ਭਾਰਤ ਸਰਕਾਰ ਕਸ਼ਮੀਰ ਵਿਚ ਵਿਦੇਸ਼ੀਆਂ ਦੇ ਗੇੜੇ ਲਵਾ ਕੇ ਕੀ ਖੱਟਣਾ ਚਾਹੁੰਦੀ ਹੈ?

ਭਾਰਤ ਸਰਕਾਰ ਕਸ਼ਮੀਰ ਵਿਚ ਵਿਦੇਸ਼ੀਆਂ ਦੇ ਗੇੜੇ ਲਵਾ ਕੇ ਕੀ ਖੱਟਣਾ ਚਾਹੁੰਦੀ ਹੈ?

ਅੰਮ੍ਰਿਤਸਰ ਟਾਈਮਜ਼ ਬਿਊਰੋ

ਕਸ਼ਮੀਰ ਦੁਨੀਆ ਦਾ ਇਕ ਸਭ ਤੋਂ ਵੱਧ ਵਿਵਾਦਤ ਖਿੱਤਾ ਹੈ ਜਿਸ ਪਿੱਛੇ ਪਾਕਿਸਤਾਨ ਅਤੇ ਭਾਰਤ ਕਈ ਦਹਾਕਿਆਂ ਤੋਂ ਲੜਾਈ ਲੜ ਰਹੇ ਹਨ। ਕਸ਼ਮੀਰ ਦਾ ਅੱਧਾ ਹਿੱਸਾ ਪਾਕਿਸਤਾਨ ਦੇ ਪ੍ਰਬੰਧ ਹੇਠ ਹੈ ਅਤੇ ਅੱਧਾ ਭਾਰਤ ਦੇ ਪ੍ਰਬੰਧ ਹੇਠ। ਇਸ ਲੜਾਈ ਵਿਚ ਕਸ਼ਮੀਰੀਆਂ ਦੀਆਂ ਕਈ ਪੀੜ੍ਹੀਆਂ ਜੱਨਤ ਵਿਚ ਰਹਿੰਦਿਆਂ ਵੀ ਜਹੱਨੁਮ ਵਰਗੀ ਜ਼ਿੰਦਗੀ ਬਤੀਤ ਕਰਦੀਆਂ ਆਈਆਂ ਹਨ ਅਤੇ ਕਈ ਅਗਲੀਆਂ ਦੇ ਵੀ ਹਾਲਤ ਸੁਧਰਦੇ ਨਜ਼ਰ ਨਹੀਂ ਆ ਰਹੇ ਕਿਉਂਕਿ ਦੁਨੀਆ ਦੇ ਵੱਡੇ ਦੇਸ਼ ਆਪਣੇ ਸਿਆਸੀ ਅਤੇ ਆਰਥਿਕ ਮੁਫਾਦਾਂ ਦੇ ਚਲਦਿਆਂ ਇਹਨਾਂ ਲੋਕਾਂ ਨਾਲ ਹੋ ਰਹੀਆਂ ਧੱਕੇਸ਼ਾਹੀਆਂ 'ਤੇ ਮੀਸਣੀ ਚੁੱਪ ਵੱਟੀ ਬੈਠੇ ਹਨ। 

ਕਸ਼ਮੀਰੀਆਂ ਦਾ ਮੁੱਖ ਝਗੜਾ ਭਾਰਤ ਨਾਲ ਹੈ ਅਤੇ ਕਸ਼ਮੀਰੀਆਂ ਦਾ ਵੱਡਾ ਹਿੱਸਾ ਭਾਰਤ ਤੋਂ ਅਜ਼ਾਦੀ ਚਾਹੁੰਦਾ ਹੈ। ਕਸ਼ਮੀਰੀਆਂ ਦੀ ਇਸ ਇੱਛਾ ਮੁਤਾਬਕ ਭਾਰਤ ਨੇ ਦੁਨੀਆ ਦੀ ਵੱਡੀ ਸੰਸਥਾ ਸੰਯੁਕਤ ਰਾਸ਼ਟਰ ਵਿਚ ਰੈਫਰੈਂਡਮ ਕਰਾਉਣ ਦਾ ਵਾਅਦਾ ਵੀ ਕੀਤਾ ਹੋਇਆ ਹੈ ਪਰ ਇਹ ਵਾਅਦਾ ਕਈ ਦਹਾਕੇ ਬੀਤੇ ਜਾਣ ਮਗਰੋਂ ਵੀ ਸਿਰੇ ਨਹੀਂ ਚੜ੍ਹਾਇਆ ਗਿਆ। 

