ਉੱਤਰ ਪ੍ਰਦੇਸ਼ ਦੇ ਉਨਾਉ ਵਿਚ ਦੋ ਨਬਾਲਗ ਦਲਿਤ ਕੁੜੀਆਂ ਦੀਆਂ ਲਾਸ਼ਾਂ ਖੇਤ ਵਿਚੋਂ ਮਿਲੀਆਂ

ਉੱਤਰ ਪ੍ਰਦੇਸ਼ ਦੇ ਉਨਾਉ ਵਿਚ ਦੋ ਨਬਾਲਗ ਦਲਿਤ ਕੁੜੀਆਂ ਦੀਆਂ ਲਾਸ਼ਾਂ ਖੇਤ ਵਿਚੋਂ ਮਿਲੀਆਂ

ਅੰਮ੍ਰਿਤਸਰ ਟਾਈਮਜ਼ ਬਿਊਰੋ

ਉਨਾਉ (ਉੱਤਰ ਪ੍ਰਦੇਸ਼) ਵਿਖੇ ਬੁੱਧਵਾਰ ਸ਼ਾਮ ਨੂੰ ਦੋ ਨਾਬਾਲਿਗ ਦਲਿਤ ਕੁੜੀਆਂ ਦੀਆਂ ਲਾਸ਼ਾਂ ਖੇਤ ਵਿੱਚੋਂ ਬਰਾਮਦ ਹੋਈਆਂ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਹ ਦੋ ਸਕੀਆਂ ਭੈਣਾਂ (13, 16) ਤੇ ਤੀਸਰੀ ਚਚੇਰੀ ਭੈਣ (17) ਖੇਤਾਂ ਵੱਲ ਚਾਰਾ ਲੈਣ ਗਈਆਂ ਸੀ, ਪਰ ਸ਼ਾਮ ਤੱਕ ਵਾਪਿਸ ਨਾ ਆਈਆਂ ਤਾਂ ਪਿੰਡ ਵਾਸੀਆਂ ਵੱਲੋਂ ਭਾਲ ਕਰਨ ਤੇ,ਆਪਣੇ ਹੀ ਖੇਤ ਵਿੱਚ ਤਿੰਨੋਂ ਬੇਹੋਸ਼ੀ ਦੀ ਹਾਲਤ ਵਿੱਚ ਮਿਲੀਆਂ।

ਜਦੋਂ ਸਥਾਨਕ ਕਲੀਨਿਕ ਵਿੱਚ ਜਾਂਚ ਕੀਤੀ ਗਈ ਤਾਂ ਦੋ ਨੂੰ ਮ੍ਰਿਤਕ ਕਰਾਰ ਦੇ ਕੇ ਤੀਜੀ ਕੁੜੀ ਦੀ ਹਾਲਤ ਗੰਭੀਰ ਹੋਣ ਕਾਰਨ ਕਾਨਪੁਰ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ।

ਮ੍ਰਿਤਕਾ ਦੇ ਭਰਾ ਦਾ ਕਹਿਣਾ ਹੈ ਕਿ ਤਿੰਨੇ ਕੁੜੀਆਂ ਜਦ ਮਿਲੀਆਂ ਤਾਂ ਉਹਨਾਂ ਨੂੰ ਬੰਨਿਆ ਹੋਇਆ ਸੀ। ਪਰ ਐਸ.ਆਈ. ਆਨੰਦ ਕੁਲਕਰਨੀ ਨੇ ਕਿਸੇ ਤਰਾਂ ਦੀ ਸੱਟ ਦੇ ਨਿਸ਼ਾਨ ਨਾ ਹੋਣ ਕਾਰਨ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ। ਉਹਨਾਂ ਨੇ ਮੂੰਹੋਂ ਕਾਫੀ ਝੱਗ ਨਿਕਲੀ ਹੋਣ ਦਾ ਜ਼ਿਕਰ ਕੀਤਾ ਅਤੇ ਡਾਕਟਰਾਂ ਨੇ ਲੱਛਣਾਂ ਨੂੰ ਦੇਖਦੇ ਹੋਏ ਜ਼ਹਿਰ ਨਿਗਲਣ ਦਾ ਸ਼ੱਕ ਜ਼ਾਹਿਰ ਕੀਤਾ ਹੈ।

