ਹਾਈਕੋਰਟ ਤੋਂ ਕੋਈ ਇਨਸਾਫ ਨਹੀਂ ਮਿਲਿਆ।

ਪੰਜਾਬ ਵਿੱਚ ਜਿਸ ਸਮੇਂ ਅਮਨ ਬਹਾਲੀ ਦੇ ਨਾਮ ਹੇਠ,ਭਾਰਤੀ ਨਿਜ਼ਾਮ ਦੀ ਸਿੱਖਾਂ ਦੀ ਨਸਲਕੁਸ਼ੀ ਕਰਨ ਦੀ ਨੀਤੀ ਅਧੀਨ, ਪੰਜਾਬ ਪੁਲਿਸ ਵੱਲੋਂ ਬੇਗੁਨਾਹ ਸਿੱਖਾਂ ਦਾ ਸ਼ਰੇਆਮ ਸਰਕਾਰੀ ਬੰਦੂਕਾਂ ਨਾਲ, ਸ਼ਿਕਾਰ ਖੇਡਿਆ ਜਾ ਰਿਹਾ ਸੀ ਤਾਂ ਕੁੱਝ ਅਜਿਹੇ ਲੋਕ, ਜਿਹੜੇ ਪੁਲਿਸ ਜਾਂ ਭਾਰਤੀ ਖੁਫੀਆ ਤੰਤਰ ਨੇ, ਹਥਿਆਰਬੰਦ ਸੰਘਰਸ਼ ਵਿੱਚ ਆਪਣੇ ਬੰਦਿਆਂ ਵਜੋਂ ਵਾੜ ਦਿੱਤੇ ਸਨ, ਜਿਹੜੇ ਫਿਰ ਸਿੱਖ ਖਾੜਕੂਆਂ ਦੀ ਸਮਾਂ-ਬ-ਸਮਾਂ ਸੂਹ ਦਿੰਦੇ ਰਹਿੰਦੇ ਸਨ ਅਤੇ ਕੁੱਝ ਅਜਿਹੇ ਬੰਦੇ ਵੀ ਸਿੱਖ ਸੰਘਰਸ਼ ਵਿੱਚ ਵਿਚਰਦੇ ਸਨ, ਜਿਹੜੇ ਕਿਸੇ ਮਜਬੂਰੀ ਜਾਂ ਲਾਲਚ ਅਧੀਨ ਜਾਂ ਫਿਰ ਤਸ਼ੱਦਦ ਦੀ ਤਾਬ ਨਾ ਝੱਲ ਸਕਣ ਕਰਕੇ, ਪੁਲਿਸ ਅੱਗੇ ਚਾਲੂ ਹੋ ਗਏ ਅਤੇ ਇਕ ਤਰ੍ਹਾਂ ਨਾਲ ਪੁਲਿਸ ਦੀ ਈਨ ਮੰਨਕੇ, ਪੁਲਿਸ ਦੀ ਇੱਛਾ ਅਨੁਸਾਰ ਕੰਮ ਕਰਨ ਲੱਗ ਪਏ, ਜਿਹਨਾਂ ਨੂੰ ਪੁਲਿਸ ਨੇ ਬਲੈਕ ਕੈਟਜ਼ ( ਕਾਲੀਆਂ ਬਿੱਲੀਆਂ) ਦਾ ਨਾਮ ਦਿੱਤਾ। ਫਿਰ ਇਹਨਾਂ ਵਿੱਚੋਂ ਜਿਹੜੇ ਸਿੱਖਾਂ ਦੇ ਕਤਲੇਆਮ ਵਿੱਚ ਵਧੇਰੇ ਖੂਨ ਖਾਰ ਸਾਬਤ ਹੁੰਦੇ ਸਨ, ਉਹਨਾਂ ਨੂੰ ਪਹਿਲਾਂ ਆਰਜ਼ੀ ਰੈਂਕ ਦੇ ਕੇ ਪੁਲਿਸ ਵਿੱਚ ਭਰਤੀ ਕਰ ਲਿਆ ਜਾਂਦਾ ਸੀ ਤੇ ਜਦੋਂ ਉਹਨਾਂ ਦੀ ਰੂਹ ਚੰਗੀ ਤਰ੍ਹਾਂ ਬੇਗੁਨਾਹ ਸਿੱਖਾਂ ਦੀ ਰੱਤ ਵਿੱਚ ਭਿੱਜ ਜਾਂਦੀ ਸੀ ਅਤੇ ਭਾਰਤੀ ਨਿਜ਼ਾਮ ਨੂੰ ਉਹਨਾਂ ਦੀ ਵਫਾਦਾਰੀ ਉੱਤੇ ਇੱਕ ਜਲਾਦ ਵਰਗਾ ਭਰੋਸਾ ਬੱਝ ਜਾਂਦਾ ਸੀ ਤਾਂ ਫਿਰ ਪੱਕੇ ਤੌਰ ਤੇ ਪੁਲਿਸ ਵਿੱਚ ਬਕਾਇਦਾ ਇੱਕ ਅਫਸਰ ਵੀ ਬਣਾ ਦਿੱਤਾ ਜਾਂਦਾ ਸੀ। ਜਿਹਨਾਂ ਵਿੱਚ ਇੱਕ ਬੜਾ ਬਦਨਾਮ ਨਾਮ ਸੀ ਗੁਰਮੀਤ ਸਿੰਘ ਉਰਫ ਪਿੰਕੀ ਕੈਟ।

ਕੈਟ ਹੋਰ ਬਹੁਤ ਹੋਏ ਹਨ, ਜਿਹਨਾਂ ਵਿੱਚ ਸੰਤੋਖ ਕਾਲਾ ,ਜਸਵਿੰਦਰ ਕਾਲਾ, ਲੱਖਾ ਮਰੂਤੀ ਆਦਿਕ ਨਾਮ ਦੇ ਬੰਦੇ ਵੀ, ਇਕ ਅਤਿ ਜ਼ਾਲਮ ਪੁਲਿਸ ਅਫਸਰ ਗੋਬਿੰਦ ਰਾਮ ਦੇ ਕੈਟ ਵਜੋਂ ਕੰਮ ਕਦੇ ਰਹੇ ਹਨ ਅਤੇ ਉਹਨਾਂ ਕੋਲ ਵੀ ਆਰਜ਼ੀ ਪੁਲਿਸ ਰੈਂਕ ਸਨ,ਪਰ ਕੁੱਝ ਗਤੀਵਿਧੀਆਂ ਨੰਗੀਆਂ ਹੋ ਜਾਣ ਕਰਕੇ, ਉਹ ਕੈਟ ਤੋਂ ਅਫਸਰ ਨਾਂ ਬਣ ਸਕੇ?ਚਰਚਾ ਉਸ ਸਮੇਂ ਪੰਜਾਬ ਸੰਤਾਪ ਦੌਰਾਨ ਇਹ ਵੀ ਸੀ ਕਿ ਸੰਤੋਖ ਕਾਲੇ ਨੂੰ ਇਜ਼ਹਾਰ ਆਲਮ ਨੇ, ਲੱਖੇ ਮਰੂਤੀ ਨੂੰ ਗੋਬਿੰਦ ਰਾਮ ਨੇ, ਗੁਰਮੀਤ ਪਿੰਕੀ ਨੂੰ ਸੁਮੇਧ ਸੈਣੀ ਨੇ ਅਤੇ ਪੱਖੋ ਕਿਆਂ ਵਾਲੇ ਦਲਬੀਰ ਨੁੰ ਖੁਦ ਪੁਲਿਸ ਮੁਖੀ ਰਿਬੈਰੋ ਨੇ ਆਪਣੇ ‘ਪੁੱਤਰ’ ਬਣਾਇਆ ਹੋਇਆ ਸੀ।