ਭਾਰਤ ਨੇ ਰੈਫਰੈਂਡਮ ਕਰਾਉਣ ਦੀ ਥਾਂ ਜੰਮੂ ਕਸ਼ਮੀਰ ਤੋਂ ਸੂਬੇ ਦਾ ਦਰਜਾ ਹੀ ਖੋਹ ਲਿਆ ਅਤੇ ਜੰਮੂ ਕਸ਼ਮੀਰ ਨੂੰ ਭਾਰਤੀ ਸੰਵਿਧਾਨ ਰਾਹੀਂ ਮਿਲ਼ੀਆਂ ਖਾਸ ਤਾਕਤਾਂ ਖਤਮ ਕਰਕੇ ਇਕ ਸਿੱਧੇ ਕੇਂਦਰੀ ਪ੍ਰਬੰਧ ਵਾਲਾ ਖਿੱਤਾ ਬਣਾ ਦਿੱਤਾ। ਇਸ ਨੀਤੀ ਨੂੰ ਸਿਰੇ ਚੜ੍ਹਾਉਣ ਲਈ ਭਾਰਤ ਸਰਕਾਰ ਨੇ ਕਸ਼ਮੀਰ ਦੇ ਲੋਕਾਂ ਨੂੰ ਲਗਭਗ ਇਕ ਸਾਲ ਖੁੱਲ੍ਹੀ ਜੇਲ੍ਹ ਵਾਂਗ ਬੰਦ ਰੱਖਿਆ ਜਿਸ ਦੀ ਦੁਨੀਆ ਭਰ ਵਿਚੋਂ ਨਿਖੇਧੀ ਹੋਈ। ਹੁਣ ਕਈ ਮਹੀਨਿਆਂ ਬਾਅਦ ਭਾਰਤ ਸਰਕਾਰ ਨੇ ਕਸ਼ਮੀਰ ਵਿਚ ਇੰਟਰਨੈਟ ਸੇਵਾਵਾਂ ਮੁੜ ਸ਼ੁਰੂ ਕੀਤੀਆਂ ਹਨ ਅਤੇ ਦੁਨੀਆ ਨੂੰ ਕਸ਼ਮੀਰ ਵਿਚ ਸ਼ਾਂਤ ਹਾਲਾਤਾਂ ਸਬੰਧੀ ਚਾਨਣਾ ਪਾਉਣ ਲਈ ਵਿਦੇਸ਼ੀ ਸਫੀਰਾਂ ਦੇ ਕਸ਼ਮੀਰ ਗੇੜੇ ਲਵਾਏ ਜਾ ਰਹੇ ਹਨ। 

ਭਾਰਤੀ ਮੀਡੀਆ ਅਤੇ ਕੌਮਾਂਤਰੀ ਮੀਡੀਆ ਦੀ ਇਹਨਾਂ ਗੇੜਿਆਂ ਸਬੰਧੀ ਰਿਪੋਰਟਿੰਗ ਵਿਚ ਵੱਡਾ ਅੰਤਰ ਹੈ। ਭਾਰਤੀ ਮੀਡੀਆ ਇਹਨਾਂ ਗੇੜਿਆਂ ਨੂੰ ਸਫੀਰਾਂ ਦੀ ਅਜ਼ਾਦ ਗੇੜੀ ਵਜੋਂ ਪੇਸ਼ ਕਰ ਰਿਹਾ ਹੈ ਜਦਕਿ ਕੌਮਾਂਤਰੀ ਮੀਡੀਆ ਦਾ ਪ੍ਰਭਾਵ ਹੈ ਕਿ ਇਹ ਗੇੜੇ ਭਾਰਤ ਸਰਕਾਰ ਦੇ ਵਧੀਆ ਤਰੀਕੇ ਨਾਲ ਤੈਅ ਸ਼ੁਦਾ ਪ੍ਰੋਗਰਾਮ ਦਾ ਹਿੱਸਾ ਹਨ ਜਿਹਨਾਂ ਵਿਚ ਸਫੀਰਾਂ ਨੂੰ ਸਿਰਫ ਸਭ ਚੰਗਾ-ਚੰਗਾ ਹੀ ਵਖਾਇਆ ਜਾਂਦਾ ਹੈ। 

ਕਸ਼ਮੀਰ ਵਿਚ ਇੰਟਰਨੈਟ ਚੱਲਣ ਤੋਂ ਬਾਅਦ ਅਫਰੀਕਾ, ਯੂਰਪ ਅਤੇ ਲੇਟਿਨ ਅਮਰੀਕੀ ਦੇਸ਼ਾਂ ਦੇ ਸਫੀਰਾਂ ਦਾ ਇਕ ਦਲ ਕਸ਼ਮੀਰ ਦੇ ਦੌਰੇ 'ਤੇ ਪਹੁੰਚਿਆ ਹੈ। ਇਹਨਾਂ ਦਾ ਦੋ ਦਿਨਾਂ ਦਾ ਦੌਰਾ ਹੈ।