ਪੁਲਿਸ ਅਫਸਰਾਂ ਮੁਤਾਬਿਕ ਛੇ ਜਾਂਚ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ ਅਤੇ ਘਟਨਾ ਵਾਲੀ ਜਗ੍ਹਾ ਤੇ ਜਾਂਚ ਲਈ ਪੁਲਿਸ ਦੇ ਕੁੱਤਿਆਂ ਦੀ ਮਦਦ ਵੀ ਲਈ ਜਾ ਰਹੀ ਹੈ। 

ਅੱਗੇ ਗੱਲ ਕਰਦਿਆਂ ਉਹਨਾਂ ਦੱਸਿਆ ਕਿ ਵੀਰਵਾਰ ਗਿਆਰਾਂ ਵਜੇ ਮ੍ਰਿਤਕ ਕੁੜੀਆਂ ਨੂੰ ਪੋਸਟ ਮਾਰਟਮ ਲਈ ਸਰਕਾਰੀ ਹਸਪਤਾਲ ਵਿੱਚ ਚਾਰ ਡਾਕਟਰਾਂ ਦੇ ਪੈਨਲ ਕੋਲ ਰੈਫਰ ਕਰ ਦਿੱਤਾ ਗਿਆ ਹੈ। ਰਿਪੋਰਟ ਆਉਣ ਤੋਂ ਬਾਅਦ ਸਥਿਤੀ ਕਾਫੀ ਸਪੱਸ਼ਟ ਹੋਣ ਦੀ ਉਮੀਦ ਲਾਈ ਗਈ ਹੈ।

'ਦਿ ਵਾਇਰ' ਦੀ ਰਿਪੋਰਟ ਮੁਤਾਬਕ, ਮ੍ਰਿਤਕ ਕੁੜੀਆਂ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਕਿਸੇ ਤੇ ਸ਼ੱਕ ਨਹੀਂ। ਪਰ ਸਖਤ ਜਾਂਚ ਦੀ ਮੰਗ ਨੂੰ ਲੈ ਕੇ ਬਬੂਰਹਾ ਵਾਸੀਆਂ ਨੇ ਕੱਲ ਰਾਤ ਤੋਂ ਅਸੋਹਾ ਵਿਖੇ ਧਰਨਾ ਦਿੱਤਾ ਹੋਇਆ ਹੈ।

ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ਦੀ ਯੋਗੀ ਅਦਿੱਤਿਆਨਾਥ ਸਰਕਾਰ ਦੇ ਕਾਰਜਕਾਲ ਵਿਚ ਦਲਿਤ ਪਰਿਵਾਰਾਂ ਦੀ ਔਰਤਾਂ ਖਿਲਾਫ ਹਮਲਿਆਂ ਵਿਚ ਲਗਾਤਾਰ ਵਾਧਾ ਦਰਜ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਉਨਾਉ ਵਿਚ ਇਕ ਦਲਿਤ ਕੁੜੀ ਨਾਲ ਸਮੂਹਿਕ ਬਲਾਤਕਾਰ ਹੋਇਆ ਸੀ ਅਤੇ ਇਸ ਦਾ ਦੋਸ਼ ਭਾਜਪਾ ਦੇ ਵਿਧਾਇਕ ਕੁਲਦੀਪ ਸੇਂਗਰ 'ਤੇ ਲੱਗਿਆ ਸੀ। ਪੀੜਤ ਕੁੜੀ ਦੇ ਪਿਤਾ ਨੂੰ ਪੁਲਸ ਹਿਰਾਸਤ ਵਿਚ ਕਤਲ ਕਰ ਦਿੱਤਾ ਗਿਆ ਸੀ। ਪੀੜਤ ਕੁੜੀ ਜਦੋਂ ਅਦਾਲਤ ਵਿਚ ਸੁਣਵਾਈ ਲਈ ਆਪਣੇ ਪਰਿਵਾਰ ਨਾਲ ਜਾ ਰਹੀ ਸੀ ਤਾਂ ਉਸ ਉੱਤੇ ਜਾਨਲੇਵਾ ਹਮਲਾ ਕੀਤਾ ਗਿਆ ਜਿਸ ਵਿਚ ਉਸਦੇ ਦੋ ਰਿਸ਼ਤੇਦਾਰਾਂ ਦੀ ਮੌਤ ਹੋ ਗਈ ਸੀ ਪਰ ਪੀੜਤ ਕੁੜੀ ਦਾ ਬਚਾਅ ਹੋ ਗਿਆ ਸੀ। ਕੁਲਦੀਪ ਸੇਂਗਰ ਨੂੰ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ।