ਪ੍ਰਧਾਨ ਮੰਤਰੀ ਰਿਸ਼ੀ ਸੁਨਕ ਵੀ ਦੇਸ਼ 'ਚ ਸਿਗਰਟਨੋਸ਼ੀ 'ਤੇ ਪਾਬੰਦੀ ਲਗਾਉਣ ਦੀ ਯੋਜਨਾ ਬਣਾਉਣ ਲਗੇ
ਅੰਮ੍ਰਿਤਸਰ ਟਾਈਮਜ਼ ਬਿਊਰੋ
ਲੰਡਨ- ਨਿਊਜ਼ੀਲੈਂਡ ਦੇ ਰਸਤੇ 'ਤੇ ਚੱਲਦੇ ਹੋਏ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਵੀ ਦੇਸ਼ ਵਿਚ ਸਿਗਰਟਨੋਸ਼ੀ 'ਤੇ ਪਾਬੰਦੀ ਲਗਾਉਣ ਦੀ ਯੋਜਨਾ ਬਣਾ ਰਹੇ ਹਨ। 'ਦਿ ਗਾਰਡੀਅਨ' ਦੀ ਇਕ ਰਿਪੋਰਟ ਵਿਚ ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਅਜਿਹੇ ਕਾਨੂੰਨਾਂ 'ਤੇ ਵਿਚਾਰ ਕਰ ਰਹੇ ਹਨ ਜੋ ਅਗਲੀ ਪੀੜ੍ਹੀ ਨੂੰ ਸਿਗਰਟ ਖਰੀਦਣ ਤੋਂ ਰੋਕ ਸਕਣਗੇ। ਨਿਊਜ਼ੀਲੈਂਡ ਵਿੱਚ 1 ਜਨਵਰੀ 2009 ਨੂੰ ਜਾਂ ਉਸ ਤੋਂ ਬਾਅਦ ਪੈਦਾ ਹੋਏ ਕਿਸੇ ਵੀ ਵਿਅਕਤੀ ਨੂੰ ਤੰਬਾਕੂ ਵੇਚਣ 'ਤੇ ਪਾਬੰਦੀ ਹੈ। ਰਿਪੋਰਟ ਮੁਤਾਬਕ ਸੁਨਕ ਨਿਊਜ਼ੀਲੈਂਡ 'ਚ ਪਿਛਲੇ ਸਾਲ ਜਾਰੀ ਕਾਨੂੰਨਾਂ ਦੀ ਤਰਜ਼ 'ਤੇ ਅਜਿਹੇ ਸਿਗਰਟਨੋਸ਼ੀ ਵਿਰੋਧੀ ਉਪਾਵਾਂ 'ਤੇ ਵਿਚਾਰ ਕਰ ਰਹੇ ਹਨ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਵਿਚਾਰ ਅਧੀਨ ਨੀਤੀਆਂ ਅਗਲੇ ਸਾਲ ਸੰਭਾਵਿਤ ਚੋਣਾਂ ਤੋਂ ਪਹਿਲਾਂ ਸੁਨਕ ਦੀ ਟੀਮ ਦੀ ਇੱਕ ਨਵੀਂ ਖਪਤਕਾਰ-ਕੇਂਦ੍ਰਿਤ ਮੁਹਿੰਮ ਦਾ ਹਿੱਸਾ ਹਨ। ਬ੍ਰਿਟੇਨ ਨੇ ਮਈ ਵਿੱਚ ਘੋਸ਼ਣਾ ਕੀਤੀ ਸੀ ਕਿ ਉਹ ਈ-ਸਿਗਰੇਟ 'ਤੇ ਪਾਬੰਦੀ ਲਗਾਉਂਦੇ ਹੋਏ, ਉਸ ਖਾਮੀ ਨੂੰ ਬੰਦ ਕਰ ਦੇਵੇਗਾ, ਜਿਸ ਤਹਿਤ ਰਿਟੇਲਰ ਬੱਚਿਆਂ ਨੂੰ ਵੈਪਸ ਦੇ ਮੁਫਤ ਨਮੂਨੇ ਦੇ ਸਕਦੇ ਹਨ। ਜੁਲਾਈ ਵਿੱਚ ਇੰਗਲੈਂਡ ਅਤੇ ਵੇਲਜ਼ ਵਿੱਚ ਵੱਖਰੀਆਂ ਕੌਂਸਲਾਂ ਨੇ ਸਰਕਾਰ ਨੂੰ ਵਾਤਾਵਰਣ ਅਤੇ ਸਿਹਤ ਦੋਵਾਂ ਆਧਾਰਾਂ 'ਤੇ 2024 ਤੱਕ ਸਿੰਗਲ-ਯੂਜ਼ ਵੈਪਸ ਦੀ ਵਿਕਰੀ 'ਤੇ ਪਾਬੰਦੀ ਲਗਾਉਣ ਲਈ ਕਿਹਾ।
ਬ੍ਰਿਟਿਸ਼ ਸਰਕਾਰ ਦੇ ਇਕ ਬੁਲਾਰੇ ਨੇ ਰਾਇਟਰਜ਼ ਨੂੰ ਈਮੇਲ ਦੇ ਜਵਾਬ ਵਿੱਚ ਕਿਹਾ, "ਅਸੀਂ ਵੱਧ ਤੋਂ ਵੱਧ ਲੋਕਾਂ ਨੂੰ ਸਿਗਰਟਨੋਸ਼ੀ ਛੱਡਣ ਲਈ ਉਤਸ਼ਾਹਿਤ ਕਰਨਾ ਚਾਹੁੰਦੇ ਹਾਂ ਅਤੇ 2030 ਤੱਕ ਸਿਗਰਟਨੋਸ਼ੀ ਤੋਂ ਮੁਕਤ ਹੋਣ ਦੀ ਸਾਡੀ ਅਭਿਲਾਸ਼ਾ ਨੂੰ ਪੂਰਾ ਕਰਨਾ ਚਾਹੁੰਦੇ ਹਾਂ। ਇਹੀ ਕਾਰਨ ਹੈ ਕਿ ਅਸੀਂ ਸਿਗਰਟਨੋਸ਼ੀ ਦੀ ਦਰ ਨੂੰ ਘੱਟ ਕਰਨ ਲਈ ਪਹਿਲਾਂ ਹੀ ਕਦਮ ਚੁੱਕੇ ਹਨ। ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਉਪਾਵਾਂ ਵਿੱਚ ਮੁਫਤ ਵੈਪ ਕਿੱਟਾਂ, ਗਰਭਵਤੀ ਔਰਤਾਂ ਨੂੰ ਸਿਗਰਟ ਛੱਡਣ ਲਈ ਉਤਸ਼ਾਹਿਤ ਕਰਨ ਲਈ ਇੱਕ ਵਾਊਚਰ ਸਕੀਮ ਅਤੇ ਲਾਜ਼ਮੀ ਸਿਗਰੇਟ ਪੈਕ ਪਾਉਣ ਬਾਰੇ ਸਲਾਹ ਸ਼ਾਮਲ ਹੈ।
ਕੀ ਹੈ ਵੈਪਸ
ਇਸ ਨੂੰ ਈ-ਸਿਗਰੇਟ ਦੇ ਰੂਪ ਵਿੱਚ ਵੀ ਜਾਣਿਆ ਜਾਂਦਾ ਹੈ। ਇਹ ਬੈਟਰੀ ਨਾਲ ਚੱਲਣ ਵਾਲਾ ਯੰਤਰ ਹੈ, ਜੋ ਐਰੋਸੋਲ ਪੈਦਾ ਕਰਦਾ ਹੈ। ਇਸ ਵਿੱਚ ਨਿਕੋਟੀਨ, ਫਲੇਵਰਿੰਗ ਅਤੇ 30 ਤੋਂ ਵੱਧ ਹੋਰ ਰਸਾਇਣ ਹੁੰਦੇ ਹਨ। ਅੱਜ-ਕੱਲ੍ਹ, ਵੱਡੀ ਗਿਣਤੀ ਵਿੱਚ ਲੋਕ ਆਪਣੀ ਸਿਗਰਟ ਪੀਣ ਦੀ ਆਦਤ ਨੂੰ ਘਟਾਉਣ ਲਈ ਈ-ਸਿਗਰੇਟ ਦੀ ਵਰਤੋਂ ਕਰਦੇ ਹਨ, ਜਿਨ੍ਹਾਂ ਨੂੰ "ਵੈਪਸ" ਵੀ ਕਿਹਾ ਜਾਂਦਾ ਹੈ।
Comments (0)