ਅਲ ਜਜ਼ੀਰਾ ਦੀ ਰਿਪੋਰਟ ਮੁਤਾਬਕ ਇਹ ਦਲ ਬੁਡਗਾਮ ਦੇ ਇਕ ਕਾਲਜ ਵਿਚ ਪਹੁੰਚਿਆ ਜਿੱਥੇ ਕੁੱਝ ਚੋਣਵੇਂ ਲੋਕਾਂ ਨਾਲ ਹੀ ਇਹਨਾਂ ਦੀ ਮੁਲਾਕਾਤ ਕਰਵਾਈ ਗਈ। 

ਇਸ ਦਲ ਵਿਚ ਚਿਲੀ, ਬਰਾਜ਼ੀਲ, ਕਿਊਬਾ, ਬੋਲੀਵੀਆ, ਇਸਟੋਨੀਆ, ਫਿਨਲੈਂਡ, ਫਰਾਂਸ, ਆਇਰਲੈਂਡ, ਨੀਦਰਲੈਂਡ, ਪੁਰਤਗਾਲ, ਬੈਲਜੀਅਮ, ਸਪੇਨ, ਸਵੀਡਨ, ਇਟਲੀ, ਬੰਗਲਾਦੇਸ਼, ਮਲਾਵੀ, ਇਰੀਟਰੀਆ, ਆਇਵਰੀ ਕੋਸਟ, ਘਾਨਾ, ਸੇਨੇਗਲ, ਮਲੇਸ਼ੀਆ, ਤਜਾਕਿਸਤਾਨ, ਕਿਰਗਿਜ਼ਸਤਾਨ ਅਤੇ ਯੂਰਪੀਨ ਯੂਨੀਅਨ ਦੇ ਨੁਮਾਂਇੰਦੇ ਹਨ।

ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਇਸ ਦੌਰੇ ਨੂੰ ਭਾਜਪਾ ਸਰਕਾਰ ਦੀ ਇੰਵੈਂਟ ਮੈਨੇਜਮੈਂਟ ਦਾ ਨਾਂ ਦਿੱਤਾ ਹੈ। ਉਹਨਾਂ ਕਿਹਾ, "ਇਸ ਦਾ ਕੋਈ ਅਰਥ ਨਹੀਂ ਹੈ। ਇਹ ਇਕ ਤੈਅ ਸ਼ੁਦਾ ਪ੍ਰੋਗਰਾਮ ਵਾਲਾ ਦੌਰਾ ਹੈ ਜਿਸ ਵਿਚ ਮੁਲਾਕਾਤਾਂ ਲਈ ਭਾਰਤ ਸਰਕਾਰ ਨੇ ਖੁਦ ਬੰਦਿਆਂ ਨੂੰ ਚੁਣਿਆ ਹੈ। ਇਸ ਤਰ੍ਹਾਂ ਨਹੀਂ ਕਿ ਕੋਈ ਵੀ ਉਹਨਾਂ ਵਿਦੇਸ਼ੀਆਂ ਨੂੰ ਜਾ ਕੇ ਆਪਣਾ ਦੁੱਖ ਦਸ ਸਕੇ।"

ਉਹਨਾਂ ਕਿਹਾ ਕਿ ਇਹਨਾਂ ਦੌਰਿਆਂ ਰਾਹੀਂ ਸਰਕਾਰ ਇਹ ਸੁਨੇਹਾ ਦੇਣਾ ਚਾਹੁੰਦੀ ਹੈ ਕਿ ਕਸ਼ਮੀਰ ਵਿਚ ਸਭ ਚੰਗਾ ਹੈ। "ਸਾਨੂੰ ਸਰਕਾਰੀ ਜ਼ਬਰ ਦੇ ਪੀੜਤ ਪਰਿਵਾਰਾਂ ਨਾਲ ਮਿਲਣ ਤਕ ਨਹੀਂ ਦਿੱਤਾ ਜਾ ਰਿਹਾ।"

ਅਖਬਾਰੀ ਰਿਪੋਰਟਾਂ ਮੁਤਾਬਕ ਇਸ ਦੌਰੇ ਤੋਂ ਕੁੱਝ ਸਮਾਂ ਪਹਿਲਾਂ ਹੀ ਭਾਰਤੀ ਫੌਜ ਨੇ ਸ਼੍ਰੀਨਗਰ ਵਿਚ ਮੁੱਖ ਸੜਕ 'ਤੇ ਬਣਾਏ 5 ਬੰਕਰ ਵੀ ਹਟਾ ਦਿੱਤੇ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਦੁਨੀਆ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸੜਕ 'ਤੇ ਆਵਾਜਾਈ ਪ੍ਰਬੰਧਾਂ ਵਾਸਤੇ ਇਸ ਬੰਕਰ ਹਟਾਏ ਗਏ ਸਨ।